ਬਿਹਾਗੜਾ ਮਹਲਾ ੪ ॥
Bihaagraa, Fourth Mehl:
ਬਿਹਾਗੜਾ ਚੌਥੀ ਪਾਤਸ਼ਾਹੀ।
ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥
All beings are Yours - You permeate them all. O my Lord God, You know what they do in their hearts.
ਹੇ ਮੇਰੇ ਹਰੀ! ਹੇ ਮੇਰੇ ਪ੍ਰਭੂ (ਸ੍ਰਿਸ਼ਟੀ ਦੇ) ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ (ਸਭ ਜੀਵਾਂ ਵਿਚ) ਮੌਜੂਦ ਹੈਂ, ਜੋ ਕੁਝ (ਜੀਵਾਂ ਦੇ) ਜੀ ਵਿਚ ਚਿਤਾਰਿਆ ਜਾਂਦਾ ਹੈ ਤੂੰ (ਉਹ ਸਭ ਕੁਝ) ਜਾਣਦਾ ਹੈਂ। ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਪ੍ਰਭ = ਹੇ ਪ੍ਰਭੂ! ਜੀਇ = ਜੀ ਵਿਚ, ਮਨ ਵਿਚ। ਕਮਾਈਐ = ਕਮਾਈਦਾ ਹੈ।
ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥
The Lord is with them, inwardly and outwardly, O my soul; He sees everything, but the mortal denies the Lord in his mind.
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਸਾਡੇ ਅੰਦਰ ਬਾਹਰ (ਹਰ ਥਾਂ ਸਾਡੇ) ਨਾਲ ਹੈ, ਜੋ ਕੁਝ ਸਾਡੇ ਮਨ ਵਿਚ ਹੁੰਦਾ ਹੈ ਉਹ ਸਭ ਵੇਖਦਾ ਹੈ, (ਪਰ ਫਿਰ ਭੀ) ਮੁਕਰ ਜਾਈਦਾ ਹੈ। ਮਨਿ = ਮਨ ਵਿਚ। ਮੁਕਰਾਈਐ = ਮੁੱਕਰ ਜਾਈਦਾ ਹੈ।
ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥
The Lord is far away from the self-willed manmukhs, O my soul; all their efforts are in vain.
ਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਕਿਤੇ ਦੂਰ ਵੱਸਦਾ ਜਾਪਦਾ ਹੈ, ਉਹਨਾਂ ਦੀ ਕੀਤੀ ਹੋਈ ਮੇਹਨਤ ਵਿਅਰਥ ਚਲੀ ਜਾਂਦੀ ਹੈ। ਮਨਮੁਖਾ = ਆਪਣੇ ਮਨ ਦੇ ਪਿਛੇ ਤੁਰਨ ਵਾਲੇ। ਘਾਲ = ਮੇਹਨਤ। ਗਵਾਈਐ = ਗਵਾਚ ਜਾਂਦੀ ਹੈ।
ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰਿ ਹਾਜਰੁ ਨਦਰੀ ਆਈਐ ਰਾਮ ॥੧॥
Servant Nanak, as Gurmukh, meditates on the Lord, O my soul; he beholds the Lord ever-present. ||1||
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸਦਾ ਹੈ ॥੧॥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਹਾਜਰੁ = ਪਰਤੱਖ, ਹਰ ਥਾਂ ਵੱਸਦਾ। ਆਈਐ = ਆ ਜਾਂਦਾ ਹੈ ॥੧॥
ਸੇ ਭਗਤ ਸੇ ਸੇਵਕ ਮੇਰੀ ਜਿੰਦੁੜੀਏ ਜੋ ਪ੍ਰਭ ਮੇਰੇ ਮਨਿ ਭਾਣੇ ਰਾਮ ॥
They are devotees, and they are servants, O my soul, who are pleasing to the Mind of my God.
ਹੇ ਮੇਰੀ ਸੋਹਣੀ ਜਿੰਦੇ! ਉਹ ਮਨੁੱਖ (ਅਸਲ) ਭਗਤ ਹਨ (ਅਸਲ) ਸੇਵਕ ਹਨ ਜੋ ਪਿਆਰੇ ਪਰਮਾਤਮਾ ਦੇ ਮਨ ਵਿਚ ਚੰਗੇ ਲੱਗਦੇ ਹਨ। ਸੇ = {ਬਹੁ-ਵਚਨ} ਉਹ। ਮਨਿ = ਮਨ ਵਿਚ। ਭਾਣੇ = ਪਸੰਦ ਆ ਗਏ।
ਸੇ ਹਰਿ ਦਰਗਹ ਪੈਨਾਇਆ ਮੇਰੀ ਜਿੰਦੁੜੀਏ ਅਹਿਨਿਸਿ ਸਾਚਿ ਸਮਾਣੇ ਰਾਮ ॥
They are robed in honor in the Court of the Lord, O my soul; night and day, they remain absorbed in the True Lord.
ਹੇ ਮੇਰੀ ਸੋਹਣੀ ਜਿੰਦੇ! ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ, ਉਹ ਦਿਨ ਰਾਤ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦੇ ਹਨ। ਪੈਨ੍ਹ੍ਹਾਇਆ = ਸਿਰੋਪਾ ਦਿੱਤਾ ਜਾਂਦਾ ਹੈ, ਸਤਕਾਰੇ ਜਾਂਦੇ ਹਨ। ਅਹਿ = ਦਿਨ। ਨਿਸਿ = ਰਾਤ। ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ।
ਤਿਨ ਕੈ ਸੰਗਿ ਮਲੁ ਉਤਰੈ ਮੇਰੀ ਜਿੰਦੁੜੀਏ ਰੰਗਿ ਰਾਤੇ ਨਦਰਿ ਨੀਸਾਣੇ ਰਾਮ ॥
In their company, the filth of one's sins is washed away, O my soul; imbued with the Lord's Love, one comes to bear the Mark of His Grace.
ਹੇ ਮੇਰੀ ਸੋਹਣੀ ਜਿੰਦੇ! ਉਹਨਾਂ ਦੀ ਸੰਗਤ ਵਿਚ ਰਿਹਾਂ (ਮਨ ਤੋਂ ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ਉਹ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। ਉਹਨਾਂ ਦੇ ਮੱਥੇ ਉੱਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਦਾ ਨਿਸ਼ਾਨ ਹੁੰਦਾ ਹੈ। ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਜਾਂਦੇ ਹਨ। ਨੀਸਾਣੇ = (ਮੱਥੇ ਉਤੇ) ਨਿਸ਼ਾਨ।
ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੁੜੀਏ ਮਿਲਿ ਸਾਧੂ ਸੰਗਿ ਅਘਾਣੇ ਰਾਮ ॥੨॥
Nanak offers his prayer to God, O my soul; joining the Saadh Sangat, the Company of the Holy, he is satisfied. ||2||
ਹੇ ਮੇਰੀ ਸੋਹਣੀ ਜਿੰਦੇ! ਹੇ ਪ੍ਰਭੂ! ਨਾਨਕ ਦੀ ਇਹ ਅਰਜ਼ੋਈ ਹੈ (ਕਿ ਨਾਨਕ) ਗੁਰੂ ਦੀ ਸੰਗਤ ਵਿਚ ਰਹੇ, ਇੰਜ (ਮਾਇਆ ਦੀ ਤ੍ਰਿਸਨਾ ਵਲੋਂ) ਰੱਜੇ ਰਹੀਦਾ ਹੈ ॥੨॥ ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਅਘਾਣੇ = ਤ੍ਰਿਸਨਾ ਵਲੋਂ ਰੱਜੇ ਰਹੀਦਾ ਹੈ ॥੨॥
ਹੇ ਰਸਨਾ ਜਪਿ ਗੋਬਿੰਦੋ ਮੇਰੀ ਜਿੰਦੁੜੀਏ ਜਪਿ ਹਰਿ ਹਰਿ ਤ੍ਰਿਸਨਾ ਜਾਏ ਰਾਮ ॥
O tongue, chant the Name of God; O my soul, chanting the Name of the Lord, Har, Har, your desires shall be extinguished.
ਹੇ ਮੇਰੀ ਸੋਹਣੀ ਜਿੰਦੇ! ਹੇ ਮੇਰੀ ਜੀਭ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ ਜਪ ਜਪ ਕੇ ਮਾਇਆ ਦਾ ਲਾਲਚ ਦੂਰ ਹੋ ਜਾਂਦਾ ਹੈ। ਰਸਨਾ = ਜੀਭ। ਗੋਬਿੰਦੋ = ਗੋਬਿੰਦੁ। ਤ੍ਰਿਸਨਾ = ਮਾਇਆ ਦੀ ਤ੍ਰੇਹ।
ਜਿਸੁ ਦਇਆ ਕਰੇ ਮੇਰਾ ਪਾਰਬ੍ਰਹਮੁ ਮੇਰੀ ਜਿੰਦੁੜੀਏ ਤਿਸੁ ਮਨਿ ਨਾਮੁ ਵਸਾਏ ਰਾਮ ॥
He, unto whom my Supreme Lord God shows Mercy, O my soul, enshrines the Name in his mind.
ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਸ ਦੇ ਮਨ ਵਿਚ ਆਪਣਾ ਨਾਮ ਵਸਾ ਦੇਂਦਾ ਹੈ, ਮਨਿ = ਮਨ ਵਿਚ।
ਜਿਸੁ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੁੜੀਏ ਸੋ ਹਰਿ ਧਨੁ ਨਿਧਿ ਪਾਏ ਰਾਮ ॥
One who meets the Perfect True Guru, O my soul, obtains the treasure of the Lord's wealth.
ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ ਦਾ ਨਾਮ-ਧਨ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ। ਭੇਟੇ = ਮਿਲਦਾ ਹੈ। ਨਿਧਿ = ਖ਼ਜ਼ਾਨਾ। ਪਏ = ਲੱਭ ਲੈਂਦਾ ਹੈ।
ਵਡਭਾਗੀ ਸੰਗਤਿ ਮਿਲੈ ਮੇਰੀ ਜਿੰਦੁੜੀਏ ਨਾਨਕ ਹਰਿ ਗੁਣ ਗਾਏ ਰਾਮ ॥੩॥
By great good fortune, one joins the Company of the Holy, O my soul. O Nanak, sing the Glorious Praises of the Lord. ||3||
ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਉਹ (ਸਦਾ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੩॥
ਥਾਨ ਥਨੰਤਰਿ ਰਵਿ ਰਹਿਆ ਮੇਰੀ ਜਿੰਦੁੜੀਏ ਪਾਰਬ੍ਰਹਮੁ ਪ੍ਰਭੁ ਦਾਤਾ ਰਾਮ ॥
In the places and interspaces, O my soul, the Supreme Lord God, the Great Giver, is pervading.
ਹੇ ਮੇਰੀ ਸੋਹਣੀ ਜਿੰਦੇ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਪਰਮਾਤਮਾ ਹਰੇਕ ਥਾਂ ਤੇ ਹਰ ਸਰੀਰ ਵਿਚ ਵੱਸ ਰਿਹਾ ਹੈ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ।
ਤਾ ਕਾ ਅੰਤੁ ਨ ਪਾਈਐ ਮੇਰੀ ਜਿੰਦੁੜੀਏ ਪੂਰਨ ਪੁਰਖੁ ਬਿਧਾਤਾ ਰਾਮ ॥
His limits cannot be found, O my soul; He is the Perfect Architect of Destiny.
ਹੇ ਮੇਰੀ ਸੋਹਣੀ ਜਿੰਦੇ! ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਉਹ ਪੂਰੇ ਗੁਣਾ ਦਾ ਮਾਲਕ ਸਭ ਨੂੰ ਪੈਦਾ ਕਰਨ ਵਾਲਾ ਹੈ। ਬਿਧਾਤਾ = ਸਿਰਜਣਹਾਰ, ਪੈਦਾ ਕਰਨ ਵਾਲਾ।
ਸਰਬ ਜੀਆ ਪ੍ਰਤਿਪਾਲਦਾ ਮੇਰੀ ਜਿੰਦੁੜੀਏ ਜਿਉ ਬਾਲਕ ਪਿਤ ਮਾਤਾ ਰਾਮ ॥
He cherishes all beings, O my soul, as the mother and father cherish their child.
ਹੇ ਮੇਰੀ ਸੋਹਣੀ ਜਿੰਦੇ! ਉਹ ਸਾਰੇ ਜੀਆਂ ਦੀ ਦੇਖ-ਭਾਲ ਕਰਦਾ ਹੈ ਜਿਵੇਂ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ।
ਸਹਸ ਸਿਆਣਪ ਨਹ ਮਿਲੈ ਮੇਰੀ ਜਿੰਦੁੜੀਏ ਜਨ ਨਾਨਕ ਗੁਰਮੁਖਿ ਜਾਤਾ ਰਾਮ ॥੪॥੬॥ ਛਕਾ ੧ ॥
By thousands of clever tricks, He cannot be obtained, O my soul; servant Nanak, as Gurmukh, has come to know the Lord. ||4||6|| First Set of Six||
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਹਜ਼ਾਰਾਂ ਚਤੁਰਾਈਆਂ ਨਾਲ ਉਹ ਪਰਮਾਤਮਾ ਨਹੀਂ ਮਿਲ ਸਕਦਾ, ਗੁਰੂ ਦੀ ਸਰਨ ਪਿਆਂ ਉਸ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ ॥੪॥੬॥ ਛੇ ਪਦਾਂ ਦਾ 1 ਜੋੜ। ਸਹਸ = ਹਜ਼ਾਰਾਂ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਜਾਤਾ = ਸਾਂਝ ਪੈਂਦੀ ਹੈ ॥੪॥੬॥ ਛਕਾ = ਛੇ ਪਦਾਂ ਦਾ ਜੋੜ॥