ਸਿਰੀਰਾਗੁ ਮਹਲਾ ੧ ॥
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥
O Lord, You are Your Own Glorious Praise. You Yourself speak it; You Yourself hear it and contemplate it.
ਪ੍ਰਭੂ ਆਪ ਹੀ (ਆਪਣੇ) ਗੁਣ ਹੈ, ਆਪ ਹੀ (ਉਹਨਾਂ ਗੁਣਾਂ ਨੂੰ) ਬਿਆਨ ਕਰਦਾ ਹੈ, ਆਪ ਹੀ (ਆਪਣੀ ਸਿਫ਼ਤ-ਸਾਲਾਹ) ਸੁਣ ਕੇ ਉਸ ਨੂੰ ਵਿਚਾਰਦਾ ਹੈ (ਉਸ ਵਿਚ ਸੁਰਤ ਜੋੜਦਾ ਹੈ)। ਆਪੇ = (ਪ੍ਰਭੂ) ਆਪ ਹੀ। ਕਥੈ = ਬਿਆਨ ਕਰਦਾ ਹੈ। ਸੁਣਿ = ਸੁਣ ਕੇ।
ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥
You Yourself are the Jewel, and You are the Appraiser. You Yourself are of Infinite Value.
ਹੇ ਪ੍ਰਭੂ! ਤੂੰ ਆਪ ਹੀ (ਆਪਣਾ ਨਾਮ-ਰੂਪ) ਰਤਨ ਹੈਂ, ਤੂੰ ਆਪ ਹੀ ਉਸ ਰਤਨ ਦਾ ਮੁੱਲ ਪਾਣ ਵਾਲਾ ਹੈਂ, ਤੂੰ ਆਪ ਹੀ (ਆਪਣੇ ਨਾਮ-ਰਤਨ ਦਾ) ਬੇਅੰਤ ਮੁੱਲ ਹੈਂ। ਪਰਖਿ = ਪਰਖਹਿ, ਪਰਖਦਾ ਹੈਂ।
ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥੧॥
O True Lord, You are Honor and Glory; You Yourself are the Giver. ||1||
ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਮਾਣ ਹੈਂ, ਵਡਿਆਈ ਹੈਂ, ਤੂੰ ਆਪ ਹੀ (ਜੀਵਾਂ ਨੂੰ ਮਾਣ-ਵਡਿਆਈ) ਦੇਣ ਵਾਲਾ ਹੈਂ ॥੧॥ ਸਾਚਉ = ਸਦਾ ਕਾਇਮ ਰਹਿਣ ਵਾਲਾ। ਮਹਤੁ = ਵਡਿਆਈ ॥੧॥
ਹਰਿ ਜੀਉ ਤੂੰ ਕਰਤਾ ਕਰਤਾਰੁ ॥
O Dear Lord, You are the Creator and the Cause.
ਹੇ ਪ੍ਰਭੂ ਜੀ! (ਹਰੇਕ ਸ਼ੈ ਦਾ) ਪੈਦਾ ਕਰਨ ਵਾਲਾ ਤੂੰ ਆਪ ਹੀ ਹੈਂ।
ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥੧॥ ਰਹਾਉ ॥
If it is Your Will, please save and protect me; please bless me with the lifestyle of the Lord's Name. ||1||Pause||
ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ (ਆਪਣੇ ਨਾਮ ਵਿਚ ਜੋੜੀ) ਰੱਖ। ਹੇ ਹਰੀ! (ਮਿਹਰ ਕਰ) ਮੈਨੂੰ ਤੇਰਾ ਨਾਮ ਮਿਲ ਜਾਏ। ਤੇਰਾ ਨਾਮ ਹੀ ਮੇਰੇ ਵਾਸਤੇ (ਚੰਗੇ ਤੋਂ ਚੰਗਾ) ਕਰਤੱਬ ਹੈ ॥੧॥ ਰਹਾਉ ॥ ਆਚਾਰੁ = ਧਾਰਮਿਕ ਰਸਮ ॥੧॥ ਰਹਾਉ ॥
ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥
You Yourself are the flawless diamond; You Yourself are the deep crimson color.
ਹੇ ਪ੍ਰਭੂ! ਤੂੰ ਆਪ ਹੀ ਚਮਕਦਾ ਹੀਰਾ ਹੈਂ, ਤੂੰ ਆਪ ਹੀ ਮਜੀਠ ਦਾ ਰੰਗ ਹੈਂ।
ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥
You Yourself are the perfect pearl; You Yourself are the devotee and the priest.
ਤੂੰ ਆਪ ਹੀ ਲਿਸ਼ਕਦਾ ਮੋਤੀ ਹੈਂ, ਤੂੰ ਆਪ ਹੀ (ਆਪਣੇ) ਭਗਤਾਂ ਦਾ ਵਿਚੋਲਾ ਹੈਂ। ਊਜਲੋ = ਚਮਕੀਲਾ। ਬਸੀਠੁ = ਵਕੀਲ, ਵਿਚੋਲਾ।
ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥੨॥
Through the Word of the Guru's Shabad, You are praised. In each and every heart, the Unseen is seen. ||2||
ਸਤਿਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸਿਫ਼ਤ-ਸਾਲਾਹ ਹੋ ਸਕਦੀ ਹੈ, ਹਰੇਕ ਸਰੀਰ ਵਿਚ ਤੂੰ ਹੀ ਦਿੱਸ ਰਿਹਾ ਹੈਂ, ਤੇ ਤੂੰ ਹੀ ਅਦ੍ਰਿਸ਼ਟ ਹੈਂ ॥੨॥ ਡੀਠੁ = ਦਿੱਸਦਾ। ਅਡੀਠੁ = ਅਦ੍ਰਿਸ਼ਟ ॥੨॥
ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥
You Yourself are the ocean and the boat. You Yourself are this shore, and the one beyond.
ਹੇ ਪ੍ਰਭੂ! (ਇਹ ਸੰਸਾਰ-) ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਣ ਲਈ) ਜਹਾਜ਼ ਭੀ ਤੂੰ ਆਪ ਹੀ ਹੈਂ (ਇਸ ਸੰਸਾਰ-ਸਮੁੰਦਰ ਦਾ) ਪਾਰਲਾ ਤੇ ਉਰਾਰਲਾ ਕੰਢਾ ਭੀ ਤੂੰ ਆਪ ਹੀ ਹੈਂ। ਬੋਹਿਥਾ = ਜਹਾਜ਼। ਅਪਾਰੁ = ਉਰਲਾ ਕੰਢਾ।
ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ ॥
O All-knowing Lord, You are the True Way. The Shabad is the Navigator to ferry us across.
(ਹੇ ਪ੍ਰਭੂ! ਤੇਰੀ ਭਗਤੀ-ਰੂਪ) ਪੈਂਡਾ ਭੀ ਤੂੰ ਆਪ ਹੀ ਹੈਂ, ਤੂੰ ਸਭ ਕੁਝ ਜਾਣਦਾ ਹੈਂ, ਗੁਰ-ਸ਼ਬਦ ਦੀ ਰਾਹੀਂ (ਇਸ ਸੰਸਾਰ-ਸਮੁੰਦਰ ਵਿਚੋਂ ਭਗਤੀ ਦੀ ਰਾਹੀਂ) ਪਾਰ ਲੰਘਾਣ ਵਾਲਾ ਭੀ ਤੂੰ ਹੀ ਹੈਂ। ਵਾਟ = ਪੈਂਡਾ। ਸਬਦਿ = ਸ਼ਬਦ ਦੀ ਰਾਹੀਂ।
ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ ॥੩॥
One who does not fear God shall live in fear; without the Guru, there is only pitch darkness. ||3||
ਗੁਰੂ ਦੀ ਸਰਨ ਤੋਂ ਬਿਨਾ (ਇਹ ਜੀਵਨ-ਸਫ਼ਰ ਜੀਵਾਂ ਵਾਸਤੇ) ਘੁੱਪ ਹਨੇਰਾ ਹੈ। ਹੇ ਪ੍ਰਭੂ! ਜੇਹੜੇ ਜੀਵ ਤੇਰਾ ਡਰ-ਭਉ ਨਹੀਂ ਰੱਖਦੇ, ਉਹਨਾਂ ਨੂੰ ਦੁਨੀਆ ਦਾ ਸਹਮ ਸਹਾਰਨਾ ਪੈਂਦਾ ਹੈ ॥੩॥ ਗੁਬਾਰੁ = ਘੁੱਪ ਹਨੇਰਾ ॥੩॥
ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ ॥
The Creator alone is seen to be Eternal; all others come and go.
(ਇਸ ਜਗਤ ਵਿਚ) ਇਕ ਕਰਤਾਰ ਹੀ ਸਦਾ-ਥਿਰ ਰਹਿਣ ਵਾਲਾ ਦਿੱਸਦਾ ਹੈ, ਹੋਰ ਬੇਅੰਤ ਸ੍ਰਿਸ਼ਟੀ ਜੰਮਦੀ ਮਰਦੀ ਰਹਿੰਦੀ ਹੈ। ਕੇਤੀ = ਬੇਅੰਤ (ਸ੍ਰਿਸ਼ਟੀ)।
ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ ॥
Only You, Lord, are Immaculate and Pure. All others are bound up in worldly pursuits.
ਹੇ ਪ੍ਰਭੂ! ਇਕ ਤੂੰ ਹੀ (ਮਾਇਆ ਦੇ ਮੋਹ ਦੀ) ਮੈਲ ਤੋਂ ਸਾਫ਼ ਹੈਂ, ਬਾਕੀ ਸਾਰੀ ਦੁਨੀਆ (ਮਾਇਆ ਦੇ ਮੋਹ ਦੇ) ਬੰਧਨ ਵਿਚ ਬੱਝੀ ਪਈ ਹੈ। ਧੰਧੈ = ਧੰਧੇ ਵਿਚ, ਬੰਧਨ ਵਿਚ।
ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ॥੪॥
Those who are protected by the Guru are saved. They are lovingly attuned to the True Lord. ||4||
ਜਿਨ੍ਹਾਂ ਨੂੰ ਗੁਰੂ ਨੇ (ਇਸ ਮੋਹ ਤੋਂ) ਬਚਾ ਲਿਆ ਹੈ, ਉਹ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਬਚ ਗਏ ਹਨ ॥੪॥ ਗੁਰਿ = ਗੁਰੂ ਨੇ ॥੪॥
ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥
Through the Shabad, they recognize the Dear Lord; through the Guru's Word, they are attuned to Truth.
ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੇ ਨਾਮ) ਵਿਚ ਰੰਗੇ ਹੋਏ ਗੁਰੂ ਦੇ ਵਾਕ ਦੀ ਰਾਹੀਂ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪੈ ਸਕਦੀ ਹੈ। ਵਾਕਿ = ਵਾਕ ਦੀ ਰਾਹੀਂ।
ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕੁ ॥
Filth does not stick to the body of one who has secured a dwelling in his True Home.
(ਗੁਰੂ ਦੀ ਰਾਹੀਂ) ਜਿਸ ਮਨੁੱਖ ਦੀ ਬੈਠਕ ਸਦਾ-ਥਿਰ ਪ੍ਰਭੂ ਦੇ ਘਰ ਵਿਚ (ਚਰਨਾਂ ਵਿਚ) ਹੋ ਜਾਂਦੀ ਹੈ, ਉਸ ਦੇ ਸਰੀਰ ਵਿਚ (ਮਾਇਆ ਦੀ) ਮੈਲ ਨਹੀਂ ਲੱਗਦੀ। ਤਿਤੁ ਤਨਿ = ਉਸ ਸਰੀਰ ਵਿਚ। ਓਤਾਕੁ = ਬੈਠਕ, ਟਿਕਾਣਾ।
ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥੫॥
When the Lord bestows His Glance of Grace, we obtain the True Name. Without the Name, who are our relatives? ||5||
ਉਹ ਸਦਾ-ਥਿਰ ਪ੍ਰਭੂ ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸੇ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦਾ ਨਾਮ ਸਿਮਰਨ ਤੋਂ ਬਿਨਾ ਉਸ ਨਾਲ ਸੰਬੰਧ ਨਹੀਂ ਬਣ ਸਕਦਾ ॥੫॥
ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥
Those who have realized the Truth are at peace throughout the four ages.
ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦੇ ਹਨ। ਜੁਗ ਚਾਰਿ = ਸਦਾ ਹੀ।
ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥
Subduing their egotism and desires, they keep the True Name enshrined in their hearts.
ਉਹ ਆਪਣੀ ਹਉਮੈ ਅਤੇ (ਮਾਇਆ ਵਾਲੀ) ਤ੍ਰਿਸ਼ਨਾ ਮਾਰ ਕੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ। ਉਰ = ਹਿਰਦਾ।
ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥
In this world, the only real profit is the Name of the One Lord; it is earned by contemplating the Guru. ||6||
ਜਗਤ ਵਿਚ (ਆਉਣ ਦਾ) ਪਰਮਾਤਮਾ ਦਾ ਇਕ ਨਾਮ ਹੀ ਲਾਭ ਹੈ (ਜੋ ਮਨੁੱਖ ਨੂੰ ਖੱਟਣਾ ਚਾਹੀਦਾ ਹੈ, ਤੇ ਇਹ ਨਾਮ) ਗੁਰੂ ਦੀ ਦੱਸੀ ਸਿੱਖਿਆ ਦੀ ਰਾਹੀਂ ਹੀ ਮਿਲ ਸਕਦਾ ਹੈ ॥੬॥ ਲਾਹਾ = ਲਾਭ ॥੬॥
ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥
Loading the Merchandise of the True Name, you shall gather in your profits forever with the Capital of Truth.
(ਹੇ ਵਣਜਾਰੇ ਜੀਵ!) ਸਦਾ-ਥਿਰ ਰਹਿਣ ਵਾਲੀ (ਨਾਮ ਦੀ ਰਾਸ-ਪੂੰਜੀ ਹੀ ਜੋੜਨੀ ਚਾਹੀਦੀ ਹੈ, (ਇਸ ਵਿਚੋਂ ਉਹ) ਨਫ਼ਾ (ਪੈਂਦਾ ਹੈ ਜੋ) ਸਦਾ (ਕਾਇਮ ਰਹਿੰਦਾ ਹੈ)। ਰਾਸਿ = ਪੂੰਜੀ।
ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥
In the Court of the True One, you shall sit in truthful devotion and prayer.
ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦਾ ਹੈ (ਉਸ ਦੇ ਅੱਗੇ) ਅਰਦਾਸ ਕਰਦਾ ਹੈ, ਉਹ ਉਸ ਦੀ ਸਦਾ-ਥਿਰ ਹਜ਼ੂਰੀ ਵਿਚ ਬੈਠਦਾ ਹੈ। ਬੈਸਈ = ਬੈਠਦਾ ਹੈ।
ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥੭॥
Your account shall be settled with honor, in the Radiant Light of the Name of the Lord. ||7||
ਉਸ ਦਾ (ਜੀਵਨ-ਸਫ਼ਰ ਦਾ) ਲੇਖਾ (ਇੱਜ਼ਤ ਨਾਲ) ਸਾਫ਼ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਪ੍ਰਭੂ ਦਾ ਨਾਮ ਉਜਾਗਰ ਹੋ ਜਾਂਦਾ ਹੈ ॥੭॥ ਪਤਿ = ਇੱਜ਼ਤ ॥੭॥
ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥
The Lord is said to be the Highest of the High; no one can perceive Him.
ਪਰਮਾਤਮਾ ਸਭ ਤੋਂ ਉੱਚਾ ਹੈ, ਪਰਮਾਤਮਾ ਸਭ ਤੋਂ ਉੱਚਾ ਹੈ-(ਹਰ ਪਾਸੇ ਵਲੋਂ ਇਹੀ) ਆਖਿਆ ਜਾਂਦਾ ਹੈ, ਮੈਂ (ਭੀ) ਆਖਦਾ ਹਾਂ (ਕਿ ਪਰਮਾਤਮਾ ਸਭ ਤੋਂ ਉੱਚਾ ਹੈ, ਪਰ ਨਿਰਾ ਕਹਿਣ ਨਾਲ) ਉਸ ਦਾ ਦਰਸ਼ਨ ਨਹੀਂ ਕੀਤਾ ਜਾ ਸਕਦਾ। ਕਹਉ = ਕਹਉਂ, ਮੈਂ ਆਖਦਾ ਹਾਂ।
ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥
Wherever I look, I see only You. The True Guru has inspired me to see You.
ਜਦੋਂ ਸਤਿਗੁਰੂ ਨੇ ਮੈਨੂੰ, (ਹੇ ਪ੍ਰਭੂ! ਤੇਰਾ) ਦਰਸ਼ਨ ਕਰਾ ਦਿੱਤਾ, ਤਾਂ ਹੁਣ ਮੈਂ ਜਿੱਧਰ ਵੇਖਦਾ ਹਾਂ, ਤੂੰ ਹੀ ਤੂੰ ਦਿੱਸਦਾ ਹੈਂ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਸਤਿਗੁਰਿ = ਸਤਿਗੁਰੂ ਨੇ।
ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥੮॥੩॥
The Divine Light within is revealed, O Nanak, through this intuitive understanding. ||8||3||
ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਆਤਮਕ ਅਡੋਲਤਾ ਵਾਲੀ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਜੋਤਿ ਇਕ-ਰਸ ਹਰ ਥਾਂ ਮੌਜੂਦ ਹੈ ॥੮॥੩॥{54-55} ਨਿਰੰਤਰਿ = ਅੰਤਰ ਤੋਂ ਬਿਨਾ, ਵਿੱਥ ਤੋਂ ਬਿਨਾ, ਇਕ-ਰਸ। ਸਹਜਿ = ਸਹਜ ਅਵਸਥਾ ਵਿਚ ਟਿਕ ਕੇ। ਸੁਭਾਇ = ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ॥੮॥੩॥{54-55}