ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਗਉੜੀ ਬੈਰਾਗਣਿ ਮਹਲਾ ੩ ॥
Raag Gauree Bairaagan, Third Mehl:
ਰਾਗ ਗਉੜੀ-ਬੈਰਾਗਣਿ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ ॥
Those who turn their faces away from the True Guru, are seen to be unfaithful and evil.
(ਹੇ ਭਾਈ!) ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਫੇਰੀ ਰੱਖਦੇ ਹਨ, ਗੁਰੂ ਵਲੋਂ ਬੇਮੁਖ ਹੋਏ ਉਹ ਮਨੁੱਖ (ਵੇਖਣ ਨੂੰ ਹੀ ਪਏ) ਭੈੜੇ ਦਿੱਸਦੇ ਹਨ। ਤੇ = ਤੋਂ। ਜੋ = ਜੇਹੜੇ ਬੰਦੇ। ਤੇ = ਉਹ ਬੰਦੇ। ਦਿਸੰਨਿ = ਦਿੱਸਦੇ ਹਨ।
ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨਾ ਲਹੰਨਿ ॥੧॥
They shall be bound and beaten night and day; they shall not have this opportunity again. ||1||
(ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਬੱਝੇ ਹੋਏ ਉਹ ਮਨੁੱਖ ਹਰ ਵੇਲੇ ਮੋਹ ਦੀਆਂ ਚੋਟਾਂ ਖਾਂਦੇ ਰਹਿੰਦੇ ਹਨ, (ਇਹਨਾਂ ਚੋਟਾਂ ਤੋਂ ਬਚਣ ਲਈ) ਉਹਨਾਂ ਨੂੰ ਮੁੜ ਸਮਾ ਹੱਥ ਨਹੀਂ ਆਉਂਦਾ, (ਭਾਵ, ਮਾਰ ਭੀ ਖਾਂਦੇ ਰਹਿੰਦੇ ਹਨ, ਫਿਰ ਭੀ ਇਹ ਮੋਹ ਇਤਨਾ ਪਿਆਰਾ ਲੱਗਦਾ ਹੈ ਕਿ ਇਸ ਵਿਚੋਂ ਨਿਕਲਣ ਨੂੰ ਜੀ ਭੀ ਨਹੀਂ ਕਰਦਾ) ॥੧॥ ਅਨਦਿਨੁ = ਹਰ ਰੋਜ਼, ਹਰ ਵੇਲੇ। ਬਧੇ = (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਬੱਝੇ ਹੋਏ। ਮਾਰੀਅਨਿ = ਮਾਰੀਦੇ ਹਨ, ਮੋਹ ਦੀਆਂ ਚੋਟਾਂ ਖਾਂਦੇ ਹਨ। ਵੇਲਾ = ਸਮਾ (ਇਹਨਾਂ ਚੋਟਾਂ ਤੋਂ ਬਚ ਨਿਕਲਣ ਵਾਸਤੇ)। ਲਹੰਨਿ = ਲੈਂਦੇ, ਲੱਭ ਸਕਦੇ ॥੧॥
ਹਰਿ ਹਰਿ ਰਾਖਹੁ ਕ੍ਰਿਪਾ ਧਾਰਿ ॥
O Lord, please shower Your Mercy upon me, and save me!
ਹੇ ਹਰੀ! ਹੇ ਹਰੀ! ਮਿਹਰ ਕਰ, (ਮੈਨੂੰ ਮਾਇਆ ਦੇ ਪੰਜੇ ਤੋਂ) ਬਚਾ ਰੱਖ। ਹਰਿ = ਹੇ ਰਹੀ! ਧਾਰਿ = ਧਾਰ ਕੇ।
ਸਤਸੰਗਤਿ ਮੇਲਾਇ ਪ੍ਰਭ ਹਰਿ ਹਿਰਦੈ ਹਰਿ ਗੁਣ ਸਾਰਿ ॥੧॥ ਰਹਾਉ ॥
O Lord God, please lead me to meet the Sat Sangat, the True Congregation, that I may dwell upon the Glorious Praises of the Lord within my heart. ||1||Pause||
ਹੇ ਹਰੀ! ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਵਿਚ ਮੇਲ ਰੱਖ, ਤਾ ਕਿ ਮੈਂ ਤੇਰੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਾਂ ॥੧॥ ਰਹਾਉ ॥ ਪ੍ਰਭ = ਹੇ ਪ੍ਰਭੂ! ਸਾਰਿ = ਸਾਰੀਂ, ਮੈਂ ਸੰਭਾਲਾਂ ॥੧॥ ਰਹਾਉ ॥
ਸੇ ਭਗਤ ਹਰਿ ਭਾਵਦੇ ਜੋ ਗੁਰਮੁਖਿ ਭਾਇ ਚਲੰਨਿ ॥
Those devotees are pleasing to the Lord, who as Gurmukh, walk in harmony with the Way of the Lord's Will.
(ਹੇ ਭਾਈ!) ਪਰਮਾਤਮਾ ਨੂੰ ਉਹ ਭਗਤ ਪਿਆਰੇ ਲੱਗਦੇ ਹਨ, ਜੇਹੜੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਦੱਸੇ ਅਨੁਸਾਰ ਜੀਵਨ ਬਿਤੀਤ ਕਰਦੇ ਹਨ, ਭਗਤ = {ਬਹੁ-ਬਚਨ}। ਭਾਇ = ਪ੍ਰੇਮ ਵਿਚ। ਚਲੰਨਿ = ਤੁਰਦੇ ਹਨ, ਜੀਵਨ ਬਤੀਤ ਕਰਦੇ ਹਨ।
ਆਪੁ ਛੋਡਿ ਸੇਵਾ ਕਰਨਿ ਜੀਵਤ ਮੁਏ ਰਹੰਨਿ ॥੨॥
Subduing their selfishness and conceit, and performing selfless service, they remain dead while yet alive. ||2||
ਜੇਹੜੇ (ਗੁਰੂ ਦੇ ਹੁਕਮ ਅਨੁਸਾਰ) ਆਪਾ-ਭਾਵ (ਸੁਆਰਥ) ਛੱਡ ਕੇ ਸੇਵਾ-ਭਗਤੀ ਕਰਦੇ ਹਨ ਤੇ ਦੁਨੀਆ ਦਾ ਕਾਰ-ਵਿਹਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦੇ ਹਨ ॥੨॥ ਆਪੁ = ਆਪਾ-ਭਾਵ। ਮੁਏ = ਵਿਕਾਰਾਂ ਵਲੋਂ ਅਛੋਹ ॥੨॥
ਜਿਸ ਦਾ ਪਿੰਡੁ ਪਰਾਣ ਹੈ ਤਿਸ ਕੀ ਸਿਰਿ ਕਾਰ ॥
The body and the breath of life belong to the One - perform the greatest service to Him.
(ਹੇ ਭਾਈ!) ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਹੈ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਉਸੇ ਦਾ ਹੁਕਮ (ਹੀ) ਹਰੇਕ ਦੇ ਸਰੀਰ ਉਤੇ ਚੱਲ ਰਿਹਾ ਹੈ। ਪਿੰਡੁ = ਸਰੀਰ। ਪਰਾਣ = ਜਿੰਦ। ਸਿਰਿ = ਸਿਰ ਤੇ। ਕਾਰ = ਹਕੂਮਤਿ।
ਓਹੁ ਕਿਉ ਮਨਹੁ ਵਿਸਾਰੀਐ ਹਰਿ ਰਖੀਐ ਹਿਰਦੈ ਧਾਰਿ ॥੩॥
Why forget Him from your mind? Keep the Lord enshrined in your heart. ||3||
ਉਸ ਨੂੰ ਕਿਸੇ ਭੀ ਹਾਲਤ ਵਿਚ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਰੱਖਣਾ ਚਾਹੀਦਾ ਹੈ ॥੩॥ ਮਨਹੁ = ਮਨ ਤੋਂ ॥੩॥
ਨਾਮਿ ਮਿਲਿਐ ਪਤਿ ਪਾਈਐ ਨਾਮਿ ਮੰਨਿਐ ਸੁਖੁ ਹੋਇ ॥
Receiving the Naam, the Name of the Lord, one obtains honor; believing in the Naam, one is at peace.
(ਹੇ ਭਾਈ!) ਜੇ ਪਰਮਾਤਮਾ ਦਾ ਨਾਮ ਮਿਲ ਜਾਏ ਤਾਂ (ਹਰ ਥਾਂ) ਇੱਜ਼ਤ ਮਿਲਦੀ ਹੈ, ਜੇ ਪਰਮਾਤਮਾ ਦੇ ਨਾਮ ਨਾਲ ਮਨ ਗਿੱਝ ਜਾਏ ਤਾਂ ਆਤਮਕ ਆਨੰਦ ਹਾਸਲ ਹੁੰਦਾ ਹੈ। ਨਾਮਿ ਮਿਲਿਐ = ਜੇ ਨਾਮ ਮਿਲ ਜਾਏ। ਪਤਿ = ਇੱਜ਼ਤ। ਨਾਮਿ ਮੰਨੀਐ = ਜੇ ਮਨ ਨਾਮ ਵਿਚ ਪਤੀਜ ਜਾਏ।
ਸਤਿਗੁਰ ਤੇ ਨਾਮੁ ਪਾਈਐ ਕਰਮਿ ਮਿਲੈ ਪ੍ਰਭੁ ਸੋਇ ॥੪॥
The Naam is obtained from the True Guru; by His Grace, God is found. ||4||
(ਪਰ, ਹੇ ਭਾਈ!) ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਆਪਣੀ ਮਿਹਰ ਨਾਲ ਹੀ ਉਹ ਪਰਮਾਤਮਾ ਮਿਲਦਾ ਹੈ ॥੪॥ ਤੇ = ਤੋਂ, ਪਾਸੋਂ। ਕਰਮਿ = ਮਿਹਰ ਨਾਲ ॥੪॥
ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭ੍ਰਮਦੇ ਨਾ ਟਿਕੰਨਿ ॥
They turn their faces away from the True Guru; they continue to wander aimlessly.
(ਹੇ ਭਾਈ!) ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਮਨੁੱਖ (ਮਾਇਆ ਦੇ ਮੋਹ ਵਿਚ ਸਦਾ) ਭਟਕਦੇ ਫਿਰਦੇ ਹਨ, ਉਹਨਾਂ ਨੂੰ ਕਦੇ ਆਤਮਕ ਸ਼ਾਂਤੀ ਨਹੀਂ ਲੱਭਦੀ। ਓਇ = {'ਓਹ' ਤੋਂ ਬਹੁ-ਵਚਨ}। ਭ੍ਰਮਦੇ = ਭਟਕਦੇ।
ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ ॥੫॥
They are not accepted by the earth or the sky; they fall into manure, and rot. ||5||
ਉਹਨਾਂ ਨੂੰ ਨਾਹ ਧਰਤੀ ਨਾਹ ਆਸਮਾਨ ਝੱਲ ਨਹੀਂ ਸਕਦਾ (ਸਾਰੀ ਸ੍ਰਿਸ਼ਟੀ ਵਿਚ ਕੋਈ ਹੋਰ ਜੀਵ ਉਹਨਾਂ ਨੂੰ ਆਤਮਕ ਸਹਾਰਾ ਨਹੀਂ ਦੇ ਸਕਦਾ) ਉਹ ਮਾਇਆ ਦੇ ਮੋਹ ਦੇ ਗੰਦ ਵਿਚ ਪਏ ਹੋਏ ਹੀ ਆਪਣਾ ਆਤਮਕ ਜੀਵਨ ਸਾੜਦੇ ਰਹਿੰਦੇ ਹਨ ॥੫॥ ਝਲਈ = ਝੱਲਦਾ, ਸਹਾਰਾ ਦੇਂਦਾ। ਪਚੰਨਿ = ਦੁਖੀ ਹੁੰਦੇ ਹਨ, ਸੜਦੇ ਹਨ, ਆਤਮਕ ਜੀਵਨ ਸਾੜ ਲੈਂਦੇ ਹਨ ॥੫॥
ਇਹੁ ਜਗੁ ਭਰਮਿ ਭੁਲਾਇਆ ਮੋਹ ਠਗਉਲੀ ਪਾਇ ॥
This world is deluded by doubt - it has taken the drug of emotional attachment.
(ਹੇ ਭਾਈ! ਮਾਇਆ ਨੇ) ਇਸ ਜਗਤ ਨੂੰ (ਆਪਣੇ ਮੋਹ ਦੀ) ਭਟਕਣਾ ਵਿਚ (ਪਾ ਕੇ) ਮੋਹ ਦੀ ਠਗ-ਬੂਟੀ ਖੁਆ ਕੇ ਗ਼ਲਤ ਜੀਵਨ-ਰਾਹ ਤੇ ਪਾਇਆ ਹੋਇਆ ਹੈ। ਭਰਮਿ = ਭਟਕਣਾ ਵਿਚ। ਭੁਲਾਇਆ = ਕੁਰਾਹੇ ਪਾਇਆ ਹੈ। ਠਗਉਲੀ = ਠਗ-ਬੂਟੀ, ਠਗ-ਮੂਰੀ।
ਜਿਨਾ ਸਤਿਗੁਰੁ ਭੇਟਿਆ ਤਿਨ ਨੇੜਿ ਨ ਭਿਟੈ ਮਾਇ ॥੬॥
Maya does not draw near those who have met with the True Guru. ||6||
(ਪਰ ਹੇ ਭਾਈ!) ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਇਹ ਮਾਇਆ ਉਹਨਾਂ ਦੇ ਨੇੜੇ ਭੀ ਨਹੀਂ ਢੁੱਕਦੀ (ਉਹਨਾਂ ਉਤੇ ਆਪਣੇ ਮੋਹ ਦਾ ਜਾਦੂ ਨਹੀਂ ਚਲਾ ਸਕਦੀ) ॥੬॥ ਭੇਟਿਆ = ਮਿਲਿਆ। ਮਾਇ = ਮਾਇਆ। ਭਿਟੈ = ਢੁਕਦੀ ॥੬॥
ਸਤਿਗੁਰੁ ਸੇਵਨਿ ਸੋ ਸੋਹਣੇ ਹਉਮੈ ਮੈਲੁ ਗਵਾਇ ॥
Those who serve the True Guru are very beautiful; they cast off the filth of selfishness and conceit.
(ਹੇ ਭਾਈ!) ਜੇਹੜੇ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਕੇ ਸੁਥਰੇ ਜੀਵਨ ਵਾਲੇ ਬਣ ਜਾਂਦੇ ਹਨ। ਸੇਵਨਿ = ਸੇਂਵਦੇ ਹਨ।
ਸਬਦਿ ਰਤੇ ਸੇ ਨਿਰਮਲੇ ਚਲਹਿ ਸਤਿਗੁਰ ਭਾਇ ॥੭॥
Those who are attuned to the Shabad are immaculate and pure. They walk in harmony with the Will of the True Guru. ||7||
ਜੇਹੜੇ ਮਨੁੱਖ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਗੁਰੂ ਦੇ ਦੱਸੇ ਹੁਕਮ ਅਨੁਸਾਰ ਤੁਰਦੇ ਹਨ, (ਜੀਵਨ ਬਿਤਾਂਦੇ ਹਨ) ॥੭॥ ਸਬਦਿ = ਸ਼ਬਦ ਵਿਚ। ਰਤੇ = ਰੰਗੇ ਹੋਏ। ਭਾਇ = ਪ੍ਰੇਮ ਵਿਚ ॥੭॥
ਹਰਿ ਪ੍ਰਭ ਦਾਤਾ ਏਕੁ ਤੂੰ ਤੂੰ ਆਪੇ ਬਖਸਿ ਮਿਲਾਇ ॥
O Lord God, You are the One and Only Giver; You forgive us, and unite us with Yourself.
ਹੇ ਹਰੀ! ਹੇ ਪ੍ਰਭੂ! ਸਿਰਫ਼ ਤੂੰ ਹੀ ਹੈਂ ਜੋ (ਗੁਰੂ ਦੀ ਰਾਹੀਂ ਆਪਣੇ ਨਾਮ ਦੀ) ਦਾਤ ਦੇਣ ਵਾਲਾ ਹੈਂ, ਤੂੰ ਆਪ ਹੀ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ। ਪ੍ਰਭ = ਹੇ ਪ੍ਰਭੂ! ਬਖਸਿ = ਬਖ਼ਸ਼ਸ਼ ਕਰ ਕੇ। ਮਿਲਾਇ = (ਆਪਣੇ ਚਰਨਾਂ ਨਾਲ) ਜੋੜ।
ਜਨੁ ਨਾਨਕੁ ਸਰਣਾਗਤੀ ਜਿਉ ਭਾਵੈ ਤਿਵੈ ਛਡਾਇ ॥੮॥੧॥੯॥
Servant Nanak seeks Your Sanctuary; if it is Your Will, please save him! ||8||1||9||
(ਮੈਂ ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਉਸੇ ਤਰ੍ਹਾਂ (ਇਸ ਮਾਇਆ ਦੇ ਮੋਹ ਦੇ ਪੰਜੇ ਤੋਂ) ਬਚਾ ਲੈ ॥੮॥੧॥੯॥ ਜਨੁ = ਦਾਸ। ਸਰਣਾਗਤੀ = ਸਰਨ ਆਇਆ ਹੈ। ਭਾਵੈ = ਚੰਗਾ ਲੱਗੇ ॥੮॥