ਸਲੋਕ ਮਃ ੩ ॥
Salok, Third Mehl:
ਸਲੋਕ ਤੀਜੀ ਪਾਤਸ਼ਾਹੀ।
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥
Burn the pen, and burn the ink; burn the paper as well.
ਸੜ ਜਾਏ ਉਹ ਕਲਮ; ਸਮੇਤ ਦਵਾਤ ਦੇ, ਤੇ ਉਹ ਕਾਗਤ ਭੀ ਸੜ ਜਾਏ, ਪੂਰਬਿ ਲਿਖਿਆ = ਪਹਿਲਾਂ ਤੋਂ ਕਮਾਇਆ ਹੋਇਆ। ਜਲਉ = ਸੜ ਜਾਏ। ਸਣੁ = ਸਮੇਤ। ਜਲਿ ਬਲਉ = ਸੜ ਬਲ ਲਾਏ।
ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥
Burn the writer who writes in the love of duality.
ਲਿਖਣ ਵਾਲਾ ਭੀ ਸੜ ਮਰੇ, ਜਿਸ ਨੇ (ਨਿਰਾ) ਮਾਇਆ ਦੇ ਪਿਆਰ ਦਾ ਲੇਖਾ ਲਿਖਿਆ ਹੈ, ਜਿਨਿ = ਜਿਸ ਨੇ। ਭਾਉ = ਪਿਆਰ। ਦੂਜਾ ਭਾਉ = ਪ੍ਰਭੂ ਨੂੰ ਛੱਡ ਕੇ ਦੂਜੇ ਦਾ ਪਿਆਰ, ਮਾਇਆ ਦਾ ਪਿਆਰ।
ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੧॥
O Nanak, people do what is pre-ordained; they cannot do anything else. ||1||
(ਕਿਉਂਕਿ) ਹੇ ਨਾਨਕ! (ਜੀਵ) ਉਹੀ ਕੁਝ ਕਮਾਂਦਾ ਹੈ, ਜੋ (ਸੰਸਕਾਰ ਆਪਣੇ ਚੰਗੇ ਮੰਦੇ ਕੀਤੇ ਕੰਮਾਂ ਅਨੁਸਾਰ) ਪਹਿਲਾਂ ਤੋਂ (ਆਪਣੇ ਹਿਰਦੇ ਉਤੇ) ਲਿਖੀ ਜਾਂਦਾ ਹੈ, (ਜੀਵ) ਇਸ ਦੇ ਉਲਟ ਕੁਝ ਨਹੀਂ ਕਰ ਸਕਦਾ ॥੧॥ 'ਪੂਰਬਿ ਲਿਖਿਆ' ਬਾਰੇ ਨੋਟ: ਮਨੁੱਖ ਜੋ ਜੋ ਕਰਮ ਕਰਦਾ ਹੈ, ਉਸ ਦੇ ਦੋ ਸਿੱਟੇ ਨਿਕਲਦੇ ਹਨ: ਇਕ ਜ਼ਾਹਰਾ ਦਿੱਸਣ ਵਾਲਾ, ਮਾਇਕ ਲਾਭ ਜਾਂ ਹਾਨੀ; ਤੇ ਦੂਜਾ, ਉਸ ਕਰਮ ਦਾ ਅਸਰ ਜੋ ਮਨ ਤੇ ਪੈਂਦਾ ਹੈ, ਜਿਸ ਵਾਸਤੇ 'ਸੰਸਕਾਰ' ਲਫ਼ਜ਼ ਵਰਤਿਆ ਜਾ ਸਕਦਾ ਹੈ। ਚੰਗੇ ਕਰਮ ਦਾ ਚੰਗਾ ਸੰਸਕਾਰ ਤੇ ਮੰਦੇ ਦਾ ਮੰਦਾ। ਕਿਸੇ ਕਰਮ ਦਾ ਚੰਗਾ ਜਾਂ ਮੰਦਾ ਹੋਣਾ ਭੀ ਕਰਮ ਦੀ ਬਾਹਰਲੀ ਦਿੱਸਦੀ ਵਿਧੀ ਜਾਂ ਤਰੀਕੇ ਤੋਂ ਨਹੀਂ ਜਾਚਿਆ ਜਾ ਸਕਦਾ। ਇਹ ਭੀ ਮਨ ਦੀ ਭਾਵਨਾ ਦੇ ਅਧੀਨ ਹੈ। ਸੋ ਮਨੁੱਖ ਦਾ ਮਨ ਕੀਹ ਹੈ? ਉਸ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਮਨੁੱਖ ਸਦਾ ਇਹਨਾਂ ਸੰਸਕਾਰਾਂ ਦੇ ਅਧੀਨ ਰਹਿੰਦਾ ਹੈ। ਜੇ ਇਹ ਸੰਸਕਾਰ ਚੰਗੇ ਹੋਣ, ਤਾਂ ਮਨ ਭਲੇ ਪਾਸੇ ਲੈ ਜਾਂਦਾ ਹੈ, ਜੇ ਮੰਦੇ ਹੋਣ ਤਾਂ ਮਾੜੇ ਪਾਸੇ। ਇਸੇ ਨੂੰ ਹੀ "ਪੂਰਬਿ ਲਿਖਿਆ" ਆਖਿਆ ਗਿਆ ਹੈ। ਇਹ 'ਪੂਰਬਿ ਲਿਖੇ' ਸੰਸਕਾਰ ਮਨੁੱਖ ਦੇ ਆਪਣੇ ਜਤਨ ਨਾਲ ਨਹੀਂ ਮਿੱਟ ਸਕਦੇ, ਕਿਉਂਕਿ 'ਆਪਣਾ ਜਤਨ' ਮਨੁੱਖ ਸਦਾ ਆਪਣੇ ਮਨ ਦੀ ਰਾਹੀਂ ਕਰ ਸਕਦਾ ਹੈ, ਤੇ ਮਨ ਸਦਾ ਉਧਰ ਪ੍ਰੇਰਦਾ ਹੈ ਜਿਧਰ ਦੇ ਇਸ ਵਿਚ ਸੰਸਕਾਰ ਹਨ। ਇੱਕੋ ਹੀ ਤਰੀਕਾ ਹੈ ਇਹਨਾਂ ਨੂੰ ਮੇਟਣ ਦਾ, ਭਾਵ, ਮਨ ਦੇ ਸੰਸਕਾਰਾਂ ਨੂੰ ਸਤਿਗੁਰੂ ਦੀ ਰਜ਼ਾ ਵਿਚ ਲੀਨ ਕਰ ਦੇਣਾ ॥੧॥