ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਮਹਲਾ 5।
ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ ॥
I remember the Guru with each and every breath.
(ਹੇ ਭਾਈ!) ਉਸ ਗੁਰੂ ਨੂੰ ਮੈਂ (ਆਪਣੇ) ਹਰੇਕ ਸਾਹ ਦੇ ਨਾਲ ਨਾਲ ਚੇਤੇ ਕਰਦਾ ਰਹਿੰਦਾ ਹਾਂ, ਕਉ = ਨੂੰ। ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸਾਸਿ = ਸਾਹ ਨਾਲ। ਸਾਸਿ ਸਾਸਿ = ਹਰੇਕ ਸਾਹ ਨਾਲ।
ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ॥੧॥ ਰਹਾਉ ॥
The Guru is my breath of life, the True Guru is my wealth. ||1||Pause||
ਜੇਹੜਾ ਗੁਰੂ ਮੇਰੀ ਜਿੰਦ ਦਾ ਆਸਰਾ ਹੈ ਮੇਰੀ (ਆਤਮਕ ਜੀਵਨ ਦੀ) ਰਾਸਿ-ਪੂੰਜੀ (ਦਾ ਰਾਖਾ) ਹੈ ॥੧॥ ਰਹਾਉ ॥ ਪ੍ਰਾਣ = ਜਿੰਦ, ਜਿੰਦ ਦਾ ਆਸਰਾ। ਰਾਸਿ = ਪੂੰਜੀ, ਸਰਮਾਇਆ ॥੧॥ ਰਹਾਉ ॥
ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ ॥
Beholding the Blessed Vision of the Guru's Darshan, I live.
(ਹੇ ਭਾਈ!) ਜਿਉਂ ਜਿਉਂ ਮੈਂ ਗੁਰੂ ਦਾ ਦਰਸਨ ਕਰਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਦੇਖਿ ਦੇਖਿ = ਮੁੜ ਮੁੜ ਵੇਖ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ।
ਗੁਰ ਕੇ ਚਰਣ ਧੋਇ ਧੋਇ ਪੀਵਾ ॥੧॥
I wash the Guru's Feet, and drink in this water. ||1||
ਜਿਉਂ ਜਿਉਂ ਮੈਂ ਗੁਰੂ ਦੇ ਚਰਨ ਧੋਂਦਾ ਹਾਂ, ਮੈਨੂੰ (ਆਤਮਕ ਜੀਵਨ ਦੇਣ ਵਾਲਾ) ਨਾਮ-ਜਲ (ਪੀਣ ਨੂੰ, ਜਪਣ ਨੂੰ) ਮਿਲਦਾ ਹੈ ॥੧॥ ਧੋਇ = ਧੋ ਕੇ। ਪੀਵਾ = ਪੀਵਾਂ, ਮੈਂ ਪੀਂਦਾ ਹਾਂ ॥੧॥
ਗੁਰ ਕੀ ਰੇਣੁ ਨਿਤ ਮਜਨੁ ਕਰਉ ॥
I take my daily bath in the dust of the Guru's Feet.
ਗੁਰੂ ਦੇ ਚਰਨਾਂ ਦੀ ਧੂੜ (ਮੇਰੇ ਵਾਸਤੇ ਤੀਰਥ ਦਾ ਜਲ ਹੈ ਉਸ) ਵਿਚ ਮੈਂ ਸਦਾ ਇਸ਼ਨਾਨ ਕਰਦਾ ਹਾਂ, ਰੇਣੁ = ਚਰਨ-ਧੂੜ। ਮਜਨੁ = ਇਸ਼ਨਾਨ। ਕਰਉ = ਕਰਉਂ, ਮੈਂ ਕਰਦਾ ਹਾਂ।
ਜਨਮ ਜਨਮ ਕੀ ਹਉਮੈ ਮਲੁ ਹਰਉ ॥੨॥
The egotistical filth of countless incarnations is washed off. ||2||
ਤੇ ਅਨੇਕਾਂ ਜਨਮਾਂ ਦੀ (ਇਕੱਠੀ ਹੋਈ ਹੋਈ) ਹਉਮੈ ਦੀ ਮੈਲ (ਆਪਣੇ ਮਨ ਵਿਚੋਂ) ਦੂਰ ਕਰਦਾ ਹਾਂ ॥੨॥ ਮਲੁ = ਮੈਲ। ਹਰਉ = ਮੈਂ ਦੂਰ ਕਰਦਾ ਹਾਂ ॥੨॥
ਤਿਸੁ ਗੁਰ ਕਉ ਝੂਲਾਵਉ ਪਾਖਾ ॥
I wave the fan over the Guru.
(ਹੇ ਭਾਈ!) ਉਸ ਗੁਰੂ ਨੂੰ ਮੈਂ ਪੱਖਾ ਝੱਲਦਾ ਹਾਂ, ਝੂਲਾਵਉ = ਮੈਂ ਝੱਲਦਾ ਹਾਂ।
ਮਹਾ ਅਗਨਿ ਤੇ ਹਾਥੁ ਦੇ ਰਾਖਾ ॥੩॥
Giving me His Hand, He has saved me from the great fire. ||3||
ਜਿਸ ਗੁਰੂ ਨੇ ਮੈਨੂੰ (ਵਿਕਾਰਾਂ ਦੀ) ਵੱਡੀ ਅੱਗ ਤੋਂ (ਆਪਣਾ) ਹੱਥ ਦੇ ਕੇ ਬਚਾਇਆ ਹੋਇਆ ਹੈ ॥੩॥ ਤੇ = ਤੋਂ। ਦੇ = ਦੇ ਕੇ ॥੩॥
ਤਿਸੁ ਗੁਰ ਕੈ ਗ੍ਰਿਹਿ ਢੋਵਉ ਪਾਣੀ ॥
I carry water for the Guru's household;
(ਹੇ ਭਾਈ!) ਮੈਂ ਉਸ ਗੁਰੂ ਦੇ ਘਰ ਵਿਚ (ਸਦਾ) ਪਾਣੀ ਢੋਂਦਾ ਹਾਂ, ਕੈ ਗ੍ਰਿਹਿ = ਦੇ ਘਰ ਵਿਚ। ਢੋਵਉ = ਢੋਵਉਂ, ਮੈਂ ਢੋਂਦਾ ਹਾਂ।
ਜਿਸੁ ਗੁਰ ਤੇ ਅਕਲ ਗਤਿ ਜਾਣੀ ॥੪॥
from the Guru, I have learned the Way of the One Lord. ||4||
ਜਿਸ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦੀ ਸੂਝ-ਬੂਝ ਹਾਸਲ ਕੀਤੀ ਹੈ ਜੇਹੜਾ ਕਦੇ ਘਟਦਾ ਵਧਦਾ ਨਹੀਂ ॥੪॥ ਤੇ = ਤੋਂ। ਅਕਲ = ਕਲ-ਰਹਿਤ, ਜਿਸ ਦੇ ਟੋਟੇ ਨਹੀਂ ਹੋ ਸਕਦੇ, ਜੋ ਘਟਦਾ ਵਧਦਾ ਨਹੀਂ ਜਿਵੇਂ ਚੰਦ੍ਰਮਾ ਦੀਆਂ ਕਲਾ ਘਟਦੀਆਂ ਵਧਦੀਆਂ ਹਨ। ਗਤਿ = ਅਵਸਥਾ, ਹਾਲਤ ॥੪॥
ਤਿਸੁ ਗੁਰ ਕੈ ਗ੍ਰਿਹਿ ਪੀਸਉ ਨੀਤ ॥
I grind the corn for the Guru's household.
(ਹੇ ਭਾਈ!) ਉਸ ਗੁਰੂ ਦੇ ਘਰ ਵਿਚ ਮੈਂ ਸਦਾ ਚੱਕੀ ਪੀਂਹਦਾ ਹਾਂ, ਪੀਸਉ = ਮੈਂ (ਚੱਕੀ) ਪੀਸਦਾ ਹਾਂ। ਨੀਤਿ = ਨਿੱਤ, ਸਦਾ।
ਜਿਸੁ ਪਰਸਾਦਿ ਵੈਰੀ ਸਭ ਮੀਤ ॥੫॥
By His Grace, all my enemies have become friends. ||5||
ਜਿਸ ਗੁਰੂ ਦੀ ਕਿਰਪਾ ਨਾਲ (ਪਹਿਲਾਂ) ਵੈਰੀ (ਦਿੱਸ ਰਹੇ ਬੰਦੇ ਹੁਣ) ਸਾਰੇ ਮਿੱਤਰ ਜਾਪ ਰਹੇ ਹਨ ॥੫॥ ਪਰਸਾਦਿ = ਕਿਰਪਾ ਨਾਲ ॥੫॥
ਜਿਨਿ ਗੁਰਿ ਮੋ ਕਉ ਦੀਨਾ ਜੀਉ ॥
The Guru who gave me my soul,
(ਹੇ ਭਾਈ!) ਜਿਸ ਗੁਰੂ ਨੇ ਮੈਨੂੰ ਆਤਮਕ ਜੀਵਨ ਦਿੱਤਾ ਹੈ, ਜਿਨਿ ਗੁਰਿ = ਜਿਸ ਗੁਰੂ ਨੇ। ਜੀਉ = ਆਤਮਕ ਜੀਵਨ।
ਆਪੁਨਾ ਦਾਸਰਾ ਆਪੇ ਮੁਲਿ ਲੀਉ ॥੬॥
has Himself purchased me, and made me His slave. ||6||
ਜਿਸ ਨੇ ਮੈਨੂੰ ਆਪਣਾ ਨਿੱਕਾ ਜਿਹਾ ਦਾਸ ਬਣਾ ਕੇ ਆਪ ਹੀ ਮੁੱਲ ਲੈ ਲਿਆ ਹੈ (ਮੇਰੇ ਨਾਲ ਡੂੰਘੀ ਅਪਣੱਤ ਬਣਾ ਲਈ ਹੈ) ॥੬॥ ਦਾਸਰਾ = ਨਿੱਕਾ ਜਿਹਾ ਦਾਸ। ਮੁਲਿ = ਮੁੱਲ ਨਾਲ ॥੬॥
ਆਪੇ ਲਾਇਓ ਅਪਨਾ ਪਿਆਰੁ ॥
He Himself has blessed me with His Love.
ਜਿਸ ਗੁਰੂ ਨੇ ਆਪ ਹੀ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ,
ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥੭॥
Forever and ever, I humbly bow to the Guru. ||7||
ਉਸ ਗੁਰੂ ਨੂੰ ਮੈਂ ਸਦਾ ਹੀ ਸਦਾ ਹੀ ਸਿਰ ਨਿਵਾਂਦਾ ਰਹਿੰਦਾ ਹਾਂ ॥੭॥ ਕਰੀ = ਕਰੀਂ, ਮੈਂ ਕਰਦਾ ਹਾਂ ॥੭॥
ਕਲਿ ਕਲੇਸ ਭੈ ਭ੍ਰਮ ਦੁਖ ਲਾਥਾ ॥
My troubles, conflicts, fears, doubts and pains have been dispelled;
ਉਸ ਦੀ ਸਰਨ ਪਿਆਂ (ਮੇਰੇ ਅੰਦਰੋਂ) ਝਗੜੇ ਕਲੇਸ਼ ਸਹਮ ਭਟਕਣਾ ਤੇ ਸਾਰੇ ਦੁੱਖ ਦੂਰ ਹੋ ਗਏ ਹਨ। ਕਲਿ = ਝਗੜੇ। ਭੈ = {'ਭਉ' ਤੋਂ ਬਹੁ-ਵਚਨ}।
ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥
says Nanak, my Guru is All-powerful. ||8||9||
ਨਾਨਕ ਆਖਦਾ ਹੈ- ਮੇਰਾ ਗੁਰੂ ਬੜੀਆਂ ਤਾਕਤਾਂ ਦਾ ਮਾਲਕ ਹੈ ॥੮॥੯॥ ਨਾਨਕ = ਹੇ ਨਾਨਕ! ਸਮਰਾਥਾ = ਸਭ ਤਾਕਤਾਂ ਵਾਲਾ ॥੮॥