ਆਸਾ ਮਹਲਾ

Aasaa, First Mehl:

ਰਾਗ ਆਸਾ ਪਹਿਲੀ ਪਾਤਸ਼ਾਹੀ।

ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ

The clay pitcher of the body is miserable; it suffers in pain through birth and death.

(ਨਿੱਤ ਵਿਕਾਰਾਂ ਵਿਚ ਖਚਿਤ ਰਹਿਣ ਕਰਕੇ) ਇਹ ਸਰੀਰ ਦੁੱਖਾਂ ਦਾ ਘਰ ਬਣਿਆ ਪਿਆ ਹੈ (ਵਿਕਾਰਾਂ ਦੇ ਅਸਰ ਹੇਠੋਂ ਨਹੀਂ ਨਿਕਲਦਾ) ਤੇ ਕੱਚੇ ਘੜੇ ਸਮਾਨ ਹੈ (ਜੋ ਤੁਰਤ ਪਾਣੀ ਵਿਚ ਗਲ ਜਾਂਦਾ ਹੈ), ਪੈਦਾ ਹੁੰਦਾ ਹੈ, (ਸਾਰੀ ਉਮਰ) ਦੁੱਖ ਪਾਂਦਾ ਹੈ ਤੇ ਫਿਰ ਨਾਸ ਹੋ ਜਾਂਦਾ ਹੈ। ਕਾਚੀ ਗਾਗਰਿ = ਕੱਚਾ ਘੜਾ। ਦੇਹ = ਸਰੀਰ। ਦੁਹੇਲੀ = ਦੁਖਾਲੀ, ਦੁਖਾਲਯ, ਦੁੱਖਾਂ ਦਾ ਘਰ ਬਣੀ ਹੋਈ।

ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ ਬਿਨੁ ਹਰਿ ਗੁਰ ਪਾਰਿ ਪਾਈ ॥੧॥

How can this terrifying world-ocean be crossed over? Without the Lord - Guru, it cannot be crossed. ||1||

(ਇਕ ਪਾਸੇ ਤਾਂ ਕੱਚੇ ਘੜੇ ਵਰਗਾ ਇਹ ਸਰੀਰ ਹੈ, ਦੂਜੇ ਪਾਸੇ) ਇਹ ਜਗਤ ਇਕ ਐਸਾ ਸਮੁੰਦਰ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ, (ਇਸ ਵਿਕਾਰ-ਭਰੇ ਸਰੀਰ ਦਾ ਆਸਰਾ ਲੈ ਕੈ) ਇਸ ਵਿਚੋਂ ਤਰਿਆ ਨਹੀਂ ਜਾ ਸਕਦਾ, ਗੁਰੂ ਪਰਮਾਤਮਾ ਦਾ ਆਸਰਾ ਲੈਣ ਤੋਂ ਬਿਨਾ ਪਾਰ ਨਹੀਂ ਲੰਘ ਸਕੀਦਾ ॥੧॥ ਦੁਤਰੁ = ਜਿਸ ਨੂੰ ਤਰਨਾ ਔਖਾ ਹੈ ॥੧॥

ਤੁਝ ਬਿਨੁ ਅਵਰੁ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਕੋਇ ਹਰੇ

Without You, there is no other at all, O my Beloved; without you, there is no other at all.

ਹੇ ਮੇਰੇ ਪਿਆਰੇ ਹਰੀ! ਮੇਰਾ ਤੈਥੋਂ ਬਿਨਾ ਹੋਰ ਕੋਈ (ਆਸਰਾ) ਨਹੀਂ, ਤੈਥੋਂ ਬਿਨਾ ਮੇਰਾ ਕੋਈ ਨਹੀਂ। ਹਰੇ = ਹੇ ਹਰੀ!

ਸਰਬੀ ਰੰਗੀ ਰੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ ਰਹਾਉ

You are in all colors and forms; he alone is forgiven, upon whom You bestow Your Glance of Grace. ||1||Pause||

ਤੂੰ ਸਾਰੇ ਰੰਗਾਂ ਵਿਚ ਸਾਰੇ ਰੂਪਾਂ ਵਿਚ ਮੌਜੂਦ ਹੈਂ। (ਹੇ ਭਾਈ!) ਜਿਸ ਜੀਵ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਬਖ਼ਸ਼ ਲੈਂਦਾ ਹੈ ॥੧॥ ਰਹਾਉ ॥ ਰੰਗੀ ਰੂਪੀ = ਰੰਗਾਂ ਵਿਚ ਰੂਪਾਂ ਵਿਚ ॥੧॥ ਰਹਾਉ ॥

ਸਾਸੁ ਬੁਰੀ ਘਰਿ ਵਾਸੁ ਦੇਵੈ ਪਿਰ ਸਿਉ ਮਿਲਣ ਦੇਇ ਬੁਰੀ

Maya, my mother-in-law, is evil; she does not let me live in my own home. The vicious one does not let me meet with my Husband Lord.

(ਮੇਰਾ ਪ੍ਰਭੂ-ਪਤੀ ਮੇਰੇ ਹਿਰਦੇ-ਘਰ ਵਿਚ ਹੀ ਵੱਸਦਾ ਹੈ, ਪਰ) ਇਹ ਭੈੜੀ ਸੱਸ (ਮਾਇਆ) ਮੈਨੂੰ ਹਿਰਦੇ-ਘਰ ਵਿਚ ਟਿਕਣ ਹੀ ਨਹੀਂ ਦੇਂਦੀ (ਭਾਵ, ਮੇਰੇ ਮਨ ਨੂੰ ਸਦਾ ਬਾਹਰ ਮਾਇਕ ਪਦਾਰਥਾਂ ਦੇ ਪਿੱਛੇ ਭਜਾਈ ਫਿਰਦੀ ਹੈ) ਇਹ ਚੰਦਰੀ ਮੈਨੂੰ ਪਤੀ ਨਾਲ ਮਿਲਣ ਨਹੀਂ ਦੇਂਦੀ। ਸਾਸੁ = ਸੱਸ, ਮਾਇਆ {ਨੋਟ: ਲਫ਼ਜ਼ 'ਸਾਸੁ' ਸੰਸਕ੍ਰਿਤ ਦਾ ਲਫ਼ਜ਼ (श्वश्रु) ਸ੍ਵਸ਼੍ਰੂ ਹੈ। (ੁ) ਅੰਤ ਵਿਚ ਹੋਣ ਕਰਕੇ ਵੇਖਣ ਨੂੰ ਪੁਲਿੰਗ ਜਾਪਦਾ ਹੈ, ਪਰ ਹੈ ਇਸਤ੍ਰੀਲਿੰਗ}। ਘਰਿ = ਘਰ ਵਿਚ। ਬੁਰੀ = ਚੰਦਰੀ।

ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥

I serve at the feet of my companions and friends; the Lord has showered me with His Mercy, through Guru's Grace. ||2||

(ਇਸ ਚੰਦਰੀ ਤੋਂ ਬਚਣ ਲਈ) ਮੈਂ ਸਤਸੰਗੀ ਸਹੇਲੀਆਂ ਦੇ ਚਰਨਾਂ ਦੀ ਸੇਵਾ ਕਰਦੀ ਹਾਂ (ਸਤਸੰਗ ਵਿਚ ਗੁਰੂ ਮਿਲਦਾ ਹੈ), ਗੁਰੂ ਦੀ ਕਿਰਪਾ ਨਾਲ ਪਤੀ-ਪ੍ਰਭੂ ਮੇਰੇ ਤੇ ਮੇਹਰ ਦੀ ਨਜ਼ਰ ਕਰਦਾ ਹੈ ॥੨॥ ਸਖੀ ਸਾਜਨੀ = ਸਜਨੀਆਂ ਸਹੇਲੀਆਂ, ਸਤਸੰਗੀ। ਹਉ = ਮੈਂ। ਸਰੇਵਉ = ਮੈਂ ਸੇਵਾ ਕਰਦੀ ਹਾਂ ॥੨॥

ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਅਵਰੁ ਕੋਈ

Reflecting upon my self, and conquering my mind, I have seen that there is no other friend like You.

ਹੇ ਪ੍ਰਭੂ! (ਗੁਰੂ ਦੀ ਕਿਰਪਾ ਨਾਲ) ਜਦੋਂ ਮੈਂ ਆਪਣੇ ਆਪ ਨੂੰ ਸਵਾਰ ਕੇ ਆਪਣਾ ਮਨ ਮਾਰ ਕੇ ਵੇਖਿਆ ਤਾਂ (ਮੈਨੂੰ ਦਿੱਸ ਪਿਆ ਕਿ) ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ ਹੈ। ਆਪੁ = ਆਪਣੇ ਆਪ ਨੂੰ। ਮਾਰਿ = ਮਾਰ ਕੇ।

ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥

As You keep me, so do I live. You are the Giver of peace and pleasure. Whatever You do, comes to pass. ||3||

ਸਾਨੂੰ ਜੀਵਾਂ ਨੂੰ ਤੂੰ ਜਿਸ ਹਾਲਤ ਵਿਚ ਰੱਖਦਾ ਹੈਂ, ਉਸੇ ਹਾਲਤ ਵਿਚ ਹੀ ਅਸੀਂ ਰਹਿ ਸਕਦੇ ਹਾਂ। ਦੁਖ ਭੀ ਤੂੰ ਹੀ ਦੇਂਦਾ ਹੈਂ, ਸੁਖ ਭੀ ਤੂੰ ਹੀ ਦੇਂਦਾ ਹੈਂ। ਜੋ ਕੁਝ ਤੂੰ ਕਰਦਾ ਹੈਂ; ਉਹੀ ਹੁੰਦਾ ਹੈ ॥੩॥ ਕਰਹਿ = ਤੂੰ ਕਰਦਾ ਹੈਂ ॥੩॥

ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ

Hope and desire have both been dispelled; I have renounced my longing for the three qualities.

ਗੁਰੂ ਦੀ ਸਰਨ ਪਿਆਂ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ, ਤ੍ਰਿਗੁਣੀ ਮਾਇਆ ਦੀਆਂ ਆਸਾਂ ਤੋਂ ਨਿਰਲੇਪ ਰਹਿ ਸਕੀਦਾ ਹੈ। ਆਸਾ = ਉਮੀਦ। ਮਨਸਾ = ਮਨ ਦਾ ਫੁਰਨਾ, ਤਾਂਘ, ਲਾਲਸਾ।

ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥

The Gurmukh obtains the state of ecstasy, taking to the Shelter of the Saints' Congregation. ||4||

ਜਦੋਂ ਸਤਸੰਗ ਦਾ ਆਸਰਾ ਲਈਏ, ਜਦੋਂ ਗੁਰੂ ਦੇ ਦੱਸੇ ਹੋਏ ਰਾਹੇ ਤੁਰੀਏ, ਤਦੋਂ ਹੀ ਉਹ ਆਤਮਕ ਅਵਸਥਾ ਬਣਦੀ ਹੈ ਜਿਥੇ ਮਾਇਆ ਪੋਹ ਨ ਸਕੇ ॥੪॥ ਤੁਰੀਆਵਸਥਾ = ਉਹ ਆਤਮਕ ਹਾਲਤ ਜਿਥੇ ਮਾਇਆ ਪੋਹ ਨਹੀਂ ਸਕਦੀ ॥੪॥

ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ

All wisdom and meditation, all chanting and penance, come to one whose heart is filled with the Invisible, Inscrutable Lord.

ਜਿਸ ਮਨੁੱਖ ਦੇ ਹਿਰਦੇ ਵਿਚ ਅਲੱਖ ਤੇ ਅਭੇਵ ਪਰਮਾਤਮਾ ਵੱਸ ਪਏ, ਉਸ ਨੂੰ ਮਾਨੋ ਸਾਰੇ ਜਪ ਤਪ ਗਿਆਨ ਧਿਆਨ ਪ੍ਰਾਪਤ ਹੋ ਗਏ। ਗਿਆਨ = ਧਰਮ = ਚਰਚਾ। ਧਿਆਨ = ਸਮਾਧੀਆਂ। ਸਭਿ = ਸਾਰੇ। ਅਲਖ = ਜਿਸ ਦੇ ਗੁਣ ਬਿਆਨ ਨ ਹੋ ਸਕਣ। ਅਭੇਵ = ਜਿਸ ਦਾ ਭੇਦ ਨ ਪਾਇਆ ਜਾ ਸਕੇ।

ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥

O Nanak, one whose mind is imbued with the Lord's Name, finds the Guru's Teachings, and intuitively serves. ||5||22||

ਹੇ ਨਾਨਕ! ਗੁਰੂ ਦੀ ਮਤਿ ਤੇ ਤੁਰਿਆਂ ਮਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ; ਮਨ ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ਕਰਦਾ ਹੈ ॥੫॥੨੨॥ ਨਾਮਿ = ਨਾਮ ਵਿਚ। ਸੇਵਾ = ਸਿਮਰਨ। ਸਹਜ ਸੇਵਾ = ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ॥੫॥੨੨॥