ਮਾਰੂ ਮਹਲਾ ੩ ॥
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
ਹਰਿ ਜੀਉ ਸੇਵਿਹੁ ਅਗਮ ਅਪਾਰਾ ॥
Serve the Dear Lord, the inaccessible and infinite.
ਬੇਅੰਤ ਅਤੇ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ। ਸੇਵਿਹੁ = ਸਿਮਰਨ ਕਰਿਆ ਕਰੋ। ਅਗਮ = ਅਪਹੁੰਚ। ਅਪਾਰਾ = ਬੇਅੰਤ।
ਤਿਸ ਦਾ ਅੰਤੁ ਨ ਪਾਈਐ ਪਾਰਾਵਾਰਾ ॥
He has no end or limitation.
ਉਸ (ਦੇ ਗੁਣਾਂ) ਦਾ ਅੰਤ ਨਹੀਂ ਪਾਇਆ ਜਾ ਸਕਦਾ, (ਉਸ ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਪਾਰਾਵਾਰਾ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।
ਗੁਰ ਪਰਸਾਦਿ ਰਵਿਆ ਘਟ ਅੰਤਰਿ ਤਿਤੁ ਘਟਿ ਮਤਿ ਅਗਾਹਾ ਹੇ ॥੧॥
By Guru's Grace, one who dwells upon the Lord deep within his heart - his heart is filled with infinite wisdom. ||1||
ਗੁਰੂ ਦੀ ਕਿਰਪਾ ਨਾਲ ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਹਿਰਦੇ ਵਿਚ ਬੜੀ ਉੱਚੀ ਮੱਤ ਪਰਗਟ ਹੋ ਜਾਂਦੀ ਹੈ ॥੧॥ ਪਰਸਾਦਿ = ਕਿਰਪਾ ਨਾਲ। ਘਟ ਅੰਤਰਿ = ਜਿਸ ਹਿਰਦੇ ਵਿਚ। ਤਿਤੁ ਘਟਿ = ਉਸ ਹਿਰਦੇ ਵਿਚ। ਅਗਾਹਾ = ਅਥਾਹ ॥੧॥
ਸਭ ਮਹਿ ਵਰਤੈ ਏਕੋ ਸੋਈ ॥
The One Lord is pervading and permeating amidst all.
ਸਿਰਫ਼ ਉਹ ਪਰਮਾਤਮਾ ਹੀ ਸਭ ਜੀਵਾਂ ਵਿਚ ਵਿਆਪਕ ਹੈ, ਸਭ ਮਹਿ = ਸਭ ਜੀਆਂ ਵਿਚ। ਵਰਤੈ = ਮੌਜੂਦ ਹੈ।
ਗੁਰ ਪਰਸਾਦੀ ਪਰਗਟੁ ਹੋਈ ॥
By Guru's Grace, He is revealed.
ਪਰ ਗੁਰੂ ਦੀ ਕਿਰਪਾ ਨਾਲ ਹੀ ਉਹ ਪਰਗਟ ਹੁੰਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ।
ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ ॥੨॥
The Life of the world nurtures and cherishes all, giving sustenance to all. ||2||
ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਪਾਲਣਾ ਕਰਦਾ ਹੈ, ਸਭਨਾਂ ਨੂੰ ਰਿਜ਼ਕ ਦੇਂਦਾ ਹੈ, ਸਭਨਾਂ ਨੂੰ ਰਿਜ਼ਕ ਅਪੜਾਂਦਾ ਹੈ ॥੨॥ ਪ੍ਰਤਿਪਾਲ = ਪਾਲਣਾ। ਜਗ ਜੀਵਨੁ = ਜਗਤ ਦਾ ਸਹਾਰਾ ਪ੍ਰਭੂ। ਸੰਬਾਹਾ = ਪੁਚਾਂਦਾ ਹੈ ॥੨॥
ਪੂਰੈ ਸਤਿਗੁਰਿ ਬੂਝਿ ਬੁਝਾਇਆ ॥
The Perfect True Guru has imparted this understanding.
ਪੂਰੇ ਗੁਰੂ ਨੇ (ਆਪ) ਸਮਝ ਕੇ (ਜਗਤ ਨੂੰ) ਸਮਝਾਇਆ ਹੈ, ਸਤਿਗੁਰਿ = ਗੁਰੂ ਨੇ। ਬੂਝਿ = (ਆਪ) ਸਮਝ ਕੇ। ਬੁਝਾਇਆ = (ਜਗਤ ਨੂੰ) ਸਮਝਾਇਆ ਹੈ (ਕਿ)।
ਹੁਕਮੇ ਹੀ ਸਭੁ ਜਗਤੁ ਉਪਾਇਆ ॥
By the Hukam of His Command, He created the entire Universe.
ਕਿ ਪਰਮਾਤਮਾ ਨੇ ਆਪਣੇ ਹੁਕਮ ਵਿਚ ਹੀ ਸਾਰਾ ਜਗਤ ਪੈਦਾ ਕੀਤਾ ਹੈ। ਹੁਕਮੇ = (ਆਪਣੇ) ਹੁਕਮ ਵਿਚ ਹੀ।
ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥
Whoever submits to His Command, finds peace; His Command is above the heads of kings and emperors. ||3||
ਜਿਹੜਾ ਮਨੁੱਖ ਉਸ ਦੇ ਹੁਕਮ ਨੂੰ (ਮਿੱਠਾ ਕਰਕੇ) ਮੰਨਦਾ ਹੈ, ਉਹੀ ਆਤਮਕ ਆਨੰਦ ਮਾਣਦਾ ਹੈ। ਉਸ ਦਾ ਹੁਕਮ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉਤੇ ਭੀ ਚੱਲ ਰਿਹਾ ਹੈ (ਕੋਈ ਉਸ ਤੋਂ ਆਕੀ ਨਹੀਂ ਹੋ ਸਕਦਾ) ॥੩॥ ਸਿਰਿ = ਸਿਰ ਉੱਤੇ ॥੩॥
ਸਚਾ ਸਤਿਗੁਰੁ ਸਬਦੁ ਅਪਾਰਾ ॥
True is the True Guru. Infinite is the Word of His Shabad.
ਗੁਰੂ ਅਭੁੱਲ ਹੈ, ਉਸ ਦਾ ਉਪਦੇਸ਼ ਭੀ ਬਹੁਤ ਡੂੰਘਾ ਹੈ। ਸਚਾ = ਸਦਾ-ਥਿਰ, ਅਭੁੱਲ। ਸਬਦੁ = (ਗੁਰੂ ਦਾ) ਸ਼ਬਦ (ਉਪਦੇਸ਼) ਭੀ। ਅਪਾਰਾ = ਬਹੁਤ ਡੂੰਘਾ।
ਤਿਸ ਦੈ ਸਬਦਿ ਨਿਸਤਰੈ ਸੰਸਾਰਾ ॥
Through His Shabad, the world is saved.
ਉਸ ਦੇ ਸ਼ਬਦ ਦੀ ਰਾਹੀਂ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘਦਾ ਹੈ। ਦੈ ਸਬਦਿ = ਦੇ ਸ਼ਬਦ ਦੀ ਰਾਹੀਂ। ਤਿਸ ਦੈ = {ਸੰਬੰਧਕ 'ਦੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਨਿਸਤਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ ॥੪॥
The Creator Himself created the creation; He gazes upon it, and blesses it with breath and nourishment. ||4||
(ਗੁਰੂ ਇਹ ਦੱਸਦਾ ਹੈ ਕਿ) ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰਦਾ ਹੈ, (ਸਭਨਾਂ ਨੂੰ) ਸਾਹ (ਜਿੰਦ) ਭੀ ਦੇਂਦਾ ਹੈ ਰੋਜ਼ੀ ਭੀ ਦੇਂਦਾ ਹੈ ॥੪॥ ਕਰਿ = ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਾਸ = ਸਾਹ {ਬਹੁ-ਵਚਨ}। ਗਿਰਾਹਾ = ਗਿਰਾਹੀ, ਰੋਜ਼ੀ ॥੪॥
ਕੋਟਿ ਮਧੇ ਕਿਸਹਿ ਬੁਝਾਏ ॥
Out of millions, only a few understand.
ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ (ਪਰਮਾਤਮਾ ਸਹੀ ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ। ਕੋਟਿ = ਕ੍ਰੋੜ। ਮਧੇ = ਵਿਚ। ਕਿਸਹਿ = ਕਿਸੇ ਵਿਰਲੇ ਨੂੰ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ}।
ਗੁਰ ਕੈ ਸਬਦਿ ਰਤੇ ਰੰਗੁ ਲਾਏ ॥
Imbued with the Word of the Guru's Shabad, they are colored in His Love.
ਜਿਹੜੇ ਮਨੁੱਖ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦੇ ਹਨ, ਰੰਗੁ ਲਾਇ = ਰੰਗ ਲਾ ਕੇ, ਪਿਆਰ ਨਾਲ।
ਹਰਿ ਸਾਲਾਹਹਿ ਸਦਾ ਸੁਖਦਾਤਾ ਹਰਿ ਬਖਸੇ ਭਗਤਿ ਸਲਾਹਾ ਹੇ ॥੫॥
They praise the Lord, the Giver of peace forever; the Lord forgives His devotees, and blesses them with His Praise. ||5||
ਅਤੇ ਸਾਰੇ ਸੁਖਾਂ ਦੇ ਦਾਤੇ ਹਰੀ ਦੀ ਸਦਾ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਉਹਨਾਂ ਨੂੰ ਭਗਤੀ ਅਤੇ ਸਿਫ਼ਤ-ਸਾਲਾਹ ਦੀ (ਹੋਰ) ਦਾਤ ਬਖ਼ਸ਼ਦਾ ਹੈ ॥੫॥ ਸਾਲਾਹਹਿ = ਸਲਾਹੁੰਦੇ ਹਨ। ਸਾਲਾਹਾ = ਸਿਫ਼ਤ-ਸਾਲਾਹ ॥੫॥
ਸਤਿਗੁਰੁ ਸੇਵਹਿ ਸੇ ਜਨ ਸਾਚੇ ॥
Those humble beings who serve the True Guru are true.
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ। ਸੇਵਹਿ = ਸੇਂਵਦੇ ਹਨ, ਸਰਨ ਪੈਂਦੇ ਹਨ। ਸਾਚੇ = ਟਿਕਵੇਂ ਜੀਵਨ ਵਾਲੇ।
ਜੋ ਮਰਿ ਜੰਮਹਿ ਕਾਚਨਿ ਕਾਚੇ ॥
The falsest of the false die, only to be reborn.
ਪਰ ਜਿਹੜੇ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹ ਬਹੁਤ ਹੀ ਕਮਜ਼ੋਰ ਆਤਮਕ ਜੀਵਨ ਵਾਲੇ ਹਨ। ਮਰਿ ਜੰਮਹਿ = ਮਰ ਕੇ ਜੰਮਦੇ ਹਨ, ਜੰਮਦੇ ਮਰਦੇ ਰਹਿੰਦੇ ਹਨ। ਕਾਚ ਨਿਕਾਚੇ = ਨਿਰੋਲ ਕੱਚੇ, ਬਹੁਤ ਕਮਜ਼ੋਰ ਆਤਮਕ ਜੀਵਨ ਵਾਲੇ।
ਅਗਮ ਅਗੋਚਰੁ ਵੇਪਰਵਾਹਾ ਭਗਤਿ ਵਛਲੁ ਅਥਾਹਾ ਹੇ ॥੬॥
The inaccessible, unfathomable, self-sufficient, incomprehensible Lord is the Lover of His devotees. ||6||
ਅਪਹੁੰਚ ਅਗੋਚਰੁ ਵੇਪਰਵਾਹ ਅਤੇ ਬੇਅੰਤ ਪਰਮਾਤਮਾ ਭਗਤੀ ਨਾਲ ਪਿਆਰ ਕਰਦਾ ਹੈ ॥੬॥ ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਆਥਾਹਾ = ਅਥਾਹ, ਬਹੁਤ ਹੀ ਡੂੰਘਾ, ਬੇਅੰਤ ॥੬॥
ਸਤਿਗੁਰੁ ਪੂਰਾ ਸਾਚੁ ਦ੍ਰਿੜਾਏ ॥
The Perfect True Guru implants Truth within.
ਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਪੱਕਾ ਕਰਦਾ ਹੈ, ਸਾਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ।
ਸਚੈ ਸਬਦਿ ਸਦਾ ਗੁਣ ਗਾਏ ॥
Through the True Word of the Shabad, they sing His Glorious Praises forever.
ਉਹ ਮਨੁੱਖ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ, ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ।
ਗੁਣਦਾਤਾ ਵਰਤੈ ਸਭ ਅੰਤਰਿ ਸਿਰਿ ਸਿਰਿ ਲਿਖਦਾ ਸਾਹਾ ਹੇ ॥੭॥
The Giver of virtue is pervading deep within the nucleus of all beings; He inscribes the time of destiny upon each and every person's head. ||7||
ਉਸ ਨੂੰ ਇਉਂ ਦਿੱਸਦਾ ਹੈ ਕਿ ਗੁਣ-ਦਾਤਾ ਪ੍ਰਭੂ ਸਭ ਜੀਵਾਂ ਵਿਚ ਵੱਸ ਰਿਹਾ ਹੈ, ਅਤੇ ਹਰੇਕ ਦੇ ਸਿਰ ਉੱਤੇ ਉਹ ਸਮਾ (ਸਾਹਾ) ਲਿਖਦਾ ਹੈ (ਜਦੋਂ ਜਿੰਦ-ਵਹੁਟੀ ਨੇ ਪਰਲੋਕ ਸਹੁਰੇ-ਘਰ ਤੁਰ ਪੈਣਾ ਹੈ) ॥੭॥ ਵਰਤੈ = ਵਿਆਪਕ (ਦਿੱਸਦਾ) ਹੈ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉੱਤੇ ॥੭॥
ਸਦਾ ਹਦੂਰਿ ਗੁਰਮੁਖਿ ਜਾਪੈ ॥
The Gurmukh knows that God is always ever-present.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ। ਹਦੂਰਿ = ਅੰਗ-ਸੰਗ। ਜਾਪੈ = ਪ੍ਰਤੀਤ ਹੁੰਦਾ ਹੈ।
ਸਬਦੇ ਸੇਵੈ ਸੋ ਜਨੁ ਧ੍ਰਾਪੈ ॥
That humble being who serves the Shabad, is comforted and fulfilled.
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਾ-ਭਗਤੀ ਕਰਦਾ ਹੈ ਉਹ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜਿਆ ਰਹਿੰਦਾ ਹੈ। ਸਬਦੇ = ਸ਼ਬਦ ਦੀ ਰਾਹੀਂ। ਧ੍ਰਾਪੈ = (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦਾ ਹੈ।
ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ ॥੮॥
Night and day, he serves the True Word of the Guru's Bani; he delights in the True Word of the Shabad. ||8||
ਜਿਹੜੇ ਮਨੁੱਖ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਹਰ ਵੇਲੇ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ, ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੮॥ ਅਨਦਿਨੁ = ਹਰ ਰੋਜ਼, ਹਰ ਵੇਲੇ। ਸੇਵਹਿ = ਸੇਵਾ-ਭਗਤੀ ਕਰਦੇ ਹਨ। ਸਚੀ ਬਾਣੀ = ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਓਮਾਹਾ = ਖਿੜਾਉ, ਆਨੰਦ ॥੮॥
ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ॥
The ignorant and blind cling to all sorts of rituals.
(ਆਤਮਕ ਜੀਵਨ ਤੋਂ) ਬੇ-ਸਮਝ (ਅਤੇ ਮਾਇਆ ਦੇ ਮੋਹ ਵਿਚ) ਅੰਨ੍ਹਾਂ (ਹੋਇਆ) ਮਨੁੱਖ (ਹਰਿ-ਨਾਮ ਭੁਲਾ ਕੇ ਤੀਰਥ-ਇਸ਼ਨਾਨ ਆਦਿਕ ਹੋਰ ਹੋਰ) ਅਨੇਕਾਂ (ਮਿੱਥੇ ਹੋਏ ਧਾਰਮਿਕ) ਕਰਮਾਂ ਉੱਤੇ ਜ਼ੋਰ ਦੇਂਦਾ ਹੈ। ਅਗਿਆਨੀ = (ਆਤਮਕ ਜੀਵਨ ਤੋਂ) ਬੇ-ਸਮਝ ਮਨੁੱਖ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ। ਬਹੁ ਕਰਮ = (ਤੀਰਥ-ਇਸ਼ਨਾਨ ਆਦਿਕ) ਅਨੇਕਾਂ (ਮਿਥੇ ਹੋਏ ਧਾਰਮਿਕ) ਕਰਮ। ਦ੍ਰਿੜਾਏ = ਜ਼ੋਰ ਦੇਂਦਾ ਹੈ।
ਮਨਹਠਿ ਕਰਮ ਫਿਰਿ ਜੋਨੀ ਪਾਏ ॥
They stubborn-mindedly perform these rituals, and are consigned to reincarnation.
ਪਰ ਜਿਹੜਾ ਮਨੁੱਖ ਮਨ ਦੇ ਹਠ ਨਾਲ (ਅਜਿਹੇ) ਕਰਮ (ਕਰਦਾ ਰਹਿੰਦਾ ਹੈ, ਉਹ) ਮੁੜ ਮੁੜ ਜੂਨੀਆਂ ਵਿਚ ਪੈਂਦਾ ਹੈ। ਹਠਿ = ਹਠ ਨਾਲ।
ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ ॥੯॥
For the sake of poison, they act in greed and possessiveness, and evil-minded duality. ||9||
ਜਿਹੜੇ ਮਨੁੱਖ ਮਾਇਆ (ਕਮਾਣ) ਦੀ ਖ਼ਾਤਰ ਲੱਬ ਲੋਭ (ਨੂੰ ਚਮਕਾਣ ਵਾਲੇ) ਕਰਮ ਕਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਖੋਟੀ ਮੱਤ ਦਾ ਦੁ-ਚਿੱਤਾ-ਪਨ ਆ ਜਾਂਦਾ ਹੈ ॥੯॥ ਬਿਖਿਆ = ਮਾਇਆ। ਕਾਰਣਿ = ਦੀ ਖ਼ਾਤਰ। ਦੋਰਾਹਾ = ਦੋ ਰਸਤਿਆਂ ਦਾ ਮੇਲ (ਜਿੱਥੇ ਇਹ ਪਤਾ ਨਾਹ ਲੱਗ ਸਕੇ ਕਿ ਅਸਲ ਰਸਤਾ ਕਿਹੜਾ ਹੈ), ਦੁਚਿੱਤਾ-ਪਨ। ਦੁਰਮਤਿ = ਖੋਟੀ ਮੱਤ ॥੯॥
ਪੂਰਾ ਸਤਿਗੁਰੁ ਭਗਤਿ ਦ੍ਰਿੜਾਏ ॥
The Perfect True Guru implants devotional worship within.
ਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਕਰਨ ਦਾ ਵਿਸ਼ਵਾਸ ਪੈਦਾ ਕਰਦਾ ਹੈ,
ਗੁਰ ਕੈ ਸਬਦਿ ਹਰਿ ਨਾਮਿ ਚਿਤੁ ਲਾਏ ॥
Through the Word of the Guru's Shabad, he lovingly centers his consciousness on the Lord's Name.
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ (ਆਪਣਾ) ਚਿੱਤ ਜੋੜਦਾ ਹੈ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ।
ਮਨਿ ਤਨਿ ਹਰਿ ਰਵਿਆ ਘਟ ਅੰਤਰਿ ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥
The Lord pervades his mind, body and heart; deep within, his mind is drenched with devotional worship and praise of the Lord. ||10||
ਉਸ ਦੇ ਮਨ ਵਿਚ ਤਨ ਵਿਚ ਹਿਰਦੇ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ। (ਪਰਮਾਤਮਾ ਵਿਚ) ਮਨ ਭਿੱਜਿਆਂ ਮਨੁੱਖ ਉਸ ਦੀ ਭਗਤੀ ਤੇ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੦॥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਘਟ ਅੰਤਰਿ = ਹਿਰਦੇ ਵਿਚ। ਮਨਿ ਭੀਨੈ = ਜੇ ਮਨ ਭਿਜ ਜਾਏ, ਮਨ ਭਿੱਜਿਆਂ। ਸਾਲਾਹ = ਸਿਫ਼ਤ-ਸਾਲਾਹ ॥੧੦॥
ਮੇਰਾ ਪ੍ਰਭੁ ਸਾਚਾ ਅਸੁਰ ਸੰਘਾਰਣੁ ॥
My True Lord God is the Destroyer of demons.
ਮੇਰਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, (ਮਨੁੱਖ ਦੇ ਅੰਦਰੋਂ ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ, ਸਾਚਾ = ਸਦਾ ਕਾਇਮ ਰਹਿਣ ਵਾਲਾ। ਅਸੁਰ ਸੰਘਾਰਣੁ = (ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ।
ਗੁਰ ਕੈ ਸਬਦਿ ਭਗਤਿ ਨਿਸਤਾਰਣੁ ॥
Through the Word of the Guru's Shabad, His devotees are saved.
ਗੁਰੂ ਦੇ ਸ਼ਬਦ ਵਿਚ (ਜੋੜ ਕੇ) (ਆਪਣੀ) ਭਗਤੀ ਵਿਚ (ਲਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ। ਨਿਸਤਾਰਣੁ = ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ।
ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਸਿਰਿ ਸਾਹਾ ਪਾਤਿਸਾਹਾ ਹੇ ॥੧੧॥
My True Lord God is forever True. He is the Emperor over the heads of kings. ||11||
ਮੇਰਾ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਤਾਂ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉੱਤੇ (ਭੀ ਹੁਕਮ ਚਲਾਣ ਵਾਲਾ) ਹੈ ॥੧੧॥ ਸਿਰਿ = ਸਿਰ ਉਤੇ ॥੧੧॥
ਸੇ ਭਗਤ ਸਚੇ ਤੇਰੈ ਮਨਿ ਭਾਏ ॥
True are those devotees, who are pleasing to Your Mind.
ਹੇ ਪ੍ਰਭੂ! ਉਹੀ ਭਗਤ ਅਡੋਲ ਆਤਮਕ ਜੀਵਨ ਵਾਲੇ ਬਣਦੇ ਹਨ, ਜਿਹੜੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ; ਸੇ = ਉਹ {ਬਹੁ-ਵਚਨ}। ਸਚੇ = ਅਡੋਲ ਜੀਵਨ ਵਾਲੇ। ਤੇਰੈ ਮਨਿ = ਤੇਰੇ ਮਨ ਵਿਚ। ਭਾਏ = ਚੰਗੇ ਲੱਗੇ।
ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ ॥
They sing the Kirtan of His Praises at His Door; they are embellished and exalted by the Word of the Guru's Shabad.
ਉਹ ਤੇਰੇ ਦਰ ਤੇ (ਟਿਕ ਕੇ) ਤੇਰ ਸਿਫ਼ਤ-ਸਾਲਾਹ ਕਰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ। ਦਰਿ = (ਤੇਰੇ) ਦਰ ਤੇ। ਕਰਹਿ = ਕਰਦੇ ਹਨ {ਬਹੁ-ਵਚਨ}। ਸੁਹਾਏ = ਸੋਹਣੇ ਆਤਮਕ ਜੀਵਨ ਵਾਲੇ ਬਣ ਗਏ।
ਸਾਚੀ ਬਾਣੀ ਅਨਦਿਨੁ ਗਾਵਹਿ ਨਿਰਧਨ ਕਾ ਨਾਮੁ ਵੇਸਾਹਾ ਹੇ ॥੧੨॥
Night and day, they sing the True Word of His Bani. The Naam is the wealth of the poor. ||12||
ਉਹ ਭਗਤ ਜਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹਰ ਵੇਲੇ ਗਾਂਦੇ ਹਨ। ਪਰਮਾਤਮਾ ਦਾ ਨਾਮ (ਨਾਮ-) ਧਨ ਤੋਂ ਸੱਖਣੇ ਮਨੁੱਖਾਂ ਲਈ ਸਰਮਾਇਆ ਹੈ ॥੧੨॥ ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਅਨਦਿਨੁ = {अनदिनां} ਹਰ ਰੋਜ਼, ਹਰ ਵੇਲੇ। ਵੇਸਾਹਾ = ਪੂੰਜੀ, ਸਰਮਾਇਆ ॥੧੨॥
ਜਿਨ ਆਪੇ ਮੇਲਿ ਵਿਛੋੜਹਿ ਨਾਹੀ ॥
Those whom You unite, Lord, are never separated again.
ਹੇ ਪ੍ਰਭੂ! ਤੂੰ ਆਪ ਹੀ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਕੇ (ਫਿਰ) ਵਿਛੋੜਦਾ ਨਹੀਂ ਹੈਂ, ਆਪੇ = (ਤੂੰ) ਆਪ ਹੀ। ਮੇਲਿ = ਮੇਲ ਕੇ।
ਗੁਰ ਕੈ ਸਬਦਿ ਸਦਾ ਸਾਲਾਹੀ ॥
Through the Word of the Guru's Shabad, they praise You forever.
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਾਲਾਹੀ = ਸਾਲਾਹਿ, ਸਲਾਹੁੰਦੇ ਹਨ, ਸਿਫ਼ਤ-ਸਾਲਾਹ ਕਰਦੇ ਹਨ।
ਸਭਨਾ ਸਿਰਿ ਤੂ ਏਕੋ ਸਾਹਿਬੁ ਸਬਦੇ ਨਾਮੁ ਸਲਾਹਾ ਹੇ ॥੧੩॥
You are the One Lord and Master over all. Through the Shabad, the Naam is praised. ||13||
ਹੇ ਪ੍ਰਭੂ! ਸਭ ਜੀਵਾਂ ਦੇ ਸਿਰ ਉੱਤੇ ਤੂੰ ਆਪ ਹੀ ਮਾਲਕ ਹੈਂ। (ਤੇਰੀ ਮਿਹਰ ਨਾਲ ਹੀ ਜੀਵ ਗੁਰੂ ਦੇ) ਸ਼ਬਦ ਵਿਚ (ਜੁੜ ਕੇ ਤੇਰਾ) ਨਾਮ (ਜਪ ਸਕਦੇ ਹਨ ਅਤੇ ਤੇਰੀ) ਸਿਫ਼ਤ-ਸਾਲਾਹ ਕਰ ਸਕਦੇ ਹਨ ॥੧੩॥ ਸਿਰਿ = ਸਿਰ ਉੱਤੇ। ਸਾਹਿਬੁ = ਮਾਲਕ। ਸਬਦੇ = ਗੁਰੂ ਦੇ ਸ਼ਬਦ ਵਿਚ (ਜੁੜ ਕੇ) ॥੧੩॥
ਬਿਨੁ ਸਬਦੈ ਤੁਧੁਨੋ ਕੋਈ ਨ ਜਾਣੀ ॥
Without the Shabad, no one knows You.
ਹੇ ਪ੍ਰਭੂ! ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਤੇਰੇ ਨਾਲ ਸਾਂਝ ਨਹੀਂ ਪਾ ਸਕਦਾ, ਨੋ = ਨੂੰ। ਨ ਜਾਣੀ = ਨਹੀਂ ਜਾਣਦਾ, ਸਾਂਝ ਨਹੀਂ ਪਾ ਸਕਦਾ।
ਤੁਧੁ ਆਪੇ ਕਥੀ ਅਕਥ ਕਹਾਣੀ ॥
You Yourself speak the Unspoken Speech.
(ਗੁਰੂ ਦੇ ਸ਼ਬਦ ਦੀ ਰਾਹੀਂ) ਤੂੰ ਆਪ ਹੀ ਆਪਣੇ ਅਕੱਥ ਸਰੂਪ ਦਾ ਬਿਆਨ ਕਰਦਾ ਹੈਂ। ਆਪੇ = (ਗੁਰੂ-ਰੂਪ ਹੋ ਕੇ ਤੂੰ) ਆਪ ਹੀ। ਅਕਥ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਕਹਾਣੀ = ਸਿਫ਼ਤ-ਸਾਲਾਹ।
ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥
You Yourself are the Shabad forever, the Guru, the Great Giver; chanting the Lord's Name, You bestow Your treasure. ||14||
ਤੂੰ ਆਪ ਹੀ ਗੁਰੂ-ਰੂਪ ਹੋ ਕੇ ਸਦਾ ਸ਼ਬਦ ਦੀ ਦਾਤ ਦੇਂਦਾ ਆਇਆ ਹੈਂ, ਗੁਰੂ-ਰੂਪ ਹੋ ਕੇ ਤੂੰ ਆਪ ਹੀ ਹਰਿ-ਨਾਮ ਜਪ ਕੇ (ਜੀਵਾਂ ਨੂੰ ਭੀ ਇਹ ਦਾਤਿ) ਦੇਂਦਾ ਆ ਰਿਹਾ ਹੈਂ ॥੧੪॥ ਜਪਿ = ਜਪ ਕੇ। ਸੰਬਾਹਾ = (ਨਾਮ) ਪੁਚਾਂਦਾ ਹੈਂ, ਦੇਂਦਾ ਹੈਂ ॥੧੪॥
ਤੂ ਆਪੇ ਕਰਤਾ ਸਿਰਜਣਹਾਰਾ ॥
You Yourself are the Creator of the Universe.
ਹੇ ਪ੍ਰਭੂ! ਤੂੰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰ ਸਕਣ ਵਾਲਾ ਕਰਤਾਰ ਹੈਂ।
ਤੇਰਾ ਲਿਖਿਆ ਕੋਇ ਨ ਮੇਟਣਹਾਰਾ ॥
No one can erase what You have written.
ਕੋਈ ਜੀਵ ਤੇਰੇ ਲਿਖੇ ਲੇਖ ਨੂੰ ਮਿਟਾਣ-ਜੋਗਾ ਨਹੀਂ ਹੈ। ਮੇਟਣਹਾਰਾ = ਮਿਟਾ ਸਕਣ ਵਾਲਾ।
ਗੁਰਮੁਖਿ ਨਾਮੁ ਦੇਵਹਿ ਤੂ ਆਪੇ ਸਹਸਾ ਗਣਤ ਨ ਤਾਹਾ ਹੇ ॥੧੫॥
You Yourself bless the Gurmukh with the Naam, who is no longer skeptical, and is not held to account. ||15||
ਗੁਰੂ ਦੀ ਸਰਨ ਪਾ ਕੇ ਤੂੰ ਆਪ ਹੀ ਆਪਣਾ ਨਾਮ ਦੇਂਦਾ ਹੈਂ, (ਤੇ, ਜਿਸ ਨੂੰ ਤੂੰ ਨਾਮ ਦੀ ਦਾਤ ਦੇਂਦਾ ਹੈਂ) ਉਸ ਨੂੰ ਕੋਈ ਸਹਮ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ ॥੧੫॥ ਗੁਰਮੁਖਿ = ਗੁਰੂ ਦੀ ਰਾਹੀਂ। ਦੇਵਹਿ = (ਤੂੰ) ਦੇਂਦਾ ਹੈਂ। ਸਹਸਾ = ਸਹਮ। ਗਣਤ = ਚਿੰਤਾ। ਤਾਹਾ = ਉਸ ਨੂੰ ॥੧੫॥
ਭਗਤ ਸਚੇ ਤੇਰੈ ਦਰਵਾਰੇ ॥
Your true devotees stand at the Door of Your Court.
ਹੇ ਪ੍ਰਭੂ! ਤੇਰੇ ਦਰਬਾਰ ਵਿਚ ਤੇਰੇ ਭਗਤ ਸੁਰਖ਼ਰੂ ਰਹਿੰਦੇ ਹਨ, ਸਚੇ = ਸੁਰਖ਼ਰੂ। ਤੇਰੈ ਦਰਵਾਰੇ = ਤੇਰੇ ਦਰਬਾਰ ਵਿਚ।
ਸਬਦੇ ਸੇਵਨਿ ਭਾਇ ਪਿਆਰੇ ॥
They serve the Shabad with love and affection.
ਕਿਉਂਕਿ ਉਹ ਤੇਰੇ ਪ੍ਰੇਮ-ਪਿਆਰ ਵਿਚ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸੇਵਾ-ਭਗਤੀ ਕਰਦੇ ਹਨ। ਸੇਵਨਿ = ਸੇਂਵਦੇ ਹਨ, ਸੇਵਾ-ਭਗਤੀ ਕਰਦੇ ਹਨ। ਭਾਇ = ਪ੍ਰੇਮ ਨਾਲ {'ਭਾਉ' ਤੋਂ 'ਭਾਇ' ਕਰਣ ਕਾਰਕ, ਇਕ-ਵਚਨ। ਭਾਉ = ਪ੍ਰੇਮ}।
ਨਾਨਕ ਨਾਮਿ ਰਤੇ ਬੈਰਾਗੀ ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥
O Nanak, those who are attuned to the Naam remain detached; through the Naam, their affairs are resolved. ||16||3||12||
ਹੇ ਨਾਨਕ! ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ (ਅਸਲ) ਤਿਆਗੀ ਹਨ, ਨਾਮ ਦੀ ਬਰਕਤਿ ਨਾਲ ਉਹਨਾਂ ਦਾ ਹਰੇਕ ਕੰਮ ਸਫਲ ਹੋ ਜਾਂਦਾ ਹੈ ॥੧੬॥੩॥੧੨॥ ਰਤੇ = ਮਸਤ। ਬੈਰਾਗੀ = ਤਿਆਗੀ, ਵਿਰਕਤ। ਨਾਮੇ = ਨਾਮ ਦੀ ਰਾਹੀਂ ਹੀ। ਕਾਰਜੁ = (ਹਰੇਕ) ਕੰਮ। ਸੋਹਾ = ਸਿਰੇ ਚੜ੍ਹਦਾ ਹੈ, ਸੋਹਣਾ ਹੋ ਜਾਂਦਾ ਹੈ ॥੧੬॥੩॥੧੨॥