ਸਿਰੀਰਾਗੁ ਮਹਲਾ ੧ ॥
Siree Raag, First Mehl:
ਸਿਰੀ ਰਰਾਗ, ਪਹਿਲੀ ਪਾਤਸ਼ਾਹੀ।
ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥
Listen, O deluded and demented mind: hold tight to the Guru's Feet.
ਹੇ ਕੁਰਾਹੇ-ਪਏ ਕਮਲੇ ਮਨ! (ਮੇਰੀ ਸਿੱਖਿਆ) ਸੁਣ (ਸਿੱਖਿਆ ਇਹ ਹੈ ਕਿ) ਗੁਰੂ ਦੀ ਸਰਨੀ ਪਉ। ਬਾਵਰੇ = ਹੇ ਕਮਲੇ!
ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ ॥
Chant and meditate on the Naam, the Name of the Lord; death will be afraid of you, and suffering shall depart.
(ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ, ਤੂੰ ਭੀ ਉਹ) ਹਰਿ ਨਾਮ ਜਪ, (ਪ੍ਰਭੂ ਚਰਨਾਂ ਵਿਚ) ਸੁਰਤ ਜੋੜ (ਪ੍ਰਭੂ ਦਾ ਨਾਮ ਸਿਮਰਿਆਂ) ਜਮਰਾਜ (ਭੀ) ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ। ਦੁਖ ਭਾਗੁ = ਦੁਖਾਂ ਨੂੰ ਭਾਜੜ (ਪੈ ਜਾਂਦੀ ਹੈ)।
ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ ॥੧॥
The deserted wife suffers terrible pain. How can her Husband Lord remain with her forever? ||1||
(ਪਰ ਜੇਹੜੀ) ਭਾਗ-ਹੀਣ ਜੀਵ-ਇਸਤ੍ਰੀ (ਨਾਮ ਨਹੀਂ ਸਿਮਰਦੀ, ਉਸ) ਨੂੰ ਬਹੁਤ ਦੁੱਖ-ਕਲੇਸ਼ ਵਿਆਪਦਾ ਹੈ (ਦੁੱਖਾਂ ਨੂੰ ਭਾਜੜ ਤਦੋਂ ਹੀ ਪੈ ਸਕਦੀ ਹੈ, ਜੇ ਸਿਰ ਉਤੇ ਖਸਮ-ਸਾਈਂ ਹੋਵੇ, ਪਰ ਜੋ ਖਸਮ ਦਾ ਨਾਮ ਕਦੇ ਚੇਤੇ ਹੀ ਨਹੀਂ ਕਰਦੀ, ਉਸ ਦੇ ਸਿਰ ਉਤੇ) ਖਸਮ-ਸਾਈਂ ਕਿਵੇਂ ਟਿਕਿਆ ਹੋਇਆ ਪ੍ਰਤੀਤ ਹੋਵੇ? ॥੧॥ ਦੋਹਾਗਣੀ = ਮੰਦੇ ਭਾਗਾਂ ਵਾਲੀ ॥੧॥
ਭਾਈ ਰੇ ਅਵਰੁ ਨਾਹੀ ਮੈ ਥਾਉ ॥
O Siblings of Destiny, I have no other place to go.
ਹੇ ਭਾਈ! (ਨਾਮ ਖ਼ਜ਼ਾਨਾ ਹਾਸਲ ਕਰਨ ਲਈ) ਮੈਨੂੰ (ਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ ਦਿੱਸਦਾ।
ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ॥੧॥ ਰਹਾਉ ॥
The Guru has given me the Treasure of the Wealth of the Naam; I am a sacrifice to Him. ||1||Pause||
ਮੇਰੇ ਵਾਸਤੇ ਤਾਂ ਪ੍ਰਭੂ-ਨਾਮ ਹੀ ਧਨ ਹੈ, ਨਾਮ ਹੀ ਖ਼ਜ਼ਾਨਾ ਹੈ (ਇਹ ਖ਼ਜ਼ਾਨਾ ਜਿਸ ਕਿਸੇ ਨੂੰ ਦਿੱਤਾ ਹੈ) ਗੁਰੂ ਨੇ (ਹੀ) ਦਿੱਤਾ ਹੈ, ਮੈਂ ਗੁਰੂ ਤੋਂ ਕੁਰਬਾਨ ਹਾਂ ॥੧॥ ਰਹਾਉ ॥ ਨਿਧਾਨੁ = ਖ਼ਜ਼ਾਨਾ। ਗੁਰਿ = ਗੁਰੂ ਨੇ। ਬਲਿ = ਕੁਰਬਾਨ ਸਦਕੇ ॥੧॥ ਰਹਾਉ ॥
ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ ॥
The Guru's Teachings bring honor. Blessed is He-may I meet and be with Him!
ਸ਼ਾਬਾਸ਼ੇ ਉਸ (ਗੁਰੂ) ਤੋਂ ਜਿਸ ਗੁਰੂ ਦੀ ਮਤਿ ਮਿਲਿਆਂ ਇੱਜ਼ਤ ਮਿਲਦੀ ਹੈ। (ਪ੍ਰਭੂ ਮਿਹਰ ਕਰੇ) ਮੈਂ ਉਸ (ਗੁਰੂ) ਦੀ ਸੰਗਤਿ ਵਿਚ ਮਿਲਿਆ ਰਹਾਂ। ਪਤਿ = ਇੱਜ਼ਤ।
ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ ॥
Without Him, I cannot live, even for a moment. Without His Name, I die.
(ਨਾਮ ਦੀ ਦਾਤ ਦੇਣ ਵਾਲੇ) ਉਸ ਗੁਰੂ ਤੋਂ ਬਿਨਾ ਮੈਂ ਇਕ ਘੜੀ ਭੀ ਨਹੀਂ ਰਹਿ ਸਕਦਾ, ਕਿਉਂਕਿ ਨਾਮ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਮਰਿ ਜਾਉ = (ਜਾਉਂ) ਮੈਂ ਆਤਮਕ ਮੌਤੇ ਮਰ ਜਾਂਦਾ ਹਾਂ।
ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ ॥੨॥
I am blind-may I never forget the Naam! Under His Protection, I shall reach my true home. ||2||
(ਨਾਮ ਤੋਂ ਬਿਨਾ ਮੈਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹਾਂ, ਪ੍ਰਭੂ ਮਿਹਰ ਕਰੇ) ਮੈਨੂੰ ਅੰਨ੍ਹੇ ਨੂੰ ਉਸ ਦਾ ਨਾਮ ਨਾਹ ਭੁੱਲ ਜਾਏ, ਮੈਂ ਗੁਰੂ ਦਾ ਆਸਰਾ ਪਰਨਾ ਲੈ ਕੇ ਪ੍ਰਭੂ-ਚਰਨਾਂ ਵਿਚ ਜੁੜਿਆ ਰਹਾਂ ॥੨॥
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥
Those chaylaas, those devotees, whose spiritual teacher is blind, shall not find their place of rest.
(ਪਰ ਗੁਰੂ ਭੀ ਹੋਵੇ ਤਾਂ ਸੁਜਾਖਾ ਹੋਵੇ) ਜਿਨ੍ਹਾਂ ਦਾ ਗੁਰੂ (ਆਪ ਹੀ ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਗਿਆ ਹੋਵੇ, ਉਹਨਾਂ ਚੇਲਿਆਂ ਨੂੰ (ਆਤਮਕ ਸੁਖ ਦਾ) ਥਾਂ-ਟਿਕਾਣਾ ਨਹੀਂ ਲੱਭ ਸਕਦਾ।
ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥
Without the True Guru, the Name is not obtained. Without the Name, what is the use of it all?
(ਪੂਰੇ) ਗੁਰੂ ਤੋਂ ਬਿਨਾ ਪ੍ਰਭੂ ਦਾ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾ ਹੋਰ ਕੋਈ (ਸੁਚੱਜਾ) ਜੀਵਨ-ਮਨੋਰਥ ਨਹੀਂ ਹੋ ਸਕਦਾ। ਸੁਆਉ = ਸੁਆਰਥ, ਜਨਮ ਮਨੋਰਥ।
ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ॥੩॥
People come and go, regretting and repenting, like crows in a deserted house. ||3||
ਨਾਮ ਤੋਂ ਵਾਂਜਿਆ ਮਨੁੱਖ ਦੁਨੀਆ ਵਿਚ ਆਇਆ ਤੇ ਤੁਰ ਗਿਆ, ਪਛਤਾਵਾ ਹੀ (ਨਾਲ ਲੈ ਗਿਆ, ਖਾਲੀ-ਹੱਥ ਹੀ ਜਗ ਤੋਂ ਗਿਆ) ਜਿਵੇਂ ਸੁੰਞੇ ਘਰ ਵਿਚ ਕਾਂ (ਆ ਕੇ ਖ਼ਾਲੀ ਜਾਂਦਾ ਹੈ) ॥੩॥ ਕਾਉ = ਕਾਂ ॥੩॥
ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ ॥
Without the Name, the body suffers in pain; it crumbles like a wall of sand.
ਨਾਮ ਸਿਮਰਨ ਤੋਂ ਬਿਨਾ ਸਰੀਰ ਨੂੰ (ਚਿੰਤਾ ਆਦਿਕ ਇਤਨਾ) ਦੁੱਖ ਵਿਆਪਦਾ ਹੈ (ਕਿ ਸਰੀਰਕ ਸੱਤਿਆ ਇਉਂ ਕਿਰਦੀ ਜਾਂਦੀ ਹੈ) ਜਿਵੇਂ ਕਲਰ ਦੀ ਕੰਧ (ਕਿਰਦੀ ਰਹਿੰਦੀ ਹੈ)। ਦੇਹੁਰੀ = ਸਰੀਰ (ਨੂੰ)। ਭੀਤਿ = ਕੰਧ।
ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ ॥
As long as Truth does not enter into the consciousness, the Mansion of the Lord's Presence is not found.
ਇਸ ਨੂੰ ਕਿਰਨ ਤੋਂ ਬਚਾਣ ਲਈ) ਤਦ ਤਕ (ਪ੍ਰਭੂ ਦਾ) ਮਹਲ (-ਰੂਪ ਸਹਾਰਾ) ਨਹੀਂ ਮਿਲਦਾ, ਜਦ ਤਕ ਉਹ ਸਦਾ-ਥਿਰ ਪ੍ਰਭੂ (ਜੀਵ ਦੇ) ਚਿੱਤ ਵਿਚ ਨਹੀਂ ਆ ਵੱਸਦਾ। ਚੀਤਿ = ਚਿੱਤ ਵਿਚ।
ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ ॥੪॥
Attuned to the Shabad, we enter our home, and obtain the Eternal State of Nirvaanaa. ||4||
ਜੇ ਗੁਰੂ ਦੇ ਸ਼ਬਦ ਵਿਚ ਮਨ ਰੰਗਿਆ ਜਾਏ, ਤਾਂ ਪ੍ਰਭੂ ਦੀ ਹਜ਼ੂਰੀ (ਦੀ ਓਟ) ਮਿਲ ਜਾਂਦੀ ਹੈ, ਤੇ ਉਹ ਆਤਮਕ ਅਵਸਥਾ ਸਦਾ ਲਈ ਲੱਭ ਪੈਂਦੀ ਹੈ ਜਿੱਥੇ ਕੋਈ ਵਾਸਨਾ ਨਹੀਂ ਪੋਹ ਸਕਦੀ ॥੪॥ ਰਪੈ = ਰੰਗਿਆ ਜਾਏ। ਨਿਰਬਾਣੀ ਪਦੁ = ਉਹ ਆਤਮਕ ਦਰਜਾ ਜਿੱਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ। ਨਿਰਬਾਣੀ = ਵਾਸਨਾ ਰਹਿਤ ॥੪॥
ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ ॥
I ask my Guru for His Advice, and I follow the Guru's Advice.
(ਸੋ, ਹੇ ਭਾਈ! ਇਸ 'ਨਿਰਬਾਣ ਪਦ' ਦੀ ਪ੍ਰਾਪਤੀ ਵਾਸਤੇ) ਮੈਂ ਆਪਣੇ ਗੁਰੂ ਨੂੰ ਪੁੱਛਾਂਗੀ, ਗੁਰੂ ਨੂੰ ਪੁੱਛ ਕੇ (ਉਸ ਦੀ ਦੱਸੀ) ਕਾਰ ਕਰਾਂਗੀ। ਪੁਛਿ = ਪੁੱਛ ਕੇ।
ਸਬਦਿ ਸਲਾਹੀ ਮਨਿ ਵਸੈ ਹਉਮੈ ਦੁਖੁ ਜਲਿ ਜਾਉ ॥
With the Shabads of Praise abiding in the mind, the pain of egotism is burnt away.
ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਗੀ, (ਭਲਾ ਕਿਤੇ ਪ੍ਰਭੂ ਮੇਰੇ) ਮਨ ਵਿਚ ਆ ਵੱਸੇ (ਪ੍ਰਭੂ ਦੀ ਮਿਹਰ ਹੋਵੇ, ਮੇਰਾ) ਹਉਮੈ ਦਾ ਦੁੱਖ ਸੜ ਜਾਏ। ਸਬਦਿ = ਗੁਰਸ਼ਬਦ ਦੀ ਰਾਹੀਂ। ਮਨਿ = ਮਨ ਵਿਚ।
ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ ॥੫॥
We are intuitively united with Him, and we meet the Truest of the True. ||5||
ਸਹਜ ਅਵਸਥਾ ਵਿਚ ਟਿਕਿਆਂ ਮੇਰਾ ਪ੍ਰਭੂ ਨਾਲ ਸੋਹਣਾ ਮਿਲਾਪ ਹੋ ਜਾਏ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਵਿਚ ਮੇਰਾ ਸਦਾ ਲਈ ਮੇਲ ਹੋ ਜਾਏ ॥੫॥
ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ ॥
Those who are attuned to the Shabad are spotless and pure; they renounce sexual desire, anger, selfishness and conceit.
ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ ਉਹ ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰਾਂ) ਨੂੰ ਤਿਆਗ ਕੇ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ। ਤਜਿ = ਤਿਆਗ ਕੇ।
ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ ॥
They sing the Praises of the Naam, forever and ever; they keep the Lord enshrined within their hearts.
ਉਹ ਸਦਾ ਪ੍ਰਭੂ ਦਾ ਨਾਮ ਸਲਾਹੁੰਦੇ ਹਨ, ਉਹ ਪਰਮਾਤਮਾ (ਦੀ ਯਾਦ) ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ। ਸਲਾਹਨਿ = ਸਲਾਹੁੰਦੇ ਹਨ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ।
ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰੁ ॥੬॥
How could we ever forget Him from our minds? He is the Support of all beings. ||6||
(ਹੇ ਭਾਈ!) ਜੇਹੜਾ ਪ੍ਰਭੂ ਸਾਰੇ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ, ਉਸ ਨੂੰ ਕਦੇ ਭੀ ਮਨੋਂ ਭੁਲਾਣਾ ਨਹੀਂ ਚਾਹੀਦਾ ॥੬॥ ਆਧਾਰੁ = ਆਸਰਾ ॥੬॥
ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥
One who dies in the Shabad is beyond death, and shall never die again.
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਮਰ ਜਾਂਦਾ ਹੈ ਉਹ (ਇਹ ਮਰਨੀ) ਮਰ ਕੇ ਇਸਥਿਰ ਹੋ ਜਾਂਦਾ ਹੈ (ਵਿਕਾਰਾਂ ਦੇ ਟਾਕਰੇ ਤੇ ਤਕੜਾ ਹੋ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਦੇ ਢਹੇ ਚੜ੍ਹ ਕੇ) ਮੁੜ ਕਦੇ ਆਤਮਕ ਮੌਤੇ ਨਹੀਂ ਮਰਦਾ। ਸਬਦਿ = ਸ਼ਬਦ ਵਿਚ (ਜੁੜ ਕੇ)। ਮਰੈ = (ਵਿਕਾਰਾਂ ਵਲੋਂ) ਮਰਦਾ ਹੈ।
ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ ॥
Through the Shabad, we find Him, and embrace love for the Name of the Lord.
(ਇਹ ਅਟੱਲ ਆਤਮਕ ਜੀਵਨ) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲਦਾ ਹੈ (ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਦਾ ਹੈ।
ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ ॥੭॥
Without the Shabad, the world is deceived; it dies and is reborn, over and over again. ||7||
ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਜੀਵਨ-ਰਾਹ ਤੋਂ) ਖੁੰਝਿਆ ਹੋਇਆ ਭਟਕਦਾ ਹੈ, ਤੇ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥
ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ ॥
All praise themselves, and call themselves the greatest of the great.
ਸਾਰੀ ਦੁਨੀਆ ਆਪਣੇ ਆਪ ਨੂੰ ਸਾਲਾਹੁੰਦੀ ਹੈ ਕਿ ਸਾਡੀ ਵਧੀਕ ਤੋਂ ਵਧੀਕ ਵਡਿਆਈ-ਇੱਜ਼ਤ ਹੋਵੇ (ਆਪਣੇ ਆਪ ਦੀ ਸੂਝ ਤੋਂ ਬਿਨਾ ਇਹ ਲਾਲਸਾ ਬਣੀ ਹੀ ਰਹਿੰਦੀ ਹੈ।) ਆਪ ਕਉ = ਆਪਣੇ ਆਪ ਨੂੰ।
ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ ॥
Without the Guru, one's self cannot be known. By merely speaking and listening, what is accomplished?
ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਣੇ ਆਪ ਦੀ ਪਛਾਣ ਨਹੀਂ ਹੋ ਸਕਦੀ, ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ। ਨਾ ਚੀਨੀਐ = ਪਰਖਿਆ ਨਹੀਂ ਜਾ ਸਕਦਾ।
ਨਾਨਕ ਸਬਦਿ ਪਛਾਣੀਐ ਹਉਮੈ ਕਰੈ ਨ ਕੋਇ ॥੮॥੮॥
O Nanak, one who realizes the Shabad does not act in egotism. ||8||8||
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣਾ ਆਪ ਪਛਾਣਿਆ ਜਾ ਸਕਦਾ ਹੈ (ਜੇਹੜਾ ਮਨੁੱਖ ਆਪੇ ਦੀ ਪਛਾਣ ਕਰ ਲੈਂਦਾ ਹੈ) ਉਹ ਆਪਣੀ ਵਡਿਆਈ ਦੀਆਂ ਗੱਲਾਂ ਨਹੀਂ ਕਰਦਾ ॥੮॥੮॥