ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਰਤਨ ਜਵੇਹਰ ਨਾਮ ॥
The Naam, the Name of the Lord, is a jewel, a ruby.
(ਹੇ ਭਾਈ! ਪਿਆਰੇ ਪ੍ਰਭੂ ਦਾ ਖ਼ਜ਼ਾਨਾ ਐਸਾ ਹੈ ਜਿਸ ਵਿਚ ਉਸ ਦਾ) ਨਾਮ (ਹੀ) ਰਤਨ ਤੇ ਜਵਾਹਰਾਤ ਹਨ,
ਸਤੁ ਸੰਤੋਖੁ ਗਿਆਨ ॥
It brings Truth, contentment and spiritual wisdom.
ਉਸ ਵਿਚ ਸਤ ਸੰਤੋਖ ਤੇ ਉੱਚੇ ਆਤਮਕ ਜੀਵਨ ਦੀ ਸੂਝ ਕੀਮਤੀ ਪਦਾਰਥ ਹਨ। ਸਤੁ = ਦਾਨ, ਸੇਵਾ। ਗਿਆਨ = ਪਰਮਾਤਮਾ ਨਾਲ ਜਾਣ-ਪਛਾਣ, ਉੱਚੇ ਆਤਮਕ ਜੀਵਨ ਦੀ ਸੂਝ।
ਸੂਖ ਸਹਜ ਦਇਆ ਕਾ ਪੋਤਾ ॥
The Lord entrusts the treasures of peace,
ਉਹ ਖ਼ਜ਼ਾਨਾ ਸੁਖ, ਆਤਮਕ ਅਡੋਲਤਾ ਤੇ ਦਇਆ ਦਾ ਸੋਮਾ ਹੈ। ਸਹਜ = ਆਤਮਕ ਅਡੋਲਤਾ। ਪੋਤਾ = ਪੋਤਹ, ਖ਼ਜ਼ਾਨਾ।
ਹਰਿ ਭਗਤਾ ਹਵਾਲੈ ਹੋਤਾ ॥੧॥
Intuition and kindness to His devotees. ||1||
ਪਰ ਉਹ ਖ਼ਜ਼ਾਨਾ ਪਰਮਾਤਮਾ ਦੇ ਭਗਤਾਂ ਦੇ ਸਪੁਰਦ ਹੋਇਆ ਹੋਇਆ ਹੈ ॥੧॥ ਭਗਤਾ ਹਵਾਲੈ = ਭਗਤਾਂ ਦੇ ਵੱਸ ਵਿਚ ॥੧॥
ਮੇਰੇ ਰਾਮ ਕੋ ਭੰਡਾਰੁ ॥
This is the treasure of my Lord.
(ਹੇ ਭਾਈ!) ਪਿਆਰੇ ਪ੍ਰਭੂ ਦਾ ਖ਼ਜ਼ਾਨਾ (ਐਸਾ ਹੈ ਕਿ ਉਸ ਨੂੰ) ਕੋ = ਦਾ। ਭੰਡਾਰੁ = ਖ਼ਜ਼ਾਨਾ।
ਖਾਤ ਖਰਚਿ ਕਛੁ ਤੋਟਿ ਨ ਆਵੈ ਅੰਤੁ ਨਹੀ ਹਰਿ ਪਾਰਾਵਾਰੁ ॥੧॥ ਰਹਾਉ ॥
Consuming and expending it, it is never used up. The Lord has no end or limitation. ||1||Pause||
ਆਪ ਵਰਤਦਿਆਂ ਤੇ ਹੋਰਨਾਂ ਨੂੰ ਵੰਡਦਿਆਂ (ਉਸ ਵਿਚ) ਕਮੀ ਨਹੀਂ ਆਉਂਦੀ। ਉਸ ਪਰਮਾਤਮਾ ਦੇ ਖ਼ਜ਼ਾਨੇ ਦਾ ਅੰਤ ਨਹੀਂ ਲੱਭਦਾ, ਉਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭਦਾ ॥੧॥ ਰਹਾਉ ॥ ਖਾਤ = ਖਾਂਦਿਆਂ। ਖਰਚਿ = ਖ਼ਰਚ ਕੇ, ਵਰਤ ਕੇ। ਤੋਟਿ = ਕਮੀ। ਪਾਰਾਵਾਰੁ = {ਪਾਰ-ਅਵਾਰ} ਪਾਰਲਾ ਤੇ ਉਰਲਾ ਬੰਨਾ ॥੧॥ ਰਹਾਉ ॥
ਕੀਰਤਨੁ ਨਿਰਮੋਲਕ ਹੀਰਾ ॥
The Kirtan of the Lord's Praise is a priceless diamond.
(ਹੇ ਭਾਈ! ਪਿਆਰੇ ਪ੍ਰਭੂ ਦਾ ਖ਼ਜ਼ਾਨਾ ਐਸਾ ਹੈ ਜਿਸ ਵਿਚ ਉਸ ਦਾ) ਕੀਰਤਨ ਇਕ ਅਜਿਹਾ ਹੀਰਾ ਹੈ ਜਿਸ ਦਾ ਮੁੱਲ ਨਹੀਂ ਪੈ ਸਕਦਾ। ਨਿਰਮੋਲਕ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ।
ਆਨੰਦ ਗੁਣੀ ਗਹੀਰਾ ॥
It is the ocean of bliss and virtue.
(ਉਸ ਕੀਰਤਨ ਦੀ ਬਰਕਤਿ ਨਾਲ) ਗੁਣਾਂ ਦੇ ਮਾਲਕ ਸਮੁੰਦਰ-ਪ੍ਰਭੂ (ਦੇ ਮਿਲਾਪ) ਦਾ ਆਨੰਦ (ਪ੍ਰਾਪਤ ਹੁੰਦਾ ਹੈ)। ਗੁਣੀ = ਗੁਣਾਂ ਦਾ ਮਾਲਕ ਪ੍ਰਭੂ। ਗਹੀਰਾ = ਡੂੰਘਾ, ਸਮੁੰਦਰ।
ਅਨਹਦ ਬਾਣੀ ਪੂੰਜੀ ॥
In the Word of the Guru's Bani is the wealth of the unstruck sound current.
(ਕੀਰਤਨ ਦੀ ਬਰਕਤ ਨਾਲ ਪੈਦਾ ਹੋਈ) ਇੱਕ-ਰਸ ਜਾਰੀ ਰਹਿਣ ਵਾਲੀ ਸਿਫ਼ਤਿ-ਸਾਲਾਹ ਦੀ ਰੌ (ਉਸ ਖ਼ਜ਼ਾਨੇ ਵਿਚ ਮਨੁੱਖ ਲਈ) ਸਰਮਾਇਆ ਹੈ। ਅਨਹਦ {अन्हत} ਬਿਨਾ ਵਜਾਏ ਵੱਜਣ ਵਾਲੀ, ਇੱਕ-ਰਸ ਜਾਰੀ ਰਹਿਣ ਵਾਲੀ। ਬਾਣੀ = ਸਿਫ਼ਤਿ-ਸਾਲਾਹ ਦੀ ਰੌ। ਪੂੰਜੀ = ਸਰਮਾਇਆ, ਰਾਸ।
ਸੰਤਨ ਹਥਿ ਰਾਖੀ ਕੂੰਜੀ ॥੨॥
The Saints hold the key to it in their hands. ||2||
(ਪਰ ਪਰਮਾਤਮਾ ਨੇ ਇਸ ਖ਼ਜ਼ਾਨੇ ਦੀ) ਕੁੰਜੀ ਸੰਤਾਂ ਦੇ ਹੱਥ ਵਿਚ ਰੱਖੀ ਹੋਈ ਹੈ ॥੨॥ ਸੰਤਨ ਹਥਿ = ਸੰਤਾਂ ਦੇ ਹੱਥ ਵਿਚ। ਕੂੰਜੀ = ਕੁੰਜੀ ॥੨॥
ਸੁੰਨ ਸਮਾਧਿ ਗੁਫਾ ਤਹ ਆਸਨੁ ॥
They sit there, in the cave of deep Samaadhi;
(ਹੇ ਭਾਈ! ਜਿਸ ਹਿਰਦੇ-ਘਰ ਵਿਚ ਉਹ ਖ਼ਜ਼ਾਨਾ ਆ ਵੱਸਦਾ ਹੈ) ਉਥੇ ਐਸੀ ਸਮਾਧੀ ਬਣੀ ਰਹਿੰਦੀ ਹੈ ਜਿਸ ਵਿਚ ਕੋਈ ਮਾਇਕ ਫੁਰਨਾ ਨਹੀਂ ਉੱਠਦਾ, (ਪਹਾੜਾਂ ਦੀਆਂ ਕੰਦ੍ਰਾਂ ਦੇ ਥਾਂ ਉਸ ਹਿਰਦੇ-) ਗੁਫ਼ਾ ਵਿਚ ਮਨੁੱਖ ਦੀ ਸੁਰਤੀ ਟਿਕੀ ਰਹਿੰਦੀ ਹੈ, ਸੁੰਨ = ਸੁੰਞ, ਫੁਰਨਿਆਂ ਦਾ ਅਭਾਵ, ਜਿੱਥੇ ਕੋਈ ਮਾਇਕ ਫੁਰਨਾ ਨਾਹ ਉੱਠੇ। ਤਹ = ਉਥੇ, ਉਸ ਹਿਰਦੇ ਵਿਚ। ਗੁਫਾ ਆਸਨੁ = ਗੁਫ਼ਾ ਵਿਚ ਟਿਕਾਣਾ।
ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥
the unique, perfect Lord God dwells there.
ਉਸ ਹਿਰਦੇ-ਘਰ ਵਿਚ ਸਿਰਫ਼ ਪੂਰਨ ਪਰਮਾਤਮਾ ਦਾ ਨਿਵਾਸ ਬਣਿਆ ਰਹਿੰਦਾ ਹੈ। ਬਾਸਨੁ = ਵਾਸ।
ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥
God holds conversations with His devotees.
(ਜਿਸ ਭਗਤ ਦੇ ਹਿਰਦੇ ਵਿਚ ਉਹ ਖ਼ਜ਼ਾਨਾ ਪਰਗਟ ਹੋ ਪੈਂਦਾ ਹੈ ਉਸ) ਭਗਤ ਨਾਲ ਪ੍ਰਭੂ ਮਿਲਾਪ ਬਣਾ ਲੈਂਦਾ ਹੈ, ਸੰਗਿ = ਨਾਲ। ਗੋਸਟਿ = ਮਿਲਾਪ।
ਤਹ ਹਰਖ ਨ ਸੋਗ ਨ ਜਨਮ ਨ ਮਰਤ ॥੩॥
There is no pleasure or pain, no birth or death there. ||3||
ਉਸ ਹਿਰਦੇ ਵਿਚ ਖ਼ੁਸ਼ੀ ਗ਼ਮੀ ਜਨਮ-ਮਰਨ (ਦੇ ਗੇੜ ਦੇ ਡਰ) ਦਾ ਕੋਈ ਅਸਰ ਨਹੀਂ ਹੁੰਦਾ ॥੩॥ ਹਰਖ = ਖ਼ੁਸ਼ੀ। ਸੋਗ = ਗ਼ਮ। ਮਰਤ ਮੌਤ ॥੩॥
ਕਰਿ ਕਿਰਪਾ ਜਿਸੁ ਆਪਿ ਦਿਵਾਇਆ ॥
One whom the Lord Himself blesses with His Mercy,
(ਪਰ, ਹੇ ਭਾਈ!) ਜਿਸ ਮਨੁੱਖ ਨੂੰ ਪ੍ਰਭੂ ਨੇ ਆਪ ਕਿਰਪਾ ਕਰ ਕੇ ਇਹ ਧਨ ਦਿਵਾਇਆ ਹੈ, ਕਰਿ = ਕਰ ਕੇ। ਜਿਸੁ = ਜਿਸ ਮਨੁੱਖ ਨੂੰ।
ਸਾਧਸੰਗਿ ਤਿਨਿ ਹਰਿ ਧਨੁ ਪਾਇਆ ॥
obtains the Lord's wealth in the Saadh Sangat, the Company of the Holy.
(ਸਿਰਫ਼) ਉਸ ਮਨੁੱਖ ਨੇ ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਨਾਮ-ਧਨ ਲੱਭਾ ਹੈ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤਿਨਿ = ਉਸ (ਮਨੁੱਖ) ਨੇ।
ਦਇਆਲ ਪੁਰਖ ਨਾਨਕ ਅਰਦਾਸਿ ॥
Nanak prays to the merciful Primal Lord;
ਹੇ ਦਇਆ ਦੇ ਸੋਮੇ ਅਕਾਲ ਪੁਰਖ! (ਤੇਰੇ ਸੇਵਕ) ਨਾਨਕ ਦੀ ਭੀ ਇਹੀ ਅਰਜ਼ੋਈ ਹੈ, ਦਇਆਲ = ਹੇ ਦਇਆ ਦੇ ਘਰ ਪ੍ਰਭੂ! ਨਾਨਕ ਅਰਦਾਸਿ = ਨਾਨਕ ਦੀ ਅਰਜ਼ੋਈ।
ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥੪॥੨੪॥੩੫॥
the Lord is my merchandise, and the Lord is my capital. ||4||24||35||
ਕਿ ਤੇਰਾ ਨਾਮ ਮੇਰਾ ਸਰਮਾਇਆ ਬਣਿਆ ਰਹੇ, ਤੇਰਾ ਨਾਮ ਮੇਰੀ ਹਰ ਵੇਲੇ ਦੀ ਵਰਤਣ ਵਾਲੀ ਸ਼ੈ ਬਣੀ ਰਹੇ ॥੪॥੨੪॥੩੫॥ ਵਰਤਣਿ = ਹਰ ਵੇਲੇ ਵਰਤੀ ਜਾਣ ਵਾਲੀ ਸ਼ੈ। ਰਾਸਿ = ਪੂੰਜੀ, ਸਰਮਾਇਆ ॥੪॥੨੪॥੩੫॥