ਧਨਾਸਰੀ ਮਹਲਾ ੫ ॥
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ ॥
In His own way, He provides us with our food; in His own way, He plays with us.
ਹੇ ਭਾਈ! ਪਰਮਾਤਮਾ ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖਾਣ-ਪੀਣ ਲਈ ਦੇਂਦਾ ਹੈ, ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖੇਡਾਂ ਵਿਚ ਪਰਚਾਈ ਰੱਖਦਾ ਹੈ। ਉਕਤਿ = ਜੁਗਤਿ, ਢੰਗ, ਤਰੀਕਾ, ਵਿਓਂਤ। ਖਲਾਵੈ ਭੋਜਨ = ਖਾਣਾ ਖੁਆਂਦਾ ਹੈ। ਖੇਲਾਵੈ = ਖਿਡਾਂਦਾ ਹੈ।
ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ ॥੧॥
He blesses us with all comforts, enjoyments and delicacies, and he permeates our minds. ||1||
(ਆਪਣੇ ਹੀ ਢੰਗ ਨਾਲ ਜੀਵਾਂ ਨੂੰ) ਸਾਰੇ ਸੁਖ ਦੇਂਦਾ ਹੈ, ਸਾਰੇ ਸੁਆਦਲੇ ਪਦਾਰਥ ਦੇਂਦਾ ਹੈ, ਤੇ, ਸਦਾ ਸਭ ਦੇ ਅੰਗ-ਸੰਗ ਟਿਕਿਆ ਰਹਿੰਦਾ ਹੈ ॥੧॥ ਸਰਬ = ਸਾਰੇ। ਮਨ ਹੀ ਨਾਲਿ = ਸਾਡੇ ਮਨ ਦੇ ਨਾਲ ਹੀ, ਸਾਡੇ ਸਦਾ ਅੰਗ-ਸੰਗ। ਸਮਾਵੈ = ਮੌਜੂਦ ਰਹਿੰਦਾ ਹੈ ॥੧॥
ਹਮਰੇ ਪਿਤਾ ਗੋਪਾਲ ਦਇਆਲ ॥
Our Father is the Lord of the World, the Merciful Lord.
ਹੇ ਦਇਆ ਦੇ ਘਰ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਾਡੇ ਪਿਤਾ ਪ੍ਰਭੂ! ਗੋਪਾਲ = ਹੇ ਸ੍ਰਿਸ਼ਟੀ ਦੇ ਪਾਲਣਹਾਰ!
ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ॥੧॥ ਰਹਾਉ ॥
Just as the mother protects her children, God nurtures and cares for us. ||1||Pause||
ਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਹੈ ਤਿਵੇਂ ਹੀ ਤੂੰ ਸਾਨੂੰ ਜੀਵਾਂ ਨੂੰ ਪਾਲਣ ਵਾਲਾ ਹੈਂ ॥੧॥ ਰਹਾਉ ॥ ਮਹਤਾਰੀ = ਮਾਂ। ਬਾਰਿਕ ਕਉ = ਬੱਚੇ ਨੂੰ। ਪਾਲ = ਪਾਲਣ ਵਾਲਾ ॥੧॥ ਰਹਾਉ ॥
ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤਿ ਦੇਵਾ ॥
You are my friend and companion, the Master of all excellences, O eternal and permanent Divine Lord.
ਹੇ ਪ੍ਰਕਾਸ਼-ਰੂਪ ਪ੍ਰਭੂ! ਤੂੰ ਸਾਡਾ ਮਿੱਤਰ ਹੈਂ, ਸਜਣ ਹੈਂ, ਸਾਰੇ ਗੁਣਾਂ ਦਾ ਮਾਲਕ ਹੈਂ, ਸਭ ਦੀ ਜੀਵਨ ਅਗਵਾਈ ਕਰਨ ਵਾਲਾ ਹੈਂ; ਸਦਾ ਜੀਊਂਦਾ ਹੈਂ; ਸਰਬ ਗੁਣ = ਸਾਰੇ ਗੁਣਾਂ ਵਾਲਾ। ਨਾਇਕ = ਆਗੂ, ਜੀਵਨ-ਅਗਵਾਈ ਕਰਨ ਵਾਲਾ। ਸਲਾਮਤਿ = ਜੀਊਂਦਾ। ਦੇਵਾ = ਪ੍ਰਕਾਸ਼-ਰੂਪ ਪ੍ਰਭੂ।
ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ॥੨॥੮॥੩੯॥
Here, there and everywhere, You are pervading; please, bless Nanak to serve the Saints. ||2||8||39||
ਤੂੰ ਹਰ ਥਾਂ ਇਸ ਲੋਕ ਵਿਚ ਪਰਲੋਕ ਵਿਚ ਮੌਜੂਦ ਹੈਂ। ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪਿਆਂ ਉਹ ਪ੍ਰਭੂ ਮਿਲਦਾ ਹੈ ॥੨॥੮॥੩੯॥ ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਜਤ ਕਤ ਤਤ = ਜਿੱਥੇ ਕਿੱਥੇ ਤਿੱਥੇ, ਹਰ ਥਾਂ। ਨਾਨਕ = ਹੇ ਨਾਨਕ! ॥੨॥੮॥੩੯॥