ਸਾਰੰਗ ਕਬੀਰ ਜੀਉ ॥
Saarang, Kabeer Jee:
ਰਾਗ ਸਾਰੰਗ ਵਿੱਚ ਭਗਤ ਕਬੀਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਬਿਨੁ ਕਉਨੁ ਸਹਾਈ ਮਨ ਕਾ ॥
Other than the Lord, who is the Help and Support of the mind?
ਪਰਮਾਤਮਾ ਤੋਂ ਬਿਨਾ ਕੋਈ ਹੋਰ ਇਸ ਮਨ ਦੀ ਸਹਾਇਤਾ ਕਰਨ ਵਾਲਾ ਨਹੀਂ ਹੋ ਸਕਦਾ।
ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ ॥੧॥ ਰਹਾਉ ॥
Love and attachment to mother, father, sibling, child and spouse, is all just an illusion. ||1||Pause||
ਮਾਂ, ਪਿਉ, ਭਰਾ, ਪੁੱਤਰ, ਵਹੁਟੀ-ਇਹਨਾਂ ਸਭਨਾਂ ਨਾਲ ਜੋ ਮੋਹ ਪਾਇਆ ਹੋਇਆ ਹੈ, ਇਹ ਛਲ ਨਾਲ ਹੀ ਮੋਹ ਪਾਇਆ ਹੈ (ਭਾਵ; ਇਹ ਮੋਹ ਅਜਿਹੇ ਪਦਾਰਥਾਂ ਨਾਲ ਹੈ ਜੋ ਛਲ ਹੀ ਹਨ, ਸਦਾ ਨਾਲ ਨਿੱਭਣ ਵਾਲੇ ਨਹੀਂ ਹਨ) ॥੧॥ ਰਹਾਉ ॥ ਸੁਤ = ਪੁੱਤਰ। ਬਨਿਤਾ = ਵਹੁਟੀ। ਹਿਤੁ = ਮੋਹ। ਫਨ = ਛਲ ॥੧॥ ਰਹਾਉ ॥
ਆਗੇ ਕਉ ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ ॥
So build a raft to the world hereafter; what faith do you place in wealth?
ਇਸ ਧਨ ਦਾ (ਜੋ ਤੂੰ ਖੱਟਿਆ ਕਮਾਇਆ ਹੈ) ਕੋਈ ਇਤਬਾਰ ਨਹੀਂ (ਕਿ ਕਦੋਂ ਨਾਸ ਹੋ ਜਾਏ, ਸੋ) ਅਗਾਂਹ ਵਾਸਤੇ ਕੋਈ ਹੋਰ (ਭਾਵ, ਨਾਮ ਧਨ ਦਾ) ਬੇੜਾ ਬੰਨ੍ਹੋ। ਆਗੇ ਕਉ = ਅਗਲੇ ਆਉਣ ਵਾਲੇ ਜੀਵਨ ਲਈ। ਤੁਲਹਾ = ਬੇੜਾ।
ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ ॥੧॥
What confidence do you place in this fragile vessel; it breaks with the slightest stroke. ||1||
(ਧਨ ਤਾਂ ਕਿਤੇ ਰਿਹਾ) ਇਸ ਸਰੀਰ ਦਾ ਭੀ ਕੋਈ ਵਿਸਾਹ ਨਹੀਂ, ਇਸ ਨੂੰ ਰਤਾ ਕੁ ਜਿਤਨੀ ਠੋਕਰ ਲੱਗੇ (ਤਾਂ ਢਹਿ-ਢੇਰੀ ਹੋ ਜਾਂਦਾ ਹੈ) ॥੧॥ ਬਿਸਾਸਾ = ਇਤਬਾਰ। ਭਾਂਡਾ = ਸਰੀਰ। ਠਨਕਾ = ਠੇਡਾ, ਠੋਕਰ ॥੧॥
ਸਗਲ ਧਰਮ ਪੁੰਨ ਫਲ ਪਾਵਹੁ ਧੂਰਿ ਬਾਂਛਹੁ ਸਭ ਜਨ ਕਾ ॥
You shall obtain the rewards of all righteousness and goodness, if you desire to be the dust of all.
ਹੇ ਸੰਤ ਜਨੋ! (ਜਦ ਮੰਗੋ) ਗੁਰਮੁਖਾਂ (ਦੇ ਚਰਨਾਂ) ਦੀ ਧੂੜ ਮੰਗੋ, (ਇਸੇ ਵਿਚੋਂ) ਸਾਰੇ ਧਰਮਾਂ ਤੇ ਪੁੰਨਾਂ ਦੇ ਫਲ ਮਿਲਣਗੇ। ਜਨ = ਸੇਵਕ, ਭਗਤ। ਸਭ ਜਨ = ਸਤ-ਸੰਗੀ (Plural)।
ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥
Says Kabeer, listen, O Saints: this mind is like the bird, flying above the forest. ||2||1||9||
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਇਹ ਮਨ ਇਉਂ ਹੈ ਜਿਵੇਂ ਜੰਗਲ ਦਾ ਕੋਈ ਉਡਾਰੂ ਪੰਛੀ (ਇਸ ਨੂੰ ਟਿਕਾਣ ਲਈ ਗੁਰਮੁਖਾਂ ਦੀ ਸੰਗਤ ਵਿਚ ਲਿਆਉ) ॥੨॥੧॥੯॥ ਪੰਖੇਰੂ = ਪੰਛੀ ॥੨॥੧॥੯॥