ਤੀਰਥੁ ਤਪੁ ਦਇਆ ਦਤੁ ਦਾਨੁ ॥
Pilgrimages, austere discipline, compassion and charity
ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ (ਇਹਨਾਂ ਕਰਮਾਂ ਦੇ ਵੱਟੇ); ਦਤੁ = ਦਿੱਤਾ ਹੋਇਆ।
ਜੇ ਕੋ ਪਾਵੈ ਤਿਲ ਕਾ ਮਾਨੁ ॥
these, by themselves, bring only an iota of merit.
ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ। ਜੇ ਕੋ ਪਾਵੈ = ਜੇ ਕੋਈ ਮਨੁੱਖ ਪ੍ਰਾਪਤ ਕਰੇ, ਜੇ ਕਿਸੇ ਮਨੁੱਖ ਨੂੰ ਮਿਲ ਭੀ ਜਾਏ, ਤਾਂ। ਤਿਲ ਕਾ = ਤਿਲ ਮਾਤਰ, ਰਤਾ-ਮਾਤਰ। ਮਾਨੁ = ਆਦਰ, ਵਡਿਆਈ।
ਸੁਣਿਆ ਮੰਨਿਆ ਮਨਿ ਕੀਤਾ ਭਾਉ ॥
Listening and believing with love and humility in your mind,
(ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ. (ਅਤੇ ਜਿਸ ਨੇ ਆਪਣੇ ਮਨ) ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ, ਸੁਣਿਆ = (ਜਿਸ ਮਨੁੱਖ ਨੇ) ਅਕਾਲ ਪੁਰਖ ਦਾ ਨਾਮ ਸੁਣ ਲਿਆ ਹੈ।। ਮੰਨਿਆ = (ਜਿਸ ਦਾ ਮਨ ਉਸ ਨਾਮ ਨੂੰ ਸੁਣ ਕੇ) ਮੰਨ ਗਿਆ ਹੈ, ਪਤੀਜ ਗਿਆ ਹੈ। ਮਨਿ = ਮਨ ਵਿਚ। ਭਾਉ ਕੀਤਾ = (ਜਿਸ ਨੇ) ਪ੍ਰੇਮ ਕੀਤਾ ਹੈ।
ਅੰਤਰਗਤਿ ਤੀਰਥਿ ਮਲਿ ਨਾਉ ॥
cleanse yourself with the Name, at the sacred shrine deep within.
ਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ)। ਅੰਤਰਗਤਿ = ਅੰਦਰਲਾ। ਤੀਰਥਿ = ਤੀਰਥ ਉੱਤੇ। ਅੰਤਰਗਤਿ ਤੀਰਥਿ = ਅੰਦਰਲੇ ਤੀਰਥ ਉੱਤੇ। ਮਲਿ = ਮਲ ਮਲ ਕੇ, ਚੰਗੀ ਤਰ੍ਹਾਂ। ਨਾਉ = ਇਸ਼ਨਾਨ (ਕੀਤਾ ਹੈ)।
ਸਭਿ ਗੁਣ ਤੇਰੇ ਮੈ ਨਾਹੀ ਕੋਇ ॥
All virtues are Yours, Lord, I have none at all.
ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ), ਇਹ ਸਭ ਤੇਰੀਆਂ ਹੀ ਵਡਿਆਈਆਂ ਹਨ। ਸਭਿ = ਸਾਰੇ। ਮੈ ਨਾਹੀ ਕੋਇ = ਮੈਂ ਕੋਈ ਨਹੀਂ ਹਾਂ, ਮੇਰੀ ਕੋਈ ਪਾਂਇਆਂ ਨਹੀਂ ਹੈ।
ਵਿਣੁ ਗੁਣ ਕੀਤੇ ਭਗਤਿ ਨ ਹੋਇ ॥
Without virtue, there is no devotional worship.
(ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ। ਵਿਣੁ ਗੁਣੁ ਕੀਤੇ = ਗੁਣ ਪੈਦਾ ਕਰਨ ਤੋਂ ਬਿਨਾ, ਜੇ ਤੂੰ ਗੁਣ ਪੈਦਾ ਨਾਹ ਕਰੇਂ, ਜੇ ਤੂੰ ਆਪਣੇ ਗੁਣ ਮੇਰੇ ਵਿਚ ਉਤਪੰਨ ਨਾਹ ਕਰੇਂ। ਨ ਹੋਇ = ਨਹੀਂ ਹੋ ਸਕਦੀ।
ਸੁਅਸਤਿ ਆਥਿ ਬਾਣੀ ਬਰਮਾਉ ॥
I bow to the Lord of the World, to His Word, to Brahma the Creator.
(ਹੇ ਨਿਰੰਕਾਰ!) ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ (ਭਾਵ, ਇਸ ਸ੍ਰਿਸ਼ਟੀ ਨੂੰ ਬਣਾਨ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ, ਜੋ ਲੋਕਾਂ ਨੇ ਮੰਨ ਰੱਖੇ ਹਨ।) ਸੁਅਸਤਿ = ਜੈ ਹੋਵੇ ਤੇਰੀ, ਤੂੰ ਸਦਾ ਅਟੱਲ ਰਹੇਂ (ਭਾਵ, ਮੈਂ ਤੇਰਾ ਹੀ ਆਸਰਾ ਲੈਂਦਾ ਹਾਂ)। ਬਰਮਾਉ = ਬ੍ਰਹਮਾ।
ਸਤਿ ਸੁਹਾਣੁ ਸਦਾ ਮਨਿ ਚਾਉ ॥
He is Beautiful, True and Eternally Joyful.
ਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ ਹੈ, (ਤੂੰ ਹੀ ਜਗਤ ਰਚਣ ਵਾਲਾ ਹੈਂ, ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ)। ਸਤਿ = ਸਦਾ-ਥਿਰ। ਸੁਹਾਣੁ = ਸੁਬਹਾਨ, ਸੋਹਣਾ। ਮਨਿ ਚਾਉ = ਮਨ ਵਿਚ ਖਿੜਾਉ।
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥
What was that time, and what was that moment? What was that day, and what was that date?
ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ, ਵੇਲਾ = ਸਮਾ। ਵਖਤੁ = ਸਮਾ, ਵਕਤ। ਥਿਤਿ ਵਾਰੁ = ਚੰਦ੍ਰਮਾ ਦੀ ਚਾਲ ਤੋਂ ਥਿਤਾਂ ਗਿਣੀਆਂ ਜਾਂਦੀਆਂ ਹਨ, ਜਿਵੇਂ:ਏਕਮ, ਦੂਜ, ਤੀਜ ਆਦਿਕ ਅਤੇ ਸੂਰਜ ਤੋਂ ਦਿਨ ਰਾਤ ਤੇ ਵਾਰ, ਸੋਮ, ਮੰਗਲ ਆਦਿਕ।
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
What was that season, and what was that month, when the Universe was created?
ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ? ਕਵਣਿ ਸਿ ਰੁਤੀ = ਕਿਹੜੀਆਂ ਉਹ ਰੁਤਾਂ ਸਨ। ਮਾਹੁ = ਮਹੀਨਾ। ਕਵਣੁ = ਕਿਹੜਾ। ਜਿਤੁ = ਜਿਸ ਵਿਚ, ਜਿਸ ਵੇਲੇ। ਹੋਆ = ਹੋਂਦ ਵਿਚ ਆਇਆ, ਪੈਦਾ ਹੋਇਆ, ਬਣਿਆ। ਆਕਾਰੁ = ਇਹ ਦਿੱਸਣ ਵਾਲਾ ਸੰਸਾਰ। ❀ ਨੋਟ: ਸ਼ਬਦ 'ਵਾਰ' ਦੋ ਰੂਪਾਂ ਵਿਚ ਵਰਤਿਆ ਗਿਆ ਹੈ, 'ਵਾਰ' ਅਤੇ 'ਵਾਰੁ'। 'ਵਾਰ' ਇਸ੍ਰਤੀ = ਲਿੰਗ ਹੈ, ਜਿਸ ਦਾ ਅਰਥ ਹੈ 'ਵਾਰੀ'। 'ਵਾਰੁ' ਪੁਲਿੰਗ ਹੈ, ਇਸ ਦਾ ਅਰਥ ਹੈ 'ਦਿਨ'। ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ: (੧) ਸੋਚੈ ਸੋਚਿ ਨ ਹੋਵਈ, ਜੇ ਸੋਚੀ ਲਖ ਵਾਰ।੧। (੨) ਵਾਰਿਆ ਨ ਜਾਵਾ ਏਕ ਵਾਰ।੧੬। (੩) ਜੋ ਕਿਛੁ ਪਾਇਆ ਸੁ ਏਕਾ ਵਾਰ।੩੧। (੪) ਕਵਣੁ ਸੁ ਵੇਲਾ, ਵਖਤੁ ਕਵਣੁ ਥਿਤਿ, ਕਵਣੁ ਵਾਰੁ।੨੧। (੫) ਰਾਤੀ ਰੁਤੀ ਥਿਤੀ ਵਾਰ।੩੪। ਪ੍ਰਮਾਣ ਨੰ: ੧, ੨ ਅਤੇ ੩ ਵਿਚ 'ਵਾਰ' ਇਸਤ੍ਰੀ-ਲਿੰਗ ਹੈ। ਨੰ: ੪ ਵਿਚ 'ਵਾਰੁ' ਪੁਲਿੰਗ ਇਕ ਵਚਨ ਹੈ ਅਤੇ ਨੰ: ੫ ਵਿਚ 'ਵਾਰ' ਪੁਲਿੰਗਬਹੁ-ਵਚਨ ਹੈ। ਜਦੋਂ ਇਹ ਲਫ਼ਜ਼ (ਿ) ਨਾਲ ਆਉਂਦਾ ਹੈ, ਤਦੋਂ 'ਕ੍ਰਿਆ' ਹੁੰਦਾ ਹੈ ਜਿਵੇਂ: (੧) ਵਾਰਿ ਵਾਰਉ ਅਨਿਕ ਡਾਰਿਉ, ਸੁਖ ਪ੍ਰਿਅ ਸੁਹਾਗ ਪਲਕ ਰਾਤਿ।੧। ਰਹਾਉ।੩।੪੨। (ਕਾਨੜਾ ਮ: ੫)। ਇੱਥੇ 'ਵਾਰਿ' ਦਾ ਅਰਥ ਹੈ 'ਸਦਕੇ ਕਰਨਾ'।
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥
The Pandits, the religious scholars, cannot find that time, even if it is written in the Puraanas.
(ਕਦੋਂ ਇਹ ਸੰਸਾਰ ਬਣਿਆ?) ਉਸ ਸਮੇਂ ਦਾ ਪੰਡਤਾਂ ਨੂੰ ਭੀ ਪਤਾ ਨਾਹ ਲੱਗਾ। ਜੇ ਪਤਾ ਹੁੰਦਾ ਤਾਂ (ਇਸ ਮਜ਼ਮੂਨ ਉੱਤੇ ਭੀ) ਇਕ ਪੁਰਾਣ ਲਿਖਿਆ ਹੁੰਦਾ। ਵੇਲ = ਸਮਾ, ਵੇਲਾ। ਪਾਇਆ = ਪਾਈ, ਲੱਭੀ। ਵੇਲ ਨ ਪਾਈਆ = ਸਮਾ ਨਾਹ ਲੱਭਾ। (ਨੋਟ: 'ਵੇਲਾ' ਪੁਲਿੰਗ ਹੈ ਤੇ 'ਵੇਲ' ਇਸਤ੍ਰੀ-ਲਿੰਗ ਹੈ)। ਪੰਡਤੀ = ਪੰਡਤਾਂ ਨੇ। ਜਿ = ਨਹੀਂ ਤਾਂ। ਹੋਵੈ = ਹੁੰਦਾ, ਬਣਿਆ ਹੁੰਦਾ। ਲੇਖੁ = ਮਜ਼ਮੂਨ। ਲੇਖੁ ਪੁਰਾਣੁ = ਪੁਰਾਣ-ਰੂਪ ਲੇਖ, ਇਸ ਲੇਖ ਵਾਲਾ ਪੁਰਾਣ (ਭਾਵ, ਜਿਵੇਂ ਹੋਰ ਕਈ ਪੁਰਾਣ ਬਣੇ ਹਨ, ਇਸ ਮਜ਼ਮੂਨ ਦਾ ਭੀ ਇਕ ਪੁਰਾਣ ਬਣਿਆ ਹੁੰਦਾ)।
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
That time is not known to the Qazis, who study the Koran.
ਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਾਹ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਹਨਾਂ (ਆਇਤਾਂ ਇਕੱਠੀਆਂ ਕਰ ਕੇ) ਕੁਰਾਨ (ਲਿਖਿਆ ਸੀ)। ਵਖਤੁ = ਸਮਾ, ਜਦੋਂ ਜਗਤ ਬਣਿਆ। ਨ ਪਾਇਓ = ਨਾਹ ਲੱਭਾ। ਕਾਦੀਆ = ਕਾਜ਼ੀਆਂ ਨੇ। ਅਰਬੀ ਦੇ ਅੱਖਰ ਜ਼ੁਆਦ, ਜ਼ੁਇ ਅਤੇ ਜ਼ੇ ਦਾ ਉੱਚਾਰਨ ਅੱਖਰ 'ਦ' ਨਾਲ ਹੁੰਦਾ ਹੈ। ਲਫ਼ਜ਼ 'ਕਾਗਜ਼' ਦਾ 'ਕਾਗਦ', 'ਨਜ਼ਰ' ਦਾ 'ਨਦਰਿ' 'ਹਜ਼ੂਰ' ਦਾ 'ਹਦੂਰਿ' ਉਚਾਰਨ ਹੈ। ਇਸ ਤਰ੍ਹਾਂ 'ਕਾਜ਼ੀ' ਦਾ 'ਕਾਦੀ' ਉਚਾਰਨ ਭੀ ਹੈ। ਜਿ = ਨਹੀ ਤਾਂ। ਲਿਖਨਿ = (ਕਾਜ਼ੀ) ਲਿਖ ਦੇਂਦੇ। ਲੇਖੁ ਕੁਰਾਣੁ = ਕੁਰਾਨ ਵਰਗਾ ਲੇਖ (ਭਾਵ, ਜਿਵੇਂ ਕਾਜ਼ੀਆਂ ਨੇ ਮੁਹੰਮਦ ਸਾਹਿਬ ਦੀਆਂ ਉਚਾਰੀਆਂ ਆਇਤਾਂ ਇਕੱਠੀਆਂ ਕਰ ਕੇ ਕੁਰਾਨ ਲਿਖ ਦਿੱਤਾ ਸੀ, ਤਿਵੇਂ ਉਹ ਜਗਤ ਦੇ ਬਣਨ ਦੇ ਸਮੇ ਦਾ ਮਜ਼ਮੂਨ ਭੀ ਲਿਖ ਦੇਂਦੇ)। ❀ ਨੋਟ: ਇਸ ਪਉੜੀ ਵਿਚ ਵਰਤੇ ਲਫ਼ਜ਼ 'ਵਖਤੁ', 'ਪਾਇਓ' ਅਤੇ 'ਕਾਦੀਆ' ਦੇ ਅਰਥਾਂ ਨੂੰ ਮੋੜ-ਤੋੜ ਕੇ ਕਾਦੀਆਨੀ ਮੁਸਲਮਾਨਾਂ ਵਲੋਂ ਅੰਵਾਣ ਸਿੱਖਾਂ ਨੂੰ ਟਪਲੇ ਲਾਏ ਜਾ ਰਹੇ ਹਨ ਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਪੇਸ਼ੀਨ-ਗੋਈ ਕਰ ਕੇ ਸਿੱਖਾਂ ਨੂੰ ਹਿਦਾਇਤ ਕੀਤੀ ਹੋਈ ਹੈ ਕਿ ਨਗਰ ਕਾਦੀਆਂ ਵਿਚ ਪਰਗਟ ਹੋਣ ਵਾਲੇ ਪੈਗ਼ੰਬਰ ਨੂੰ ਤੁਸਾਂ ਵਖਤ (ਮੁਸੀਬਤ) ਨਾਹ ਪਾਣਾ। ਅਸਾਂ ਇੱਥੇ ਕਿਸੇ ਬਹਿਸ ਵਿਚ ਨਹੀਂ ਪੈਣਾ ਤੇ ਕਿਸੇ ਨੂੰ ਟਪਲੇ ਭੀ ਨਹੀਂ ਲਾਣੇ। ਲਫ਼ਜਾਂ ਦੀ ਬਨਾਵਟ ਤੇ ਅਰਥਾਂ ਵਲ ਹੀ ਧਿਆਨ ਦਿਵਾਣਾ ਹੈ। ਲਫ਼ਜ਼ 'ਕਾਦੀਆਂ' ਪਦ-ਅਰਥ ਵਿਚ ਸਮਝਾਇਆ ਜਾ ਚੁੱਕਾ ਹੈ। ਲਫ਼ਜ਼ 'ਵਖਤੁ' ਅਰਬੀ ਦਾ ਲਫ਼ਜ਼ 'ਵਕਤ' ਹੈ। ਹਿੰਦੂਆਂ ਦਾ ਜ਼ਿਕਰ ਕਰਦਿਆਂ ਹੇਂਦਕਾ ਲਫ਼ਜ਼ 'ਵੇਲਾ' ਵਰਤਿਆ ਹੈ। ਮੁਸਲਮਾਨਾਂ ਦੇ ਜ਼ਿਕਰ ਵਿਚ ਮੁਸਲਮਾਣੀ ਲਫ਼ਜ਼
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
The day and the date are not known to the Yogis, nor is the month or the season.
(ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
The Creator who created this creation-only He Himself knows.
ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ)। ਜਾ ਕਰਤਾ = ਜਿਹੜਾ ਕਰਤਾਰ। ਸਿਰਠੀ ਕਉ = ਜਗਤ ਨੂੰ। ਸਾਜੇ = ਪੈਦਾ ਕਰਦਾ ਹੈ, ਬਣਾਉਂਦਾ ਹੈ। ਆਪੇ ਸੋਈ = ਉਹ ਆਪ ਹੀ।
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥
How can we speak of Him? How can we praise Him? How can we describe Him? How can we know Him?
ਮੈਂ ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ? ਕਿਵ ਕਰਿ = ਕਿਉਂ ਕਰਿ, ਕਿਸ ਤਰ੍ਹਾਂ। ਆਖਾ = ਮੈਂ ਆਖਾਂ, ਮੈਂ ਬਿਆਨ ਕਰਾਂ, ਮੈ ਕਹਿ ਸਕਾਂ। ਸਾਲਾਹੀ = ਮੈਂ ਸਾਲਾਹਾਂ, ਮੈਂ ਅਕਾਲ ਪੁਰਖ ਦੀ ਵਡਿਆਈ ਕਰਾਂ। ਕਿਉ = ਕਿਉਂ ਕਰਿ, ਕਿਸ ਤਰ੍ਹਾਂ। ਵਰਨੀ = ਮੈਂ ਵਰਣਨ ਕਰਾਂ,
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥
O Nanak, everyone speaks of Him, each one wiser than the rest.
ਹੇ ਨਾਨਕ! ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ (ਅਕਾਲ ਪੁਰਖ ਦੀ ਵਡਿਆਈ) ਦੱਸਣ ਦਾ ਜਤਨ ਕਰਦਾ ਹੈ, (ਪਰ ਦੱਸ ਨਹੀਂ ਸਕਦਾ)। ਸਭੁ ਕੋ = ਹਰੇਕ ਜੀਵ। ਆਖਣਿ ਆਖੈ = ਆਖਣ ਨੂੰ ਤਾਂ ਆਖਦਾ ਹੈ, ਆਖਣ ਦਾ ਜਤਨ ਕਰਦਾ ਹੈ। ਇਕ ਦੂ ਇਕੁ ਸਿਆਣਾ = ਇਕ ਦੂਜੇ ਤੋਂ ਸਿਆਣਾ ਬਣ ਬਣ ਕੇ, ਇਕ ਜਣਾ ਆਪਣੇ ਆਪ ਨੂੰ ਦੂਜੇ ਤੋਂ ਸਿਆਣਾ ਸਮਝ ਕੇ। ਦੂ = ਤੋਂ।
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥
Great is the Master, Great is His Name. Whatever happens is according to His Will.
ਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ। ਸਾਹਿਬੁ = ਮਾਲਕ, ਅਕਾਲ ਪੁਰਖ। ਨਾਈ = ਵਡਿਆਈ। ਜਾ ਕਾ = ਜਿਸ (ਅਕਾਲ ਪੁਰਖ) ਦਾ। ਕੀਤਾ ਜਾ ਕਾ ਹੋਵੈ = ਜਿਸ ਹਰੀ ਦਾ ਸਭ ਕੁਝ ਕੀਤਾ ਹੁੰਦਾ ਹੈ।
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥
O Nanak, one who claims to know everything shall not be decorated in the world hereafter. ||21||
ਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ) ਜਤਨ ਕਰੇ, ਉਹ ਅਕਾਲ ਪੁਰਖ ਦੇ ਦਰ 'ਤੇ ਜਾ ਕੇ ਆਦਰ ਨਹੀਂ ਪਾਂਦਾ ॥੨੧॥ ਜੇ ਕੋ = ਜੇ ਕੋਈ ਮਨੁੱਖ। ਆਪੌ = ਆਪਹੁ, ਆਪਣੇ ਆਪ ਤੋਂ, ਆਪਣੀ ਅਕਲ ਦੇ ਬਲ ਤੋਂ। ਨ ਸੋਹੈ = ਸੋਭਦਾ ਨਹੀਂ, ਆਦਰ ਨਹੀਂ ਪਾਂਦਾ। ਅਗੈ ਗਇਆ = ਅਕਾਲ ਪੁਰਖ ਦੇ ਦਰ 'ਤੇ ਜਾ ਕੇ ॥੨੧॥