ਜੈਤਸਰੀ ਮਹਲਾ ੪ ॥
Jaitsree, Fourth Mehl:
ਜੈਤਸਰੀ ਚੋਥੀ ਪਾਤਿਸ਼ਾਹੀ।
ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥
A jewel or a diamond may be very valuable and heavy, but without a purchaser, it is worth only straw.
ਹੇ ਭਾਈ! ਪਰਮਾਤਮਾ ਦਾ ਨਾਮ ਬੜਾ ਹੀ ਕੀਮਤੀ ਹੀਰਾ ਹੈ ਲਾਲ ਹੈ, ਪਰ ਗਾਹਕ ਤੋਂ ਬਿਨਾ ਇਹ ਹੀਰਾ ਕੱਖ ਵਰਗਾ ਹੋਇਆ ਪਿਆ ਹੈ। ਅਮੋਲਕੁ = ਦੁਨੀਆ ਦਾ ਕੋਈ ਭੀ ਪਦਾਰਥ ਜਿਸ ਦੇ ਬਰਾਬਰ ਕੀਮਤੀ ਨਾਹ ਹੋ ਸਕੇ। ਸੀਕਾ = ਬਰਾਬਰ। ਕਾਖਾ = ਕੱਖ।
ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥੧॥
When the Holy Guru, the Purchaser, saw this jewel, He purchased it for hundreds of thousands of dollars. ||1||
ਜਦੋਂ ਇਸ ਰਤਨ ਦਾ ਗਾਹਕ ਗੁਰੂ ਮਿਲ ਪਿਆ, ਤਦੋਂ ਇਹ ਰਤਨ ਲੱਖੀਂ ਰੁਪਈਂ ਵਿਕਣ ਲੱਗ ਪਿਆ ॥੧॥ ਲਾਖਾ = ਲੱਖਾਂ ਰੁਪਇਆਂ ਤੋਂ ॥੧॥
ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥
The Lord has kept this jewel hidden within my mind.
ਹੇ ਭਾਈ! ਮੇਰੇ ਮਨ ਵਿਚ ਪਰਮਾਤਮਾ ਨੇ ਆਪਣਾ ਨਾਮ-ਹੀਰਾ ਲੁਕਾ ਕੇ ਰੱਖਿਆ ਹੋਇਆ ਸੀ। ਮਨਿ = ਮਨ ਵਿਚ। ਗੁਪਤ = ਗੁੱਝਾ। ਹੀਰੁ = ਹੀਰਾ। ਰਾਖਾ = ਰੱਖਿਆ ਹੋਇਆ ਸੀ।
ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥ ਰਹਾਉ ॥
The Lord, merciful to the meek, led me to meet the Holy Guru; meeting the Guru, I came to appreciate this jewel. ||Pause||
ਦੀਨਾਂ ਉਤੇ ਦਇਆ ਕਰਨ ਵਾਲੇ ਉਸ ਹਰੀ ਨੇ ਮੈਨੂੰ ਗੁਰੂ ਮਿਲਾ ਦਿੱਤਾ। ਗੁਰੂ ਮਿਲਣ ਨਾਲ ਮੈਂ ਉਹ ਹੀਰਾ ਪਰਖ ਲਿਆ (ਮੈਂ ਉਸ ਹੀਰੇ ਦੀ ਕਦਰ ਸਮਝ ਲਈ) ਰਹਾਉ॥ ਦਇਆਲਿ = ਦਇਆਲ ਨੇ। ਗੁਰਿ ਮਿਲਿਐ = ਗੁਰੂ ਮਿਲਣ ਨਾਲ। ਪਰਾਖਾ = ਪਰਖ ਲਿਆ ॥ਰਹਾਉ॥
ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥
The rooms of the self-willed manmukhs are dark with ignorance; in their homes, the jewel is not visible.
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਹਿਰਦੇ ਵਿਚ ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਪਿਆ ਰਹਿੰਦਾ ਹੈ, (ਤਾਹੀਏਂ) ਉਹਨਾਂ ਨੇ ਆਪਣੇ ਹਿਰਦੇ-ਘਰ ਵਿਚ ਟਿਕਿਆ ਹੋਇਆ ਨਾਮ-ਰਤਨ (ਕਦੇ) ਨਹੀਂ ਵੇਖਿਆ। ਕੋਠੀ = ਹਿਰਦੇ ਵਿਚ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਘਰਿ = ਹਿਰਦੇ ਵਿਚ। ਨ ਲਾਖਾ = ਨਾਹ ਲਖਿਆ।
ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ ॥੨॥
Those fools die, wandering in the wilderness, eating the poison of the snake, Maya. ||2||
ਉਹ ਮਨੁੱਖ ਮਾਇਆ-ਸਪਣੀ (ਦੇ ਮੋਹ) ਦਾ ਜ਼ਹਿਰ ਖਾਂਦੇ ਰਹਿੰਦੇ ਹਨ, (ਇਸ ਵਾਸਤੇ) ਉਹ ਮੂਰਖ ਭਟਕਣਾ ਦੇ ਕਾਰਨ ਕੁਰਾਹੇ ਪੈ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ ॥੨॥ ਊਝੜਿ = ਉਜਾੜ ਵਿਚ, ਕੁਰਾਹੇ। ਭਰਮਿ = ਭਟਕਣਾ ਵਿਚ। ਤੇ = ਉਹ (ਬਹੁ-ਵਚਨ)। ਮੁਏ = ਆਤਮਕ ਮੌਤੇ ਮਰ ਗਏ। ਭੁਅੰਗ = ਸੱਪ। ਬਿਖੁ = ਜ਼ਹਰ ॥੨॥
ਹਰਿ ਹਰਿ ਸਾਧ ਮੇਲਹੁ ਜਨ ਨੀਕੇ ਹਰਿ ਸਾਧੂ ਸਰਣਿ ਹਮ ਰਾਖਾ ॥
O Lord, Har, Har, let me meet the humble, holy beings; O Lord, keep me in the Sanctuary of the Holy.
ਹੇ ਹਰੀ! ਮੈਨੂੰ ਚੰਗੇ ਸੰਤ ਜਨ ਮਿਲਾ, ਮੈਨੂੰ ਗੁਰੂ ਦੀ ਸਰਨ ਵਿਚ ਰੱਖ। ਹਰਿ = ਹੇ ਹਰੀ! ਨੀਕੇ ਸਾਧ = ਚੰਗੇ ਸੰਤ ਜਨ। ਸਾਧੂ = ਗੁਰੂ। ਰਾਖਾ = ਰੱਖ।
ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥੩॥
O Lord, make me Your own; O God, Lord and Master, I have hurried to Your side. ||3||
ਹੇ ਪ੍ਰਭੂ! ਹੇ ਮਾਲਕ! ਮੇਰੀ ਮਦਦ ਕਰ। ਮੈਂ ਹੋਰ ਪਾਸੇ ਛੱਡ ਕੇ ਤੇਰੀ ਸਰਨ ਆ ਪਿਆ ਹਾਂ ॥੩॥ ਅੰਗੀਕਾਰੁ = ਮਦਦ। ਪ੍ਰਭ = ਹੇ ਪ੍ਰਭੂ! ਪਾਖਾ = ਪੱਖ, ਸਰਨ। ਭਾਗਿ = ਭੱਜ ਕੇ ॥੩॥
ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ ॥
What Glorious Virtues of Yours can I speak and describe? You are great and unfathomable, the Greatest Being.
ਹੇ ਪ੍ਰਭੂ! ਤੂੰ ਵੱਡਾ ਪੁਰਖ ਹੈਂ, ਤੂੰ ਅਪਹੁੰਚ ਹੈਂ, ਅਸੀਂ ਆਪਣੀ ਜੀਭ ਨਾਲ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਦੱਸ ਸਕਦੇ ਹਾਂ? ਵਖਾਣਹ = ਅਸੀਂ ਬਿਆਨ ਕਰੀਏ। ਅਗਮ = ਅਪਹੁੰਚ।
ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ ॥੪॥੨॥
The Lord has bestowed His Mercy on servant Nanak; He has saved the sinking stone. ||4||2||
ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਕੀਤੀ, ਉਸ ਪੱਥਰ ਨੂੰ (ਸੰਸਾਰ-ਸਮੁੰਦਰ ਵਿਚ) ਡੁੱਬਦੇ ਨੂੰ ਉਸ ਨੇ ਬਚਾ ਲਿਆ ॥੪॥੨॥ ਪਾਖਾਣ = ਪੱਥਰ। ਰਾਖਾ = ਰੱਖ ਲਿਆ ॥੪॥੨॥