ਕੇਦਾਰਾ ਮਹਲਾ ੪ ਘਰੁ ੧ ॥
Kaydaaraa, Fourth Mehl, First House:
ਰਾਗ ਕੇਦਾਰਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥
O my mind, sing continually the Name of the Lord.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। ਰੇ ਮੇਰੇ ਮਨ = ਹੇ ਮੇਰੇ ਮਨ! ਨਿਤ = ਸਦਾ। ਗਾਵੀਐ = ਗਾਵਣਾ ਚਾਹੀਦਾ ਹੈ, ਸਿਮਰਨਾ ਚਾਹੀਦਾ ਹੈ।
ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਉ ॥
The Inaccessible, Unfathomable Lord cannot be seen; meeting with the Perfect Guru, He is seen. ||Pause||
ਹੇ ਮਨ! ਉਹ ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਮਨੁੱਖ ਦੀ ਆਪਣੀ ਅਕਲ ਨਾਲ ਉਹ) ਸਮਝਿਆ ਨਹੀਂ ਜਾ ਸਕਦਾ। ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਉਸ ਨੂੰ ਸਮਝਿਆ ਜਾ ਸਕਦਾ ਹੈ ॥ ਰਹਾਉ॥ ਅਗਮ = {अगम्य} ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਨ ਜਾਈ ਲਖਿਆ = ਸਮਝਿਆ ਨਹੀਂ ਜਾ ਸਕਦਾ। ਲਖਾਵੀਐ = ਸਮਝਿਆ ਜਾ ਸਕਦਾ ਹੈ ॥ ਰਹਾਉ॥
ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥
That person, upon whom my Lord and Master showers His Mercy - the Lord attunes that one to Himself.
ਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਆਪ ਹੀ ਕਿਰਪਾ ਕਰਦਾ ਹੈ, ਉਸ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਦਾ) ਪਿਆਰ ਲਾਂਦਾ ਹੈ। ਆਪੇ = ਆਪ ਹੀ। ਕਉ = ਨੂੰ। ਲਿਵ = ਲਗਨ, ਪ੍ਰੀਤ। ਲਾਵੀਐ = ਲਾਈ ਜਾਂਦੀ ਹੈ, ਲੱਗਦੀ ਹੈ।
ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥
Everyone worships the Lord, but only that person who is pleasing to the Lord is accepted. ||1||
ਹੇ ਮਨ! (ਆਪਣੇ ਵੱਲੋਂ) ਹਰੇਕ ਜੀਵ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰ ਉਹ ਮਨੁੱਖ (ਉਸ ਦੇ ਦਰ ਤੇ) ਪਰਵਾਨ ਹੁੰਦਾ ਹੈ ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ ॥੧॥ ਸਭੁ ਕੋ = ਹਰੇਕ ਜੀਵ। ਕੇਰੀ = ਦੀ। ਹਰਿ ਭਾਵੈ = (ਜਿਹੜਾ ਮਨੁੱਖ) ਹਰੀ ਨੂੰ ਚੰਗਾ ਲੱਗਦਾ ਹੈ। ਥਾਇ ਪਾਵੀਐ = ਥਾਂ ਤੇ ਪਾਇਆ ਜਾਂਦਾ ਹੈ, ਕਬੂਲ ਹੁੰਦਾ ਹੈ ॥੧॥
ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥
The Name of the Lord, Har, Har, is priceless. It rests with the Lord. If the Lord bestows it, then we meditate on the Naam.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਮੁੱਲ ਤੋਂ ਨਹੀਂ ਮਿਲ ਸਕਦਾ, (ਉਸ ਦਾ ਇਹ ਨਾਮ ਉਸ) ਪਰਮਾਤਮਾ ਦੇ (ਆਪਣੇ) ਪਾਸ ਹੈ। ਜਦੋਂ ਪਰਮਾਤਮਾ (ਕਿਸੇ ਨੂੰ ਨਾਮ ਦੀ ਦਾਤਿ) ਦੇਂਦਾ ਹੈ, ਤਦੋਂ ਹੀ ਸਿਮਰਿਆ ਜਾ ਸਕਦਾ ਹੈ। ਅਮੋਲਕੁ = ਜੋ ਕਿਸੇ (ਦੁਨੀਆਵੀ) ਮੁੱਲ ਤੋਂ ਨਹੀਂ ਮਿਲ ਸਕਦਾ। ਪਹਿ = ਪਾਸ, ਕੋਲ। ਦੇਵੈ = ਦੇਂਦਾ ਹੈ। ਤਾ = ਤਦੋਂ। ਧਿਆਵੀਐ = ਸਿਮਰਿਆ ਜਾ ਸਕਦਾ ਹੈ।
ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥
That person, whom my Lord and Master blesses with His Name - his entire account is forgiven. ||2||
ਹੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਨੂੰ ਆਪਣਾ ਨਾਮ ਦੇਂਦਾ ਹੈ ਉਸ (ਦੇ ਪਿਛਲੇ ਕੀਤੇ ਕਰਮਾਂ ਦਾ) ਸਾਰਾ ਹਿਸਾਬ ਮੁੱਕ ਜਾਂਦਾ ਹੈ ॥੨॥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਦੇਇ = ਦੇਂਦਾ ਹੈ। ਤਿਸੁ ਲੇਖਾ = ਉਸ (ਦੇ ਕਰਮਾਂ) ਦਾ ਲੇਖਾ। ਸਭੁ = ਸਾਰਾ। ਛਡਾਵੀਐ = ਛਡਾਇਆ ਜਾਂਦਾ ਹੈ, ਮੁਕਾਇਆ ਜਾਂਦਾ ਹੈ ॥੨॥
ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ ॥
Those humble beings who worship and adore the Lord's Name, are said to be blessed. Such is the good destiny written on their foreheads.
ਹੇ ਮੇਰੇ ਮਨ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਲਿਖੀ ਚੰਗੀ ਕਿਸਮਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਅਰਾਧਹਿ = ਆਰਾਧਦੇ ਹਨ {ਬਹੁ-ਵਚਨ}। ਸੇ = ਉਹ ਮਨੁੱਖ {ਬਹੁ-ਵਚਨ}। ਧੰਨੁ ਜਨ = {धन्य} ਭਾਗਾਂ ਵਾਲੇ ਮਨੁੱਖ। ਕਹੀਅਹਿ = ਆਖੇ ਜਾਂਦੇ ਹਨ। ਮਸਤਕਿ = ਮੱਥੇ ਉੱਤੇ। ਧੁਰਿ = ਧੁਰ-ਦਰਗਾਹ ਤੋਂ। ਭਾਗੁ ਲਿਖਿ ਪਾਵੀਐ = ਚੰਗੀ ਕਿਸਮਤ ਲਿਖ ਕੇ ਪਾਈ ਜਾਂਦੀ ਹੈ।
ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥
Gazing upon them, my mind blossoms forth, like the mother who meets with her son and hugs him close. ||3||
ਉਹਨਾਂ ਦਾ ਦਰਸਨ ਕੀਤਿਆਂ ਮੇਰਾ ਮਨ (ਇਉਂ) ਖ਼ੁਸ਼ ਹੁੰਦਾ ਹੈ, ਜਿਵੇਂ ਪੁੱਤਰ (ਆਪਣੀ) ਮਾਂ ਨੂੰ ਮਿਲ ਕੇ (ਖ਼ੁਸ਼ ਹੁੰਦਾ ਹੈ), ਉਹ ਮਾਂ ਦੇ ਗਲ ਨਾਲ ਚੰਬੜ ਜਾਂਦਾ ਹੈ ॥੩॥ ਤਿਨ ਦੇਖੇ = ਉਹਨਾਂ ਨੂੰ ਵੇਖਿਆਂ। ਬਿਗਸੈ = ਖਿੜ ਆਉਂਦਾ ਹੈ, ਖ਼ੁਸ਼ ਹੁੰਦਾ ਹੈ। ਸੁਤੁ = ਪੁੱਤਰ। ਮਿਲਿ ਮਾਤ = ਮਾਂ ਨੂੰ ਮਿਲ ਕੇ। ਗਲਿ = ਗਲ ਨਾਲ। ਲਾਵੀਐ = ਲਾਇਆ ਜਾਂਦਾ ਹੈ ॥੩॥
ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥
I am a child, and You, O my Lord God, are my Father; please bless me with such understanding, that I may find the Lord.
ਹੇ ਮੇਰੇ ਪਿਤਾ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ। (ਹੇ ਪ੍ਰਭੂ!) ਮੈਨੂੰ ਅਜਿਹੀ ਮੱਤ ਦੇਹ, ਜਿਸ ਦੀ ਰਾਹੀਂ ਤੇਰਾ ਨਾਮ ਪ੍ਰਾਪਤ ਹੋ ਸਕੇ। ਬਾਰਿਕ = ਬੱਚੇ, ਬਾਲਕ {ਬਹੁ-ਵਚਨ}। ਪ੍ਰਭ = ਹੇ ਪ੍ਰਭੂ! ਮੋ ਕਉ = ਮੈਨੂੰ। ਮਤੀ = ਸਿੱਖਿਆ। ਜਿਤੁ = ਜਿਸ (ਮੱਤ) ਦੀ ਰਾਹੀਂ। ਪਾਵੀਐ = ਲੱਭਿਆ ਜਾ ਸਕਦਾ ਹੈ।
ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥
Like the cow, which is happy upon seeing her calf, O Lord, please hug Nanak close in Your Embrace. ||4||1||
ਹੇ ਨਾਨਕ! ਜਿਵੇਂ ਗਾਂ (ਆਪਣੇ) ਵੱਛੇ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ ਤਿਵੇਂ ਉਹ ਵਡਭਾਗੀ ਮਨੁੱਖ ਸੁਖ ਪ੍ਰਤੀਤ ਕਰਦਾ ਹੈ ਜਿਸ ਨੂੰ ਪਰਮਾਤਮਾ ਆਪਣੇ ਗਲ ਨਾਲ ਲਾ ਲੈਂਦਾ ਹੈ ॥੪॥੧॥ ਬਛੁਰਾ = ਵੱਛਾ। ਦੇਖਿ = ਵੇਖ ਕੇ। ਗਊ ਸੁਖੁ ਮਾਨੈ = ਗਾਂ ਸੁਖ ਮੰਨਦੀ ਹੈ, ਗਾਂ ਖ਼ੁਸ਼ ਹੁੰਦੀ ਹੈ। ਹਰਿ ਗਲਿ = ਹਰੀ ਦੇ ਗਲ ਨਾਲ। ਲਾਵੀਐ = ਲਾਇਆ ਜਾਂਦਾ ਹੈ ॥੪॥੧॥