ਮਾਝ ਮਹਲਾ ੩ ॥
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
ਆਪੇ ਰੰਗੇ ਸਹਜਿ ਸੁਭਾਏ ॥
He Himself imbues us with His Love, with effortless ease.
ਪ੍ਰਭੂ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਆਤਮਕ ਅਡੋਲਤਾ ਦੇ (ਰੰਗ) ਵਿਚ ਰੰਗਦਾ ਹੈ, ਆਪੇ = (ਪ੍ਰਭੂ) ਆਪ ਹੀ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਸੋਹਣੇ ਪ੍ਰੇਮ ਵਿਚ।
ਗੁਰ ਕੈ ਸਬਦਿ ਹਰਿ ਰੰਗੁ ਚੜਾਏ ॥
Through the Word of the Guru's Shabad, we are dyed in the color of the Lord's Love.
ਸ੍ਰੇਸ਼ਟ ਪਿਆਰ (ਦੇ ਰੰਗ) ਵਿਚ ਰੰਗਦਾ ਹੈ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ (ਜੋੜ ਕੇ ਇਹ) ਰੰਗ ਚਾੜ੍ਹਦਾ ਹੈ, ਸਬਦਿ = ਸ਼ਬਦ ਦੀ ਰਾਹੀਂ।
ਮਨੁ ਤਨੁ ਰਤਾ ਰਸਨਾ ਰੰਗਿ ਚਲੂਲੀ ਭੈ ਭਾਇ ਰੰਗੁ ਚੜਾਵਣਿਆ ॥੧॥
This mind and body are so imbued, and this tongue is dyed in the deep crimson color of the poppy. Through the Love and the Fear of God, we are dyed in this color. ||1||
ਉਹਨਾਂ ਦਾ ਮਨ ਰੰਗਿਆ ਜਾਂਦਾ ਹੈ ਉਹਨਾਂ ਦਾ ਸਰੀਰ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ (ਨਾਮ-) ਰੰਗ ਵਿਚ ਗੂੜ੍ਹੀ ਲਾਲ ਹੋ ਜਾਂਦੀ ਹੈ। ਗੁਰੂ ਉਹਨਾਂ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਪਿਆਰ ਵਿਚ ਜੋੜ ਕੇ ਨਾਮ-ਰੰਗ ਚਾੜ੍ਹਦਾ ਹੈ ॥੧॥ ਰਤਾ = ਰੱਤਾ, ਰੰਗਿਆ ਜਾਂਦਾ ਹੈ। ਰਸਨਾ = ਜੀਭ। ਚਲੂਲੀ = ਗੂੜ੍ਹੇ ਰੰਗ ਵਾਲੀ। ਭੈ = (ਪ੍ਰਭੂ ਦੇ) ਡਰ-ਅਦਬ ਵਿਚ। ਭਾਇ = (ਪ੍ਰਭੂ ਦੇ) ਪ੍ਰੇਮ ਵਿਚ ॥੧॥
ਹਉ ਵਾਰੀ ਜੀਉ ਵਾਰੀ ਨਿਰਭਉ ਮੰਨਿ ਵਸਾਵਣਿਆ ॥
I am a sacrifice, my soul is a sacrifice, to those who enshrine the Fearless Lord within their minds.
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਉਸ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ ਜਿਸ ਨੂੰ ਕਿਸੇ ਦਾ ਡਰ ਖ਼ਤਰਾ ਨਹੀਂ। ਮੰਨਿ = ਮਨਿ, ਮਨ ਵਿਚ।
ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ ॥੧॥ ਰਹਾਉ ॥
By Guru's Grace, I meditate on the Fearless Lord; the Shabad has carried me across the poisonous world-ocean. ||1||Pause||
ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਨਿਰਭਉ ਪਰਮਾਤਮਾ ਦਾ ਧਿਆਨ ਧਰਿਆ ਹੈ, ਪਰਮਾਤਮਾ ਉਹਨਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਜ਼ਹਰ-ਰੂਪ ਸੰਸਾਰ-ਸੰਮੁਦਰ ਤੋਂ ਪਾਰ ਲੰਘਾ ਲੈਂਦਾ ਹੈ (ਭਾਵ, ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ਜਿਸ ਦਾ ਮੋਹ ਆਤਮਕ ਜੀਵਨ ਵਾਸਤੇ ਜ਼ਹਰ ਵਰਗਾ ਹੈ) ॥੧॥ ਰਹਾਉ ॥ ਤੇ = ਤੋਂ, ਨਾਲ। ਬਿਖੁ = ਜ਼ਹਰ। ਭਉਜਲੁ = ਸੰਸਾਰ-ਸਮੁੰਦਰ ॥੧॥ ਰਹਾਉ ॥
ਮਨਮੁਖ ਮੁਗਧ ਕਰਹਿ ਚਤੁਰਾਈ ॥
The idiotic self-willed manmukhs try to be clever,
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਚਤੁਰਾਈਆਂ ਕਰਦੇ ਹਨ (ਤੇ ਆਖਦੇ ਹਨ ਕਿ ਅਸੀਂ ਤੀਰਥ-ਇਸ਼ਨਾਨ ਆਦਿਕ ਪੁੰਨ-ਕਰਮ ਕਰਦੇ ਹਾਂ[) ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਮੁਗਧ = ਮੂਰਖ।
ਨਾਤਾ ਧੋਤਾ ਥਾਇ ਨ ਪਾਈ ॥
but in spite of their bathing and washing, they shall not be acceptable.
(ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਬਾਹਰੋਂ ਕਿਤਨਾ ਭੀ ਪਵਿਤ੍ਰ ਕਰਮ ਕਰਨ ਵਾਲਾ ਹੋਵੇ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ। ਥਾਇ = ਥਾਂ ਵਿਚ। ਥਾਇ ਨ ਪਾਈ = ਪਰਵਾਨ ਨਹੀਂ ਹੁੰਦਾ।
ਜੇਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ ॥੨॥
As they came, so shall they go, regretting the mistakes they made. ||2||
(ਉਹ ਜਗਤ ਵਿਚ ਆਤਮਕ ਜੀਵਨ ਵਲੋਂ) ਜਿਹੋ ਜਿਹਾ (ਖ਼ਾਲੀ ਆਉਂਦਾ ਹੈ ਉਹੋ ਜਿਹਾ (ਖ਼ਾਲੀ) ਹੀ ਚਲਾ ਜਾਂਦਾ ਹੈ (ਜਗਤ ਵਿਚ) ਔਗੁਣ ਕਰ ਕਰ ਕੇ (ਆਖ਼ਰ) ਪਛਤਾਂਦਾ ਹੀ (ਜਾਂਦਾ) ਹੈ ॥੨॥ ਜਾਸੀ = ਜਾਇਗਾ ॥੨॥
ਮਨਮੁਖ ਅੰਧੇ ਕਿਛੂ ਨ ਸੂਝੈ ॥
The blind, self-willed manmukhs do not understand anything;
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ (ਸਹੀ ਜੀਵਨ-ਜੁਗਤਿ ਬਾਰੇ) ਕੁਝ ਨਹੀਂ ਅਹੁੜਦਾ[ ਕਿਛੂ ਨਾ ਸੂਝੈ = (ਸਹੀ ਜੀਵਨ-ਜੁਗਤਿ ਬਾਰੇ) ਕੁਝ ਭੀ ਨਹੀਂ ਅਹੁੜਦਾ।
ਮਰਣੁ ਲਿਖਾਇ ਆਏ ਨਹੀ ਬੂਝੈ ॥
death was pre-ordained for them when they came into the world, but they do not understand.
(ਪਿਛਲੇ ਜਨਮਾਂ ਵਿਚ ਮਨਮੁਖਤਾ ਦੇ ਅਧੀਨ ਕੀਤੇ ਕਰਮਾਂ ਅਨੁਸਾਰ) ਆਤਮਕ ਮੌਤ (ਦੇ ਸੰਸਕਾਰ ਆਪਣੇ ਮਨ ਦੀ ਪੱਟੀ ਉੱਤੇ) ਲਿਖਾ ਕੇ ਉਹ (ਜਗਤ ਵਿਚ) ਆਉਂਦਾ ਹੈ (ਇਥੇ ਭੀ ਉਸ ਨੂੰ) ਸਮਝ ਨਹੀਂ ਪੈਂਦੀ[
ਮਨਮੁਖ ਕਰਮ ਕਰੇ ਨਹੀ ਪਾਏ ਬਿਨੁ ਨਾਵੈ ਜਨਮੁ ਗਵਾਵਣਿਆ ॥੩॥
The self-willed manmukhs may practice religious rituals, but they do not obtain the Name; without the Name, they lose this life in vain. ||3||
ਆਪਣੇ ਮਨ ਦੇ ਪਿੱਛੇ ਤੁਰ ਕੇ ਹੀ ਕਰਮ ਕਰਦਾ ਰਹਿੰਦਾ ਹੈ, (ਸਹੀ ਜੀਵਨ-ਜੁਗਤਿ ਦੀ ਸੂਝ) ਹਾਸਲ ਨਹੀਂ ਕਰਦਾ, ਤੇ ਪਰਮਾਤਮਾ ਦੇ ਨਾਮ ਤੋਂ ਵਾਂਜਿਆਂ ਰਹਿ ਕੇ ਮਨੁੱਖਾ ਜਨਮ ਅਜਾਈਂ ਗਵਾ ਜਾਂਦਾ ਹੈ ॥੩॥
ਸਚੁ ਕਰਣੀ ਸਬਦੁ ਹੈ ਸਾਰੁ ॥
The practice of Truth is the essence of the Shabad.
(ਹੇ ਭਾਈ!) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਹੀ ਕਰਨ-ਜੋਗ ਕੰਮ ਹੈ, ਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ ਹੀ) ਸ੍ਰੇਸ਼ਟ (ਉੱਦਮ) ਹੈ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਕਰਣੀ = {करणीय} ਕਰਨ-ਯੋਗ ਕੰਮ। ਸਾਰੁ = ਸ੍ਰੇਸ਼ਟ (ਕੰਮ)।
ਪੂਰੈ ਗੁਰਿ ਪਾਈਐ ਮੋਖ ਦੁਆਰੁ ॥
Through the Perfect Guru, the gate of salvation is found.
ਪੂਰੇ ਗੁਰੂ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭਦਾ ਹੈ। ਗੁਰਿ = ਗੁਰੂ ਦੀ ਰਾਹੀਂ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ।
ਅਨਦਿਨੁ ਬਾਣੀ ਸਬਦਿ ਸੁਣਾਏ ਸਚਿ ਰਾਤੇ ਰੰਗਿ ਰੰਗਾਵਣਿਆ ॥੪॥
So, night and day, listen to the Word of the Guru's Bani, and the Shabad. Let yourself be colored by this love. ||4||
(ਗੁਰੂ ਜਿਨ੍ਹਾਂ ਨੂੰ) ਹਰ ਵੇਲੇ ਆਪਣੀ ਬਾਣੀ ਦੀ ਰਾਹੀਂ ਆਪਣੇ ਸ਼ਬਦ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਾਂਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ॥੪॥ ਅਨਦਿਨੁ = ਹਰ ਰੋਜ਼। ਸਬਦਿ = ਸ਼ਬਦ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥
ਰਸਨਾ ਹਰਿ ਰਸਿ ਰਾਤੀ ਰੰਗੁ ਲਾਏ ॥
The tongue, imbued with the Lord's Essence, delights in His Love.
ਜਿਸ ਮਨੁੱਖ ਦੀ ਜੀਭ ਪੂਰੀ ਲਗਨ ਲਾ ਕੇ ਪਰਮਾਤਮਾ ਦੇ ਨਾਮ-ਰਸ ਵਿਚ ਰੰਗੀ ਜਾਂਦੀ ਹੈ, ਰਸਿ = ਰਸ ਵਿਚ।
ਮਨੁ ਤਨੁ ਮੋਹਿਆ ਸਹਜਿ ਸੁਭਾਏ ॥
My mind and body are enticed by the Lord's Sublime Love.
ਉਸ ਦਾ ਮਨ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹੈ, ਉਸ ਦਾ ਸਰੀਰ ਪ੍ਰੇਮ-ਰੰਗ ਵਿਚ ਮਗਨ ਰਹਿੰਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)
ਸਹਜੇ ਪ੍ਰੀਤਮੁ ਪਿਆਰਾ ਪਾਇਆ ਸਹਜੇ ਸਹਜਿ ਮਿਲਾਵਣਿਆ ॥੫॥
I have easily obtained my Darling Beloved; I am intuitively absorbed in celestial peace. ||5||
ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਿਆਰੇ ਪ੍ਰੀਤਮ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ ॥੫॥
ਜਿਸੁ ਅੰਦਰਿ ਰੰਗੁ ਸੋਈ ਗੁਣ ਗਾਵੈ ॥
Those who have the Lord's Love within, sing His Glorious Praises;
ਜਿਸ ਮਨੁੱਖ ਦੇ ਹਿਰਦੇ ਵਿਚ ਲਗਨ ਹੈ, ਉਹੀ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ। ਰੰਗੁ = ਲਗਨ।
ਗੁਰ ਕੈ ਸਬਦਿ ਸਹਜੇ ਸੁਖਿ ਸਮਾਵੈ ॥
through the Word of the Guru's Shabad, they are intuitively absorbed in celestial peace.
ਉਹ ਗੁਰੂ ਦੇ ਸ਼ਬਦ ਵਿਚ ਜੁਝ ਕੇ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਮਗਨ ਹੋਇਆ ਰਹਿੰਦਾ ਹੈ। ਸੁਖਿ = ਆਤਮਕ ਆਨੰਦ ਵਿਚ।
ਹਉ ਬਲਿਹਾਰੀ ਸਦਾ ਤਿਨ ਵਿਟਹੁ ਗੁਰ ਸੇਵਾ ਚਿਤੁ ਲਾਵਣਿਆ ॥੬॥
I am forever a sacrifice to those who dedicate their consciousness to the Guru's Service. ||6||
ਮੈਂ ਸਦਾ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਦੱਸੀ ਕਾਰ ਵਿਚ ਆਪਣਾ ਚਿੱਤ ਲਾਇਆ ਹੋਇਆ ਹੈ ॥੬॥ ਵਿਟਹੁ = ਤੋਂ ॥੬॥
ਸਚਾ ਸਚੋ ਸਚਿ ਪਤੀਜੈ ॥
The True Lord is pleased with Truth, and only Truth.
ਜਿਨ੍ਹਾਂ ਦਾ ਮਨ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ ਸਦਾ-ਥਿਰ ਦੀ ਯਾਦ ਵਿਚ ਗਿੱਝਿਆ ਰਹਿੰਦਾ ਹੈ, ਪਤੀਜੈ = ਗਿੱਝ ਜਾਂਦਾ ਹੈ।
ਗੁਰ ਪਰਸਾਦੀ ਅੰਦਰੁ ਭੀਜੈ ॥
By Guru's Grace, one's inner being is deeply imbued with His Love.
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦਾ ਹਿਰਦਾ (ਸਿਫ਼ਤ-ਸਾਲਾਹ ਦੇ ਰਸ ਨਾਲ) ਭਿੱਜਿਆ ਰਹਿੰਦਾ ਹੈ, ਅੰਦਰੁ = ਹਿਰਦਾ {ਲਫ਼ਜ਼ 'ਅੰਦਰ' ਨਾਂਵ ਹੈ, ਲਫ਼ਜ਼ 'ਅੰਦਰਿ' ਸੰਬੰਧਕ ਹੈ। ਦੋਹਾਂ ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।
ਬੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ ॥੭॥
Sitting in that blessed place, sing the Glorious Praises of the Lord, who Himself inspires us to accept His Truth. ||7||
ਉਹ ਸ੍ਰੇਸ਼ਟ ਅੰਤਰ ਆਤਮੇ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਪ੍ਰਭੂ ਆਪ ਹੀ ਉਹਨਾਂ ਨੂੰ ਇਹ ਸਰਧਾ ਬਖ਼ਸ਼ਦਾ ਹੈ ਕਿ ਸਿਫ਼ਤ-ਸਾਲਾਹ ਦੀ ਕਾਰ ਹੀ ਸਹੀ ਜੀਵਨ-ਕਾਰ ਹੈ ॥੭॥ ਬੈਸਿ = ਬੈਠ ਕੇ, ਟਿਕ ਕੇ। ਸੁਥਾਨਿ = ਸ੍ਰੇਸ਼ਟ ਥਾਂ ਵਿਚ। ਆਪੇ = ਪ੍ਰਭੂ ਆਪ ਹੀ। ਸਤਿ = {सत्य} ਠੀਕ ॥੭॥
ਜਿਸ ਨੋ ਨਦਰਿ ਕਰੇ ਸੋ ਪਾਏ ॥
That one, upon whom the Lord casts His Glance of Grace, obtains it.
ਪਰ ਪ੍ਰਭੂ ਦਾ ਨਾਮ ਸਿਮਰਨ ਦੀ ਸੂਝ ਉਹੀ ਮਨੁੱਖ ਹਾਸਲ ਕਰਦਾ ਹੈ, ਜਿਸ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ। ਜਿਸ ਨੋ = {ਵੇਖੋ 'ਜਿਸੁ ਅੰਦਰਿ'। ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।
ਗੁਰ ਪਰਸਾਦੀ ਹਉਮੈ ਜਾਏ ॥
By Guru's Grace, egotism departs.
ਗੁਰੂ ਦੀ ਕਿਰਪਾ ਨਾਲ (ਨਾਮ ਸਿਮਰਿਆਂ) ਉਸ ਦੀ ਹਉਮੈ ਦੂਰ ਹੋ ਜਾਂਦੀ ਹੈ।
ਨਾਨਕ ਨਾਮੁ ਵਸੈ ਮਨ ਅੰਤਰਿ ਦਰਿ ਸਚੈ ਸੋਭਾ ਪਾਵਣਿਆ ॥੮॥੮॥੯॥
O Nanak, that one, within whose mind the Name dwells, is honored in the True Court. ||8||8||9||
ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਸ ਨੂੰ ਸੋਭਾ ਮਿਲਦੀ ਹੈ ॥੮॥੮॥੯॥ ਅੰਤਰਿ = ਵਿਚ। ਦਰਿ = ਦਰ ਤੇ ॥੮॥