ਧਨਾਸਰੀ ਮਹਲਾ ੩ ॥
Dhanaasaree, Third Mehl:
ਧਨਾਸਰੀ ਤੀਜੀ ਪਾਤਿਸ਼ਾਹੀ।
ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥
The value and worth of the Lord's Name cannot be described.
ਹੇ ਭਾਈ! ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿਤਨੀ ਤਾਕਤ ਵਾਲਾ ਹੈ। ਨਾਵੈ ਕੀ = (ਪਰਮਾਤਮਾ ਦੇ) ਨਾਮ ਦੀ। ਮਿਤਿ = ਮਾਪ, ਮਰਯਾਦਾ।
ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥
Blessed are those humble beings, who lovingly focus their minds on the Naam, the Name of the Lord.
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਹੋਈ ਹੈ ਉਹ ਭਾਗਾਂ ਵਾਲੇ ਹਨ। ਸੇ = ਉਹ {ਬਹੁ-ਵਚਨ}। ਧੰਨੁ = ਭਾਗਾਂ ਵਾਲੇ। ਨਾਮਿ = ਨਾਮ ਵਿਚ। ਲਿਵ = ਲਗਨ।
ਗੁਰਮਤਿ ਸਾਚੀ ਸਾਚਾ ਵੀਚਾਰੁ ॥
True are the Guru's Teachings, and True is contemplative meditation.
ਜੇਹੜਾ ਮਨੁੱਖ ਕਦੇ ਉਕਾਈ ਨਾਹ ਖਾਣ ਵਾਲੀ ਗੁਰੂ ਦੀ ਮਤਿ ਗ੍ਰਹਣ ਕਰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ (ਆਪਣੇ ਅੰਦਰ) ਵਸਾਂਦਾ ਹੈ। ਸਾਚੀ = ਅਟੱਲ, ਕਦੇ ਉਕਾਈ ਨਾਹ ਖਾਣ ਵਾਲੀ। ਸਾਚਾ ਵੀਚਾਰੁ = ਸਦਾ-ਥਿਰ ਪ੍ਰਭੂ ਦੇ ਗੁਣਾਂ ਦਾ ਵਿਚਾਰ।
ਆਪੇ ਬਖਸੇ ਦੇ ਵੀਚਾਰੁ ॥੧॥
God Himself forgives, and bestows contemplative meditation. ||1||
ਪਰ ਇਹ ਵਿਚਾਰ ਪ੍ਰਭੂ ਉਸ ਨੂੰ ਹੀ ਦੇਂਦਾ ਹੈ ਜਿਸ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ ॥੧॥ ਦੇ = ਦੇਂਦਾ ਹੈ ॥੧॥
ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥
The Lord's Name is wonderful! God Himself imparts it.
ਹੇ ਭਾਈ! ਪਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ। (ਪਰ ਇਹ ਨਾਮ) ਪ੍ਰਭੂ ਆਪ ਹੀ (ਕਿਸੇ ਵਡ-ਭਾਗੀ ਨੂੰ) ਸੁਣਾਂਦਾ ਹੈ। ਅਚਰਜੁ = ਹੈਰਾਨ ਕਰਨ ਵਾਲਾ।
ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥
In the Dark Age of Kali Yuga, the Gurmukhs obtain it. ||1||Pause||
ਇਸ ਝਗੜਿਆਂ-ਭਰੇ ਜੀਵਨ-ਸਮੇ ਵਿਚ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥ ਰਹਾਉ ॥ ਕਲੀ ਕਾਲ ਵਿਚਿ = ਝਗੜਿਆਂ-ਭਰੇ ਜੀਵਨ-ਸਮੇ ਵਿਚ ॥੧॥ ਰਹਾਉ ॥
ਹਮ ਮੂਰਖ ਮੂਰਖ ਮਨ ਮਾਹਿ ॥
We are ignorant; ignorance fills our minds.
ਹੇ ਭਾਈ! (ਜੇ ਅਸੀਂ ਆਪਣੇ) ਮਨ ਵਿਚ (ਗਹੁ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ) ਅਸੀਂ ਨਿਰੋਲ ਮੂਰਖ ਹਾਂ। ਹਮ = ਅਸੀਂ ਜੀਵ। ਮਨ ਮਾਹਿ = (ਜੇ) ਮਨ ਵਿਚ (ਵਿਚਾਰ ਕਰ ਵੇਖੀਏ)।
ਹਉਮੈ ਵਿਚਿ ਸਭ ਕਾਰ ਕਮਾਹਿ ॥
We do all our deeds in ego.
ਕਿਉਂਕਿ ਅਸੀਂ ਜੀਵ (ਆਪਣਾ) ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਹਾਂ, ਕਮਾਹਿ = (ਅਸੀ) ਕਰਦੇ ਹਾਂ।
ਗੁਰ ਪਰਸਾਦੀ ਹੰਉਮੈ ਜਾਇ ॥
By Guru's Grace, egotism is eradicated.
ਇਹ ਹਉਮੈ (ਸਾਡੇ ਅੰਦਰੋਂ) ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ ਹੀ।
ਆਪੇ ਬਖਸੇ ਲਏ ਮਿਲਾਇ ॥੨॥
Forgiving us, the Lord blends us with Himself. ||2||
(ਗੁਰੂ ਭੀ ਉਸੇ ਨੂੰ) ਮਿਲਾਂਦਾ ਹੈ ਜਿਸ ਉਤੇ ਪ੍ਰਭੂ ਆਪ ਹੀ ਮੇਹਰ ਕਰਦਾ ਹੈ ॥੨॥ ਆਪੇ = (ਪ੍ਰਭੂ) ਆਪ ਹੀ ॥੨॥
ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥
Poisonous wealth gives rise to great arrogance.
(ਹੇ ਭਾਈ! ਇਹ ਦੁਨੀਆ ਵਾਲਾ) ਮਾਇਆ ਦਾ ਧਨ (ਮਨੁੱਖ ਦੇ ਮਨ ਵਿਚ) ਬੜਾ ਅਹੰਕਾਰ (ਪੈਦਾ ਕਰਦਾ ਹੈ)। ਬਿਖਿਆ = ਮਾਇਆ। ਅਭਿਮਾਨੁ = ਅਹੰਕਾਰ।
ਅਹੰਕਾਰਿ ਡੂਬੈ ਨ ਪਾਵੈ ਮਾਨੁ ॥
Drowning in egotism, no one is honored.
ਤੇ, ਜੇਹੜਾ ਮਨੁੱਖ ਅਹੰਕਾਰ ਵਿਚ ਡੁੱਬਾ ਰਹਿੰਦਾ ਹੈ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਨਹੀਂ ਪਾਂਦਾ। ਅਹੰਕਾਰਿ = ਅਹੰਕਾਰ ਵਿਚ। ਮਾਨੁ = ਆਦਰ।
ਆਪੁ ਛੋਡਿ ਸਦਾ ਸੁਖੁ ਹੋਈ ॥
Forsaking self-conceit, one finds lasting peace.
ਹੇ ਭਾਈ! ਆਪਾ-ਭਾਵ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਆਪੁ = ਆਪਾ-ਭਾਵ।
ਗੁਰਮਤਿ ਸਾਲਾਹੀ ਸਚੁ ਸੋਈ ॥੩॥
Under Guru's Instruction, he praises the True Lord. ||3||
ਹੇ ਭਾਈ! ਮੈਂ ਤਾਂ ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ ॥੩॥ ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਸਚੁ = ਸਦਾ-ਥਿਰ ਪ੍ਰਭੂ ॥੩॥
ਆਪੇ ਸਾਜੇ ਕਰਤਾ ਸੋਇ ॥
The Creator Lord Himself fashions all.
ਹੇ ਭਾਈ! ਉਹ ਕਰਤਾਰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰਦਾ ਹੈ, ਸਾਜੇ = ਪੈਦਾ ਕਰਦਾ ਹੈ।
ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥
Without Him, there is no other at all.
ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਅਵਸਥਾ ਵਾਲਾ) ਨਹੀਂ ਹੈ।
ਜਿਸੁ ਸਚਿ ਲਾਏ ਸੋਈ ਲਾਗੈ ॥
He alone is attached to Truth, whom the Lord Himself so attaches.
ਉਹ ਕਰਤਾਰ ਜਿਸ ਮਨੁੱਖ ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਦਾ ਹੈ, ਉਹੀ ਮਨੁੱਖ (ਨਾਮ-ਸਿਮਰਨ ਵਿਚ) ਲੱਗਦਾ ਹੈ। ਸਚਿ = ਸਦਾ-ਥਿਰ ਨਾਮ ਵਿਚ।
ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥
O Nanak, through the Naam, lasting peace is attained in the hereafter. ||4||8||
ਹੇ ਨਾਨਕ! ਜੇਹੜਾ ਮਨੁੱਖ ਨਾਮ ਵਿਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ (ਇਸ ਲੋਕ ਵਿਚ ਭੀ, ਤੇ) ਪਰਲੋਕ ਵਿਚ ਭੀ ॥੪॥੮॥ ਨਾਮਿ = ਨਾਮ ਵਿਚ (ਜੁੜਿਆਂ)। ਆਗੈ = ਪਰਲੋਕ ਵਿਚ (ਭੀ) ॥੪॥੮॥