ਮਾਰੂ ਮਹਲਾ ੧ ॥
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
ਆਦਿ ਜੁਗਾਦੀ ਅਪਰ ਅਪਾਰੇ ॥
From the very beginning of time, and throughout the ages, You are infinite and incomparable.
ਹੇ ਜੁਗਾਂ ਦੇ ਸ਼ੁਰੂ ਤੋਂ ਮੌਜੂਦ ਪ੍ਰਭੂ! ਹੇ ਅਪਰ ਤੇ ਅਪਾਰ ਹਰੀ! ਆਦਿ = ਹੇ ਸ੍ਰਿਸ਼ਟੀ ਦੇ ਮੂਲ ਪ੍ਰਭੂ! ਜੁਗਾਦੀ = ਹੇ ਜੁਗਾਂ ਦੇ ਆਦਿ ਤੋਂ ਮੌਜੂਦ ਪ੍ਰਭੂ! ਅਪਰ = ਹੇ ਪ੍ਰਭੂ ਜਿਸ ਤੋਂ ਪਰੇ ਹੋਰ ਕੋਈ ਨਹੀਂ। ਅਪਾਰੇ = ਹੇ ਪ੍ਰਭੂ ਜਿਸ ਦਾ ਪਾਰਲਾ ਬੰਨਾ ਨਹੀਂ ਦਿੱਸਦਾ।
ਆਦਿ ਨਿਰੰਜਨ ਖਸਮ ਹਮਾਰੇ ॥
You are my primal, immaculate Lord and Master.
ਹੇ ਸਾਰੀ ਰਚਨਾ ਦੇ ਮੂਲ! ਹੇ ਨਿਰੰਜਨ! ਹੇ ਸਾਡੇ ਖਸਮ! ਨਿਰੰਜਨ = ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਪ੍ਰਭੂ!
ਸਾਚੇ ਜੋਗ ਜੁਗਤਿ ਵੀਚਾਰੀ ਸਾਚੇ ਤਾੜੀ ਲਾਈ ਹੇ ॥੧॥
I contemplate the Way of Yoga, the Way of Union with the True Lord. I am truly absorbed in the primal void of deep meditation. ||1||
ਹੇ ਸਦਾ-ਥਿਰ ਪ੍ਰਭੂ! ਹੇ ਮਿਲਾਪ ਦੀ ਜੁਗਤਿ ਨੂੰ ਵਿਚਾਰਨ ਵਾਲੇ! (ਜਦੋਂ ਤੂੰ ਸੰਸਾਰ ਦੀ ਰਚਨਾ ਨਹੀਂ ਕੀਤੀ ਸੀ) ਤੂੰ ਆਪਣੇ ਆਪ ਵਿਚ ਸਮਾਧੀ ਲਾਈ ਹੋਈ ਸੀ ॥੧॥ ਸਾਚੇ = ਹੇ ਸਦਾ-ਥਿਰ! ਜੋਗ ਜੁਗਤਿ = ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ ਜੁਗਤਿ। ਵੀਚਾਰੀ = ਹੇ ਵਿਚਾਰਨ ਵਾਲੇ ਹਰੀ! ਸਾਚੇ ਤਾੜੀ ਲਾਈ ਹੇ = ਹੇ ਆਪਣੇ ਆਪ ਵਿਚ ਸੁਰਤ ਜੋੜੀ ਰੱਖਣ ਵਾਲੇ ਸਦਾ-ਥਿਰ ਪ੍ਰਭੂ! ॥੧॥
ਕੇਤੜਿਆ ਜੁਗ ਧੁੰਧੂਕਾਰੈ ॥
For so many ages, there was only pitch darkness;
(ਜਗਤ-ਰਚਨਾ ਤੋਂ ਪਹਿਲਾਂ) ਧੁੰਧੂਕਾਰ ਵਿਚ, ਇਕ-ਰਸ ਘੁੱਪ ਹਨੇਰੇ ਵਿਚ ਕਿਤਨੇ ਹੀ ਜੁਗ- ਧੂੰਧੂਕਾਰੈ = ਧੁੰਧੂਕਾਰ ਵਿਚ, ਇਕ-ਰਸ ਘੁੱਪ ਹਨੇਰੇ ਵਿਚ, ਉਸ ਅਵਸਥਾ ਵਿਚ ਜਿਸ ਦੀ ਬਾਬਤ ਕੁਝ ਭੀ ਪਤਾ ਨਹੀਂ ਲੱਗ ਸਕਦਾ।
ਤਾੜੀ ਲਾਈ ਸਿਰਜਣਹਾਰੈ ॥
the Creator Lord was absorbed in the primal void.
ਉਸ ਸਿਰਜਣਹਾਰ ਨੇ ਸਮਾਧੀ ਲਾ ਰੱਖੀ ਸੀ। ਸਿਰਜਣਹਾਰੈ = ਸਿਰਜਣਹਾਰ ਨੇ।
ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ ॥੨॥
There was the True Name, the glorious greatness of the Truth, and the glory of His true throne. ||2||
ਉਸ ਸਿਰਜਣਹਾਰ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਉਹ ਵਡਿਆਈ ਦਾ ਮਾਲਕ ਪ੍ਰਭੂ ਸਦਾ ਟਿਕੇ ਰਹਿਣ ਵਾਲੇ ਤਖ਼ਤ ਉਤੇ ਸਦਾ ਬੈਠਾ ਹੋਇਆ ਹੈ ॥੨॥ ਸਚੁ = ਸਦਾ-ਥਿਰ ਰਹਿਣ ਵਾਲਾ। ਤਖਤਿ = ਤਖ਼ਤ ਉਤੇ ॥੨॥
ਸਤਜੁਗਿ ਸਤੁ ਸੰਤੋਖੁ ਸਰੀਰਾ ॥
In the Golden Age of Truth, Truth and contentment filled the bodies.
ਜਿਨ੍ਹਾਂ ਪ੍ਰਾਣੀਆਂ ਦੇ ਅੰਦਰ (ਉਸ ਸਿਰਜਣਹਾਰ ਦੀ ਮੇਹਰ ਦਾ ਸਦਕਾ) ਸਤ ਅਤੇ ਸੰਤੋਖ (ਵਾਲਾ ਜੀਵਨ ਉੱਘੜਦਾ) ਹੈ ਉਹ, ਮਾਨੋ, ਸਤਜੁਗ ਵਿਚ (ਵੱਸ ਰਹੇ ਹਨ)। ਸਤਜੁਗਿ = ਸਤਜੁਗ ਵਿਚ, ਸਤਜੁਗ ਦੇ ਪ੍ਰਭਾਵ ਵਿਚ। ਸਰੀਰਾ = ਸਰੀਰਾਂ ਵਿਚ, ਮਨੁੱਖਾਂ ਵਿਚ (ਵਰਤੈ)।
ਸਤਿ ਸਤਿ ਵਰਤੈ ਗਹਿਰ ਗੰਭੀਰਾ ॥
Truth was pervasive, Truth, deep, profound and unfathomable.
(ਜਗਤ-ਰਚਨਾ ਕਰ ਕੇ) ਉਹ ਸਦਾ-ਥਿਰ ਰਹਿਣ ਵਾਲਾ, ਡੂੰਘਾ ਤੇ ਵੱਡੇ ਜਿਗਰੇ ਵਾਲਾ ਪ੍ਰਭੂ (ਹਰ ਥਾਂ) ਵਿਆਪਕ ਹੋ ਰਿਹਾ ਹੈ। ਸਤਿ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਗਹਿਰ = ਡੂੰਘਾ। ਗੰਭੀਰਾ = ਵੱਡੇ ਜਿਗਰੇ ਵਾਲਾ।
ਸਚਾ ਸਾਹਿਬੁ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੇ ॥੩॥
The True Lord appraises the mortals on the Touchstone of Truth, and issues His True Command. ||3||
ਸਦਾ-ਥਿਰ ਰਹਿਣ ਵਾਲਾ ਮਾਲਕ (ਸਭ ਜੀਵਾਂ ਦੀ) ਸਹੀ ਪਰਖ ਕਰਦਾ ਹੈ, ਉਹ ਸ੍ਰਿਸ਼ਟੀ ਦੀ ਕਾਰ ਨੂੰ ਆਪਣੇ ਅਟੱਲ ਹੁਕਮ ਵਿਚ ਚਲਾ ਰਿਹਾ ਹੈ ॥੩॥ ਸਾਚੈ ਹੁਕਮਿ = ਆਪਣੇ ਅਟੱਲ ਹੁਕਮ ਵਿਚ। ਚਲਾਈ ਹੇ = ਜਗਤ ਦੀ ਕਾਰ ਚਲਾਂਦਾ ਹੈ ॥੩॥
ਸਤ ਸੰਤੋਖੀ ਸਤਿਗੁਰੁ ਪੂਰਾ ॥
The Perfect True Guru is true and contented.
ਪੂਰਾ ਗੁਰੂ (ਭੀ) ਸਤ ਤੇ ਸੰਤੋਖ ਦਾ ਮਾਲਕ ਹੈ। ਸਤ ਸੰਤੋਖੀ = ਸਤ ਅਤੇ ਸੰਤੋਖ ਦਾ ਮਾਲਕ।
ਗੁਰ ਕਾ ਸਬਦੁ ਮਨੇ ਸੋ ਸੂਰਾ ॥
He alone is a spiritual hero, who believes in the Word of the Guru's Shabad.
ਜੇਹੜਾ ਮਨੁੱਖ ਗੁਰੂ ਦਾ ਸ਼ਬਦ ਮੰਨਦਾ ਹੈ (ਆਪਣੇ ਹਿਰਦੇ ਵਿਚ ਟਿਕਾਂਦਾ ਹੈ) ਉਹ ਸੂਰਮਾ (ਬਣ ਜਾਂਦਾ) ਹੈ (ਵਿਕਾਰ ਉਸ ਨੂੰ ਜਿੱਤ ਨਹੀਂ ਸਕਦੇ)। ਮਨੇ = ਮੰਨੇ, ਮੰਨਦਾ ਹੈ। ਸੂਰਾ = ਸੂਰਮਾ!
ਸਾਚੀ ਦਰਗਹ ਸਾਚੁ ਨਿਵਾਸਾ ਮਾਨੈ ਹੁਕਮੁ ਰਜਾਈ ਹੇ ॥੪॥
He alone obtains a true seat in the True Court of the Lord, who surrenders to the Command of the Commander. ||4||
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਸਦਾ ਦਾ ਨਿਵਾਸ ਪ੍ਰਾਪਤ ਕਰ ਲੈਂਦਾ ਹੈ, ਉਹ ਉਸ ਰਜ਼ਾ ਦੇ ਮਾਲਕ ਪ੍ਰਭੂ ਦਾ ਹੁਕਮ ਮੰਨਦਾ ਹੈ ॥੪॥ ਰਜਾਈ = ਰਜ਼ਾ ਦੇ ਮਾਲਕ ਪ੍ਰਭੂ ਦਾ ॥੪॥
ਸਤਜੁਗਿ ਸਾਚੁ ਕਹੈ ਸਭੁ ਕੋਈ ॥
In the Golden Age of Truth, everyone spoke the Truth.
ਜੇਹੜਾ ਜੇਹੜਾ ਬੰਦਾ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ, ਮਾਨੋ, ਸਤਜੁਗ ਵਿਚ ਹੈ। ਸਾਚੁ = ਸਦਾ-ਥਿਰ ਪ੍ਰਭ ਦਾ ਨਾਮ। ਸਭੁ ਕੋਈ = ਹਰੇਕ ਜੀਵ (ਜੋ ਸਤਜੁਗ ਦੇ ਪ੍ਰਭਾਵ ਵਿਚ ਹੈ)।
ਸਚਿ ਵਰਤੈ ਸਾਚਾ ਸੋਈ ॥
Truth was pervasive - the Lord was Truth.
ਉਹ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕਿਆ ਹੋਇਆ ਹੀ ਜਗਤ ਦੀ ਕਾਰ ਕਰਦਾ ਹੈ, ਉਸ ਨੂੰ ਹਰ ਥਾਂ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ। ਸਚਿ = ਸਦਾ-ਥਿਰ ਪ੍ਰਭੂ ਵਿਚ।
ਮਨਿ ਮੁਖਿ ਸਾਚੁ ਭਰਮ ਭਉ ਭੰਜਨੁ ਗੁਰਮੁਖਿ ਸਾਚੁ ਸਖਾਈ ਹੇ ॥੫॥
With Truth in their minds and mouths, mortals were rid of doubt and fear. Truth was the friend of the Gurmukhs. ||5||
ਉਸ ਦੇ ਮਨ ਵਿਚ ਉਸ ਦੇ ਮੂੰਹ ਵਿਚ ਸਦਾ-ਥਿਰ ਪ੍ਰਭੂ (ਦੀ ਯਾਦ) ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਭਟਕਣਾ ਤੇ ਸਹਮ ਦੂਰ ਕਰਨ ਵਾਲਾ ਸਦਾ-ਥਿਰ ਪ੍ਰਭੂ ਉਸ ਦਾ ਸਦਾ ਦਾ ਸਾਥੀ ਬਣ ਜਾਂਦਾ ਹੈ ॥੫॥ ਮਨਿ = ਮਨ ਵਿਚ। ਮੁਖਿ = ਮੂੰਹ ਵਿਚ। ਭਰਮ ਭਉ ਭੰਜਨੁ = (ਜੀਵਾਂ ਦੀ) ਭਟਕਣਾ ਤੇ ਡਰ ਦੂਰ ਕਰਨ ਵਾਲਾ ਪ੍ਰਭੂ। ਗੁਰਮੁਖਿ = ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਸਖਾਈ = ਮਿੱਤਰ ॥੫॥
ਤ੍ਰੇਤੈ ਧਰਮ ਕਲਾ ਇਕ ਚੂਕੀ ॥
In the Silver Age of Traytaa Yoga, one power of Dharma was lost.
ਜਿਸ ਮਨੁੱਖ ਦੇ ਅੰਦਰੋਂ ਧਰਮ ਦੀ ਇਕ ਤਾਕਤ ਮੁੱਕ ਜਾਂਦੀ ਹੈ, ਤ੍ਰੇਤੈ = ਤ੍ਰੇਤੇ ਵਿਚ, ਤ੍ਰੇਤੇ ਦੇ ਪ੍ਰਭਾਵ ਵਿਚ। ਧਰਮ ਕਲਾ = ਧਰਮ ਦੀ ਇਕ ਤਾਕਤ। ਚੂਕੀ = ਮੁੱਕ ਜਾਂਦੀ ਹੈ।
ਤੀਨਿ ਚਰਣ ਇਕ ਦੁਬਿਧਾ ਸੂਕੀ ॥
Three feet remained; through duality, one was cut off.
ਜਿਸ ਦੇ ਅੰਦਰ ਧਰਮ ਦੇ ਤਿੰਨ ਪੈਰ ਰਹਿ ਜਾਂਦੇ ਹਨ ਤੇ ਮੇਰ-ਤੇਰ ਜ਼ੋਰ ਪਾ ਲੈਂਦੀ ਹੈ ਉਹ, ਮਾਨੋ, ਤ੍ਰੇਤੇ ਜੁਗ ਵਿਚ ਵੱਸ ਰਿਹਾ ਹੈ। ਚਰਣ = ਪੈਰ। ਸੂਕੀ = ਸ਼ੂਕਦੀ ਹੈ, ਪ੍ਰਬਲ ਹੋ ਜਾਂਦੀ ਹੈ। ਦੁਬਿਧਾ = ਮੇਰ-ਤੇਰ।
ਗੁਰਮੁਖਿ ਹੋਵੈ ਸੁ ਸਾਚੁ ਵਖਾਣੈ ਮਨਮੁਖਿ ਪਚੈ ਅਵਾਈ ਹੇ ॥੬॥
Those who were Gurmukh spoke the Truth, while the self-willed manmukhs wasted away in vain. ||6||
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਮੇਰ-ਤੇਰ ਦੇ) ਅਵੈੜਾ-ਪਨ ਵਿਚ ਖ਼ੁਆਰ ਹੁੰਦਾ ਹੈ, ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ (ਤੇ, ਉਹ, ਮਾਨੋ, ਸਤਜੁਗ ਵਿਚ ਹੈ) ॥੬॥ ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ। ਵਖਾਣੈ = ਸਿਮਰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਚੈ = ਖ਼ੁਆਰ ਹੁੰਦਾ ਹੈ। ਅਵਾਈ = ਅਵੈੜਾ-ਪਨ ਵਿਚ ॥੬॥
ਮਨਮੁਖਿ ਕਦੇ ਨ ਦਰਗਹ ਸੀਝੈ ॥
The manmukh never succeeds in the Court of the Lord.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਕਦੇ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਨਹੀਂ ਪਾਂਦਾ, ਕਦੇ = ਕੋਈ ਭੀ ਸਮਾ ਹੋਵੇ। ਸੀਝੈ = ਕਾਮਯਾਬ ਹੁੰਦਾ, ਪਰਵਾਨ ਹੁੰਦਾ।
ਬਿਨੁ ਸਬਦੈ ਕਿਉ ਅੰਤਰੁ ਰੀਝੈ ॥
Without the Word of the Shabad, how can one be pleased within?
ਉਸ ਦਾ ਅੰਤਰ ਆਤਮਾ ਕਦੇ ਭੀ (ਸਿਮਰਨ ਦੇ) ਉਤਸ਼ਾਹ ਵਿਚ ਨਹੀਂ ਆਉਂਦਾ। ਅੰਤਰੁ = ਅੰਤਰ ਆਤਮਾ, ਹਿਰਦਾ। ਰੀਝੈ = ਰੀਝ ਵਿਚ ਆਉਂਦਾ, (ਸਿਮਰਨ ਦੇ) ਉਤਸ਼ਾਹ ਵਿਚ ਆਉਂਦਾ।
ਬਾਧੇ ਆਵਹਿ ਬਾਧੇ ਜਾਵਹਿ ਸੋਝੀ ਬੂਝ ਨ ਕਾਈ ਹੇ ॥੭॥
In bondage they come, and in bondage they go; they understand and comprehend nothing. ||7||
ਅਜੇਹੇ ਬੰਦੇ ਆਪਣੇ ਮਨ ਦੀਆਂ ਵਾਸਨਾ ਵਿਚ ਬੱਝੇ ਹੋਏ ਜਗਤ ਵਿਚ ਆਉਂਦੇ ਹਨ ਤੇ ਬੱਝੇ ਹੋਏ ਹੀ ਇਥੋਂ ਚਲੇ ਜਾਂਦੇ ਹਨ, ਉਹਨਾਂ ਨੂੰ (ਸਹੀ ਜੀਵਨ-ਮਾਰਗ ਦੀ) ਕੋਈ ਸੂਝ ਨਹੀਂ ਹੁੰਦੀ ॥੭॥
ਦਇਆ ਦੁਆਪੁਰਿ ਅਧੀ ਹੋਈ ॥
In the Brass Age of Dwaapur Yuga, compassion was cut in half.
ਜਿਨ੍ਹਾਂ ਬੰਦਿਆਂ ਦੇ ਅੰਦਰ ਦਇਆ ਅੱਧੀ ਰਹਿ ਗਈ (ਦਇਆ ਦਾ ਪ੍ਰਭਾਵ ਕਮਜ਼ੋਰ ਹੋ ਗਿਆ) ਉਹ, ਮਾਨੋ, ਦੁਆਪੁਰ ਵਿਚ ਵੱਸਦੇ ਹਨ। ਦੁਆਪੁਰਿ = ਦੁਆਪੁਰ ਵਿਚ, ਦੁਆਪੁਰ ਦੇ ਪ੍ਰਭਾਵ ਵਿਚ। ਹੋਈ = ਹੋ ਜਾਂਦੀ ਹੈ।
ਗੁਰਮੁਖਿ ਵਿਰਲਾ ਚੀਨੈ ਕੋਈ ॥
Only a few, as Gurmukh, remembered the Lord.
ਪਰ ਜੇਹੜਾ ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈਂਦਾ ਹੈ ਉਹ (ਜੀਵਨ ਦੇ ਸਹੀ ਰਾਹ ਨੂੰ) ਪਛਾਣਦਾ ਹੈ। ਚੀਨੈ = ਪਛਾਣਦਾ ਹੈ।
ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥੮॥
Dharmic faith, which upholds and supports the earth, had only two feet; Truth was revealed to the Gurmukhs. ||8||
ਉਹ ਉਸੇ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਸਦਾ-ਥਿਰ ਪ੍ਰਭੂ ਉਸ ਦੇ ਅੰਦਰ ਪ੍ਰਤੱਖ ਵੱਸਦਾ ਹੈ। (ਨਹੀਂ ਤਾਂ ਦੁਆਪੁਰ ਵਾਲੇ) ਮਨੁੱਖ ਦੇ ਹਿਰਦੇ ਵਿਚ ਧਰਤੀ ਦਾ ਆਸਰਾ ਧਰਮ ਸਿਰਫ਼ ਦੋ ਪੈਰ ਟਿਕਾਂਦਾ ਹੈ (ਭਾਵ, ਉਨ੍ਹਾਂ ਦੇ ਅੰਦਰ ਦੈਵੀ ਸੰਪਤਾ ਤੇ ਆਸੁਰੀ ਸੰਪਤਾ ਇਕੋ ਜਿਹੀ ਹੋ ਗਈ) ॥੮॥ ਦੁਇ = ਦੋ। ਪਗ = ਪੈਰ। ਧਰਣੀਧਰ = ਧਰਤੀ ਦਾ ਆਸਰਾ। ਤਿਥਾਈ = ਉਥੇ ਹੀ, ਪ੍ਰਭੂ-ਚਰਨਾਂ ਵਿਚ ਹੀ ॥੮॥
ਰਾਜੇ ਧਰਮੁ ਕਰਹਿ ਪਰਥਾਏ ॥
The kings acted righteously only out of self-interest.
ਰਾਜੇ ਲੋਕ ਕਿਸੇ ਗ਼ਰਜ਼ ਦੀ ਖ਼ਾਤਰ ਧਰਮ ਕਮਾਂਦੇ ਹਨ, ਪਰਥਾਏ = ਕਿਸੇ ਗ਼ਰਜ਼ ਵਾਸਤੇ।
ਆਸਾ ਬੰਧੇ ਦਾਨੁ ਕਰਾਏ ॥
Tied to hopes of reward, they gave to charities.
ਦੁਨੀਆਵੀ ਆਸਾਂ ਦੇ ਬੱਝੇ ਹੋਏ ਦਾਨ-ਪੁੰਨ ਕਰਦੇ ਹਨ (ਇਹ ਸਭ ਕੁਝ ਉਸ ਲਕ-ਟੁੱਟੀ ਦਇਆ ਦੇ ਕਾਰਨ ਹੀ ਕਰਦੇ ਹਨ, ਇਹ ਲੋਕ ਤੇ ਪਰਲੋਕ ਦੋਹਾਂ ਦੇ ਸੁਖ ਹੀ ਭਾਲਦੇ ਹਨ)। ਬੰਧੇ = ਬੱਝੇ ਹੋਏ।
ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ ॥੯॥
Without the Lord's Name, liberation did not come, although they grew weary of performing rituals. ||9||
(ਦਾਨ-ਪੁੰਨ ਆਦਿਕ ਦੇ) ਕਰਮ ਕਰ ਕੇ ਥੱਕ ਜਾਂਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਦੇ ਸੁਖਾਂ ਦੀਆਂ ਆਸਾਂ ਤੋਂ) ਉਹਨਾਂ ਨੂੰ ਖ਼ਲਾਸੀ ਨਹੀਂ ਮਿਲਦੀ (ਇਸ ਵਾਸਤੇ ਆਤਮਕ ਆਨੰਦ ਨਹੀਂ ਮਿਲਦਾ) ॥੯॥ ਮੁਕਤਿ = (ਆਸਾ ਦੇ ਬੰਧਨਾਂ ਤੋਂ) ਖ਼ਲਾਸੀ ॥੯॥
ਕਰਮ ਧਰਮ ਕਰਿ ਮੁਕਤਿ ਮੰਗਾਹੀ ॥
Practicing religious rituals, they sought liberation,
(ਦੁਆਪੁਰ ਵਾਲੇ ਮਨੁੱਖ ਦਾਨ-ਪੁੰਨ ਤੀਰਥ ਆਦਿਕ) ਕਰਮ ਕਰ ਕੇ ਮੁਕਤੀ ਮੰਗਦੇ ਹਨ। ਮੰਗਾਹੀ = ਮੰਗਦੇ ਹਨ।
ਮੁਕਤਿ ਪਦਾਰਥੁ ਸਬਦਿ ਸਲਾਹੀ ॥
but the treasure of liberation comes only by praising the Shabad.
ਪਰ ਮੁਕਤੀ ਦੇਣ ਵਾਲਾ ਨਾਮ-ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਹੀ ਮਿਲਦਾ ਹੈ। ਸਾਲਾਹੀ = ਸਿਫ਼ਤ-ਸਾਲਾਹ ਦੀ ਰਾਹੀਂ।
ਬਿਨੁ ਗੁਰਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ ॥੧੦॥
Without the Word of the Guru's Shabad, liberation is not obtained; practicing hypocrisy, they wander around confused. ||10||
(ਇਹ ਪੱਕੀ ਗੱਲ ਹੈ ਕਿ ਸਮੇ ਦਾ ਨਾਮ ਚਾਹੇ ਸਤਜੁਗ ਰੱਖ ਲਵੋ ਚਾਹੇ ਤ੍ਰੇਤਾ ਤੇ ਚਾਹੇ ਦੁਆਪੁਰ) ਗੁਰੂ ਦੇ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ। ਪਰ ਸਿਰਜਣਹਾਰ ਨੇ ਇਹ ਜਗਤ-ਰਚਨਾ ਕਰ ਕੇ (ਦੁਆਪੁਰ ਵਾਲੇ) ਜੀਵਾਂ ਨੂੰ ਅਜਬ ਭੁਲੇਖੇ ਵਿਚ ਪਾਇਆ ਹੋਇਆ ਹੈ ॥੧੦॥ ਪਰਪੰਚੁ = ਜਗਤ ਦੀ ਖੇਡ ॥੧੦॥
ਮਾਇਆ ਮਮਤਾ ਛੋਡੀ ਨ ਜਾਈ ॥
Love and attachment to Maya cannot be abandoned.
(ਸਮਾ ਕੋਈ ਭੀ ਹੋਵੇ) ਮਾਇਆ ਦੀ ਅਪਣੱਤ ਛੱਡੀ ਨਹੀਂ ਜਾ ਸਕਦੀ।
ਸੇ ਛੂਟੇ ਸਚੁ ਕਾਰ ਕਮਾਈ ॥
They alone find release, who practice deeds of Truth.
ਸਿਰਫ਼ ਉਹੀ ਬੰਦੇ (ਇਸ ਮਮਤਾ ਦੇ ਪੰਜੇ ਵਿਚੋਂ) ਖ਼ਲਾਸੀ ਪਾਂਦੇ ਹਨ ਜੇਹੜੇ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ, ਸਚੁ ਕਾਰ = ਸਦਾ-ਥਿਰ ਪ੍ਰਭੂ ਦਾ ਸਿਮਰਨ-ਰੂਪ ਕਾਰ।
ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ ਹੇ ॥੧੧॥
Day and night, the devotees remain imbued with contemplative meditation; they become just like their Lord and Master. ||11||
ਜੇਹੜੇ ਦਿਨ ਰਾਤ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਜੇਹੜੇ ਉਸ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਤੇ (ਇਸ ਤਰ੍ਹਾਂ) ਜਿਨ੍ਹਾਂ ਦੀ ਪ੍ਰੀਤ ਮਾਲਕ-ਪ੍ਰਭੂ ਨਾਲ ਬਣੀ ਰਹਿੰਦੀ ਹੈ ॥੧੧॥ ਅਹਿ = ਦਿਨ। ਨਿਸਿ = ਰਾਤ ॥੧੧॥
ਇਕਿ ਜਪ ਤਪ ਕਰਿ ਕਰਿ ਤੀਰਥ ਨਾਵਹਿ ॥
Some chant and practice intensive meditation, and take cleansing baths at sacred shrines of pilgrimage.
ਹੇ ਪ੍ਰਭੂ! ਅਨੇਕਾਂ ਬੰਦੇ ਐਸੇ ਹਨ ਜੋ ਜਪ ਕਰਦੇ ਹਨ ਤਪ ਤਾਪਦੇ ਹਨ ਤੀਰਥਾਂ ਤੇ ਜਾਂਦੇ ਹਨ (ਤੇ ਇਸ ਤਰ੍ਹਾਂ ਇਸ ਲੋਕ ਵਿਚ ਤੇ ਪਰਲੋਕ ਵਿਚ ਇੱਜ਼ਤ ਹਾਸਲ ਕਰਨੀ ਚਾਹੁੰਦੇ ਹਨ)। ਇਕਿ = ਕਈ ਮਨੁੱਖ।
ਜਿਉ ਤੁਧੁ ਭਾਵੈ ਤਿਵੈ ਚਲਾਵਹਿ ॥
They walk as You will them to walk.
(ਪਰ ਹੇ ਪ੍ਰਭੂ! ਉਹਨਾਂ ਦੇ ਭੀ ਕੀਹ ਵੱਸ?) ਜਿਵੇਂ ਤੇਰੀ ਰਜ਼ਾ ਹੈ ਤੂੰ ਉਹਨਾਂ ਨੂੰ ਇਸ ਰਾਹੇ ਤੋਰ ਰਿਹਾ ਹੈਂ।
ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿ ਗੁਰ ਕਿਨਿ ਪਤਿ ਪਾਈ ਹੇ ॥੧੨॥
By stubborn rituals of self-suppression, the Lord is not pleased. No one has ever obtained honor, without the Lord, without the Guru. ||12||
(ਉਹ ਵਿਚਾਰੇ ਨਹੀਂ ਸਮਝਦੇ ਕਿ) ਧੱਕੇ ਨਾਲ ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ ਕੀਤਿਆਂ ਇਹ ਕਦੇ ਨ ਪਤੀਜਣ ਵਾਲਾ ਮਨ ਤੇਰੇ ਨਾਮ-ਰਸ ਵਿਚ ਗਿੱਝ ਨਹੀਂ ਸਕਦਾ। ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਕਦੇ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਨਹੀਂ ਪ੍ਰਾਪਤ ਕੀਤੀ (ਸਮੇ ਤੇ ਜੁਗ ਦਾ ਨਾਮ ਚਾਹੇ ਕੁਝ ਪਿਆ ਹੋਵੇ) ॥੧੨॥ ਹਠਿ = ਹਠ ਨਾਲ (ਕੀਤੇ ਕਰਮਾਂ ਦਾ ਰਾਹੀਂ)। ਨਿਗ੍ਰਹਿ = ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ। ਅਪਤੀਜੁ = ਨਾਹ ਪਤੀਜਣ ਵਾਲਾ ਮਨ ॥੧੨॥
ਕਲੀ ਕਾਲ ਮਹਿ ਇਕ ਕਲ ਰਾਖੀ ॥
In the Iron Age, the Dark Age of Kali Yuga, only one power remains.
(ਜੇ ਧਰਮ-ਸੱਤਿਆ ਦੇ ਚਾਰ ਹਿੱਸੇ ਕਰ ਦਿੱਤੇ ਜਾਣ ਤੇ ਜੇ ਕਿਸੇ ਮਨੁੱਖ ਦੇ ਅੰਦਰ) ਧਰਮ ਦੀ ਇਕੋ ਸਤਿਆ ਰਹਿ ਜਾਏ ਤਾਂ ਉਹ ਮਨੁੱਖ, ਮਾਨੋ, ਕਲਿਜੁਗ ਵਿਚ ਵੱਸਦਾ ਹੈ, ਇਕ ਕਲ = ਧਰਮ ਦੀ ਇਕੋ ਸ਼ਕਤੀ। ਰਾਖੀ = ਰਹਿ ਜਾਂਦਾ ਹੈ।
ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥
Without the Perfect Guru, no one has even described it.
ਪਰ ਪੂਰੇ ਗੁਰੂ ਤੋਂ ਬਿਨਾ ਕਦੇ ਕਿਸੇ ਨੇ ਇਹ ਗੱਲ ਨਹੀਂ ਸਮਝਾਈ। ਭਾਖੀ = ਦੱਸੀ, ਸਮਝਾਈ।
ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਨ ਜਾਈ ਹੇ ॥੧੩॥
The self-willed manmukhs have staged the show of falsehood. Without the True Guru, doubt does not depart. ||13||
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਹੀ ਆਪਣਾ ਜ਼ੋਰ ਪਾਈ ਰੱਖਦਾ ਹੈ (ਉਸ ਦੇ ਅੰਦਰ ਸਦਾ ਮਾਇਆ ਦੀ ਭਟਕਣਾ ਬਣੀ ਰਹਿੰਦੀ ਹੈ) ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ॥੧੩॥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਦੇ ਅੰਦਰ। ਕੂੜੁ = ਝੂਠ, ਮਾਇਆ ਦਾ ਮੋਹ। ਕੂੜੁ ਵਰਤੈ ਵਰਤਾਰਾ = ਮਾਇਆ ਦਾ ਮੋਹ ਆਪਣਾ ਜ਼ੋਰ ਪਾਈ ਰੱਖਦਾ ਹੈ ॥੧੩॥
ਸਤਿਗੁਰੁ ਵੇਪਰਵਾਹੁ ਸਿਰੰਦਾ ॥
The True Guru is the Creator Lord, independent and carefree.
ਸਤਿਗੁਰੂ ਸਿਰਜਣਹਾਰ ਦਾ ਰੂਪ ਹੈ, ਗੁਰੂ ਦੁਨੀਆ ਦੀਆਂ ਗ਼ਰਜ਼ਾਂ ਤੋਂ ਬਹੁਤ ਉੱਚਾ ਹੈ, ਸਿਰੰਦਾ = ਸਿਰਜਣਹਾਰ (ਦਾ ਰੂਪ)।
ਨਾ ਜਮ ਕਾਣਿ ਨ ਛੰਦਾ ਬੰਦਾ ॥
He does not fear death, and He is not dependent on mortal men.
ਗੁਰੂ ਨੂੰ ਜਮ ਦਾ ਡਰ ਨਹੀਂ, ਗੁਰੂ ਨੂੰ ਦੁਨੀਆ ਦੇ ਬੰਦਿਆਂ ਦੀ ਮੁਥਾਜੀ ਨਹੀਂ। ਕਾਣਿ = ਮੁਥਾਜੀ। ਛੰਦਾ ਬੰਦਾ = ਬੰਦਿਆਂ ਦੀ ਮੁਥਾਜੀ।
ਜੋ ਤਿਸੁ ਸੇਵੇ ਸੋ ਅਬਿਨਾਸੀ ਨਾ ਤਿਸੁ ਕਾਲੁ ਸੰਤਾਈ ਹੇ ॥੧੪॥
Whoever serves Him becomes immortal and imperishable, and will not be tortured by death. ||14||
ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਨਾਸ-ਰਹਿਤ ਹੋ ਜਾਂਦਾ ਹੈ (ਉਸ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ) ਮੌਤ ਦਾ ਡਰ ਉਸ ਨੂੰ ਕਦੇ ਨਹੀਂ ਸਤਾਂਦਾ ॥੧੪॥
ਗੁਰ ਮਹਿ ਆਪੁ ਰਖਿਆ ਕਰਤਾਰੇ ॥
The Creator Lord has enshrined Himself within the Guru.
ਕਰਤਾਰ ਨੇ ਆਪਣਾ ਆਪ ਗੁਰੂ ਵਿਚ ਲੁਕਾ ਰੱਖਿਆ ਹੈ, ਆਪੁ = ਆਪਣਾ ਆਪ। ਕਰਤਾਰੇ = ਕਰਤਾਰਿ, ਕਰਤਾਰ ਨੇ।
ਗੁਰਮੁਖਿ ਕੋਟਿ ਅਸੰਖ ਉਧਾਰੇ ॥
The Gurmukh saves countless millions.
ਉਹ ਕਰਤਾਰ ਗੁਰੂ ਦੀ ਰਾਹੀਂ ਕ੍ਰੋੜਾਂ ਤੇ ਅਸੰਖਾਂ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ। ਉਧਾਰੇ = (ਪਰਮਾਤਮਾ) ਉੱਧਾਰਦਾ ਹੈ।
ਸਰਬ ਜੀਆ ਜਗਜੀਵਨੁ ਦਾਤਾ ਨਿਰਭਉ ਮੈਲੁ ਨ ਕਾਈ ਹੇ ॥੧੫॥
The Life of the World is the Great Giver of all beings. The Fearless Lord has no filth at all. ||15||
ਉਹ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਉਸ ਨੂੰ (ਮਾਇਆ-ਮੋਹ ਆਦਿਕ ਦੀ) ਕੋਈ ਮੈਲ ਨਹੀਂ ਲੱਗ ਸਕਦੀ ॥੧੫॥
ਸਗਲੇ ਜਾਚਹਿ ਗੁਰ ਭੰਡਾਰੀ ॥
Everyone begs from the Guru, God's Treasurer.
ਸਾਰੇ ਜੀਵ ਗੁਰੂ ਦੇ ਖ਼ਜ਼ਾਨੇ ਵਿਚੋਂ (ਉਸ ਪ੍ਰਭੂ ਦਾ ਨਾਮ) ਮੰਗਦੇ ਹਨ, ਜਾਚਹਿ = ਮੰਗਦੇ ਹਨ।
ਆਪਿ ਨਿਰੰਜਨੁ ਅਲਖ ਅਪਾਰੀ ॥
He Himself is the immaculate, unknowable, infinite Lord.
ਜੋ ਆਪ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਜੋ ਅਲੱਖ ਹੈ ਤੇ ਬੇਅੰਤ ਹੈ।
ਨਾਨਕੁ ਸਾਚੁ ਕਹੈ ਪ੍ਰਭ ਜਾਚੈ ਮੈ ਦੀਜੈ ਸਾਚੁ ਰਜਾਈ ਹੇ ॥੧੬॥੪॥
Nanak speaks the Truth; he begs from God. Please bless me with the Truth, by Your Will. ||16||4||
ਹੇ ਰਜ਼ਾ ਦੇ ਮਾਲਕ ਪ੍ਰਭੂ! ਨਾਨਕ (ਭੀ ਗੁਰੂ ਦੇ ਦਰ ਤੇ ਪੈ ਕੇ) ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ ਤੇ ਮੰਗਦਾ ਹੈ ਕਿ ਮੈਨੂੰ ਆਪਣੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਦਾਤ ਦੇਹ ॥੧੬॥੪॥ ਸਾਚੁ = ਸਦਾ-ਥਿਰ ਨਾਮ। ਕਹੈ = ਸਿਮਰਦਾ ਹੈ। ਰਜਾਈ = ਹੇ ਰਜ਼ਾ ਦੇ ਮਾਲਕ ਪ੍ਰਭੂ! ॥੧੬॥੪॥