ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ ॥
The earth is beautified, all places are fruitful, and my affairs are perfectly resolved.
(ਹੇ ਭਾਈ!) ਉਸ ਮਨੁੱਖ ਦਾ ਸਰੀਰ ਸੋਹਣਾ ਹੋ ਜਾਂਦਾ ਹੈ (ਉਸ ਦੇ ਗਿਆਨ-ਇੰਦ੍ਰੇ ਸੁਚੱਜੇ ਹੋ ਜਾਂਦੇ ਹਨ), ਉਸ ਦਾ ਹਿਰਦਾ-ਥਾਂ ਜੀਵਨ-ਮਨੋਰਥ ਪੂਰਾ ਕਰਨ ਵਾਲਾ ਬਣ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਧਰਤਿ = (ਕਰਮ ਬੀਜ ਬੀਜਣ ਵਾਲੀ) ਸਰੀਰ-ਧਰਤੀ। ਸੁਹਾਵੀ = ਸੋਹਣੀ। ਸਫਲ = ਕਾਮਯਾਬ। ਥਾਨੁ = ਹਿਰਦਾ-ਥਾਂ। ਕਾਮ = (ਸਾਰੇ) ਕੰਮ।
ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥੧॥
Fear runs away, and doubt is dispelled, dwelling constantly upon the Lord. ||1||
(ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ) ਪ੍ਰਭੂ ਦਾ ਨਾਮ ਸਦਾ ਸਿਮਰਦਾ ਹੈ। (ਉਸ ਦੇ ਮਨ ਵਿਚੋਂ ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ, ਭਟਕਣਾ ਮਿਟ ਜਾਂਦੀ ਹੈ ॥੧॥ ਭ੍ਰਮੁ = ਭਰਮ, ਭਟਕਣ। ਰਵਿਆ = ਸਿਮਰਿਆ ॥੧॥
ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥
Dwelling with the humble Holy people, one finds peace, poise and tranquility.
ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ, (ਮਨ ਨੂੰ) ਸ਼ਾਂਤੀ ਮਿਲਦੀ ਹੈ। ਕੈ ਸੰਗਿ = ਦੇ ਨਾਲ, ਦੀ ਸੰਗਤਿ ਵਿਚ। ਬਸਤ = ਵੱਸਦਿਆਂ। ਸਹਜ = ਆਤਮਕ ਅਡੋਲਤਾ। ਬਿਸ੍ਰਾਮ = ਸ਼ਾਂਤੀ।
ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ॥੧॥ ਰਹਾਉ ॥
Blessed and auspicious is that time, when one meditates in remembrance on the Lord's Name. ||1||Pause||
(ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹੀ ਘੜੀ ਭਾਗਾਂ ਵਾਲੀ ਹੁੰਦੀ ਹੈ; (ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦਾ ਹੈ ॥੧॥ ਰਹਾਉ ॥ ਸਾਈ = ਉਹੀ {ਇਸਤ੍ਰੀ ਲਿੰਗ}। ਸੁਲਖਣੀ = ਚੰਗੇ ਲੱਛਣਾਂ ਵਾਲੀ, ਭਾਗਾਂ ਵਾਲੀ ॥੧॥ ਰਹਾਉ ॥
ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਨਾਮ ॥
They have become famous throughout the world; before this, no one even knew their names.
ਹੇ ਭਾਈ! ਜੇਹੜੇ ਮਨੁੱਖਾਂ ਨੂੰ ਪਹਿਲਾਂ ਕੋਈ ਭੀ ਜਾਣਦਾ-ਸਿੰਞਾਣਦਾ ਨਹੀਂ ਸੀ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ) ਉਹ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ। ਪ੍ਰਗਟ = ਪ੍ਰਸਿੱਧ, ਨਾਮਣੇ ਵਾਲੇ। ਮਹਿ = ਵਿਚ। ਪਹਨਾਮ = {ਫ਼: ਪਿਨਹਾਂ} ਲੁਕੇ ਹੋਏ, ਜਿਨ੍ਹਾਂ ਨੂੰ ਕੋਈ ਜਾਣਦਾ-ਬੁੱਝਦਾ ਨਹੀਂ ਸੀ।
ਨਾਨਕ ਤਿਸੁ ਸਰਣਾਗਤੀ ਘਟ ਘਟ ਸਭ ਜਾਨ ॥੨॥੧੨॥੭੬॥
Nanak has come to the Sanctuary of the One who knows each and every heart. ||2||12||76||
ਹੇ ਨਾਨਕ! (ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਦੀ ਸਦਾ ਸਰਨ ਪਏ ਰਹਿਣਾ ਚਾਹੀਦਾ ਹੈ ਜੇਹੜਾ ਹਰੇਕ ਜੀਵ ਦੇ ਹਿਰਦੇ ਦੀ ਹਰੇਕ ਗੱਲ ਜਾਣਨ ਵਾਲਾ ਹੈ ॥੨॥੧੨॥੭੬॥ ਤਿਸੁ = ਉਸ (ਪਰਮਾਤਮਾ) ਦੀ। ਘਟ ਘਟ ਜਾਨ = ਹਰੇਕ ਦੇ ਦਿਲ ਦੀ ਜਾਣਨ ਵਾਲਾ ॥੨॥੧੨॥੭੬॥