ਪ੍ਰਭਾਤੀ ਮਹਲਾ ੩ ॥
Prabhaatee, Third Mehl:
ਪਰਭਾਤੀ ਤੀਜੀ ਪਾਤਿਸ਼ਾਹੀ।
ਮੇਰੇ ਮਨ ਗੁਰੁ ਅਪਣਾ ਸਾਲਾਹਿ ॥
O my mind, praise your Guru.
ਹੇ ਮੇਰੇ ਮਨ! (ਸਦਾ) ਆਪਣੇ ਗੁਰੂ ਦੀ ਸੋਭਾ ਕਰਿਆ ਕਰ, ਮਨ = ਹੇ ਮਨ! ਸਾਲਾਹਿ = ਵਡਿਆਇਆ ਕਰ।
ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥੧॥ ਰਹਾਉ ॥
Perfect destiny is inscribed upon your forehead and face; sing the Praises of the Lord forever. ||1||Pause||
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣਾਂ ਵਿਚ ਚੁੱਭੀ ਲਾਇਆ ਕਰ। ਤੇਰੇ ਮੱਥੇ ਉੱਤੇ ਪੂਰੀ ਕਿਸਮਤ ਜਾਗ ਪਵੇਗੀ ॥੧॥ ਰਹਾਉ ॥ ਭਾਗੁ = ਕਿਸਮਤ। ਮੁਖਿ = ਮੂੰਹ ਉੱਤੇ। ਮਸਤਕਿ = ਮੱਥੇ ਉੱਤੇ। ਗਾਹਿ = ਚੁੱਭੀ ਲਾਇਆ ਕਰ। ਗੁਣ ਗਾਹਿ = ਗੁਣਾਂ ਵਿਚ ਚੁੱਭੀ ਲਾਇਆ ਕਰ ॥੧॥ ਰਹਾਉ ॥
ਅੰਮ੍ਰਿਤ ਨਾਮੁ ਭੋਜਨੁ ਹਰਿ ਦੇਇ ॥
The Lord bestows the Ambrosial Food of the Naam.
(ਪਰਮਾਤਮਾ ਉਸ ਮਨੁੱਖ ਨੂੰ ਉਸ ਦੀ ਜਿੰਦ ਵਾਸਤੇ) ਖ਼ੁਰਾਕ (ਆਪਣਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਦਾ ਹੈ, ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਦੇਇ = ਦੇਂਦਾ ਹੈ।
ਕੋਟਿ ਮਧੇ ਕੋਈ ਵਿਰਲਾ ਲੇਇ ॥
Out of millions, only a rare few receive it
(ਪਰ) ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੀ (ਇਹ ਦਾਤਿ) ਹਾਸਲ ਕਰਦਾ ਹੈ, ਕੋਟਿ ਮਧੇ = ਕ੍ਰੋੜਾਂ ਵਿਚੋਂ। ਲੇਇ = ਲੈਂਦਾ ਹੈ।
ਜਿਸ ਨੋ ਅਪਣੀ ਨਦਰਿ ਕਰੇਇ ॥੧॥
- only those who are blessed by God's Glance of Grace. ||1||
ਜਿਸ ਮਨੁੱਖ ਉਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ॥੧॥ ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਨਦਰਿ = ਮਿਹਰ ਦੀ ਨਿਗਾਹ। ਕਰੇਇ = ਕਰਦਾ ਹੈ ॥੧॥
ਗੁਰ ਕੇ ਚਰਣ ਮਨ ਮਾਹਿ ਵਸਾਇ ॥
Whoever enshrines the Guru's Feet within his mind,
ਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਟਿਕਾਈ ਰੱਖ, ਵਸਾਇ = ਵਸਾਈ ਰੱਖ।
ਦੁਖੁ ਅਨੑੇਰਾ ਅੰਦਰਹੁ ਜਾਇ ॥
is rid of pain and darkness from within.
(ਇਸ ਤਰ੍ਹਾਂ) ਮਨ ਵਿਚੋਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ, (ਆਤਮਕ ਜੀਵਨ ਵਲੋਂ) ਬੇ-ਸਮਝੀ ਦਾ ਹਨੇਰਾ ਹਟ ਜਾਂਦਾ ਹੈ, ਜਾਇ = ਦੂਰ ਹੋ ਜਾਂਦਾ ਹੈ। ਅਨ੍ਹ੍ਹੇਰਾ = ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ।
ਆਪੇ ਸਾਚਾ ਲਏ ਮਿਲਾਇ ॥੨॥
The True Lord unites him with Himself. ||2||
(ਅਤੇ) ਸਦਾ ਕਾਇਮ ਰਹਿਣ ਵਾਲਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ॥੨॥ ਆਪੇ = ਆਪ ਹੀ। ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ ॥੨॥
ਗੁਰ ਕੀ ਬਾਣੀ ਸਿਉ ਲਾਇ ਪਿਆਰੁ ॥
So embrace love for the Word of the Guru's Bani.
ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ। ਸਿਉ = ਨਾਲ।
ਐਥੈ ਓਥੈ ਏਹੁ ਅਧਾਰੁ ॥
Here and hereafter, this is your only Support.
(ਇਹ ਬਾਣੀ ਹੀ) ਇਸ ਲੋਕ ਅਤੇ ਪਰਲੋਕ ਵਿਚ (ਜ਼ਿੰਦਗੀ ਦਾ) ਆਸਰਾ ਹੈ, ਐਥੈ = ਇਸ ਲੋਕ ਵਿਚ। ਓਥੇ = ਪਰਲੋਕ ਵਿਚ। ਅਧਾਰੁ = (ਜ਼ਿੰਦਗੀ ਦਾ) ਆਸਰਾ।
ਆਪੇ ਦੇਵੈ ਸਿਰਜਨਹਾਰੁ ॥੩॥
The Creator Lord Himself bestows it. ||3||
(ਪਰ ਇਹ ਦਾਤਿ) ਜਗਤ ਨੂੰ ਪੈਦਾ ਕਰਨ ਵਾਲਾ ਪ੍ਰਭੂ ਆਪ ਹੀ ਦੇਂਦਾ ਹੈ ॥੩॥
ਸਚਾ ਮਨਾਏ ਅਪਣਾ ਭਾਣਾ ॥
One whom the Lord inspires to accept His Will,
ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਗੁਰੂ ਦੀ ਸਰਨ ਪਾ ਕੇ) ਆਪਣੀ ਰਜ਼ਾ ਮਿੱਠੀ ਕਰ ਕੇ ਮੰਨਣ ਲਈ (ਮਨੁੱਖ ਦੀ) ਸਹਾਇਤਾ ਕਰਦਾ ਹੈ। ਭਾਣਾ = ਰਜ਼ਾ, ਮਰਜ਼ੀ। ਮਨਾਏ = ਮੰਨਣ ਲਈ ਮਦਦ ਕਰਦਾ ਹੈ।
ਸੋਈ ਭਗਤੁ ਸੁਘੜੁ ਸੋੁਜਾਣਾ ॥
is a wise and knowing devotee.
(ਜਿਹੜਾ ਮਨੁੱਖ ਰਜ਼ਾ ਨੂੰ ਮੰਨ ਲੈਂਦਾ ਹੈ) ਉਹੀ ਹੈ ਸੋਹਣਾ ਸੁਚੱਜਾ ਸਿਆਣਾ ਭਗਤ। ਸੁਘੜੁ = ਸੋਹਣੀ ਮਾਨਸਕ ਘਾੜਤ ਵਾਲਾ, ਸੁਚੱਜਾ। ਸਜਾਣਾ = (ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਸੁਜਾਣਾ' ਹੈ, ਇਥੇ 'ਸੋਜਾਣਾ' ਪੜ੍ਹਨਾ ਹੈ) ਸਿਆਣਾ।
ਨਾਨਕੁ ਤਿਸ ਕੈ ਸਦ ਕੁਰਬਾਣਾ ॥੪॥੭॥੧੭॥੭॥੨੪॥
Nanak is forever a sacrifice to him. ||4||7||17||7||24||
(ਅਜਿਹੇ ਮਨੁੱਖ ਤੋਂ) ਨਾਨਕ ਸਦਾ ਸਦਕੇ ਜਾਂਦਾ ਹੈ ॥੪॥੭॥੧੭॥੭॥੨੪॥ ਤਿਸ ਕੈ = (ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ) ਉਸ ਤੋਂ। ਸਦ = ਸਦਾ ॥੪॥੭॥੧੭॥੭॥੨੪॥