ਆਸਾ ਮਹਲਾ ੩ ॥
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
ਸਬਦਿ ਮੁਆ ਵਿਚਹੁ ਆਪੁ ਗਵਾਇ ॥
One who dies in the Word of the Shabad, eradicates his self-conceit from within.
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਨਿਰਲੇਪ ਹੋ ਜਾਂਦਾ ਹੈ ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮੁਆ = (ਮਾਇਆ ਦੇ ਮੋਹ ਵਲੋਂ) ਅਛੋਹ ਹੋ ਗਿਆ। ਆਪੁ = ਆਪਾ-ਭਾਵ।
ਸਤਿਗੁਰੁ ਸੇਵੇ ਤਿਲੁ ਨ ਤਮਾਇ ॥
He serves the True Guru, with no iota of self-interest.
ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ (ਮਾਇਆ ਦਾ) ਰਤਾ ਭਰ ਭੀ ਲਾਲਚ ਨਹੀਂ ਰਹਿੰਦਾ। ਤਿਲੁ = ਰਤਾ ਭਰ ਭੀ। ਤਮਾਇਆ = ਲਾਲਚ।
ਨਿਰਭਉ ਦਾਤਾ ਸਦਾ ਮਨਿ ਹੋਇ ॥
The Fearless Lord, the Great Giver, ever abides in his mind.
ਉਸ ਮਨੁੱਖ ਦੇ ਮਨ ਵਿਚ ਉਹ ਦਾਤਾਰ ਸਦਾ ਵੱਸਿਆ ਰਹਿੰਦਾ ਹੈ ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ। ਮਨਿ = ਮਨ ਵਿਚ।
ਸਚੀ ਬਾਣੀ ਪਾਏ ਭਾਗਿ ਕੋਇ ॥੧॥
The True Bani of the Word is obtained only by good destiny. ||1||
ਪਰ ਕੋਈ ਵਿਰਲਾ ਮਨੁੱਖ ਹੀ ਚੰਗੀ ਕਿਸਮਤਿ ਨਾਲ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਨੂੰ ਮਿਲ ਸਕਦਾ ਹੈ ॥੧॥ ਭਾਗਿ = ਕਿਸਮਤਿ ਨਾਲ ॥੧॥
ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥
So gather merits, and let your demerits depart from within you.
(ਹੇ ਭਾਈ! ਆਪਣੇ ਅੰਦਰ ਪਰਮਾਤਮਾ ਦੇ) ਗੁਣ ਇਕੱਠੇ ਕਰੋ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੋ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ ਵਿਚੋਂ ਵਿਕਾਰ ਦੂਰ ਹੋ ਜਾਂਦੇ ਹਨ। ਸੰਗ੍ਰਹੁ = ਇਕੱਠੇ ਕਰੋ (ਆਪਣੇ ਅੰਦਰ)। ਜਾਹਿ = ਦੂਰ ਹੋ ਜਾਣਗੇ।
ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥
You shall be absorbed into the Shabad, the Word of the Perfect Guru. ||1||Pause||
ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ (ਸਿਫ਼ਤਿ-ਸਾਲਾਹ ਕਰ ਕੇ ਤੂੰ ਗੁਣਾਂ ਦੇ ਮਾਲਕ ਪ੍ਰਭੂ ਵਿਚ) ਟਿਕਿਆ ਰਹੇਂਗਾ ॥੧॥ ਰਹਾਉ ॥ ਸਮਾਹਿ = (ਪ੍ਰਭੂ ਵਿਚ) ਲੀਨ ਹੋ ਜਾਹਿਂਗਾ ॥੧॥ ਰਹਾਉ ॥
ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥
One who purchases merits, knows the value of these merits.
ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਵਿਹਾਝਦਾ ਹੈ ਉਹ ਉਸ ਸਿਫ਼ਤਿ-ਸਾਲਾਹ ਦੀ ਕਦਰ ਸਮਝਦਾ ਹੈ;
ਅੰਮ੍ਰਿਤ ਸਬਦਿ ਨਾਮੁ ਵਖਾਣੈ ॥
He chants the Ambrosial Nectar of the Word, and the Name of the Lord.
ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ। ਵਖਾਣੈ = ਉਚਾਰਦਾ ਹੈ, ਸਿਮਰਦਾ ਹੈ।
ਸਾਚੀ ਬਾਣੀ ਸੂਚਾ ਹੋਇ ॥
Through the True Bani of the Word, he becomes pure.
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਸੂਚਾ = ਪਵਿਤ੍ਰ।
ਗੁਣ ਤੇ ਨਾਮੁ ਪਰਾਪਤਿ ਹੋਇ ॥੨॥
Through merit, the Name is obtained. ||2||
ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੌਦਾ ਮਿਲ ਜਾਂਦਾ ਹੈ ॥੨॥ ਤੇ = ਤੋਂ ॥੨॥
ਗੁਣ ਅਮੋਲਕ ਪਾਏ ਨ ਜਾਹਿ ॥
The invaluable merits cannot be acquired.
ਪਰਮਾਤਮਾ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਕਿਸੇ ਭੀ ਕੀਮਤਿ ਤੋਂ ਮਿਲ ਨਹੀਂ ਸਕਦੇ,
ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥
The pure mind is absorbed into the True Word of the Shabad.
(ਹਾਂ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ (ਇਹ ਗੁਣ) ਪਵਿਤ੍ਰ ਹੋਏ ਮਨ ਵਿਚ ਆ ਵੱਸਦੇ ਹਨ। ਮਨਿ ਨਿਰਮਲ = ਪਵਿਤ੍ਰ ਮਨ ਵਿਚ। ਸਬਦਿ = ਸ਼ਬਦ ਦੀ ਰਾਹੀਂ।
ਸੇ ਵਡਭਾਗੀ ਜਿਨੑ ਨਾਮੁ ਧਿਆਇਆ ॥
How very fortunate are those who meditate on the Naam,
(ਹੇ ਭਾਈ!) ਉਹ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ
ਸਦਾ ਗੁਣਦਾਤਾ ਮੰਨਿ ਵਸਾਇਆ ॥੩॥
and ever enshrine in their minds the Lord, the Giver of merit. ||3||
ਅਤੇ ਆਪਣੇ ਗੁਣਾਂ ਦੀ ਦਾਤਿ ਦੇਣ ਵਾਲਾ ਪ੍ਰਭੂ ਆਪਣੇ ਮਨ ਵਿਚ ਵਸਾਇਆ ਹੈ ॥੩॥ ਮੰਨਿ = ਮਨਿ, ਮਨ ਵਿਚ ॥੩॥
ਜੋ ਗੁਣ ਸੰਗ੍ਰਹੈ ਤਿਨੑ ਬਲਿਹਾਰੈ ਜਾਉ ॥
I am a sacrifice to those who gather merits.
(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਗੁਣ (ਆਪਣੇ ਅੰਦਰ) ਇਕੱਠੇ ਕਰਦਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਜਾਉ = ਮੈਂ ਜਾਂਦਾ ਹਾਂ।
ਦਰਿ ਸਾਚੈ ਸਾਚੇ ਗੁਣ ਗਾਉ ॥
At the Gate of Truth, I sing the Glorious Praises of the True One.
(ਉਹਨਾਂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਸਦਾ-ਥਿਰ ਪ੍ਰਭੂ ਦੇ ਦਰ ਤੇ (ਟਿਕ ਕੇ) ਉਸ ਸਦਾ ਕਾਇਮ ਰਹਿਣ ਵਾਲੇ ਦੇ ਗੁਣ ਗਾਂਦਾ ਹਾਂ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਗਾਉ = ਮੈਂ ਗਾਂਦਾ ਹਾਂ।
ਆਪੇ ਦੇਵੈ ਸਹਜਿ ਸੁਭਾਇ ॥
He Himself spontaneously bestows His gifts.
(ਗੁਣਾਂ ਦੀ ਦਾਤਿ ਜਿਸ ਮਨੁੱਖ ਨੂੰ) ਪ੍ਰਭੂ ਆਪ ਹੀ ਦੇਂਦਾ ਹੈ (ਉਹ ਮਨੁੱਖ) ਆਤਮਕ ਅਡੋਲਤਾ ਵਿਚ ਟਿਕਦਾ ਹੈ ਪ੍ਰੇਮ ਵਿਚ ਜੁੜਿਆ ਰਹਿੰਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
ਨਾਨਕ ਕੀਮਤਿ ਕਹਣੁ ਨ ਜਾਇ ॥੪॥੨॥੪੧॥
O Nanak, the value of the Lord cannot be described. ||4||2||41||
ਹੇ ਨਾਨਕ! (ਉਸ ਦੇ ਉੱਚੇ ਜੀਵਨ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ ॥੪॥੨॥੪੧॥