ਸੋਰਠਿ ਮਹਲਾ ੩ ਘਰੁ ੧ ॥
Sorat'h, Third Mehl, First House:
ਸੋਰਠਿ ਤੀਜੀ ਪਾਤਿਸ਼ਾਹੀ।
ਤਿਹੀ ਗੁਣੀ ਤ੍ਰਿਭਵਣੁ ਵਿਆਪਿਆ ਭਾਈ ਗੁਰਮੁਖਿ ਬੂਝ ਬੁਝਾਇ ॥
The three worlds are entangled in the three qualities, O Siblings of Destiny; the Guru imparts understanding.
ਹੇ ਭਾਈ! ਸਾਰਾ ਜਗਤ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਫਸਿਆ ਪਿਆ ਹੈ। ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ (ਗੁਰੂ ਉਸ ਨੂੰ) ਆਤਮਕ ਜੀਵਨ ਦੀ ਸਮਝ ਬਖ਼ਸ਼ਦਾ ਹੈ। ਤਿਹੀ ਗੁਣੀ = (ਮਾਇਆ ਦੇ) ਤਿੰਨਾਂ ਹੀ ਗੁਣਾਂ ਵਿਚ (ਰਜੋ, ਸਤੋ, ਤਮੋ ਗੁਣ)। ਤ੍ਰਿਭਵਣੁ = ਤਿੰਨ ਭਵਨਾਂ ਵਾਲਾ ਜਗਤ, ਸਾਰਾ ਸੰਸਾਰ। ਵਿਆਪਿਆ = ਫਸਿਆ ਪਿਆ ਹੈ। ਬੂਝ = (ਆਤਮਕ ਜੀਵਨ ਦੀ) ਸਮਝ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ।
ਰਾਮ ਨਾਮਿ ਲਗਿ ਛੂਟੀਐ ਭਾਈ ਪੂਛਹੁ ਗਿਆਨੀਆ ਜਾਇ ॥੧॥
Attached to the Lord's Name, one is emancipated, O Siblings of Destiny; go and ask the wise ones about this. ||1||
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਲੀਨ ਹੋ ਕੇ (ਮਾਇਆ ਦੇ ਤਿੰਨਾਂ ਗੁਣਾਂ ਦੀ ਪਕੜ ਤੋਂ) ਬਚੀਦਾ ਹੈ, (ਆਪਣੀ ਤਸੱਲੀ ਵਾਸਤੇ) ਜਾ ਕੇ ਪੁੱਛ ਲਵੋ ਉਹਨਾਂ ਨੂੰ ਜਿਨ੍ਹਾਂ ਨੂੰ ਆਤਮਕ ਜੀਵਨ ਦੀ ਸਮਝ ਆ ਗਈ ਹੈ ॥੧॥ ਨਾਮਿ = ਨਾਮ ਵਿਚ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਜਾਇ = ਜਾ ਕੇ ॥੧॥
ਮਨ ਰੇ ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ ॥
O mind, renounce the three qualities, and focus your consciousness on the fourth state.
ਹੇ ਮੇਰੇ ਮਨ! (ਮਾਇਆ ਦੇ) ਤਿੰਨ ਗੁਣਾਂ (ਦੇ ਪ੍ਰਭਾਵ) ਨੂੰ ਛੱਡ ਕੇ ਉਸ ਅਵਸਥਾ ਵਿਚ ਟਿਕ ਜਿਥੇ ਇਹਨਾਂ ਤਿੰਨਾਂ ਦਾ ਜ਼ੋਰ ਨਹੀਂ ਪੈਂਦਾ। ਛੋਡਿ = ਛੱਡ ਕੇ। ਚਉਥੈ = ਉਸ ਅਵਸਥਾ ਵਿਚ ਜਿਥੇ ਮਾਇਆ ਦੇ ਤਿੰਨ ਗੁਣ ਪ੍ਰਭਾਵ ਨਹੀਂ ਪਾ ਸਕਦੇ।
ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ ॥ ਰਹਾਉ ॥
The Dear Lord abides in the mind, O Siblings of Destiny; ever sing the Glorious Praises of the Lord. ||Pause||
ਹੇ ਭਾਈ! ਪਰਮਾਤਮਾ ਤੇਰੇ ਮਨ ਵਿਚ (ਹੀ) ਵੱਸਦਾ ਹੈ, ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰ ਰਹਾਉ॥ ਮਨਿ = ਮਨ ਵਿਚ ॥ਰਹਾਉ॥
ਨਾਮੈ ਤੇ ਸਭਿ ਊਪਜੇ ਭਾਈ ਨਾਇ ਵਿਸਰਿਐ ਮਰਿ ਜਾਇ ॥
From the Naam, everyone originated, O Siblings of Destiny; forgetting the Naam, they die away.
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜੁੜ ਕੇ ਹੀ ਸਾਰੇ ਜੀਵ ਆਤਮਕ ਜੀਵਨ ਜੀਊ ਸਕਦੇ ਹਨ। ਜੇ ਨਾਮ ਵਿਸਰ ਜਾਏ, ਤਾਂ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ। ਨਾਮੈ ਤੇ = ਨਾਮ ਤੋਂ ਹੀ। ਸਭਿ = ਸਾਰੇ। ਊਪਜੇ = ਆਤਮਕ ਜੀਵਨ ਪ੍ਰਾਪਤ ਕਰਦੇ ਹਨ। ਨਾਇ ਵਿਸਰਿਐ = ਜੇ ਨਾਮ ਵਿਸਰ ਜਾਏ। ਮਰਿ ਜਾਇ = (ਆਤਮਕ ਮੌਤੇ) ਮਰ ਜਾਂਦਾ ਹੈ।
ਅਗਿਆਨੀ ਜਗਤੁ ਅੰਧੁ ਹੈ ਭਾਈ ਸੂਤੇ ਗਏ ਮੁਹਾਇ ॥੨॥
The ignorant world is blind, O Siblings of Destiny; those who sleep are plundered. ||2||
ਆਤਮਕ ਜੀਵਨ ਦੀ ਸਮਝ ਤੋਂ ਸੱਖਣਾ ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ। ਮਾਇਆ ਦੇ ਮੋਹ ਵਿਚ ਸੁੱਤੇ ਹੋਏ ਮਨੁੱਖ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾ ਕੇ ਜਾਂਦੇ ਹਨ ॥੨॥ ਅਗਿਆਨੀ = ਆਤਮਕ ਜੀਵਨ ਦੀ ਸੂਝ ਤੋਂ ਸੱਖਣਾ। ਅੰਧੁ = ਮਾਇਆ ਦੇ ਮੋਹ ਵਿਚ ਅੰਨ੍ਹਾ। ਮੁਹਾਇ = (ਆਤਮਕ ਜੀਵਨ ਦਾ ਸਰਮਾਇਆ) ਲੁਟਾ ਕੇ ॥੨॥
ਗੁਰਮੁਖਿ ਜਾਗੇ ਸੇ ਉਬਰੇ ਭਾਈ ਭਵਜਲੁ ਪਾਰਿ ਉਤਾਰਿ ॥
Those Gurmukhs who remain awake are saved, O Siblings of Destiny; they cross over the terrifying world-ocean.
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੇ ਹਨ ਉਹ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ, (ਗੁਰੂ ਉਹਨਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ। ਭਵਜਲੁ = ਸੰਸਾਰ-ਸਮੁੰਦਰ। ਉਤਾਰਿ = ਉਤਾਰੇ, ਲੰਘਾਂਦਾ ਹੈ।
ਜਗ ਮਹਿ ਲਾਹਾ ਹਰਿ ਨਾਮੁ ਹੈ ਭਾਈ ਹਿਰਦੈ ਰਖਿਆ ਉਰ ਧਾਰਿ ॥੩॥
In this world, the Name of the Lord is the true profit, O Siblings of Destiny; keep it enshrined within your heart. ||3||
ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਾਂਭ ਕੇ ਰੱਖਦਾ ਹੈ, ਇਹ ਹਰਿ-ਨਾਮ ਹੀ ਜਗਤ ਵਿਚ (ਅਸਲ) ਲਾਭ ਹੈ ॥੩॥ ਉਰ = ਹਿਰਦਾ। ਧਾਰਿ = ਟਿਕਾ ਕੇ ॥੩॥
ਗੁਰ ਸਰਣਾਈ ਉਬਰੇ ਭਾਈ ਰਾਮ ਨਾਮਿ ਲਿਵ ਲਾਇ ॥
In the Guru's Sanctuary, O Siblings of Destiny, you shall be saved; be lovingly attuned to the Lord's Name.
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ ਮਨੁੱਖ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ। ਉਥਰੇ = (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ। ਲਾਇ = ਲਾ ਕੇ।
ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤੁ ਲਗਿ ਪਾਰਿ ਜਨ ਪਾਇ ॥੪॥੯॥
O Nanak, the Name of the Lord is the boat, and the Name is the raft, O Siblings of Destiny; setting out on it, the Lord's humble servant crosses over the world-ocean. ||4||9||
ਹੇ ਨਾਨਕ! (ਆਖ-) ਹੇ ਭਾਈ! ਪਰਮਾਤਮਾ ਦਾ ਨਾਮ ਹੀ ਜਹਾਜ਼ ਹੈ, ਹਰਿ-ਨਾਮ ਹੀ ਤੁਲਹਾ ਹੈ ਜਿਸ ਵਿਚ ਚੜ੍ਹ ਕੇ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥੯॥ ਬੇੜਾ = ਜਹਾਜ਼। ਤੁਲਹੜਾ = ਸੋਹਣਾ ਤੁਲਹਾ (ਤੁਲਹਾ = ਲੱਕੜਾਂ ਤੇ ਕਾਹੀ ਆਦਿਕ ਬੰਨ੍ਹ ਕੇ ਦਰਿਆ ਤੋਂ ਪਾਰ ਲੰਘਾਣ ਲਈ ਬਣਾਇਆ ਹੋਇਆ ਵਸੀਲਾ)। ਜਿਤੁ = ਜਿਸ ਵਿਚ। ਜਿਤੁ ਲਗਿ = ਜਿਸ ਵਿਚ ਚੜ੍ਹ ਕੇ ॥੪॥੯॥