ਆਸਾ ਮਹਲਾ

Aasaa, Fifth Mehl:

ਆਸਾ ਪੰਜਵੀਂ ਪਾਤਸ਼ਾਹੀ।

ਘਰ ਮਹਿ ਸੂਖ ਬਾਹਰਿ ਫੁਨਿ ਸੂਖਾ

Within my home there is peace, and outwardly there is peace as well.

(ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਵਾਲੇ ਮਨੁੱਖ ਨੂੰ ਆਪਣੇ) ਹਿਰਦੇ-ਘਰ ਵਿਚ ਆਨੰਦ ਪ੍ਰਤੀਤ ਹੁੰਦਾ ਰਹਿੰਦਾ ਹੈ, ਬਾਹਰ ਦੁਨੀਆ ਨਾਲ ਵਰਤਣ-ਵਿਹਾਰ ਕਰਦਿਆਂ ਭੀ ਉਸ ਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ, ਘਰ ਮਹਿ = ਹਿਰਦੇ-ਘਰ ਵਿਚ। ਬਾਹਰਿ ਫੁਨਿ = ਬਾਹਰ ਦੁਨੀਆ ਨਾਲ ਵਰਤਣ-ਵਿਹਾਰ ਕਰਨ ਵਿਚ ਭੀ। ਫੁਨਿ = ਭੀ।

ਹਰਿ ਸਿਮਰਤ ਸਗਲ ਬਿਨਾਸੇ ਦੂਖਾ ॥੧॥

Remembering the Lord in meditation, all pains are erased. ||1||

(ਕਿਉਂਕਿ, ਹੇ ਭਾਈ!) ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥ ਸਗਲ = ਸਾਰੇ ॥੧॥

ਸਗਲ ਸੂਖ ਜਾਂ ਤੂੰ ਚਿਤਿ ਆਂਵੈਂ

There is total peace, when You come into my mind.

ਹੇ ਪ੍ਰਭੂ! ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਸਾਰੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ। ਚਿਤਿ = ਚਿੱਤ ਵਿਚ। ਆਂਵੈਂ = ਆਵਹਿ, ਆਉਂਦਾ ਹੈਂ {ਨੋਟ: ਸਾਧਾਰਨ ਤੌਰ ਤੇ ਵਰਤਮਾਨ ਕਾਲ, ਮੱਧਮ ਪੁਰਸ਼ ਇਕ-ਵਚਨ ਵਾਸਤੇ ਕ੍ਰਿਆ ਦੇ ਨਾਲ 'ਹਿ' ਵਰਤਿਆ ਜਾਂਦਾ ਹੈ; ਜਿਵੇਂ 'ਕਰਹਿ' = ਤੂੰ ਕਰਦਾ ਹੈਂ। 'ਵੇਖਹਿ' = ਤੂੰ ਵੇਖਦਾ ਹੈਂ}।

ਸੋ ਨਾਮੁ ਜਪੈ ਜੋ ਜਨੁ ਤੁਧੁ ਭਾਵੈ ॥੧॥ ਰਹਾਉ

He alone is pleasing to Your Will, who chants the Naam. ||1||Pause||

(ਪਰ) ਉਹੀ ਮਨੁੱਖ ਤੇਰਾ ਨਾਮ ਜਪਦਾ ਹੈ ਜੇਹੜਾ ਤੈਨੂੰ ਪਿਆਰਾ ਲੱਗਦਾ ਹੈ (ਜਿਸ ਉੱਤੇ ਤੇਰੀ ਮੇਹਰ ਹੁੰਦੀ ਹੈ) ॥੧॥ ਰਹਾਉ ॥ ਤੁਧੁ ਭਾਵੈ = ਤੈਨੂੰ ਪਿਆਰਾ ਲੱਗਦਾ ਹੈ ॥੧॥ ਰਹਾਉ ॥

ਤਨੁ ਮਨੁ ਸੀਤਲੁ ਜਪਿ ਨਾਮੁ ਤੇਰਾ

My body and mind are cooled and soothed, chanting the Name of the Lord.

ਹੇ ਪ੍ਰਭੂ! ਤੇਰਾ ਨਾਮ ਜਪ ਕੇ ਮਨ ਸ਼ਾਂਤ ਹੋ ਜਾਂਦਾ ਹੈ। ਸਰੀਰ (ਭੀ, ਹਰੇਕ ਗਿਆਨ-ਇੰਦ੍ਰਾ ਭੀ) ਸ਼ਾਂਤ ਹੋ ਜਾਂਦਾ ਹੈ। ਸੀਤਲੁ = ਠੰਢਾ। ਜਪਿ = ਜਪ ਕੇ।

ਹਰਿ ਹਰਿ ਜਪਤ ਢਹੈ ਦੁਖ ਡੇਰਾ ॥੨॥

Meditating on the Lord, Har, Har, the house of pain is demolished. ||2||

ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਦੁੱਖਾਂ ਦਾ ਡੇਰਾ ਹੀ ਚੁੱਕਿਆ ਜਾਂਦਾ ਹੈ ॥੨॥ ਜਪਤ = ਜਪਦਿਆਂ। ਢਹੈ = ਡਿੱਗ ਪੈਂਦਾ ਹੈ। ਦੁਖ ਡੇਰਾ = ਦੁੱਖਾਂ ਦਾ ਡੇਰਾ ॥੨॥

ਹੁਕਮੁ ਬੂਝੈ ਸੋਈ ਪਰਵਾਨੁ

He alone, who understands the Command of the Lord's Will, is approved.

(ਹੇ ਭਾਈ! ਨਾਮ ਦੀ ਬਰਕਤਿ ਨਾਲ ਜੇਹੜਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਸਮਝ ਲੈਂਦਾ ਹੈ (ਰਜ਼ਾ ਵਿਚ ਖਿੜੇ-ਮੱਥੇ ਰਾਜ਼ੀ ਰਹਿੰਦਾ ਹੈ) ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ, ਹੁਕਮੁ = ਰਜ਼ਾ। ਸੋਈ = ਉਹੀ (ਮਨੁੱਖ)।

ਸਾਚੁ ਸਬਦੁ ਜਾ ਕਾ ਨੀਸਾਨੁ ॥੩॥

The True Shabad of the Word of God is his trademark and insignia. ||3||

ਕਿਉਂਕਿ ਉਸ ਮਨੁੱਖ ਦੇ ਪਾਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹਦਾਰੀ ਹੈ ॥੩॥ ਸਾਚੁ = ਸਦਾ ਕਾਇਮ ਰਹਿਣ ਵਾਲਾ। ਸਾਚੁ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਜਾ ਕਾ = ਜਿਸ ਦਾ, ਜਿਸ ਦੇ ਪਾਸ। ਨੀਸਾਨੁ = ਪਰਵਾਨਾ, ਰਾਹਦਾਰੀ ॥੩॥

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ

The Perfect Guru has implanted the Lord's Name within me.

(ਹੇ ਭਾਈ! ਜਦੋਂ ਤੋਂ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ, ਗੁਰਿ ਪੂਰੈ = ਪੂਰੇ ਗੁਰੂ ਨੇ।

ਭਨਤਿ ਨਾਨਕੁ ਮੇਰੈ ਮਨਿ ਸੁਖੁ ਪਾਇਆ ॥੪॥੮॥੫੯॥

Prays Nanak, my mind has found peace. ||4||8||59||

ਨਾਨਕ ਆਖਦਾ ਹੈ- (ਤਦੋਂ ਤੋਂ) ਮੇਰੇ ਮਨ ਨੇ (ਸਦਾ) ਸੁਖ ਹੀ ਅਨੁਭਵ ਕੀਤਾ ਹੈ ॥੪॥੮॥੫੯॥ ਭਨਤਿ ਨਾਨਕੁ = ਨਾਨਕ ਆਖਦਾ ਹੈ। ਮਨਿ = ਮਨ ਨੇ ॥੪॥੮॥੫੯॥