ਮਾਝ ਮਹਲਾ ੩ ॥
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
ਏਕਾ ਜੋਤਿ ਜੋਤਿ ਹੈ ਸਰੀਰਾ ॥
The One Light is the light of all bodies.
ਸਭ ਸਰੀਰਾਂ ਵਿਚ ਪਰਮਾਤਮਾ ਦੀ ਹੀ ਜੋਤਿ ਵਿਆਪਕ ਹੈ, (ਅਜਿਹਾ ਨਿਸਚਾ)
ਸਬਦਿ ਦਿਖਾਏ ਸਤਿਗੁਰੁ ਪੂਰਾ ॥
The Perfect True Guru reveals it through the Word of the Shabad.
ਪੂਰਾ ਗੁਰੂ ਆਪਣੇ ਸ਼ਬਦ ਵਿਚ ਜੋੜ ਕੇ (ਸਰਨ ਆਏ ਮਨੁੱਖ ਨੂੰ) ਵਿਖਾ ਦੇਂਦਾ ਹੈ। ਸਬਦਿ = ਸ਼ਬਦ ਦੀ ਰਾਹੀਂ।
ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥੧॥
He Himself instills the sense of separation within our hearts; He Himself created the Creation. ||1||
ਪਰਮਾਤਮਾ ਨੇ ਆਪ ਹੀ ਸਭ ਜੀਵਾਂ ਦੀ ਬਨਾਵਟ ਬਣਾਈ ਹੈ (ਪੈਦਾ ਕੀਤੇ ਹਨ) ਤੇ ਆਪ ਹੀ ਉਸ ਨੇ ਸਾਰੇ ਸਰੀਰਾਂ ਵਿਚ (ਆਤਮਕ ਜੀਵਨ ਦਾ) ਫ਼ਰਕ ਬਣਾਇਆ ਹੋਇਆ ਹੈ ॥੧॥ ਕੀਤੋਨੁ = ਕੀਤਾ ਉਨਿ, ਉਸ ਪ੍ਰਭੂ ਨੇ ਕੀਤਾ ਹੈ ॥੧॥
ਹਉ ਵਾਰੀ ਜੀਉ ਵਾਰੀ ਹਰਿ ਸਚੇ ਕੇ ਗੁਣ ਗਾਵਣਿਆ ॥
I am a sacrifice, my soul is a sacrifice, to those who sing the Glorious Praises of the True Lord.
ਮੈਂ ਸਦਾ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।
ਬਾਝੁ ਗੁਰੂ ਕੋ ਸਹਜੁ ਨ ਪਾਏ ਗੁਰਮੁਖਿ ਸਹਜਿ ਸਮਾਵਣਿਆ ॥੧॥ ਰਹਾਉ ॥
Without the Guru, no one obtains intuitive wisdom; the Gurmukh is absorbed in intuitive peace. ||1||Pause||
(ਆਤਮਕ ਅਡੋਲਤਾ ਵਿਚ ਰਹਿ ਕੇ ਹੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਤੇ) ਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ ਆਤਮਕ ਅਡੋਲਤਾ ਹਾਸਲ ਨਹੀਂ ਕਰ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥ ਕੋ = ਕੋਈ ਭੀ ਮਨੁੱਖ। ਸਹਜੁ = ਆਤਮਕ ਅਡੋਲਤਾ ॥੧॥ ਰਹਾਉ ॥
ਤੂੰ ਆਪੇ ਸੋਹਹਿ ਆਪੇ ਜਗੁ ਮੋਹਹਿ ॥
You Yourself are Beautiful, and You Yourself entice the world.
ਹੇ ਕਰਤਾਰ! ਤੂੰ ਆਪ ਹੀ (ਜਗਤ ਰਚ ਕੇ ਜਗਤ-ਰਚਨਾ ਦੀ ਰਾਹੀਂ ਆਪਣੀ) ਸੁੰਦਰਤਾ ਵਿਖਾ ਰਿਹਾ ਹੈਂ, ਤੇ (ਉਸ ਸੁੰਦਰਤਾ ਨਾਲ) ਤੂੰ ਆਪ ਹੀ ਜਗਤ ਨੂੰ ਮੋਹਿਤ ਕਰਦਾ ਹੈਂ। ਸੋਹਹਿ = ਸੋਭ ਰਿਹਾ ਹੈਂ। ਮੋਹਹਿ = ਮੋਹ ਰਿਹਾ ਹੈਂ।
ਤੂੰ ਆਪੇ ਨਦਰੀ ਜਗਤੁ ਪਰੋਵਹਿ ॥
You Yourself, by Your Kind Mercy, weave the thread of the world.
ਤੂੰ ਆਪ ਹੀ ਆਪਣੀ ਮਿਹਰ ਦੀ ਨਿਗਾਹ ਨਾਲ ਜਗਤ ਨੂੰ (ਆਪਣੀ ਕਾਇਮ ਕੀਤੀ ਮਰਯਾਦਾ ਦੇ ਧਾਗੇ ਵਿਚ) ਪ੍ਰੋਈ ਰੱਖਦਾ ਹੈਂ।
ਤੂੰ ਆਪੇ ਦੁਖੁ ਸੁਖੁ ਦੇਵਹਿ ਕਰਤੇ ਗੁਰਮੁਖਿ ਹਰਿ ਦੇਖਾਵਣਿਆ ॥੨॥
You Yourself bestow pain and pleasure, O Creator. The Lord reveals Himself to the Gurmukh. ||2||
ਹੇ ਕਰਤਾਰ! ਤੂੰ ਆਪ ਹੀ ਜੀਵਾਂ ਨੂੰ ਦੁਖ ਦੇਂਦਾ ਹੈਂ ਆਪ ਹੀ ਜੀਵਾਂ ਨੂੰ ਸੁਖ ਦੇਂਦਾ ਹੈਂ, ਹੇ ਹਰੀ! ਗੁਰੂ ਦੀ ਸਰਨ ਪੈਣ ਵਾਲੇ ਬੰਦੇ (ਹਰ ਥਾਂ) ਤੇਰਾ ਦਰਸਨ ਕਰਦੇ ਹਨ ॥੨॥ ਕਰਤੇ = ਹੇ ਕਰਤਾਰ! ॥੨॥
ਆਪੇ ਕਰਤਾ ਕਰੇ ਕਰਾਏ ॥
The Creator Himself acts, and causes others to act.
(ਹੇ ਭਾਈ! ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।
ਆਪੇ ਸਬਦੁ ਗੁਰ ਮੰਨਿ ਵਸਾਏ ॥
Through Him, the Word of the Guru's Shabad is enshrined within the mind.
ਕਰਤਾਰ ਆਪ ਹੀ ਗੁਰੂ ਦਾ ਸ਼ਬਦ (ਜੀਵਾਂ ਦੇ) ਮਨ ਵਿਚ ਵਸਾਂਦਾ ਹੈ। ਮੰਨਿ = ਮਨਿ, ਮਨ ਵਿਚ।
ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ ॥੩॥
The Ambrosial Word of the Guru's Bani emanates from the Word of the Shabad. The Gurmukh speaks it and hears it. ||3||
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ (ਦੀ ਲਗਨ ਜੀਵਾਂ ਦੇ ਹਿਰਦੇ ਵਿਚ) ਪੈਦਾ ਹੁੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸਿਫ਼ਤ-ਸਾਲਾਹ ਦੀ ਬਾਣੀ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ ॥੩॥ ਸਬਦੇ = ਸ਼ਬਦ ਦੀ ਰਾਹੀਂ ਹੀ। ਆਖਿ = ਆਖ ਕੇ, ਉਚਾਰ ਕੇ ॥੩॥
ਆਪੇ ਕਰਤਾ ਆਪੇ ਭੁਗਤਾ ॥
He Himself is the Creator, and He Himself is the Enjoyer.
ਕਰਤਾਰ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਦੁਨੀਆ ਦੇ ਪਦਾਰਥ ਭੋਗਣ ਵਾਲਾ ਹੈ। ਭੁਗਤਾ = ਭੋਗਣ ਵਾਲਾ।
ਬੰਧਨ ਤੋੜੇ ਸਦਾ ਹੈ ਮੁਕਤਾ ॥
One who breaks out of bondage is liberated forever.
ਕਰਤਾਰ ਆਪ ਹੀ (ਸਾਰੇ ਜੀਵਾਂ ਦੇ ਮਾਇਆ ਦੇ ਮੋਹ ਦੇ) ਬੰਧਨ ਤੋੜਦਾ ਹੈ, ਉਹ ਆਪ ਸਦਾ ਹੀ ਬੰਧਨਾਂ ਤੋਂ ਸੁਤੰਤਰ ਹੈ। ਮੁਕਤਾ = ਆਜ਼ਾਦ।
ਸਦਾ ਮੁਕਤੁ ਆਪੇ ਹੈ ਸਚਾ ਆਪੇ ਅਲਖੁ ਲਖਾਵਣਿਆ ॥੪॥
The True Lord is liberated forever. The Unseen Lord causes Himself to be seen. ||4||
ਸਦਾ-ਥਿਰ ਰਹਿਣ ਵਾਲਾ ਕਰਤਾਰ ਆਪ ਸਦਾ ਹੀ ਨਿਰਲੇਪ ਹੈ, ਆਪ ਹੀ ਅਦ੍ਰਿਸ਼ਟ (ਭੀ) ਹੈ, ਤੇ ਆਪ ਹੀ ਆਪਣਾ ਸਰੂਪ (ਜੀਵਾਂ ਨੂੰ) ਵਿਖਾਲਣ ਵਾਲਾ ਹੈ ॥੪॥ ਅਲਖੁ = ਅਦ੍ਰਿਸ਼ਟ ॥੪॥
ਆਪੇ ਮਾਇਆ ਆਪੇ ਛਾਇਆ ॥
He Himself is Maya, and He Himself is the Illusion.
(ਹੇ ਭਾਈ!) ਕਰਤਾਰ ਨੇ ਆਪ ਹੀ ਮਾਇਆ ਪੈਦਾ ਕੀਤੀ ਹੈ, ਉਸ ਨੇ ਆਪ ਹੀ ਮਾਇਆ ਦਾ ਪ੍ਰਭਾਵ ਪੈਦਾ ਕੀਤਾ ਹੈ। ਛਾਇਆ = ਪ੍ਰਭਾਵ।
ਆਪੇ ਮੋਹੁ ਸਭੁ ਜਗਤੁ ਉਪਾਇਆ ॥
He Himself has generated emotional attachment throughout the entire universe.
ਕਰਤਾਰ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ ਤੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ।
ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖਿ ਸੁਣਾਵਣਿਆ ॥੫॥
He Himself is the Giver of Virtue; He Himself sings the Lord's Glorious Praises. He chants them and causes them to be heard. ||5||
ਕਰਤਾਰ ਆਪ ਹੀ ਆਪਣੇ ਗੁਣਾਂ ਦੀ ਦਾਤ (ਜੀਵਾਂ ਨੂੰ) ਦੇਣ ਵਾਲਾ ਹੈ, ਆਪ ਹੀ (ਆਪਣੇ) ਗੁਣ (ਜੀਵਾਂ ਵਿਚ ਵਿਆਪਕ ਹੋ ਕੇ) ਗਾਂਦਾ ਹੈ, ਆਪ ਹੀ (ਆਪਣੇ ਗੁਣ) ਉਚਾਰ ਕੇ (ਹੋਰਨਾਂ ਨੂੰ) ਸੁਣਾਂਦਾ ਹੈ ॥੫॥
ਆਪੇ ਕਰੇ ਕਰਾਏ ਆਪੇ ॥
He Himself acts, and causes others to act.
(ਹੇ ਭਾਈ! ਸਭ ਜੀਵਾਂ ਵਿਚ ਵਿਆਪਕ ਹੋ ਕੇ) ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਆਪ ਹੀ (ਜੀਵਾਂ ਪਾਸੋਂ) ਕਰਾ ਰਿਹਾ ਹੈ।
ਆਪੇ ਥਾਪਿ ਉਥਾਪੇ ਆਪੇ ॥
He Himself establishes and disestablishes.
ਕਰਤਾਰ ਆਪ ਹੀ ਜਗਤ ਦੀ ਰਚਨਾ ਕਰਕੇ ਆਪ ਹੀ (ਜਗਤ ਦਾ) ਨਾਸ ਕਰਦਾ ਹੈ। ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ।
ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ ॥੬॥
Without You, nothing can be done. You Yourself have engaged all in their tasks. ||6||
(ਹੇ ਪ੍ਰਭੂ! ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ, ਤੂੰ ਆਪ ਹੀ (ਸਭ ਜੀਵਾਂ ਨੂੰ) ਕਾਰ ਵਿਚ ਲਾ ਰਿਹਾ ਹੈਂ ॥੬॥ ਕਾਰੈ = ਕਾਰ ਵਿਚ ॥੬॥
ਆਪੇ ਮਾਰੇ ਆਪਿ ਜੀਵਾਏ ॥
He Himself kills, and He Himself revives.
(ਹੇ ਭਾਈ!) ਪਰਮਾਤਮਾ ਆਪ ਹੀ (ਕਿਸੇ ਜੀਵ ਨੂੰ) ਆਤਮਕ ਮੌਤ ਦੇ ਰਿਹਾ ਹੈ (ਕਿਸੇ ਨੂੰ) ਆਤਮਕ ਜੀਵਨ ਬਖ਼ਸ਼ ਰਿਹਾ ਹੈ। ਮਾਰੇ = ਆਤਮਕ ਮੌਤ ਦੇਂਦਾ ਹੈ। ਜੀਵਾਏ = ਆਤਮਕ ਜੀਵਨ ਦੇਂਦਾ ਹੈ।
ਆਪੇ ਮੇਲੇ ਮੇਲਿ ਮਿਲਾਏ ॥
He Himself unites us, and unites us in Union with Himself.
ਪ੍ਰਭੂ ਆਪ ਹੀ (ਜੀਵਾਂ ਨੂੰ ਗੁਰੂ) ਮਿਲਾਂਦਾ ਹੈ ਤੇ (ਗੁਰੂ) ਮਿਲਾ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ।
ਸੇਵਾ ਤੇ ਸਦਾ ਸੁਖੁ ਪਾਇਆ ਗੁਰਮੁਖਿ ਸਹਜਿ ਸਮਾਵਣਿਆ ॥੭॥
Through selfless service, eternal peace is obtained. The Gurmukh is absorbed in intuitive peace. ||7||
(ਗੁਰੂ ਦੀ ਦੱਸੀ) ਸੇਵਾ ਕਰਨ ਵਾਲੇ ਨੇ ਸਦਾ ਆਤਮਕ ਅਨੰਦ ਮਾਣਿਆ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੭॥
ਆਪੇ ਊਚਾ ਊਚੋ ਹੋਈ ॥
He Himself is the Highest of the High.
(ਹੇ ਭਾਈ! ਪਰਮਾਤਮਾ ਆਪਣੀ ਸਮਰੱਥਾ ਨਾਲ) ਆਪ ਹੀ ਮਾਇਆ ਦੇ ਪ੍ਰਭਾਵ ਤੋਂ) ਬਹੁਤ ਹੀ ਉੱਚਾ ਹੈ।
ਜਿਸੁ ਆਪਿ ਵਿਖਾਲੇ ਸੁ ਵੇਖੈ ਕੋਈ ॥
How rare are those who behold Him. He causes Himself to be seen.
ਜਿਸ ਕਿਸੇ (ਵਡ-ਭਾਗੀ ਮਨੁੱਖ) ਨੂੰ (ਆਪਣੀ ਇਹ ਸਮਰੱਥਾ) ਪਰਮਾਤਮਾ ਆਪ ਵਿਖਾਲਦਾ ਹੈ ਉਹ ਵੇਖ ਲੈਂਦਾ ਹੈ (ਕਿ ਪ੍ਰਭੂ ਬੜੀਆਂ ਤਾਕਤਾਂ ਵਾਲਾ ਹੈ)। ਕੋਈ = ਕੋਈ ਵਿਰਲਾ।
ਨਾਨਕ ਨਾਮੁ ਵਸੈ ਘਟ ਅੰਤਰਿ ਆਪੇ ਵੇਖਿ ਵਿਖਾਲਣਿਆ ॥੮॥੨੬॥੨੭॥
O Nanak, the Naam, the Name of the Lord, abides deep within the hearts of those who see the Lord themselves, and inspire others to see Him as well. ||8||26||27||
ਹੇ ਨਾਨਕ! (ਪਰਮਾਤਮਾ ਦੀ ਆਪਣੀ ਹੀ ਮਿਹਰ ਨਾਲ ਕਿਸੇ ਵਡਭਾਗੀ ਮਨੁੱਖ ਦੇ) ਹਿਰਦੇ ਵਿਚ ਉਸ ਦਾ ਨਾਮ ਵੱਸਦਾ ਹੈ (ਉਸ ਮਨੁੱਖ ਵਿਚ ਪਰਗਟ ਹੋ ਕੇ ਪ੍ਰਭੂ ਆਪ ਹੀ ਆਪਣੇ ਸਰੂਪ ਦਾ) ਦਰਸਨ ਕਰ ਕੇ (ਹੋਰਨਾਂ ਨੂੰ) ਦਰਸਨ ਕਰਾਂਦਾ ਹੈ ॥੮॥੨੬॥੨੭॥ ਵੇਖਿ = ਵੇਖ ਕੇ ॥੮॥