ਚੌਪਈ ॥
ਚੌਪਈ:
ਖੈਰੀ ਨਾਮ ਬਲੋਚਨਿ ਰਹੈ ॥
ਖੈਰੀ ਨਾਂ ਦੀ ਇਕ ਬਲੋਚਣ ਰਹਿੰਦੀ ਸੀ।
ਦੁਤਿਯ ਸਵਤਿ ਸੰਮੀ ਜਗ ਕਹੈ ॥
ਉਸ ਦੀ ਦੂਜੀ ਸੌਂਕਣ ਨੂੰ ਲੋਕੀਂ ਸੰਮੀ ਕਹਿੰਦੇ ਸਨ।
ਫਤਹ ਖਾਨ ਤਾ ਕੋ ਪਤਿ ਭਾਰੋ ॥
ਉਸ ਦਾ ਪਤੀ ਫ਼ਤਹ ਖ਼ਾਨ ਬਹੁਤ ਮਹਾਨ ਸੀ।
ਤਿਹੂੰ ਭਵਨ ਭੀਤਰ ਉਜਿਯਾਰੋ ॥੧॥
ਉਹ ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ ॥੧॥
ਰੋਸ ਕਿਯੋ ਤਾ ਪੈ ਹਜਰਤਿ ਅਤਿ ॥
ਉਸ ਉਤੇ ਬਾਦਸ਼ਾਹ ਨੇ ਬਹੁਤ ਗੁੱਸਾ ਕੀਤਾ।
ਮੁਹਿੰਮ ਸੈਦ ਖਾ ਕਰੀ ਬਿਕਟ ਮਤਿ ॥
ਕਠੋਰ ਮਤ ਵਾਲੇ ਸੈਦ ਖ਼ਾਨ ਨੂੰ (ਉਸ ਨੂੰ ਪਕੜਨ ਲਈ) ਮੁਹਿੰਮ ਉਤੇ ਚੜ੍ਹਾ ਦਿੱਤਾ।
ਤਾਹਿ ਮਿਲਾਇ ਬਹੁਰਿ ਗਹਿ ਲੀਨੋ ॥
ਉਸ ਨੂੰ ਮਿਲ ਕੇ ਫਿਰ ਪਕੜ ਲਿਆ
ਮੁਲਤਾਨ ਓਰ ਪਯਾਨੋ ਕੀਨੋ ॥੨॥
ਅਤੇ ਮੁਲਤਾਨ ਵਲ ਚਲ ਪਿਆ ॥੨॥
ਬੰਧ੍ਰਯੋ ਰਾਵ ਬਾਲਨ ਸੁਨਿ ਪਾਯੋ ॥
ਰਾਜਾ ਪਕੜ ਲਿਆ ਗਿਆ ਹੈ, (ਇਹ ਗੱਲ) ਇਸਤਰੀਆਂ ਨੇ ਸੁਣ ਲਈ।
ਸਕਲ ਪੁਰਖ ਕੋ ਭੇਖ ਬਨਾਯੋ ॥
(ਉਨ੍ਹਾਂ ਨੇ) ਸਾਰਾ ਮਰਦਾਵਾਂ ਭੇਸ ਬਣਾ ਲਿਆ।
ਬਾਲੋਚੀ ਸੈਨਾ ਸਭ ਜੋਰੀ ॥
ਸਾਰੀ ਬਲੋਚੀ ਸੈਨਾ ਨੂੰ ਇਕੱਠਾ ਕਰ ਲਿਆ
ਭਾਤਿ ਭਾਤਿ ਅਰਿ ਪ੍ਰਤਿਨਾ ਤੋਰੀ ॥੩॥
ਅਤੇ ਭਾਂਤ ਭਾਂਤ ਨਾਲ ਵੈਰੀ ਦੀ ਸੈਨਾ ਨੂੰ ਤੋੜ ਦਿੱਤਾ ॥੩॥