ਬਿਹਾਗੜਾ ਮਹਲਾ ੫ ਛੰਤ ॥
Bihaagraa, Fifth Mehl, Chhant:
ਬਿਹਾਗੜਾ ਪੰਜਵੀਂ ਪਾਤਿਸ਼ਾਹੀ ਛੰਤ।
ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥
Listen to my prayer, O my Lord and Master.
ਹੇ ਮੇਰੇ ਮਾਲਕ! ਮੇਰੀ ਬੇਨਤੀ ਸੁਣ।
ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ ॥
I am filled with millions of sins, but still, I am Your slave.
(ਅਸੀਂ ਜੀਵ) ਕ੍ਰੋੜਾਂ ਪਾਪਾਂ ਨਾਲ ਲਿਬੜੇ ਹੋਏ ਹਾਂ, ਪਰ ਫਿਰ ਭੀ ਤੇਰੇ (ਦਰ ਦੇ) ਦਾਸ ਹਾਂ। ਕੋਟਿ = ਕ੍ਰੋੜਾਂ। ਚੇਰੇ = ਸੇਵਕ।
ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥
O Destroyer of pain, Bestower of Mercy, Fascinating Lord, Destroyer of sorrow and strife,
ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਕਿਰਪਾ ਕਰਨ ਵਾਲੇ! ਹੇ ਮੋਹਨ! ਹੇ ਸਾਡੇ ਦੁੱਖ-ਕਲੇਸ਼ ਦੂਰ ਕਰਨ ਵਾਲੇ! ਮੋਹਨ = ਹੇ ਮਨ ਨੂੰ ਖਿੱਚ ਪਾਣ ਵਾਲੇ! ਕਲਿ = ਝਗੜੇ। ਭੰਜਨਾ = ਨਾਸ ਕਰਨ ਵਾਲੇ।
ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥
I have come to Your Sanctuary; please preserve my honor. You are all-pervading, O Immaculate Lord.
ਹੇ ਸਰਬ-ਵਿਆਪਕ! ਹੇ ਨਿਰਲੇਪ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ। ਸਰਬ ਮੈ = ਸਰਬ-ਵਿਆਪਕ! ਨਿਰੰਜਨਾ = ਹੇ ਨਿਰਲੇਪ!
ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ ॥
He hears and beholds all; God is with us, the nearest of the near.
ਹੇ ਪ੍ਰਭੂ! ਤੂੰ ਸਾਡੇ ਅੱਤ ਨੇੜੇ ਵੱਸਦਾ ਹੈਂ, ਤੂੰ ਸਭ ਜੀਵਾਂ ਦੇ ਅੰਗ-ਸੰਗ ਰਹਿੰਦਾ ਹੈਂ, ਤੂੰ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈਂ ਤੇ ਸਭ ਦੇ ਕੀਤੇ ਕੰਮ ਵੇਖਦਾ ਹੈਂ। ਪ੍ਰਭ = ਹੇ ਪ੍ਰਭੂ!
ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥੧॥
O Lord and Master, hear Nanak's prayer; please save the servants of Your household. ||1||
ਹੇ ਮੇਰੇ ਸੁਆਮੀ! ਨਾਨਕ ਦੀ ਬੇਨਤੀ ਸੁਣ। ਮੈਂ ਤੇਰੇ ਘਰ ਦਾ ਗ਼ੁਲਾਮ ਹਾਂ, ਮੇਰੀ ਇੱਜ਼ਤ ਰੱਖ ਲੈ ॥੧॥
ਤੂ ਸਮਰਥੁ ਸਦਾ ਹਮ ਦੀਨ ਭੇਖਾਰੀ ਰਾਮ ॥
You are eternal and all-powerful; I am a mere beggar, Lord.
ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਅਸੀਂ (ਤੇਰੇ ਦਰ ਤੇ) ਨਿਮਾਣੇ ਮੰਗਤੇ ਹਾਂ। ਸਮਰਥੁ = ਸਭ ਤਾਕਤਾਂ ਦਾ ਮਾਲਕ। ਦੀਨ = ਕੰਗਾਲ। ਭੇਖਾਰੀ = ਮੰਗਤੇ।
ਮਾਇਆ ਮੋਹਿ ਮਗਨੁ ਕਢਿ ਲੇਹੁ ਮੁਰਾਰੀ ਰਾਮ ॥
I am intoxicated with the love of Maya - save me, Lord!
ਹੇ ਮੁਰਾਰੀ! ਮੈਂ ਮਾਇਆ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ, ਮੈਨੂੰ (ਮੋਹ ਵਿਚੋਂ) ਕੱਢ ਲੈ। ਮੋਹਿ = ਮੋਹ ਵਿਚ। ਮਗਨੁ = ਡੁੱਬਾ ਹੋਇਆ, ਮਸਤ। ਮੁਰਾਰੀ = ਹੇ ਮੁਰਾਰੀ! ਹੇ ਪ੍ਰਭੂ!
ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ ਕਮਾਵਨੇ ॥
Bound down by greed, emotional attachment and corruption, I have made so many mistakes.
ਮੈਂ ਲੋਭ ਵਿਚ, ਮੋਹ ਵਿਚ, ਵਿਕਾਰ ਵਿਚ ਬੱਝਾ ਰਹਿੰਦਾ ਹਾਂ। ਅਸੀਂ ਜੀਵ ਅਨੇਕਾਂ ਪਾਪ ਕਮਾਂਦੇ ਰਹਿੰਦੇ ਹਾਂ। ਲੋਭਿ = ਲੋਭ ਵਿਚ। ਬਾਧਿਓ = ਬੱਝਾ ਹੋਇਆ। ਦੋਖ = ਪਾਪ।
ਅਲਿਪਤ ਬੰਧਨ ਰਹਤ ਕਰਤਾ ਕੀਆ ਅਪਨਾ ਪਾਵਨੇ ॥
The creator is both attached and detached from entanglements; one obtains the fruits of his own actions.
ਇਕ ਕਰਤਾਰ ਹੀ ਨਿਰਲੇਪ ਰਹਿੰਦਾ ਹੈ, ਤੇ ਬੰਧਨਾਂ ਤੋਂ ਆਜ਼ਾਦ ਹੈ, ਅਸੀਂ ਜੀਵ ਤਾਂ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਦੇ ਰਹਿੰਦੇ ਹਾਂ। ਅਲਿਪਤ = ਨਿਰਲੇਪ। ਕਰਤਾ = ਕਰਤਾਰ।
ਕਰਿ ਅਨੁਗ੍ਰਹੁ ਪਤਿਤ ਪਾਵਨ ਬਹੁ ਜੋਨਿ ਭ੍ਰਮਤੇ ਹਾਰੀ ॥
Show kindness to me, O Purifier of sinners; I am so tired of wandering through reincarnation.
ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ ਪ੍ਰਭੂ! ਮੇਹਰ ਕਰ, ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਮੇਰੀ ਜਿੰਦ) ਥੱਕ ਗਈ ਹੈ। ਅਨੁਗ੍ਰਹੁ = ਦਇਆ। ਪਤਿਤ ਪਾਵਨ = ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ! ਭ੍ਰਮਤੇ = ਭਟਕਦੇ।
ਬਿਨਵੰਤਿ ਨਾਨਕ ਦਾਸੁ ਹਰਿ ਕਾ ਪ੍ਰਭ ਜੀਅ ਪ੍ਰਾਨ ਅਧਾਰੀ ॥੨॥
Prays Nanak, I am the slave of the Lord; God is the Support of my soul, and my breath of life. ||2||
ਨਾਨਕ ਬੇਨਤੀ ਕਰਦਾ ਹੈ ਕਿ ਉਹ ਉਸ ਹਰੀ ਦਾ ਦਾਸ ਹੈ ਜੋ ਪ੍ਰਭੂ (ਸਭ) ਜੀਵਾਂ ਦੇ ਪ੍ਰਾਣਾਂ ਦਾ ਆਸਰਾ ਹੈ ॥੨॥ ਹਾਰੀ = ਥੱਕ ਗਈ। ਜੀਅ ਅਧਾਰੀ = ਜਿੰਦ ਦਾ ਆਸਰਾ ॥੨॥
ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥
You are great and all-powerful; my understanding is so inadequate, O Lord.
ਹੇ ਪ੍ਰਭੂ! ਤੂੰ ਵੱਡੀ ਤਾਕਤ ਵਾਲਾ ਹੈਂ, ਮੇਰੀ ਅਕਲ ਨਿੱਕੀ ਜਿਹੀ ਹੈ (ਤੇਰੇ ਵਡੱਪਣ ਨੂੰ ਸਮਝ ਨਹੀਂ ਸਕਦੀ)।
ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥
You cherish even the ungrateful ones; Your Glance of Grace is perfect, Lord.
ਹੇ ਪ੍ਰਭੂ! ਤੇਰੀ ਨਿਗਾਹ ਸਦਾ ਇਕ-ਸਾਰ ਹੈ ਤੂੰ ਨਾ-ਸ਼ੁਕਰਿਆਂ ਦੀ ਭੀ ਪਾਲਣਾ ਕਰਦਾ ਰਹਿੰਦਾ ਹੈਂ। ਪਾਲਹਿ = ਤੂੰ ਪਾਲਦਾ ਹੈਂ। ਅਕਿਰਤਘਨ = ਕੀਤੀ ਭਲਾਈ ਨੂੰ ਭੁਲਾ ਦੇਣ ਵਾਲੇ, ਨਾ-ਸ਼ੁਕਰੇ। ਪੂਰਨ = ਸਦਾ ਇਕ-ਸਾਰ। ਦ੍ਰਿਸਟਿ = ਨਿਗਾਹ, ਨਜ਼ਰ।
ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥
Your wisdom is unfathomable, O Infinite Creator. I am lowly, and I know nothing.
ਹੇ ਕਰਤਾਰ! ਹੇ ਬੇਅੰਤ ਪ੍ਰਭੂ! ਤੂੰ ਜੀਵਾਂ ਦੀ ਸਮਝ ਤੋਂ ਪਰੇ ਅਥਾਹ ਹੈਂ, ਮੈਂ ਨੀਵੇਂ ਜੀਵਨ ਵਾਲਾ (ਤੇਰੀ ਬਾਬਤ) ਕੁਝ ਭੀ ਨਹੀਂ ਜਾਣ ਸਕਦਾ। ਅਗਾਧਿ ਬੋਧਿ = ਮਨੁੱਖੀ ਸਮਝ ਤੋਂ ਪਰੇ ਅਥਾਹ। ਕਰਤੇ = ਹੇ ਕਰਤਾਰ! ਮੋਹਿ = ਮੈਂ।
ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ ॥
Forsaking the jewel, I have saved the shell; I am a lowly, ignorant beast.
ਹੇ ਪ੍ਰਭੂ! ਤੇਰਾ ਕੀਮਤੀ ਨਾਮ ਛੱਡ ਕੇ ਮੈਂ ਕਉਡੀਆਂ ਇਕੱਠੀਆਂ ਕਰਦਾ ਰਹਿੰਦਾ ਹਾਂ, ਮੈਂ ਪਸੂ-ਸੁਭਾਉ ਹਾਂ, ਨੀਵਾਂ ਹਾਂ, ਅੰਞਾਣ ਹਾਂ। ਤਿਆਗਿ = ਤਿਆਗ ਕੇ। ਸੰਗ੍ਰਹਨ = ਇਕੱਠੀਆਂ ਕਰਨਾ।
ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥
I have kept that which forsakes me, and is very fickle, continually committing sins, again and again.
ਮੈਂ ਪਾਪ ਕਰ ਕਰ ਕੇ (ਉਸ ਮਾਇਆ ਨੂੰ ਹੀ) ਜੋੜਦਾ ਰਿਹਾ ਜੇਹੜੀ ਕਦੇ ਟਿਕ ਕੇ ਨਹੀਂ ਬੈਠਦੀ, ਜੇਹੜੀ ਜੀਵਾਂ ਦਾ ਸਾਥ ਛੱਡ ਜਾਂਦੀ ਹੈ। ਚੰਚਲਿ = ਚੁਲਬੁਲੇ ਮਨ ਵਾਲੀ। ਦੋਖ = ਪਾਪ। ਜੋਰੀ = ਜੋੜੀ, ਇਕੱਠੀ ਕੀਤੀ।
ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥
Nanak seeks Your Sanctuary, Almighty Lord and Master; please, preserve my honor. ||3||
ਹੇ ਨਾਨਕ! ਹੇ ਸਭ ਤਾਕਤਾਂ ਦੇ ਮਾਲਕ ਮੇਰੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ ॥੩॥ ਪੈਜ = ਲਾਜ, ਇੱਜ਼ਤ। ਮੋਰੀ = ਮੇਰੀ। ਸਮਰਥ = ਹੇ ਸਮਰੱਥ! ॥੩॥
ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ ॥
I was separated from Him, and now, He has united me with Himself.
ਉਸ ਪਰਮਾਤਮਾ ਨੇ ਮਨੁੱਖ ਨੂੰ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਜਿਸ ਤੋਂ (ਉਹ ਚਿਰਾਂ ਦਾ) ਵਿਛੁੜਿਆ ਆ ਰਿਹਾ ਸੀ। ਜਾ ਤੇ = ਜਿਸ (ਪਰਮਾਤਮਾ) ਨਾਲੋਂ। ਤਿਨਿ = ਉਸ (ਪਰਮਾਤਮਾ) ਨੇ।
ਸਾਧੂ ਸੰਗਮੇ ਹਰਿ ਗੁਣ ਗਾਇਆ ਰਾਮ ॥
In the Saadh Sangat, the Company of the Holy, I sing the Glorious Praises of the Lord.
ਤੇ ਉਸ ਨੇ ਗੁਰੂ ਦੀ ਸੰਗਤ ਵਿਚ ਆ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ। ਸੰਗਮੇ = ਸੰਗਮਿ, ਮਿਲਾਪ ਵਿਚ, ਸੰਗਤ ਵਿਚ।
ਗੁਣ ਗਾਇ ਗੋਵਿਦ ਸਦਾ ਨੀਕੇ ਕਲਿਆਣ ਮੈ ਪਰਗਟ ਭਏ ॥
Singing the Praises of the Lord of the Universe, the ever-sublime blissful Lord is revealed to me.
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸੋਹਣੇ ਗੀਤ ਸਦਾ ਗਾਣ ਦੀ ਬਰਕਤਿ ਨਾਲ ਆਨੰਦ-ਸਰੂਪ ਪਰਮਾਤਮਾ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ। ਨੀਕੇ = ਸੋਹਣੇ। ਕਲਿਆਣਮੈ = ਆਨੰਦ ਸਰੂਪ ਪਰਮਾਤਮਾ।
ਸੇਜਾ ਸੁਹਾਵੀ ਸੰਗਿ ਪ੍ਰਭ ਕੈ ਆਪਣੇ ਪ੍ਰਭ ਕਰਿ ਲਏ ॥
My bed is adorned with God; my God has made me His own.
ਇੰਜ ਪ੍ਰਭੂ ਦੀ ਸੰਗਤ ਨਾਲ ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਜਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣਾ (ਸੇਵਕ) ਬਣਾ ਲੈਂਦਾ ਹੈ। ਸੇਜਾ = ਹਿਰਦਾ-ਸੇਜ। ਸੁਹਾਵੀ = ਸੋਹਣੀ। ਕੈ ਸੰਗਿ = ਦੇ ਨਾਲ।
ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੂਖੁ ਨ ਪਾਇਆ ॥
Abandoning anxiety, I have become carefree, and I shall not suffer in pain any longer.
ਇਸੇ ਤਰ੍ਹਾਂ ਚਿੰਤਾ-ਫ਼ਿਕਰ ਤਿਆਗ ਕੇ ਜੀਵ ਸ਼ਾਂਤ-ਚਿਤ ਹੋ ਜਾਂਦਾ ਹਨ ਤੇ ਮੁੜ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ। ਅਚਿੰਤ = ਬੇ-ਫ਼ਿਕਰ।
ਨਾਨਕ ਦਰਸਨੁ ਪੇਖਿ ਜੀਵੇ ਗੋਵਿੰਦ ਗੁਣ ਨਿਧਿ ਗਾਇਆ ॥੪॥੫॥੮॥
Nanak lives by beholding the Blessed Vision of His Darshan, singing the Glorious Praises of the Lord of the Universe, the ocean of excellence. ||4||5||8||
ਹੇ ਨਾਨਕ! ਜੇਹੜੇ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਉਹ (ਆਪਣੇ ਅੰਦਰ) ਪਰਮਾਤਮਾ ਦਾ ਦਰਸਨ ਕਰ ਕੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੪॥੫॥੮॥ ਪੇਖਿ = ਵੇਖ ਕੇ। ਗੁਣਨਿਧਿ = ਗੁਣਾਂ ਦਾ ਖ਼ਜ਼ਾਨਾ ॥੪॥੫॥੮॥