ਗਉੜੀ ਪੂਰਬੀ ਮਹਲਾ ੪ ॥
Gauree Poorbee, Fourth Mehl:
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ ॥
Within this body-fortress is the Lord, the Sovereign Lord King, but the stubborn ones do not find the taste.
ਇਸ (ਸਰੀਰ-) ਕਿਲ੍ਹੇ ਵਿਚ (ਜਗਤ ਦਾ) ਰਾਜਾ ਹਰੀ-ਪਰਮਾਤਮਾ ਵੱਸਦਾ ਹੈ, (ਪਰ ਵਿਕਾਰਾਂ ਦੇ ਸੁਆਦਾਂ ਵਿਚ) ਢੀਠ ਹੋਏ ਮਨੁੱਖ ਨੂੰ (ਅੰਦਰ-ਵੱਸਦੇ ਪਰਮਾਤਮਾ ਦੇ ਮਿਲਾਪ ਦਾ ਕੋਈ) ਆਨੰਦ ਨਹੀਂ ਆਉਂਦਾ। ਗੜ = (ਸਰੀਰ-) ਕਿਲ੍ਹਾ। ਰਾਇ = ਰਾਜਾ, ਪ੍ਰਕਾਸ਼-ਰੂਪ। ਸਾਦੁ = ਸੁਆਦ, ਆਨੰਦ। ਧੀਠਾ = ਢੀਠ (ਮੁੜ ਮੁੜ ਵਿਕਾਰਾਂ ਵਲ ਪਰਤਣ ਦੀ ਜ਼ਿਦ ਕਰਨ ਵਾਲਾ)।
ਹਰਿ ਦੀਨ ਦਇਆਲਿ ਅਨੁਗ੍ਰਹੁ ਕੀਆ ਹਰਿ ਗੁਰਸਬਦੀ ਚਖਿ ਡੀਠਾ ॥੧॥
When the Lord, Merciful to the meek, showed His Mercy, I found and tasted it, through the Word of the Guru's Shabad. ||1||
ਜਿਸ ਮਨੁੱਖ ਉਤੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਕਿਰਪਾ ਕੀਤੀ, ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਹਰਿ-ਨਾਮ-ਰਸ) ਚੱਖ ਕੇ ਵੇਖ ਲਿਆ ਹੈ (ਕਿ ਇਹ ਸਚ ਮੁਚ ਹੀ ਮਿੱਠਾ ਹੈ) ॥੧॥ ਦਇਆਲਿ = ਦਇਆਲ ਨੇ। ਅਨੁਗ੍ਰਹੁ = ਕਿਰਪਾ ॥੧॥
ਰਾਮ ਹਰਿ ਕੀਰਤਨੁ ਗੁਰ ਲਿਵ ਮੀਠਾ ॥੧॥ ਰਹਾਉ ॥
Lovingly focused upon the Guru, the Kirtan of the Lord's Praise has become sweet to me. ||1||Pause||
(ਹੇ ਭਾਈ!) ਗੁਰੂ (ਦੇ ਚਰਨਾਂ ਵਿਚ) ਲਿਵ (ਲਾ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰੋ। (ਦੁਨੀਆ ਦੇ ਸਭ ਰਸਾਂ ਨਾਲੋਂ ਇਹ ਰਸ) ਮਿੱਠਾ ਹੈ ॥੧॥ ਰਹਾਉ ॥ ਲਿਵ = ਲਗਨ ॥੧॥ ਰਹਾਉ ॥
ਹਰਿ ਅਗਮੁ ਅਗੋਚਰੁ ਪਾਰਬ੍ਰਹਮੁ ਹੈ ਮਿਲਿ ਸਤਿਗੁਰ ਲਾਗਿ ਬਸੀਠਾ ॥
The Lord, the Supreme Lord God, is Inaccessible and Unfathomable. Those who are committed to the True Guru, the Divine Intermediary, meet the Lord.
ਜੇਹੜਾ ਹਰੀ-ਪਾਰਬ੍ਰਹਮ ਅਪਹੁੰਚ ਹੈ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਹਰੀ-ਪ੍ਰਭੂ ਗੁਰੂ ਨੂੰ ਮਿਲ ਕੇ ਗੁਰੂ-ਵਕੀਲ ਦੀ ਚਰਨੀਂ ਲੱਗ ਕੇ (ਹੀ ਮਿਲਦਾ ਹੈ)। ਅਗਮੁ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾ ਹੋ ਸਕੇ। ਮਿਲਿ = ਮਿਲ ਕੇ। ਲਾਗਿ = ਲੱਗ ਕੇ। ਬਸੀਠਾ = ਵਕੀਲ, ਵਿਚੋਲਾ।
ਜਿਨ ਗੁਰ ਬਚਨ ਸੁਖਾਨੇ ਹੀਅਰੈ ਤਿਨ ਆਗੈ ਆਣਿ ਪਰੀਠਾ ॥੨॥
Those whose hearts are pleased with the Guru's Teachings - the Lord's Presence is revealed to them. ||2||
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਬਚਨ ਹਿਰਦੇ ਵਿਚ ਪਿਆਰੇ ਲੱਗਦੇ ਹਨ, ਗੁਰੂ ਉਹਨਾਂ ਦੇ ਅੱਗੇ (ਪਰਮਾਤਮਾ ਦਾ ਨਾਮ-ਅੰਮ੍ਰਿਤ) ਲਿਆ ਕੇ ਪਰੋਸ ਦੇਂਦਾ ਹੈ ॥੨॥ ਸੁਖਾਨੇ = ਪਿਆਰੇ ਲੱਗੇ। ਹੀਅਰੈ = ਹਿਰਦੇ ਵਿਚ। ਆਣਿ = ਲਿਆ ਕੇ। ਪਰੀਠਾ = ਪਰੋਸ ਧਰਿਆ ॥੨॥
ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ ॥
The hearts of the self-willed manmukhs are hard and cruel; their inner beings are dark.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਹਿਰਦਾ ਬੜਾ ਕਰੜਾ ਹੁੰਦਾ ਹੈ, ਉਹਨਾਂ ਦੇ ਅੰਦਰ (ਵਿਕਾਰਾਂ ਦੀ) ਕਾਲਖ ਹੀ ਕਾਲਖ ਹੁੰਦੀ ਹੈ। ਹੀਅਰਾ = ਹਿਰਦਾ। ਕਠੋਰ = ਕਰੜਾ, ਨਿਰਦਈ। ਕਾਰ ਕਰੀਠਾ = ਕਾਲਖ ਹੀ ਕਾਲਖ।
ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ ॥੩॥
Even if the poisonous snake is fed large amounts of milk, it will still yield only poison. ||3||
ਸੱਪ ਨੂੰ ਕਿਤਨਾ ਹੀ ਦੁੱਧ ਪਿਲਾਈ ਜਾਈਏ ਪਰ ਉਸ ਦਾ ਅੰਦਰ ਫੋਲਿਆਂ ਜ਼ਹਰ ਹੀ ਨਿਕਲਦਾ ਹੈ (ਇਹੀ ਹਾਲਤ ਮਨਮੁਖ ਦੀ ਹੁੰਦੀ ਹੈ) ॥੩॥ ਬਿਸੀਅਰ = ਸੱਪ। ਕਉ = ਨੂੰ। ਫੋਲਿ = ਫੋਲ ਕੇ ॥੩॥
ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ ॥
O Lord God, please unite me with the Holy Guru, so that I might joyfully grind and eat the Shabad.
ਹੇ ਹਰੀ! ਹੇ ਪ੍ਰਭੂ! (ਮਿਹਰ ਕਰ) ਮੈਨੂੰ ਸਾਧੂ ਗੁਰੂ ਲਿਆ ਕੇ ਮਿਲਾ, ਮੈਂ ਗੁਰੂ ਦਾ ਸ਼ਬਦ ਆਪਣੇ ਮੂੰਹ ਵਿਚ ਵਸਾਵਾਂ ਤੇ ਮੇਰੇ ਅੰਦਰੋਂ ਵਿਕਾਰਾਂ ਦੀ ਜ਼ਹਰ ਦੂਰ ਹੋਵੇ ਜਿਵੇਂ ਸੱਪ ਦਾ ਜ਼ਹਰ ਦੂਰ ਕਰਨ ਵਾਲੀ ਬੂਟੀ ਘਸਾ ਕੇ ਮੂੰਹ ਵਿਚ ਚੂਸਿਆਂ ਸੱਪ ਦਾ ਜ਼ਹਰ ਉਤਰਦਾ ਹੈ। ਪ੍ਰਭ = ਹੇ ਪ੍ਰਭੂ! ਆਨਿ = ਲਿਆ ਕੇ। ਘਸਿ = ਘਸਾ ਕੇ। ਗਰੁੜੁ = ਸੱਪ ਦਾ ਜ਼ਹਿਰ ਦੂਰ ਕਰਨ ਵਾਲੀ ਦਵਾਈ। ਮੁਖਿ = ਮੂੰਹ ਵਿਚ। ਲੀਠਾ = ਚੂਸ ਲਈ।
ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ ॥੪॥੯॥੨੩॥੬੧॥
Servant Nanak is the slave of the Guru; in the Sangat, the Holy Congregation, the bitter becomes sweet. ||4||9||23||61||
ਹੇ ਦਾਸ ਨਾਨਕ! (ਆਖ-ਅਸੀ) ਗੁਰੂ ਦੇ ਗ਼ੁਲਾਮ ਹਾਂ ਸੇਵਕ ਹਾਂ, ਗੁਰੂ ਦੀ ਸੰਗਤਿ ਵਿਚ ਬੈਠਿਆਂ ਕੌੜਾ (ਸੁਭਾਉ) ਮਿੱਠਾ ਹੋ ਜਾਂਦਾ ਹੈ ॥੪॥੯॥੨੩॥੬੧॥ ਲਾਲੇ ਗੋਲੇ = ਗ਼ੁਲਾਮ ਸੇਵਕ। ਕਰੂਆ = ਕੌੜਾ ॥੪॥