ਮਲਾਰ ਮਹਲਾ ੩ ਅਸਟਪਦੀਆ ਘਰੁ ੧ ॥
Malaar, Third Mehl, Ashtpadheeyaa, First House:
ਰਾਗ ਮਲਾਰ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਰਮੁ ਹੋਵੈ ਤਾ ਸਤਿਗੁਰੁ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥
If it is in his karma, then he finds the True Guru; without such karma, He cannot be found.
ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਦੋਂ ਗੁਰੂ ਮਿਲਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਗੁਰੂ ਨਹੀਂ ਮਿਲ ਸਕਦਾ। ਕਰਮੁ (ਪਰਮਾਤਮਾ ਦੀ) ਮਿਹਰ। ਪਾਈਐ = ਮਿਲਦਾ ਹੈ। ਵਿਣੁ ਕਰਮੈ = ਮਿਹਰ ਤੋਂ ਬਿਨਾ।
ਸਤਿਗੁਰੁ ਮਿਲਿਐ ਕੰਚਨੁ ਹੋਈਐ ਜਾਂ ਹਰਿ ਕੀ ਹੋਇ ਰਜਾਇ ॥੧॥
He meets the True Guru, and he is transformed into gold, if it is the Lord's Will. ||1||
ਜੇ ਗੁਰੂ ਮਿਲ ਪਏ ਤਾਂ ਮਨੁੱਖ (ਸ਼ੁੱਧ) ਸੋਨਾ ਬਣ ਜਾਂਦਾ ਹੈ। (ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਪਰਮਾਤਮਾ ਦੀ ਰਜ਼ਾ ਹੋਵੇ ॥੧॥ ਸਤਿਗੁਰ ਮਿਲਿਐ = ਜੋ ਗੁਰੂ ਮਿਲ ਪਏ। ਕੰਚਨੁ = ਸੋਨਾ। ਜਾਂ = ਜਦੋਂ। ਰਜਾਇ = ਮਰਜ਼ੀ ॥੧॥
ਮਨ ਮੇਰੇ ਹਰਿ ਹਰਿ ਨਾਮਿ ਚਿਤੁ ਲਾਇ ॥
O my mind, focus your consciousness on the Name of the Lord, Har, Har.
ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖ। ਮਨ = ਹੇ ਮਨ! ਨਾਮਿ = ਨਾਮ ਵਿਚ। ਲਾਇ = ਜੋੜੀ ਰੱਖ।
ਸਤਿਗੁਰ ਤੇ ਹਰਿ ਪਾਈਐ ਸਾਚਾ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥
The Lord is found through the True Guru, and then he remains merged with the True Lord. ||1||Pause||
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਗੁਰੂ ਦੀ ਰਾਹੀਂ ਮਿਲਦਾ ਹੈ, (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ) ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥ ਤੇ = ਤੋਂ, ਦੀ ਰਾਹੀਂ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸਿਉ = ਨਾਲ। ਰਹੈ ਸਮਾਇ = ਲੀਨ ਰਹਿੰਦਾ ਹੈ, ਜੁੜਿਆ ਰਹਿੰਦਾ ਹੈ ॥੧॥ ਰਹਾਉ ॥
ਸਤਿਗੁਰ ਤੇ ਗਿਆਨੁ ਊਪਜੈ ਤਾਂ ਇਹ ਸੰਸਾ ਜਾਇ ॥
Spiritual wisdom wells up through the True Guru, and then this cynicism is dispelled.
ਜਦੋਂ ਗੁਰੂ ਦੀ ਰਾਹੀਂ (ਮਨੁੱਖ ਦੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਤਦੋਂ ਮਨੁੱਖ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ। ਤੇ = ਤੋਂ। ਗਿਆਨੁ = ਆਤਮਕ ਜੀਵਨ ਦੀ ਸੂਝ। ਸੰਸਾ = ਸ਼ੱਕ, ਸਹਿਮ, ਭਟਕਣਾ। ਜਾਇ = ਦੂਰ ਹੋ ਜਾਂਦਾ ਹੈ।
ਸਤਿਗੁਰ ਤੇ ਹਰਿ ਬੁਝੀਐ ਗਰਭ ਜੋਨੀ ਨਹ ਪਾਇ ॥੨॥
Through the True Guru, the Lord is realized, and then, he is not consigned to the womb of reincarnation ever again. ||2||
ਗੁਰੂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਬਣਦੀ ਹੈ, ਤੇ, ਮਨੁੱਖ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੨॥ ਬੁਝੀਐ = ਸਮਝ ਲਈਦਾ ਹੈ, ਸਾਂਝ ਬਣ ਜਾਂਦੀ ਹੈ। ਗਰਭ ਜੋਨੀ = ਜੰਮਣ ਮਰਨ ਦੇ ਗੇੜ ਵਿਚ ॥੨॥
ਗੁਰ ਪਰਸਾਦੀ ਜੀਵਤ ਮਰੈ ਮਰਿ ਜੀਵੈ ਸਬਦੁ ਕਮਾਇ ॥
By Guru's Grace, the mortal dies in life, and by so dying, lives to practice the Word of the Shabad.
ਗੁਰੂ ਦੀ ਕਿਰਪਾ ਨਾਲ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਬਣਾ ਕੇ ਮਨੁੱਖ ਵਿਕਾਰਾਂ ਵਲੋਂ ਹਟ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਜੀਵਤ ਮਰੈ = ਜੀਊਂਦਾ ਮਰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ। ਮਰਿ = ਮਰ ਕੇ, ਵਿਕਾਰਾਂ ਦੇ ਅਸਰ ਤੋਂ ਬਚ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਕਮਾਇ = ਕਮਾ ਕੇ, ਕਮਾਈ ਕਰ ਕੇ, (ਸ਼ਬਦ ਅਨੁਸਾਰ) ਆਚਰਨ ਬਣਾ ਕੇ।
ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ ॥੩॥
He alone finds the Door of Salvation, who eradicates self-conceit from within himself. ||3||
ਉਹੀ ਮਨੁੱਖ ਵਿਕਾਰਾਂ ਵਲੋਂ ਖ਼ਲਾਸੀ ਦਾ ਰਸਤਾ ਲੱਭ ਸਕਦਾ ਹੈ, ਜਿਹੜਾ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ ॥੩॥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਿ = ਜਿਹੜਾ ਮਨੁੱਖ। ਆਪੁ = ਆਪਾ-ਭਾਵ ॥੩॥
ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ ॥
By Guru's Grace, the mortal is reincarnated into the Home of the Lord, having eradicated Maya from within.
ਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰੋਂ ਮਾਇਆ ਦਾ ਪ੍ਰਭਾਵ ਦੂਰ ਕਰ ਕੇ ਪਰਮਾਤਮਾ ਦੇ ਘਰ ਵਿਚ ਜੰਮ ਪੈਂਦਾ ਹੈ (ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿ ਕੇ ਨਵਾਂ ਆਤਮਕ ਜੀਵਨ ਬਣਾ ਲੈਂਦਾ ਹੈ)। ਸਿਵ ਘਰਿ = ਸ਼ਿਵ ਦੇ ਘਰ ਵਿਚ, ਪਰਮਾਤਮਾ ਦੇ ਘਰ ਵਿਚ। ਸਕਤਿ = ਮਾਇਆ (ਦਾ ਪ੍ਰਭਾਵ)।
ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ ॥੪॥
He eats the uneatable, and is blessed with a discriminating intellect; he meets the Supreme Person, the Primal Lord God. ||4||
(ਗੁਰੂ ਦੀ ਰਾਹੀਂ) ਮਨੁੱਖ ਇਸ ਅਮੋੜ ਮਨ ਨੂੰ ਵੱਸ ਵਿਚ ਲੈ ਆਉਂਦਾ ਹੈ, ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਹਾਸਲ ਕਰ ਲੈਂਦਾ ਹੈ, ਤੇ, ਇਸ ਤਰ੍ਹਾਂ ਗੁਰੂ-ਪੁਰਖ ਦੀ ਰਾਹੀਂ ਮਨੁੱਖ ਅਕਾਲ ਪੁਰਖ ਨੂੰ ਮਿਲ ਪੈਂਦਾ ਹੈ ॥੪॥ ਅਚਰੁ = ਅ-ਚਰੁ, ਨਾਹ ਚਰਿਆ ਜਾ ਸਕਣ ਵਾਲਾ, ਜਿਸ ਨੂੰ ਵੱਸ ਵਿਚ ਲਿਆਉਣਾ ਬਹੁਤ ਔਖਾ ਹੈ, ਅਮੋੜ ਮਨ। ਚਰੈ = ਵੱਸ ਵਿਚ ਲੈ ਆਉਂਦਾ ਹੈ। ਬਿਬੇਕ = ਚੰਗੇ ਮੰਦੇ ਕੰਮ ਦੀ ਪਰਖ। ਬੁਧਿ = ਅਕਲ, ਸੂਝ। ਪੁਰਖੈ = ਗੁਰੂ-ਪੁਰਖ ਦੀ ਰਾਹੀਂ। ਪੁਰਖੁ = ਪਰਮਾਤਮਾ ॥੪॥
ਧਾਤੁਰ ਬਾਜੀ ਸੰਸਾਰੁ ਅਚੇਤੁ ਹੈ ਚਲੈ ਮੂਲੁ ਗਵਾਇ ॥
The world is unconscious, like a passing show; the mortal departs, having lost his capital.
ਇਹ ਜਗਤ ਨਾਸਵੰਤ ਖੇਡ (ਹੀ) ਹੈ। (ਉਹ ਮਨੁੱਖ) ਮੂਰਖ ਹੈ (ਜਿਹੜਾ ਇਸ ਨਾਸਵੰਤ ਖੇਡ ਦੀ ਖ਼ਾਤਰ ਆਪਣੇ ਆਤਮਕ ਜੀਵਨ ਦਾ ਸਾਰਾ) ਸਰਮਾਇਆ ਗਵਾ ਕੇ (ਇਥੋਂ) ਤੁਰਦਾ ਹੈ। ਧਾਤੁਰ = ਭੱਜ ਜਾਣ ਵਾਲੀ, ਨਾਸਵੰਤ। ਬਾਜੀ = ਖੇਡ। ਅਚੇਤੁ = ਗ਼ਾਫ਼ਿਲ, ਮੂਰਖ। ਚਲੈ = ਜਾਂਦਾ ਹੈ। ਮੂਲੁ = (ਆਤਮਕ ਜੀਵਨ ਦਾ) ਸਰਮਾਇਆ। ਗਵਾਇ = ਗਵਾ ਕੇ।
ਲਾਹਾ ਹਰਿ ਸਤਸੰਗਤਿ ਪਾਈਐ ਕਰਮੀ ਪਲੈ ਪਾਇ ॥੫॥
The profit of the Lord is obtained in the Sat Sangat, the True Congregation; by good karma, it is found. ||5||
ਨਫ਼ਾ ਪਰਮਾਤਮਾ (ਦਾ ਨਾਮ ਹੈ, ਇਹ ਨਫ਼ਾ) ਸਾਧ ਸੰਗਤ ਵਿਚ ਮਿਲਦਾ ਹੈ, (ਪਰ ਪਰਮਾਤਮਾ ਦੀ) ਮਿਹਰ ਨਾਲ ਹੀ (ਮਨੁੱਖ ਇਹ ਨਫ਼ਾ) ਹਾਸਲ ਕਰਦਾ ਹੈ ॥੫॥ ਲਾਹਾ = ਲਾਭ, ਨਫ਼ਾ। ਪਾਈਐ = ਮਿਲਦਾ ਹੈ। ਕਰਮੀ = (ਪਰਮਾਤਮਾ ਦੀ) ਮਿਹਰ ਨਾਲ। ਪਲੈ ਪਾਇ = ਪ੍ਰਾਪਤ ਕਰਦਾ ਹੈ ॥੫॥
ਸਤਿਗੁਰ ਵਿਣੁ ਕਿਨੈ ਨ ਪਾਇਆ ਮਨਿ ਵੇਖਹੁ ਰਿਦੈ ਬੀਚਾਰਿ ॥
Without the True Guru, no one finds it; see this in your mind, and consider this in your heart.
ਆਪਣੇ ਮਨ ਵਿਚ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਕਿਸੇ ਭੀ ਮਨੁੱਖ ਨੇ (ਇਹ ਹਰਿ-ਨਾਮ-ਲਾਭ) ਗੁਰੂ (ਦੀ ਸਰਨ) ਤੋਂ ਬਿਨਾ ਹਾਸਲ ਨਹੀਂ ਕੀਤਾ। ਕਿਨੈ = ਕਿਸੇ ਨੇ ਭੀ। ਮਨਿ = ਮਨ ਵਿਚ। ਰਿਦੈ = ਹਿਰਦੇ ਵਿਚ। ਬੀਚਾਰਿ = ਵਿਚਾਰ ਕੇ।
ਵਡਭਾਗੀ ਗੁਰੁ ਪਾਇਆ ਭਵਜਲੁ ਉਤਰੇ ਪਾਰਿ ॥੬॥
By great good fortune, the mortal finds the Guru, and crosses over the terrifying world-ocean. ||6||
(ਜਿਨ੍ਹਾਂ ਮਨੁੱਖਾਂ ਨੇ) ਵੱਡੇ ਭਾਗਾਂ ਨਾਲ ਗੁਰੂ ਲੱਭ ਲਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੬॥ ਵਡਭਾਗੀ = ਵੱਡੇ ਭਾਗਾਂ ਨਾਲ। ਭਵਜਲੁ = ਸੰਸਾਰ-ਸਮੁੰਦਰ। ਉਤਰੇ = ਪਾਰ ਲੰਘ ਗਏ ॥੬॥
ਹਰਿ ਨਾਮਾਂ ਹਰਿ ਟੇਕ ਹੈ ਹਰਿ ਹਰਿ ਨਾਮੁ ਅਧਾਰੁ ॥
The Name of the Lord is my Anchor and Support. I take only the Support of the Name of the Lord, Har, Har.
(ਮੇਰੇ ਵਾਸਤੇ ਤਾਂ) ਹਰੀ ਪਰਮਾਤਮਾ ਦਾ ਨਾਮ (ਹੀ) ਸਹਾਰਾ ਹੈ, ਹਰੀ ਦਾ ਨਾਮ ਹੀ ਆਸਰਾ ਹੈ। ਟੇਕ = ਸਹਾਰਾ। ਅਧਾਰੁ = ਆਸਰਾ।
ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ ਪਾਵਉ ਮੋਖ ਦੁਆਰੁ ॥੭॥
O Dear Lord, please be kind and lead me to meet the Guru, that I may find the Door of Salvation. ||7||
ਹੇ ਪ੍ਰਭੂ ਜੀ! ਮਿਹਰ ਕਰੋ, (ਮੈਨੂੰ) ਗੁਰੂ ਮਿਲਾਓ, ਮੈਂ (ਗੁਰੂ ਦੀ ਰਾਹੀਂ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ) ਰਸਤਾ ਲੱਭ ਸਕਾਂ ॥੭॥ ਹਰਿ ਜੀਉ = ਹੇ ਪ੍ਰਭੂ ਜੀ! ਪਾਵਉ = ਪਾਵਉਂ, ਮੈਂ ਲੱਭ ਲਵਾਂ। ਮੋਖ = ਵਿਕਾਰਾਂ ਤੋਂ ਖ਼ਲਾਸੀ। ਮੋਖ ਦੁਆਰੁ = ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ॥੭॥
ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਮੇਟਣਾ ਨ ਜਾਇ ॥
The pre-ordained destiny inscribed on the mortal's forehead by our Lord and Master cannot be erased.
(ਜਿਨ੍ਹਾਂ ਮਨੁੱਖਾਂ ਦੇ) ਮੱਥੇ ਉੱਤੇ ਧੁਰ ਦਰਗਾਹ ਤੋਂ ਮਾਲਕ-ਪ੍ਰਭੂ ਨੇ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, (ਉਹ ਲੇਖ ਕਿਸੇ ਪਾਸੋਂ) ਮਿਟਾਇਆ ਨਹੀਂ ਜਾ ਸਕਦਾ। ਮਸਤਕਿ = ਮੱਥੇ ਉੱਤੇ। ਲਿਲਾਟਿ = ਮੱਥੇ ਉੱਤੇ। ਧੁਰਿ = ਧੁਰ ਦਰਗਾਹ ਤੋਂ। ਠਾਕੁਰਿ = ਠਾਕੁਰ ਨੇ, ਮਾਲਕ-ਪ੍ਰਭੂ ਨੇ।
ਨਾਨਕ ਸੇ ਜਨ ਪੂਰਨ ਹੋਏ ਜਿਨ ਹਰਿ ਭਾਣਾ ਭਾਇ ॥੮॥੧॥
O Nanak, those humble beings are perfect, who are pleased by the Lord's Will. ||8||1||
ਹੇ ਨਾਨਕ! (ਗੁਰੂ-ਸਰਨ ਦੀ ਬਰਕਤਿ ਨਾਲ) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪਈ, ਉਹ ਮਨੁੱਖ ਮੁਕੰਮਲ (ਆਤਮਕ ਜੀਵਨ ਵਾਲੇ) ਬਣ ਗਏ ॥੮॥੧॥ ਸੇ ਜਨ = ਉਹ ਮਨੁੱਖ (ਬਹੁ-ਵਚਨ)। ਪੂਰਨ = ਮੁਕੰਮਲ (ਆਤਮਕ ਜੀਵਨ ਵਾਲੇ)। ਭਾਣਾ = ਰਜ਼ਾ। ਭਾਇ = ਭਾਉਂਦਾ ਹੈ ॥੮॥੧॥