ਮਲਾਰ ਮਹਲਾ

Malaar, First Mehl:

ਮਲਾਰ ਪਹਿਲੀ ਪਾਤਿਸ਼ਾਹੀ।

ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ

I offer prayers to my Beloved Guru, that He may unite me with my Husband Lord.

ਮੈਂ ਆਪਣੇ ਗੁਰੂ ਪ੍ਰੀਤਮ ਅੱਗੇ ਬੇਨਤੀ ਕਰਦੀ ਹਾਂ, (ਗੁਰੂ ਹੀ) ਪਤੀ-ਪ੍ਰਭੂ ਨੂੰ ਲਿਆ ਕੇ ਮਿਲਾ ਸਕਦਾ ਹੈ। ਕਰਉ = ਮੈਂ ਕਰਦਾ ਹਾਂ। ਬਿਨਉ = ਬੇਨਤੀ। ਗੁਰ ਅਪਨੇ ਪ੍ਰੀਤਮ = ਆਪਣੇ ਪ੍ਰੀਤਮ ਗੁਰੂ ਪਾਸ। ਵਰੁ = ਖਸਮ। ਆਣਿ = ਲਿਆ ਕੇ।

ਸੁਣਿ ਘਨ ਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ ॥੧॥

I hear the thunder in the clouds, and my mind is cooled and soothed; imbued with the Love of my Dear Beloved, I sing His Glorious Praises. ||1||

(ਜਿਵੇਂ ਵਰਖਾ ਰੁੱਤੇ ਬੱਦਲਾਂ ਦੀ ਗਰਜ ਸੁਣ ਕੇ ਮੋਰ ਪੈਲਾਂ ਪਾਂਦਾ ਹੈ, ਤਿਵੇਂ) ਗੁਰੂ ਦੇ ਸ਼ਬਦ-ਬੱਦਲਾਂ ਦੀ ਗਰਜ ਸੁਣ ਕੇ ਮੇਰਾ ਮਨ ਠੰਢਾ-ਠਾਰ ਹੁੰਦਾ ਹੈ (ਮਨ ਦੀ ਵਿਕਾਰਾਂ ਦੀ ਤਪਸ਼ ਬੁੱਝ ਜਾਂਦੀ ਹੈ, ਮੇਰੀ ਜਿੰਦ) ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦੀ ਸਿਫ਼ਤ-ਸਾਲਾਹ ਕਰਦੀ ਹੈ ॥੧॥ ਸੁਣਿ = ਸੁਣ ਕੇ। ਘਨਘੋਰ = ਬੱਦਲਾਂ ਦੀ ਗਰਜ। ਮੋਰਾ = ਮੇਰਾ। ਰਤੀ = ਰੰਗੀ ਹੋਈ ॥੧॥

ਬਰਸੁ ਘਨਾ ਮੇਰਾ ਮਨੁ ਭੀਨਾ

The rain pours down, and my mind is drenched with His Love.

ਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤਾ ਕਿ) ਮੇਰਾ ਮਨ ਉਸ ਵਿਚ ਭਿੱਜ ਜਾਏ। ਬਰਸੁ = ਵਰਖਾ ਕਰ। ਘਨਾ = ਹੇ ਘਟ! ਹੇ ਬੱਦਲ! ਭੀਨਾ = ਭਿੱਜ ਜਾਏ।

ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ ॥੧॥ ਰਹਾਉ

The drop of Ambrosial Nectar pleases my heart; the Guru has fascinated my mind, which is drenched in the sublime essence of the Lord. ||1||Pause||

(ਜਿਸ ਸੁਭਾਗ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣੇ ਪਿਆਰ-ਵੱਸ ਕਰ ਲਿਆ; ਉਸ ਦਾ ਮਨ ਪਰਮਾਤਮਾ ਦੇ ਰਸ ਵਿਚ ਲੀਨ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਨਾਮ-ਅੰਮ੍ਰਿਤ ਦੀ ਬੂੰਦ ਠੰਢ ਪਾਂਦੀ ਹੈ (ਸੁਖ ਦੇਂਦੀ ਹੈ) ॥੧॥ ਰਹਾਉ ॥ ਹੀਅਰੈ = ਹਿਰਦੇ ਵਿਚ। ਗੁਰਿ = ਗੁਰੂ ਨੇ। ਰਸਿ = ਰਸ ਵਿਚ ॥੧॥ ਰਹਾਉ ॥

ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ

With intuitive peace and poise, the soul-bride is loved by her Husband Lord; her mind is pleased and appeased by the Guru's Teachings.

ਜਿਸ (ਜੀਵ-ਇਸਤ੍ਰੀ) ਦਾ ਮਨ ਗੁਰੂ ਦੇ ਬਚਨਾਂ ਵਿਚ (ਗੁਰੂ ਦੀ ਬਾਣੀ ਵਿਚ) ਗਿੱਝ ਜਾਂਦਾ ਹੈ, ਖਸਮ-ਪ੍ਰਭੂ ਦੀ ਉਹ ਪਿਆਰੀ ਇਸਤ੍ਰੀ ਅਡੋਲ ਅਵਸਥਾ ਵਿਚ ਆਤਮਕ ਸੁਖ ਮਾਣਦੀ ਹੈ। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ। ਵਰ ਕਾਮਣਿ = ਖਸਮ-ਪ੍ਰਭੂ ਦੀ (ਜੀਵ-) ਇਸਤ੍ਰੀ। ਜਿਸੁ ਮਨੁ = ਜਿਸ ਦਾ ਮਨ।

ਹਰਿ ਵਰਿ ਨਾਰਿ ਭਈ ਸੋਹਾਗਣਿ ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥

She is the happy soul-bride of her Husband Lord; her mind and body are filled with joy by His Love. ||2||

ਪ੍ਰਭੂ ਨੂੰ ਆਪਣਾ ਖਸਮ ਬਣਾ ਕੇ ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਪ੍ਰਭੂ ਦਾ ਪਿਆਰ ਆਤਮਕ ਸੁਖ ਪੈਦਾ ਕਰਦਾ ਹੈ ॥੨॥ ਵਰਿ = ਵਰ ਕੇ, ਚੁਣ ਕੇ, ਪਤੀ ਬਣਾ ਕੇ। ਮਨਿ = ਮਨ ਵਿਚ। ਤਨਿ = ਤਨ ਵਿਚ। ਸੁਖਾਨਿਆ = ਸੁਖ ਲਿਆਉਂਦਾ ਹੈ ॥੨॥

ਅਵਗਣ ਤਿਆਗਿ ਭਈ ਬੈਰਾਗਨਿ ਅਸਥਿਰੁ ਵਰੁ ਸੋਹਾਗੁ ਹਰੀ

Discarding her demerits, she becomes detached; with the Lord as her Husband, her marriage is eternal.

ਉਹ ਇਸਤ੍ਰੀ ਔਗੁਣ ਤਿਆਗ ਕੇ ਪ੍ਰਭੂ-ਚਰਨਾਂ ਦੀ ਵੈਰਾਗਣ ਹੋ ਜਾਂਦੀ ਹੈ, ਸਦਾ ਕਾਇਮ ਰਹਿਣ ਵਾਲਾ ਹਰੀ ਉਸ ਦਾ ਸੋਹਾਗ ਬਣ ਜਾਂਦਾ ਹੈ, ਉਸ ਦਾ ਖਸਮ ਬਣ ਜਾਂਦਾ ਹੈ, ਤਿਆਗਿ = ਤਿਆਗ ਕੇ। ਬੈਰਾਗਨਿ = ਵੈਰਾਗ ਵਾਲੀ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ।

ਸੋਗੁ ਵਿਜੋਗੁ ਤਿਸੁ ਕਦੇ ਵਿਆਪੈ ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥

She never suffers separation or sorrow; her Lord God showers her with His Grace. ||3||

ਜਿਸ ਜੀਵ-ਇਸਤ੍ਰੀ ਉਤੇ ਹਰੀ ਪ੍ਰਭੂ ਨੇ ਆਪਣੀ ਕਿਰਪਾ (ਦੀ ਦ੍ਰਿਸ਼ਟੀ) ਕੀਤੀ। ਉਸ ਉਤੇ ਮੋਹ ਆਦਿਕ ਦੀ ਚਿੰਤਾ ਜਾਂ ਪ੍ਰਭੂ-ਚਰਨਾਂ ਤੋਂ ਵਿਛੋੜਾ ਕਦੇ ਜ਼ੋਰ ਨਹੀਂ ਪਾ ਸਕਦਾ ॥੩॥ ਸੋਗੁ = ਚਿੰਤਾ। ਵਿਜੋਗੁ = ਵਿਛੋੜਾ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ। ਪ੍ਰਭਿ = ਪ੍ਰਭੂ ਨੇ ॥੩॥

ਆਵਣ ਜਾਣੁ ਨਹੀ ਮਨੁ ਨਿਹਚਲੁ ਪੂਰੇ ਗੁਰ ਕੀ ਓਟ ਗਹੀ

Her mind is steady and stable; she does not come and go in reincarnation.

ਜਿਸ ਜੀਵ-ਇਸਤ੍ਰੀ ਨੇ ਪੂਰੇ ਗੁਰੂ ਦਾ ਪੱਲਾ ਫੜਿਆ ਹੈ, ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ (ਭਾਵ, ਵਿਕਾਰਾਂ ਵਲ ਨਹੀਂ ਡੋਲਦਾ), ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਆਵਣ ਜਾਣੁ = ਜਨਮ ਮਰਨ (ਦਾ ਗੇੜ)। ਓਟ = ਆਸਰਾ। ਗਹੀ = ਫੜੀ।

ਨਾਨਕ ਰਾਮ ਨਾਮੁ ਜਪਿ ਗੁਰਮੁਖਿ ਧਨੁ ਸੋਹਾਗਣਿ ਸਚੁ ਸਹੀ ॥੪॥੨॥

She takes the Shelter of the Perfect Guru. O Nanak, as Gurmukh, chant the Naam; you shall be accepted as the true soul-bride of the Lord. ||4||2||

ਹੇ ਨਾਨਕ! ਉਹੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਜਪ ਕੇ ਭਾਗਾਂ ਵਾਲੀ ਹੋ ਜਾਂਦੀ ਹੈ, ਉਹ ਠੀਕ ਅਰਥਾਂ ਵਿਚ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੀ ਹੈ ॥੪॥੨॥ ਧਨੁ = (धन्य) ਭਾਗਾਂ ਵਾਲੀ। ਸਹੀ = ਠੀਕ ਤਰ੍ਹਾਂ ॥੪॥੨॥