ਸਿਰੀਰਾਗੁ ਮਹਲਾ ੩ ॥
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥
Everyone longs to be centered and balanced, but without the Guru, no one can.
ਸਾਰੀ ਸ੍ਰਿਸ਼ਟੀ ਮਨ ਦੀ ਸ਼ਾਂਤੀ ਲਈ ਤਰਸਦੀ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਇਹ ਸਹਜ ਅਵਸਥਾ ਨਹੀਂ ਮਿਲਦੀ। ਨੋ = ਨੂੰ। ਸਭ = ਸਾਰੀ ਸ੍ਰਿਸ਼ਟੀ। ਸਹਜੁ = ਆਤਮਕ ਅਡੋਲਤਾ, ਮਨ ਦੀ ਸ਼ਾਂਤੀ।
ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ ॥
The Pandits and the astrologers read and read until they grow weary, while the fanatics are deluded by doubt.
ਪੰਡਿਤ ਤੇ ਜੋਤਸ਼ੀ (ਸ਼ਾਸਤ੍ਰ ਆਦਿਕ ਧਰਮ-ਪੁਸਤਕਾਂ) ਪੜ੍ਹ-ਪੜ੍ਹ ਕੇ ਥੱਕ ਗਏ (ਪਰ ਸਹਜ-ਅਵਸਥਾ ਪ੍ਰਾਪਤ ਨਾਹ ਕਰ ਸਕੇ), ਛੇ ਭੇਖਾਂ ਦੇ ਸਾਧੂ ਭੀ ਭਟਕ ਭਟਕ ਕੇ ਕੁਰਾਹੇ ਹੀ ਪਏ ਰਹੇ (ਉਹ ਭੀ ਸਹਜ-ਅਵਸਥਾ ਨਾ ਲੱਭ ਸਕੇ)। ਪੜਿ = ਪੜ੍ਹ ਕੇ। ਜੋਤਕੀ = ਜੋਤਸ਼ੀ। ਭੇਖੀ = ਛੇ ਭੇਖਾਂ ਦੇ ਸਾਧੂ। ਭੁਲਾਇ = ਕੁਰਾਹੇ ਪੈ ਕੇ।
ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥੧॥
Meeting with the Guru, intuitive balance is obtained, when God, in His Will, grants His Grace. ||1||
ਜਿਨ੍ਹਾਂ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਕਿਰਪਾ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ ਸਹਜ-ਅਵਸਥਾ ਪ੍ਰਾਪਤ ਕਰਦੇ ਹਨ ॥੧॥ ਗੁਰ ਭੇਟੇ = ਗੁਰੂ ਨੂੰ ਮਿਲਿਆਂ। ਰਜਾਇ = ਆਪਣੀ ਰਜ਼ਾ ਵਿਚ, ਆਪਣੀ ਮਰਜ਼ੀ ਨਾਲ ॥੧॥
ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥
O Siblings of Destiny, without the Guru, intuitive balance is not obtained.
ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ।
ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥
Through the Word of the Shabad, intuitive peace and poise wells up, and that True Lord is obtained. ||1||Pause||
ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਹੀ ਆਤਮਕ ਅਡੋਲਤਾ (ਮਨ ਦੀ ਸ਼ਾਂਤੀ) ਪੈਦਾ ਹੁੰਦੀ ਹੈ, ਤੇ ਉਹ ਸਦਾ-ਥਿਰ ਰਹਿਣ ਵਾਲਾ ਹਰੀ ਮਿਲਦਾ ਹੈ ॥੧॥ ਰਹਾਉ ॥ ਤੇ = ਤੋਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ॥੧॥ ਰਹਾਉ ॥
ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥
That which is sung intuitively is acceptable; without this intuition, all chanting is useless.
ਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ ਭੀ ਤਦੋਂ ਹੀ ਪਰਵਾਨ ਹੁੰਦਾ ਹੈ, ਜੇ ਆਤਮਕ ਅਡੋਲਤਾ ਵਿਚ ਟਿਕ ਕੇ ਕੀਤਾ ਜਾਏ। ਆਤਮਕ ਅਡੋਲਤਾ ਤੋਂ ਬਿਨਾ ਧਾਰਮਿਕ ਗੱਲਾਂ ਦਾ ਕਹਿਣਾ ਵਿਅਰਥ ਜਾਂਦਾ ਹੈ। ਗਾਵਿਆ = ਸਿਫ਼ਤ-ਸਾਲਾਹ ਕੀਤੀ ਹੋਈ। ਥਾਇ ਪਵੈ = ਕਬੂਲ ਹੁੰਦਾ ਹੈ। ਕਥਨੀ = ਧਾਰਮਿਕ ਗੱਲਾਂ ਦੀ ਕਹਾਣੀ। ਬਾਦਿ = ਵਿਅਰਥ।
ਸਹਜੇ ਹੀ ਭਗਤਿ ਊਪਜੈ ਸਹਜਿ ਪਿਆਰਿ ਬੈਰਾਗਿ ॥
In the state of intuitive balance, devotion wells up. In intuitive balance, love is balanced and detached.
ਆਤਮਕ ਅਡੋਲਤਾ ਵਿਚ ਟਿਕਿਆਂ ਹੀ (ਮਨੁੱਖ ਦੇ ਅੰਦਰ ਪਰਮਾਤਮਾ ਦੀ) ਭਗਤੀ (ਦਾ ਜਜ਼ਬਾ) ਪੈਦਾ ਹੁੰਦਾ ਹੈ, ਆਤਮਕ ਅਡੋਲਤਾ ਦੀ ਰਾਹੀਂ ਹੀ ਮਨੁੱਖ ਪ੍ਰਭੂ ਦੇ ਪਿਆਰ ਵਿਚ ਟਿਕਦਾ ਹੈ, (ਦੁਨੀਆ ਵਲੋਂ) ਵੈਰਾਗ ਵਿਚ ਰਹਿੰਦਾ ਹੈ। ਪਿਆਰਿ = ਪਿਆਰ ਵਿਚ।
ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥੨॥
In the state of intuitive balance, peace and tranquility are produced. Without intuitive balance, life is useless. ||2||
ਆਤਮਕ ਅਡੋਲਤਾ ਤੋਂ ਆਤਮਕ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਹੈ, ਆਤਮਕ ਅਡੋਲਤਾ ਤੋਂ ਬਿਨਾ (ਮਨੁੱਖ ਦੀ ਸਾਰੀ) ਜ਼ਿੰਦਗੀ ਵਿਅਰਥ ਜਾਂਦੀ ਹੈ ॥੨॥
ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥
In the state of intuitive balance, praise the Lord forever and ever. With intuitive ease, embrace Samaadhi.
(ਹੇ ਭਾਈ!) ਤੂੰ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਅਡੋਲਤਾ ਵਿਚ ਸਮਾਧੀ ਲਾ ਕੇ ਹੀ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੀਂ। ਸਾਲਾਹੀ = (ਤੂੰ) ਸਿਫ਼ਤ-ਸਾਲਾਹ ਕਰੀਂ।
ਸਹਜੇ ਹੀ ਗੁਣ ਊਚਰੈ ਭਗਤਿ ਕਰੇ ਲਿਵ ਲਾਇ ॥
In the state of intuitive balance, chant His Glories, lovingly absorbed in devotional worship.
ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਭਗਤੀ ਕਰਦਾ ਹੈ, ਲਿਵ ਲਾਇ = ਸੁਰਤ ਜੋੜ ਕੇ।
ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥੩॥
Through the Shabad, the Lord dwells within the mind, and the tongue tastes the Sublime Essence of the Lord. ||3||
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਉਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦੀ ਜੀਭ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦੀ ਰਹਿੰਦੀ ਹੈ ॥੩॥ ਰਸਨਾ = ਜੀਭ ॥੩॥
ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥
In the poise of intuitive balance, death is destroyed, entering the Sanctuary of the True One.
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਰਨ ਪੈ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਜਿਨ੍ਹਾਂ ਨੇ ਆਤਮਕ ਮੌਤ ਨੂੰ ਮਾਰ ਲਿਆ, ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਵਿਡਾਰਿਆ = ਮਾਰਿਆ।
ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ ॥
Intuitively balanced, the Name of the Lord dwells within the mind, practicing the lifestyle of Truth.
ਇਹ ਸਦਾ ਨਾਲ ਨਿਭਣ ਵਾਲੀ ਕਾਰ ਕਰਨ ਦੇ ਕਾਰਨ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
ਸੇ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥੪॥
Those who have found Him are very fortunate; they remain intuitively absorbed in Him. ||4||
ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹ ਬੰਦੇ ਵੱਡੇ ਭਾਗਾਂ ਵਾਲੇ ਹੋ ਗਏ, ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥
ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ ॥
Within Maya, the poise of intuitive balance is not produced. Maya leads to the love of duality.
ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਤਾਂ (ਪ੍ਰਭੂ ਤੋਂ ਬਿਨਾ ਕਿਸੇ) ਹੋਰ ਪਿਆਰ ਵਿਚ (ਫਸਾਂਦੀ ਹੈ)। ਦੂਜੈ ਭਾਇ = ਕਿਸੇ ਹੋਰ ਦੇ ਪਿਆਰ ਵਿਚ।
ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥
The self-willed manmukhs perform religious rituals, but they are burnt down by their selfishness and conceit.
ਅਜੇਹੇ ਮਨਮੁਖਤਾ ਵਾਲੇ ਕਰਮ ਕੀਤਿਆਂ ਮਨੁੱਖ ਹਉਮੈ ਵਿਚ ਹੀ ਸੜਦਾ ਹੈ, (ਆਪਣੇ ਆਪ ਨੂੰ ਸਾੜਦਾ ਹੈ। ਮਨਮੁਖ ਕਰਮ = ਮਨਮੁਖਾਂ ਵਾਲੇ ਕਰਮ, ਉਹ ਕਰਮ ਜੋ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਕਰਦੇ ਹਨ।
ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥੫॥
Their births and deaths do not cease; over and over again, they come and go in reincarnation. ||5||
ਉਸ ਦਾ ਜਨਮ ਮਰਨ ਦਾ ਗੇੜ ਕਦੇ ਮੁੱਕਦਾ ਨਹੀਂ, ਉਹ ਮੁੜ ਮੁੜ ਜੰਮਦਾ ਰਹਿੰਦਾ ਹੈ ॥੫॥ ਨ ਚੂਕਈ = ਨਹੀਂ ਮੁੱਕਦਾ ॥੫॥
ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥
In the three qualities, intuitive balance is not obtained; the three qualities lead to delusion and doubt.
ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਜੀਵ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ। ਤ੍ਰੈ ਗੁਣ = ਰਜੋ, ਤਮੋ, ਸਤੋ।
ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥
What is the point of reading, studying and debating, if one loses his roots?
(ਇਸ ਹਾਲਤ ਵਿਚ) ਧਾਰਮਿਕ ਪੁਸਤਕਾਂ ਪੜ੍ਹਨ ਦਾ ਵਿਚਾਰਨ ਦਾ ਤੇ ਹੋਰਨਾਂ ਨੂੰ ਸੁਣਾਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਜੀਵ ਆਪਣੇ ਮੂਲ-ਪ੍ਰਭੂ ਤੋਂ ਖੁੰਝ ਕੇ (ਗ਼ਲਤ ਜੀਵਨ-ਰਾਹ ਤੇ) ਤੁਰਦਾ ਹੈ। ਘੁਥਾ ਜਾਇ = ਖੁੰਝਿਆ ਜਾਂਦਾ ਹੈ, ਕੁਰਾਹੇ ਪਿਆ ਜਾਂਦਾ ਹੈ।
ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥੬॥
In the fourth state, there is intuitive balance; the Gurmukhs gather it in. ||6||
(ਮਾਇਆ ਦੇ ਤਿੰਨ ਗੁਣਾਂ ਤੋਂ ਲੰਘ ਕੇ) ਚੌਥੀ ਆਤਮਕ ਅਵਸਥਾ ਵਿਚ ਅੱਪੜਿਆਂ ਮਨ ਦੀ ਸ਼ਾਂਤੀ ਪੈਦਾ ਹੁੰਦੀ ਹੈ, ਤੇ ਇਹ ਆਤਮਕ ਅਵਸਥਾ ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ ॥੬॥
ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥
The Naam, the Name of the Formless Lord, is the treasure. Through intuitive balance, understanding is obtained.
ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਦਾ) ਖ਼ਜ਼ਾਨਾ ਹੈ, ਆਤਮਕ ਅਡੋਲਤਾ ਵਿਚ ਪਹੁੰਚਿਆਂ ਇਹ ਸਮਝ ਪੈਂਦੀ ਹੈ। ਨਿਰਗੁਣ ਨਾਮੁ = ਉਸ ਪਰਮਾਤਮਾ ਦਾ ਨਾਮ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਹੈ।
ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥
The virtuous praise the True One; their reputation is true.
ਗੁਣਾਂ ਵਾਲੇ ਜੀਵ ਹੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ। (ਜੇਹੜਾ ਮਨੁੱਖ ਸਿਫ਼ਤ-ਸਾਲਾਹ ਕਰਦਾ ਹੈ ਉਹ) ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਸ ਦੀ ਸੋਭਾ ਭੀ ਅਟੱਲ ਹੋ ਜਾਂਦੀ ਹੈ। ਸੋਇ = ਸੋਭਾ।
ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥੭॥
The wayward are united with God through intuitive balance; through the Shabad, union is obtained. ||7||
(ਉਹ ਪਰਮਾਤਮਾ ਇਤਨਾ ਦਇਆਲ ਹੈ ਕਿ ਉਹ ਸਰਨ ਆਏ) ਕੁਰਾਹੇ ਪਏ ਬੰਦਿਆਂ ਨੂੰ ਆਤਮਕ ਅਡੋਲਤਾ ਵਿਚ ਜੋੜ ਦੇਂਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ (ਵਡਭਾਗੀ ਪਰਮਾਤਮਾ ਨਾਲ) ਮਿਲਾਪ ਹੋ ਜਾਂਦਾ ਹੈ ॥੭॥
ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥
Without intuitive balance, all are blind. Emotional attachment to Maya is utter darkness.
ਮਨ ਦੀ ਸ਼ਾਂਤੀ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, (ਜਗਤ ਉੱਤੇ) ਮਾਇਆ ਦੇ ਮੋਹ ਦਾ ਘੁੱਪ ਹਨੇਰਾ ਛਾਇਆ ਰਹਿੰਦਾ ਹੈ। ਸਭੁ = ਸਾਰਾ ਜਗਤ। ਅੰਧੁ = ਅੰਨ੍ਹਾ। ਗੁਬਾਰੁ = ਘੁੱਪ ਹਨੇਰਾ।
ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥
In intuitive balance, understanding of the True, Infinite Shabad is obtained.
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਸੂਝ ਪੈਂਦੀ ਹੈ, ਉਹ ਉਸ ਅਪਾਰ ਪ੍ਰਭੂ ਵਿਚ (ਸੁਰਤ ਜੋੜੀ ਰੱਖਦਾ ਹੈ)। ਅਪਾਰਿ = ਅਪਾਰ ਵਿਚ।
ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ ॥੮॥
Granting forgiveness, the Perfect Guru unites us with the Creator. ||8||
(ਅਜੇਹੇ ਭਾਗਾਂ ਵਾਲੇ ਬੰਦਿਆਂ ਨੂੰ) ਪੂਰੇ ਗੁਰੂ ਨੇ ਕਰਤਾਰ ਨੇ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ ॥੮॥ ਮਿਲਾਇਅਨੁ = ਉਸ ਨੇ ਮਿਲਾ ਲਏ ਹਨ। ਕਰਤਾਰਿ = ਕਰਤਾਰ ਨੇ ॥੮॥
ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥
In intuitive balance, the Unseen is recognized-the Fearless, Luminous, Formless Lord.
ਆਤਮਕ ਅਡੋਲਤਾ ਵਿਚ ਪਹੁੰਚ ਕੇ ਉਸ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ, ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ ਜਿਸ ਨੂੰ ਕਿਸੇ ਦਾ ਡਰ ਨਹੀਂ ਜੋ ਨਿਰਾ ਚਾਨਣ ਹੀ ਚਾਨਣ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ (ਦੱਸਿਆ) ਨਹੀਂ (ਜਾ ਸਕਦਾ)। ਸਹਜੇ = ਆਤਮਕ ਅਡੋਲਤਾ ਵਿਚ ਹੀ। ਜੋਤਿ = ਚਾਨਣ-ਸਰੂਪ। ਨਿਰੰਕਾਰੁ = ਅਕਾਰ-ਰਹਿਤ।
ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥
There is only the One Giver of all beings. He blends our light with His Light.
ਉਹੀ ਪਰਮਾਤਮਾ ਸਾਰੇ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈ, ਤੇ ਸਭ ਦੀ ਜੋਤਿ (ਸੁਰਤਿ) ਨੂੰ ਆਪਣੀ ਜੋਤਿ ਵਿਚ ਮਿਲਾਣ ਦੇ ਸਮਰੱਥ ਹੈ।
ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥
So praise God through the Perfect Word of His Shabad; He has no end or limitation. ||9||
(ਹੇ ਭਾਈ!) ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਵਡੱਪਣ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ ॥੯॥
ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥
Those who are wise take the Naam as their wealth; with intuitive ease, they trade with Him.
ਜੇਹੜੇ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਪਰਮਾਤਮਾ ਦਾ ਨਾਮ ਹੀ ਉਹਨਾਂ ਦਾ (ਅਸਲ) ਧਨ ਬਣ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਇਸ ਨਾਮ-ਧਨ ਦਾ ਹੀ ਵਪਾਰ ਕਰਦੇ ਹਨ। ਕਰਹਿ = ਕਰਦੇ ਹਨ।
ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥
Night and day, they receive the Profit of the Lord's Name, which is an inexhaustible and over-flowing treasure.
ਉਹ ਹਰ ਵੇਲੇ (ਪਰਮਾਤਮਾ ਦਾ ਨਾਮ ਸਿਮਰ ਕੇ) ਪਰਮਾਤਮਾ ਦਾ ਨਾਮ-ਲਾਭ ਹੀ ਖੱਟਦੇ ਹਨ, ਨਾਮ-ਧਨ ਨਾਲ ਭਰੇ ਹੋਏ ਉਹਨਾਂ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ। ਲੈਨਿ = ਲੈਂਦੇ ਹਨ। ਅਖੁੱਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।
ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥੧੦॥੬॥੨੩॥
O Nanak, when the Great Giver gives, nothing at all is lacking. ||10||6||23||
ਹੇ ਨਾਨਕ! ਇਹ ਖ਼ਜ਼ਾਨੇ ਦੇਵਣਹਾਰ ਦਾਤਾਰ ਨੇ ਆਪ ਉਹਨਾਂ ਨੂੰ ਦਿੱਤੇ ਹੋਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਭੀ ਤੋਟ ਨਹੀਂ ਅਉਂਦੀ ॥੧੦॥੬॥੨੩॥ ਦੇਵਣਹਾਰਿ = ਦੇਵਣਹਾਰ ਨੇ ॥੧੦॥੬॥੨੩॥