ਅੜਿਲ ॥

ਅੜਿਲ:

ਦੇਵਊ ਪਹੁਚੇ ਆਇ ਦੈਤ ਆਵਤ ਭਏ ॥

ਦੇਵਤੇ ਆ ਪਹੁੰਚੇ ਅਤੇ ਦੈਂਤ ਵੀ ਆ ਗਏ।

ਗੰਧ੍ਰਬ ਜਛ ਭੁਜੰਗ ਸਭੈ ਚਲਿ ਤਹ ਗਏ ॥

ਗੰਧਰਬ, ਯਕਸ਼, ਭੁਜੰਗ ਸਭ ਚਲ ਕੇ ਉਥੇ ਗਏ।

ਇੰਦ੍ਰ ਚੰਦ੍ਰ ਅਰ ਸੂਰਜ ਪਹੁਚੇ ਆਇ ਕਰਿ ॥

ਇੰਦਰ, ਚੰਦ੍ਰਮਾ ਅਤੇ ਸੂਰਜ ਉਥੇ ਆ ਪਹੁੰਚੇ।

ਹੋ ਧਨਧਿਈਸ ਜਲਿ ਰਾਵ ਬਦਿਤ੍ਰ ਬਜਾਇ ਕਰਿ ॥੧੭॥

ਕੁਬੇਰ ('ਧਨਧਿਈਸ') ਅਤੇ ਵਰੁਣ ('ਜਲਿ ਰਾਵ') ਵਾਜੇ ਵਜਾ ਕੇ ਆ ਪਹੁੰਚੇ ॥੧੭॥

ਨਲ ਹੀ ਕੋ ਧਰਿ ਰੂਪ ਸਕਲ ਚਲਿ ਤਹ ਗਏ ॥

ਸਾਰੇ ਨਲ ਦਾ ਹੀ ਰੂਪ ਧਾਰ ਕੇ ਉਥੇ ਚਲ ਕੇ ਆ ਗਏ।

ਨਲ ਕੋ ਕਰਿ ਹਰਿ ਦੂਤ ਪਠਾਵਤ ਤਹ ਭਏ ॥

ਇੰਦਰ ਨੇ ਨਲ ਨੂੰ ਦੂਤ ਬਣਾ ਕੇ ਉਥੇ ਭੇਜ ਦਿੱਤਾ।

ਸੁਨਿ ਨ੍ਰਿਪ ਬਰ ਏ ਬਚਨ ਚਲਿਯੋ ਤਹ ਧਾਇ ਕਰਿ ॥

(ਇੰਦਰ ਦੇ) ਬੋਲ ਸੁਣ ਕੇ ਸ੍ਰੇਸ਼ਠ ਰਾਜਾ ਉਥੇ ਧਾ ਕੇ ਗਿਆ।

ਹੋ ਕਿਨੀ ਨ ਹਟਕਿਯੋ ਤਾਹਿ ਪਹੂਚ︀ਯੋ ਜਾਇ ਕਰਿ ॥੧੮॥

(ਉਸ ਨੂੰ) ਕਿਸੇ ਨੇ ਨਾ ਰੋਕਿਆ, ਉਥੇ ਜਾ ਪਹੁੰਚਿਆ ॥੧੮॥

ਦਮਵੰਤੀ ਛਬਿ ਨਿਰਖਿ ਅਧਿਕ ਰੀਝਤ ਭਈ ॥

(ਉਸ ਦੀ) ਛਬੀ ਨੂੰ ਵੇਖ ਕੇ ਦਮਵੰਤੀ ਬਹੁਤ ਪ੍ਰਸੰਨ ਹੋਈ।

ਜੁ ਕਛੁ ਹੰਸ ਕਹਿਯੋ ਸੁ ਸਭ ਸਾਚੀ ਭਈ ॥

ਹੰਸ ਨੇ ਜੋ ਕੁਝ ਕਿਹਾ ਸੀ, ਉਹ ਸਭ ਸਚ ਹੀ ਸਿੱਧ ਹੋਇਆ।

ਜਾ ਦਿਨ ਮੈ ਯਾ ਕੋ ਪਤਿ ਕਰਿ ਕਰਿ ਪਾਇ ਹੌ ॥

ਜਿਸ ਦਿਨ ਉਸ ਨੂੰ ਮੈਂ ਪਤੀ ਰੂਪ ਵਿਚ ਪ੍ਰਾਪਤ ਕਰ ਲਵਾਂਗੀ,

ਹੋ ਤਦਿਨ ਘਰੀ ਕੇ ਸਖੀ ਸਹਿਤ ਬਲਿ ਜਾਇ ਹੌ ॥੧੯॥

ਉਸ ਦਿਨ ਦੀ ਉਸ ਘੜੀ ਤੋਂ ਮੈਂ ਸਖੀ ਸਹਿਤ ਵਾਰਨੇ ਜਾਵਾਂਗੀ ॥੧੯॥

ਮਨ ਮੈ ਇਹੈ ਦਮਵੰਤੀ ਮੰਤ੍ਰ ਬਿਚਾਰਿਯੋ ॥

ਦਮਵੰਤੀ ਨੇ ਮਨ ਵਿਚ ਇਹ ਸੋਚ ਕੀਤੀ

ਸਭਹਿਨ ਕੇ ਬੈਠੇ ਇਹ ਭਾਤਿ ਉਚਾਰਿਯੋ ॥

ਅਤੇ ਸਾਰਿਆਂ ਦੇ ਬੈਠਿਆਂ ਇਸ ਤਰ੍ਹਾਂ ਕਿਹਾ,

ਸੁਨੋ ਸਕਲ ਜਨ ਇਹੈ ਭੀਮਜਾ ਪ੍ਰਨ ਕਰਿਯੋ ॥

ਹੇ ਸਾਰੇ ਲੋਕੋ! ਸੁਣ ਲਵੋ! ਭੀਮਸੈਨ ਦੀ ਪੁੱਤਰੀ ਇਹ ਪ੍ਰਣ ਕਰਦੀ ਹੈ

ਹੋ ਜੋ ਤੁਮ ਮੈ ਨਲ ਰਾਵ ਵਹੈ ਕਰਿ ਪਤਿ ਬਰਿਯੋ ॥੨੦॥

ਕਿ ਤੁਹਾਡੇ ਵਿਚੋਂ ਜੋ ਨਲ ਰਾਜਾ ਹੈ, ਉਸ ਨੂੰ ਮੈਂ ਪਤੀ ਵਜੋਂ ਵਰਾਂਗੀ ॥੨੦॥

ਫੂਕ ਬਦਨ ਹ੍ਵੈ ਨ੍ਰਿਪਤ ਸਕਲ ਘਰ ਕੌ ਗਏ ॥

ਸਭ ਰਾਜਿਆਂ ਦੇ ਮੂੰਹ ਫਕ ਹੋ ਗਏ ਅਤੇ ਉਹ ਘਰਾਂ ਨੂੰ ਚਲੇ ਗਏ।

ਕਲਿਜੁਗਾਦਿ ਜੇ ਹੁਤੇ ਦੁਖਿਤ ਚਿਤ ਮੈ ਭਏ ॥

ਕਲਿਯੁਗ ਆਦਿ ਜੋ ਸਨ, (ਉਹ) ਮਨ ਵਿਚ ਬਹੁਤ ਦੁਖੀ ਹੋਏ।

ਨਲਹਿ ਭੀਮਜਾ ਬਰੀ ਅਧਿਕ ਸੁਖ ਪਾਇ ਕੈ ॥

ਨਲ ਨੇ ਭੀਮਸੈਨ ਦੀ ਪੁੱਤਰੀ ਨਾਲ ਬਹੁਤ ਸੁਖ ਮਨਾ ਕੇ

ਹੋ ਭਾਤਿ ਭਾਤਿ ਬਾਦਿਤ੍ਰ ਅਨੇਕ ਬਜਾਇ ਕੈ ॥੨੧॥

ਅਤੇ ਅਨੇਕ ਤਰ੍ਹਾਂ ਦੇ ਵਾਜੇ ਵਜਾ ਕੇ (ਵਿਧੀ ਪੂਰਵਕ) ਵਿਆਹ ਕਰ ਲਿਆ ॥੨੧॥

ਧਰਿ ਪੁਹਕਰਿ ਕੋ ਰੂਪ ਤਹਾ ਕਲਿਜੁਗ ਗਯੋ ॥

ਕਲਿਯੁਗ (ਨਲ ਦੇ ਭਰਾ) ਪੁਹਕਰਿ (ਪੁਸ਼ਕਰ) ਦਾ ਰੂਪ ਧਾਰ ਕੇ ਉਥੇ ਗਿਆ

ਜਬ ਤਾ ਕੌ ਨਲ ਬ︀ਯਾਹਿ ਸਦਨ ਲ︀ਯਾਵਤ ਭਯੋ ॥

ਜਦੋਂ ਨਾਲ ਦਮਵੰਤੀ ਨੂੰ ਵਿਆਹ ਕੇ ਘਰ ਲਿਆਇਆ।

ਖੇਲਿ ਜੂਪ ਬਹੁ ਭਾਤਿਨ ਤਾਹਿ ਹਰਾਇਯੋ ॥

ਕਈ ਪ੍ਰਕਾਰ ਨਾਲ ਜੂਆ ('ਜੂਪ') ਖੇਡ ਕੇ ਨਲ ਨੂੰ ਹਰਾ ਦਿੱਤਾ

ਹੋ ਰਾਜ ਪਾਟ ਨਲ ਬਨ ਕੌ ਜੀਤਿ ਪਠਾਇਯੋ ॥੨੨॥

ਅਤੇ ਸਾਰਾ ਰਾਜ ਅਤੇ ਠਾਠ-ਬਾਠ ਜਿਤ ਕੇ ਨਲ ਨੂੰ ਬਨ ਵਿਚ ਭੇਜ ਦਿੱਤਾ ॥੨੨॥

ਰਾਜ ਪਾਟ ਨਲ ਜਬ ਇਹ ਭਾਤਿ ਹਰਾਇਯੋ ॥

ਜਦ ਨਲ ਰਾਜ-ਸਾਜ ਇਸ ਤਰ੍ਹਾਂ ਹਾਰ ਗਿਆ,

ਬਨ ਮੈ ਅਤਿ ਦੁਖੁ ਪਾਇ ਅਜੁਧਿਆ ਆਇਯੋ ॥

ਤਾਂ ਬਨ ਵਿਚ ਬਹੁਤ ਦੁਖ ਪ੍ਰਾਪਤ ਕਰ ਕੇ ਅਯੁਧਿਆ ਆ ਗਿਆ।

ਬਿਛਰੇ ਪਤਿ ਕੇ ਭੀਮਸੁਤਾ ਬਿਰਹਿਨ ਭਈ ॥

ਪਤੀ ਦੇ ਵਿਛੜਨ ਕਰ ਕੇ ਦਮਵੰਤੀ ਵਿਯੋਗਨ ਹੋ ਗਈ

ਜੋ ਜਿਹ ਮਾਰਗ ਗੇ ਨਾਥ ਤਿਸੀ ਮਾਰਗ ਗਈ ॥੨੩॥

ਅਤੇ ਜਿਸ ਰਾਹ ਉਤੇ ਪਤੀ ਗਿਆ, ਉਸੇ ਰਸਤੇ ਉਤੇ ਪੈ ਗਈ ॥੨੩॥

ਭੀਮ ਸੁਤਾ ਬਿਨ ਨਾਥ ਅਧਿਕ ਦੁਖ ਪਾਇਯੋ ॥

ਦਮਵੰਤੀ ਨੇ ਵੀ ਪਤੀ ਤੋਂ ਬਿਨਾ ਬਹੁਤ ਅਧਿਕ ਦੁਖ ਪਾਇਆ।

ਕਹ ਲਗਿ ਕਰੌ ਬਖ︀ਯਾਨ ਨ ਜਾਤ ਬਤਾਇਯੋ ॥

(ਉਸ ਦੁਖ ਦਾ) ਕਿਥੋਂ ਤਕ ਵਰਣਨ ਕਰਾਂ, ਵਰਣਨ ਨਹੀਂ ਕੀਤਾ ਜਾ ਸਕਦਾ।

ਨਲ ਰਾਜ ਕੇ ਬਿਰਹਿ ਬਾਲ ਬਿਰਹਿਨਿ ਭਈ ॥

ਨਲ ਰਾਜੇ ਦੇ ਬਿਰਹੋਂ ਵਿਚ ਵਿਯੋਗਣ ਹੋਈ

ਹੋ ਸਹਰਿ ਚੰਦੇਰੀ ਮਾਝ ਵਹੈ ਆਵਤ ਭਈ ॥੨੪॥

ਉਹ ਇਸਤਰੀ ਚੰਦੇਰੀ ਨਗਰ ਵਿਚ ਆ ਗਈ ॥੨੪॥

ਭੀਮਸੈਨ ਤਿਨ ਹਿਤ ਜਨ ਬਹੁ ਪਠਵਤ ਭਏ ॥

ਭੀਮਸੈਨ ਨੇ ਉਸ (ਨੂੰ ਲਭਣ) ਲਈ ਬਹੁਤ ਬੰਦੇ ਭੇਜੇ।

ਦਮਵੰਤੀ ਕਹ ਖੋਜਿ ਬਹੁਰਿ ਗ੍ਰਿਹ ਲੈ ਗਏ ॥

(ਉਹ) ਦਮਵੰਤੀ ਨੂੰ ਲਭ ਕੇ ਫਿਰ ਘਰ ਲੈ ਗਏ।

ਵਹੈ ਜੁ ਇਹ ਲੈ ਗਯੋ ਦਿਜ ਬਹੁਰਿ ਪਠਾਇਯੋ ॥

ਜੋ (ਦਮਵੰਤੀ ਨੂੰ) ਲਭ ਲਿਆਏ ਸਨ ਉਨ੍ਹਾਂ ਬ੍ਰਾਹਮਣਾਂ ਨੂੰ ਫਿਰ (ਨਲ ਨੂੰ ਲਭਣ ਲਈ) ਭੇਜਿਆ

ਹੋ ਖੋਜਤ ਖੋਜਤ ਦੇਸ ਅਜੁਧ੍ਰਯਾ ਆਇਯੋ ॥੨੫॥

ਅਤੇ ਉਹ ਖੋਜਦੇ ਖੋਜਦੇ ਆਯੁਧਿਆ ਆ ਪਹੁੰਚੇ ॥੨੫॥

ਹੇਰਿ ਹੇਰਿ ਬਹੁ ਲੋਗ ਸੁ ਯਾਹਿ ਨਿਹਾਰਿਯੋ ॥

ਬਹੁਤ ਸਾਰੇ ਲੋਕਾਂ ਨੂੰ ਵੇਖ ਵੇਖ ਕੇ ਫਿਰ ਉਸ (ਨਲ) ਨੂੰ ਤਕਿਆ

ਦਮਵੰਤੀ ਕੋ ਮੁਖ ਤੇ ਨਾਮ ਉਚਾਰਿਯੋ ॥

ਅਤੇ ਦਮਵੰਤੀ ਦਾ ਨਾਂ ਮੂੰਹੋਂ ਉਚਾਰਿਆ।

ਕੁਸਲ ਤਾਹਿ ਇਹ ਪੂਛਿਯੋ ਨੈਨਨ ਨੀਰ ਭਰਿ ॥

ਉਸ ਨੇ ਅੱਖਾਂ ਵਿਚ ਜਲ ਭਰ ਕੇ ਉਸ (ਦਮਵੰਤੀ) ਦੀ ਸੁਖ ਸਾਂਦ ਪੁਛੀ।

ਹੋ ਤਬ ਦਿਜ ਗਯੋ ਪਛਾਨਿ ਇਹੈ ਨਲ ਨ੍ਰਿਪਤਿ ਬਰ ॥੨੬॥

ਤਦ ਬ੍ਰਾਹਮਣ ਪਛਾਣ ਗਏ ਕਿ ਇਹੀ ਨਲ ਰਾਜਾ ਹੈ ॥੨੬॥

ਜਾਇ ਤਿਨੈ ਸੁਧਿ ਦਈ ਨ੍ਰਿਪਤਿ ਨਲ ਪਾਇਯੋ ॥

ਜਦ ਉਨ੍ਹਾਂ ਨੇ ਜਾ ਕੇ ਸੂਚਨਾ ਦਿੱਤੀ ਕਿ ਨਲ ਰਾਜਾ ਮਿਲ ਗਿਆ ਹੈ,

ਤਬ ਦਮਵੰਤੀ ਬਹੁਰਿ ਸੁਯੰਬ੍ਰ ਬਨਾਇਯੋ ॥

ਤਦ ਦਮਵੰਤੀ ਨੇ ਦੋਬਾਰਾ ਸੁਅੰਬਰ ਦੀ ਵਿਵਸਥਾ ਕੀਤੀ।

ਸੁਨਿ ਰਾਜਾ ਏ ਬੈਨ ਸਕਲ ਚਲਿ ਤਹ ਗਏ ॥

ਰਾਜਾ (ਭੀਮਸੈਨ) ਦੇ ਬੋਲ ਸੁਣ ਕੇ ਸਾਰੇ (ਰਾਜੇ) ਚਲ ਕੇ ਉਥੇ ਗਏ।

ਹੋ ਰਥ ਪੈ ਚੜਿ ਨਲ ਰਾਜ ਤਹਾ ਆਵਤ ਭਏ ॥੨੭॥

ਨਲ ਰਾਜਾ ਵੀ ਰਥ ਉਤੇ ਚੜ੍ਹ ਕੇ ਉਥੇ ਆ ਗਿਆ ॥੨੭॥