ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ

I honor and obey the Saints, and punish the wicked; this is my duty as God's police officer.

ਆਪਣੇ ਇਸ ਸਰੀਰ-ਰੂਪ ਸ਼ਹਿਰ ਦੀ ਰਾਖੀ ਕਰਨ ਲਈ ਮੇਰਾ ਫ਼ਰਜ਼ ਇਹ ਹੈ ਕਿ ਮੈਂ ਭਲੇ ਗੁਣਾਂ ਨੂੰ ਜੀ-ਆਇਆਂ ਆਖਾਂ ਤੇ ਵਿਕਾਰਾਂ ਨੂੰ ਮਾਰ ਕੱਢਾਂ। ਮਾਨਉ = ਮਾਨਉਂ, ਮੈਂ ਆਦਰ ਦੇਂਦਾ ਹਾਂ, ਜੀ-ਆਇਆਂ ਆਖਦਾ ਹਾਂ। ਦੂਤ = ਵਿਕਾਰ। ਡਾਨਉ = ਮੈਂ ਡੰਨ ਦੇਂਦਾ ਹਾਂ, ਮਾਰ ਭਜਾਉਂਦਾ ਹਾਂ। ਕੁਟਵਾਰ = ਕੋਤਵਾਲ, ਸ਼ਹਿਰ ਦਾ ਰਾਖਾ, (ਸਰੀਰ-ਰੂਪ) ਸ਼ਹਿਰ ਦਾ ਰਾਖਾ। ਕੁਟਵਾਰੀ = ਸਰੀਰ-ਰੂਪ ਸ਼ਹਿਰ ਦੀ ਰਾਖੀ ਦਾ ਫ਼ਰਜ਼।

ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥੧॥

Day and night, I wash Your feet, Lord; I wave my hair as the chauree, to brush away the flies. ||1||

ਦਿਨ ਰਾਤ, ਹੇ ਪ੍ਰਭੂ! ਤੇਰੇ ਚਰਨ ਪਰਸਾਂ ਅਤੇ ਆਪਣੇ ਕੇਸਾਂ ਦਾ ਚੌਰ ਤੇਰੇ ਉੱਤੇ ਝੁਲਾਵਾਂ ॥੧॥ ਦਿਵਸ = ਦਿਨ। ਪਲੋਸਉ = ਮੈਂ ਮਲਦਾ ਹਾਂ, ਘੁੱਟਦਾ ਹਾਂ। ਕਰਿ = ਬਣਾ ਕੇ। ਫੇਰੀ = ਫੇਰੀਂ, ਮੈਂ ਫੇਰਦਾ ਹਾਂ ॥੧॥

ਹਮ ਕੂਕਰ ਤੇਰੇ ਦਰਬਾਰਿ

I am a dog at Your Court, Lord.

ਹੇ ਪ੍ਰਭੂ! ਮੈਂ ਤੇਰੇ ਦਰ ਤੇ (ਬੈਠਾ ਹੋਇਆ ਇਕ) ਕੁੱਤਾ ਹਾਂ, ਦਰਬਾਰਿ = ਦਰ ਤੇ।

ਭਉਕਹਿ ਆਗੈ ਬਦਨੁ ਪਸਾਰਿ ॥੧॥ ਰਹਾਉ

I open my snout and bark before it. ||1||Pause||

ਤੇ ਮੂੰਹ ਅਗਾਂਹ ਵਧਾ ਕੇ ਭੌਂਕ ਰਿਹਾ ਹਾਂ {ਭਾਵ, ਤੇਰੇ ਦਰ ਤੇ ਮੈਂ ਜੋ ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ, ਇਹ ਆਪਣੇ ਸਰੀਰ ਨੂੰ ਵਿਕਾਰ-ਕੁੱਤਿਆਂ ਤੋਂ ਬਚਾਉਣ ਲਈ ਹੈ, ਜਿਵੇਂ ਇਕ ਕੁੱਤਾ ਕਿਸੇ ਪਰਾਈ ਗਲੀ ਦੇ ਕੁੱਤਿਆਂ ਤੋਂ ਆਪਣੇ ਆਪ ਦੀ ਰਾਖੀ ਕਰਨ ਲਈ ਭੌਂਕਦਾ ਹੈ। ਇਹੀ ਗੱਲ ਸਤਿਗੁਰੂ ਨਾਨਕ ਦੇਵ ਜੀ ਨੇ ਆਖੀ ਹੈ: ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥੧॥ ਰਹਾਉ ॥ ਬਚਨੁ = ਮੂੰਹ। ਪਸਾਰਿ = ਖਿਲਾਰ ਕੇ, ਖੋਲ੍ਹ ਕੇ। ਹਮ = ਅਸੀ, ਮੈਂ ॥੧॥ ਰਹਾਉ ॥

ਪੂਰਬ ਜਨਮ ਹਮ ਤੁਮੑਰੇ ਸੇਵਕ ਅਬ ਤਉ ਮਿਟਿਆ ਜਾਈ

In my past life, I was Your servant; now, I cannot leave You.

ਹੇ ਪ੍ਰਭੂ! ਮੈਂ ਤਾਂ ਪਹਿਲੇ ਜਨਮਾਂ ਵਿਚ ਭੀ ਤੇਰਾ ਹੀ ਸੇਵਕ ਰਿਹਾ ਹਾਂ, ਹੁਣ ਭੀ ਤੇਰੇ ਦਰ ਤੋਂ ਹਟਿਆ ਨਹੀਂ ਜਾ ਸਕਦਾ। ਮਿਟਿਆ = ਹਟਿਆ।

ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ ॥੨॥

The celestial sound current resounds at Your Door. Your insignia is stamped upon my forehead. ||2||

ਤੇਰੇ ਦਰ ਤੇ ਰਿਹਾਂ (ਮਨੁੱਖ ਦੇ ਅੰਦਰ) ਅਡੋਲ ਅਵਸਥਾ ਦੀ ਰੌ (ਚਲ ਪੈਂਦੀ ਹੈ, ਉਹ ਰੌ) ਮੈਨੂੰ ਭੀ ਪ੍ਰਾਪਤ ਹੋ ਗਈ ਹੈ ॥੨॥ ਧੁਨਿ = ਆਵਾਜ਼, ਲਗਨ, ਰੌ। ਮਾਥੈ ਮੇਰੇ ਦਗਾਈ = ਮੇਰੇ ਮੱਥੇ ਉੱਤੇ ਦਾਗੀ ਗਈ ਹੈ, ਮੇਰੇ ਮੱਥੇ ਉਤੇ ਉੱਕਰੀ ਗਈ ਹੈ, ਮੇਰੇ ਭਾਗਾਂ ਵਿਚ ਆ ਗਈ ਹੈ, ਮੈਨੂੰ ਪ੍ਰਾਪਤ ਹੋ ਗਈ ਹੈ ॥੨॥

ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ

Those who are branded with Your brand fight bravely in battle; those without Your brand run away.

ਜਿਨ੍ਹਾਂ ਦੇ ਮੱਥੇ ਉੱਤੇ ਮਾਲਕ ਦਾ (ਇਹ ਭਗਤੀ ਦਾ) ਨਿਸ਼ਾਨ ਹੁੰਦਾ ਹੈ, ਉਹ ਰਣ-ਭੂਮੀ ਵਿਚ ਲੜ ਮਰਦੇ ਹਨ। ਜੋ ਇਸ ਨਿਸ਼ਾਨ ਤੋਂ ਸੱਖਣੇ ਹਨ ਉਹ (ਟਾਕਰਾ ਪੈਣ ਤੇ) ਭਾਂਜ ਖਾ ਜਾਂਦੇ ਹਨ। ਦਾਗੇ ਹੋਹਿ = ਜਿਨ੍ਹਾਂ ਉੱਤੇ ਨਿਸ਼ਾਨ ਹੁੰਦਾ ਹੈ। ਰਨ = ਲੜਾਈ ਦਾ ਮੈਦਾਨ। ਜੂਝਹਿ = ਲੜ ਮਰਦੇ ਹਨ।

ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥੩॥

One who becomes a Holy person, appreciates the value of devotional worship to the Lord. The Lord places him in His treasury. ||3||

(ਭਾਵ) ਜੋ ਮਨੁੱਖ ਪ੍ਰਭੂ ਦਾ ਭਗਤ ਬਣਦਾ ਹੈ, ਉਹ ਭਗਤੀ ਨਾਲ ਸਾਂਝ ਪਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਂਦਾ ਹੈ ॥੩॥ ਲਏ ਖਜਾਨੈ ਪਾਈ = ਕਬੂਲ ਕਰ ਲੈਂਦਾ ਹੈ, ਪ੍ਰਵਾਨ ਕਰ ਲੈਂਦਾ ਹੈ ॥੩॥

ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ

In the fortress is the chamber; by contemplative meditation it becomes the supreme chamber.

(ਮਨੁੱਖਾ-ਸਰੀਰ, ਮਾਨੋ, ਇਕ ਨਿੱਕਾ ਜਿਹਾ ਕੋਠਾ ਹੈ, ਇਸ) ਨਿੱਕੇ ਜਿਹੇ ਸੁਹਣੇ ਕੋਠੇ ਵਿਚ (ਦਿਮਾਗ਼ ਇਕ ਹੋਰ) ਨਿੱਕੀ ਜਿਹੀ ਕੋਠੜੀ ਹੈ, ਪਰਮਾਤਮਾ ਦੇ ਨਾਮ ਦੀ ਵਿਚਾਰ ਦੀ ਬਰਕਤਿ ਨਾਲ ਇਹ ਨਿੱਕੀ ਕੋਠੜੀ ਸੁਹਣੀ ਬਣਦੀ ਜਾਂਦੀ ਹੈ। ਪਰਮ = ਸਭ ਤੋਂ ਚੰਗੀ। ਕੋਠਰਾ = ਨਿੱਕਾ ਜਿਹਾ ਕੋਠਾ। ਬੀਚਾਰਿ = ਨਾਮ ਦੀ ਵਿਚਾਰ ਨਾਲ।

ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮੑਾਰਿ ॥੪॥

The Guru has blessed Kabeer with the commodity, saying, "Take this commodity; cherish it and keep it secure." ||4||

ਮੈਨੂੰ ਕਬੀਰ ਨੂੰ ਮੇਰੇ ਗੁਰੂ ਨੇ ਨਾਮ-ਵਸਤ ਦਿੱਤੀ (ਤੇ, ਆਖਣ ਲੱਗਾ) ਇਹ ਵਸਤ (ਇਕ ਨਿੱਕੀ ਕੋਠੜੀ ਵਿਚ) ਸਾਂਭ ਕੇ ਰੱਖ ਲੈ ॥੪॥ ਗੁਰਿ = ਗੁਰੂ ਨੇ। ਬਸਤੁ = ਨਾਮ-ਪਦਾਰਥ। ਸਮ੍ਹ੍ਹਾਰਿ = ਸਾਂਭ ਕੇ ॥੪॥

ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ

Kabeer gives it to the world, but he alone receives it, upon whose forehead such destiny is recorded.

ਮੈਂ ਕਬੀਰ ਨੇ ਇਹ ਨਾਮ-ਵਸਤ ਜਗਤ ਦੇ ਲੋਕਾਂ ਨੂੰ (ਭੀ ਵੰਡ) ਦਿੱਤੀ, ਪਰ ਕਿਸੇ ਭਾਗਾਂ ਵਾਲੇ ਨੇ ਹਾਸਲ ਕੀਤੀ। ਦੀਈ = ਦਿੱਤੀ ਹੈ। ਮਸਤਕਿ = ਮੱਥੇ ਉੱਤੇ।

ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥੫॥੪॥

Permanent is the marriage, of one who receives this ambrosial essence. ||5||4||

ਜਿਸ ਕਿਸੇ ਨੇ ਇਹ ਨਾਮ-ਅੰਮ੍ਰਿਤ ਦਾ ਸੁਆਦ ਚੱਖਿਆ ਹੈ, ਉਹ ਸਦਾ ਵਾਸਤੇ ਭਾਗਾਂ ਵਾਲਾ ਬਣ ਗਿਆ ਹੈ ॥੫॥੪॥ ਜਿਨਿ = ਜਿਸ (ਮਨੁੱਖ) ਨੇ। ਥਿਰੁ = ਸਦਾ ਟਿਕੇ ਰਹਿਣ ਵਾਲਾ। ਸੋਹਾਗੁ = {Skt. सौभाग्य = good luck} ਚੰਗੀ ਕਿਸਮਤ ॥੫॥੪॥