ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਰਾਮਕਲੀ ਮਹਲਾ ੯ ਤਿਪਦੇ ॥
Raag Raamkalee, Ninth Mehl, Thi-Padhay:
ਰਾਗ ਰਾਮਕਲੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਤਿਨ-ਬੰਦਾਂ ਵਾਲੀ ਬਾਣੀ।
ਰੇ ਮਨ ਓਟ ਲੇਹੁ ਹਰਿ ਨਾਮਾ ॥
O mind, take the sheltering support of the Lord's Name.
ਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਕਰ, ਓਟ = ਆਸਰਾ।
ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥
Remembering Him in meditation, evil-mindedness is dispelled, and the state of Nirvaanaa is obtained. ||1||Pause||
ਜਿਸ ਨਾਮ ਦੇ ਸਿਮਰਨ ਨਾਲ ਖੋਟੀ ਮੱਤ ਨਾਸ ਹੋ ਜਾਂਦੀ ਹੈ, (ਨਾਮ ਦੀ ਬਰਕਤਿ ਨਾਲ) ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥ ਰਹਾਉ ॥ ਜਾ ਕੈ ਸਿਮਰਨਿ = ਜਿਸ ਹਰਿ-ਨਾਮ ਦੇ ਸਿਮਰਨ ਨਾਲ। ਦੁਰਮਤਿ = ਖੋਟੀ ਮੱਤ। ਨਿਰਬਾਨ ਪਦੁ = ਉਹ ਆਤਮਕ ਦਰਜਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ, ਵਾਸਨਾ-ਰਹਿਤ ॥੧॥ ਰਹਾਉ ॥
ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥
Know that one who sings the Glorious Praises of the Lord is very fortunate.
ਹੇ (ਮੇਰੇ) ਮਨ! ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਨੂੰ ਵੱਡੇ ਭਾਗਾਂ ਵਾਲਾ ਸਮਝ। ਤਿਹ ਜਨ ਕਉ = ਉਸ ਮਨੁੱਖ ਨੂੰ। ਜਾਨਹੁ = ਸਮਝੋ।
ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥੧॥
The sins of countless incarnations are washed off, and he attains the heavenly realm. ||1||
ਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਕੇ ਫਿਰ ਬੈਕੁੰਠ ਵਿਚ ਜਾ ਪਹੁੰਚਦਾ ਹੈ ॥੧॥ ਖੋਇ ਕੈ = ਨਾਸ ਕਰ ਕੇ। ਫੁਨਿ = ਮੁੜ, ਫਿਰ। ਬੈਕੁੰਠਿ = ਬੈਕੁੰਠ ਵਿਚ। ਸਿਧਾਵੈ = ਜਾ ਪਹੁੰਚਦਾ ਹੈ ॥੧॥
ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥
At the very last moment, Ajaamal became aware of the Lord;
(ਹੇ ਮੇਰੇ ਮਨ! ਵੇਖ, ਪੁਰਾਣੀ ਪ੍ਰਸਿੱਧ ਕਥਾ ਹੈ ਕਿ) ਅਖ਼ੀਰਲੇ ਵੇਲੇ (ਪਾਪੀ) ਅਜਾਮਲ ਨੂੰ ਪਰਮਾਤਮਾ ਦੇ ਨਾਮ ਦੀ ਸੂਝ ਆ ਗਈ, ਕਾਲ = ਸਮਾ। ਮਹਿ = ਵਿਚ। ਨਾਰਾਇਨ ਸੁਧਿ = ਪਰਮਾਤਮਾ ਦੀ ਸੂਝ। {ਪੁਰਾਣਿਕ ਕਹਾਣੀ ਇਹ ਹੈ ਕਿ ਪਾਪੀ ਅਜਾਮਲ ਨੇ ਆਪਣੇ ਛੋਟੇ ਪੁੱਤਰ ਦਾ ਨਾਮ ਨਾਰਾਇਨ ਰੱਖਿਆ ਸੀ। ਅੰਤ ਵੇਲੇ ਆਪਣੇ ਪੁੱਤਰ ਨਾਰਾਇਨ ਨੂੰ ਯਾਦ ਕਰਦਿਆਂ ਉਸ ਨੂੰ ਪ੍ਰਭੂ-ਨਾਰਾਇਨ ਦੀ ਸੂਝ ਆ ਗਈ}।
ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥੨॥
that state which even the supreme Yogis desire - he attained that state in an instant. ||2||
ਉਸ ਨੇ ਉਹ ਉੱਚੀ ਆਤਮਕ ਅਵਸਥਾ ਇਕ ਪਲਕ ਵਿਚ ਹਾਸਲ ਕਰ ਲਈ, ਜਿਸ ਆਤਮਕ ਅਵਸਥਾ ਨੂੰ ਵੱਡੇ ਵੱਡੇ ਜੋਗੀ ਤਾਂਘਦੇ ਰਹਿੰਦੇ ਹਨ ॥੨॥ ਗਤਿ = ਉੱਚੀ ਆਤਮਕ ਅਵਸਥਾ। ਕਉ = ਨੂੰ। ਜੋਗੀਸੁਰ = ਵੱਡੇ ਵੱਡੇ ਜੋਗੀ ॥੨॥
ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ ॥
The elephant had no virtue and no knowledge; what religious rituals has he performed?
ਹੇ ਮੇਰੇ ਮਨ! ਗਜ ਦੀ ਕਥਾ ਭੀ ਸੁਣ। ਗਜ ਵਿਚ) ਨਾਹ ਕੋਈ ਗੁਣ ਸੀ, ਨਾਹ ਹੀ ਉਸ ਨੂੰ ਕੋਈ ਵਿੱਦਿਆ ਪ੍ਰਾਪਤ ਸੀ। (ਉਸ ਵਿਚਾਰੇ) ਗਜ ਨੇ ਕਿਹੜਾ ਧਾਰਮਿਕ ਕੰਮ ਕਰਨਾ ਸੀ? ਨਾਹਿਨ = ਨਹੀਂ। ਗਜਿ = ਗਜ ਨੇ। {ਭਾਗਵਤ ਅਨੁਸਾਰ ਕਥਾ: ਇਕ ਗੰਧਰਵ ਕਿਸੇ ਰਿਸ਼ੀ ਦੇ ਸਰਾਪ ਨਾਲ ਹਾਥੀ ਬਣ ਗਿਆ। ਇਸ ਹਾਥੀ ਨੂੰ ਵਰੁਣ ਦੇ ਤਲਾਬ ਵਿਚ ਇਕ ਤੰਦੂਏ ਨੇ ਆਪਣੀਆਂ ਤੰਦਾਂ ਵਿਚ ਫੜ ਲਿਆ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਹ ਬਚ ਨਿਕਲਿਆ}।
ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ ॥੩॥੧॥
O Nanak, behold the way of the Lord, who bestowed the gift of fearlessness. ||3||1||
ਹੇ ਨਾਨਕ! ਪਰ ਵੇਖ ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ, ਪਰਮਾਤਮਾ ਨੇ ਉਸ ਗਜ ਨੂੰ ਨਿਰਭੈਤਾ ਦੀ ਪਦਵੀ ਬਖ਼ਸ਼ ਦਿੱਤੀ ॥੩॥੧॥ ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਅਭੈ = ਨਿਰਭੈਤਾ ਦਾ। ਅਭੈ ਦਾਨੁ = ਨਿਰਭੈਤਾ ਦੀ ਬਖ਼ਸ਼ਸ਼। ਤਿਹ = ਉਸ ਨੂੰ ॥੩॥੧॥