ਸੋਰਠਿ ਮਹਲਾ ੫ ॥
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥
The Restorer of what was taken away, the Liberator from captivity; the Formless Lord, the Destroyer of pain.
ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ। ਗਈ ਬਹੋੜੁ = (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ। ਬੰਦੀ ਛੋੜੁ = (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ। ਦੁਖ ਦਾਰੀ = ਦੁੱਖਾਂ ਵਿਚ ਦਾਰੀ ਕਰਨ ਵਾਲਾ, ਦੁੱਖਾਂ ਵਿਚ ਧੀਰਜ ਦੇਣ ਵਾਲਾ।
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥
I do not know about karma and good deeds; I do not know about Dharma and righteous living. I am so greedy, chasing after Maya.
ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ।
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥
I go by the name of God's devotee; please, save this honor of Yours. ||1||
ਪਰ ਹੇ ਪ੍ਰਭੂ! ਮੇਰਾ ਨਾਮ 'ਗੋਬਿੰਦ ਦਾ ਭਗਤ' ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ॥੧॥ ਪੈਜ = ਇੱਜ਼ਤ, ਲਾਜ ॥੧॥
ਹਰਿ ਜੀਉ ਨਿਮਾਣਿਆ ਤੂ ਮਾਣੁ ॥
O Dear Lord, You are the honor of the dishonored.
ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ।
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥
You make the unworthy ones worthy, O my Lord of the Universe; I am a sacrifice to Your almighty creative power. ||Pause||
ਮੈਂ ਤੇਰੀ ਤਾਕਤ ਤੋਂ ਸਦਕੇ ਤੋਂ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ ਰਹਾਉ॥ ਨਿਚੀਜਿਆ = ਨਕਾਰਿਆਂ ਨੂੰ। ਚੀਜ ਕਰੇ = ਆਦਰ-ਯੋਗ ਬਣਾ ਦੇਂਦਾ ਹੈ ॥ਰਹਾਉ॥
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥
Like the child, innocently making thousands of mistakes
ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ, ਭਾਇ = ਪ੍ਰੇਮ ਨਾਲ, ਆਪਣੀ ਲਗਨ ਨਾਲ। ਸੁਭਾਈ = ਆਪਣੇ ਸੁਭਾਵ ਅਨੁਸਾਰ।
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥
his father teaches him, and scolds him so many times, but still, he hugs him close in his embrace.
ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ, ਕਰਿ = ਕਰ ਕੇ। ਬਹੁ ਭਾਤੀ = ਕਈ ਤਰੀਕਿਆਂ ਨਾਲ। ਬਹੁੜਿ = ਮੁੜ, ਫਿਰ। ਗਲਿ = ਗਲ ਨਾਲ।
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥
Please forgive my past actions, God, and place me on Your path for the future. ||2||
ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ ॥੨॥ ਮਾਰਗਿ = (ਸਿੱਧੇ) ਰਸਤੇ ਉਤੇ ॥੨॥
ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥
The Lord, the Inner-knower, the Searcher of hearts, knows all about my state of mind; so who else should I go to and speak to?
ਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ? ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸਭ ਬਿਧਿ = ਹਰੇਕ (ਆਤਮਕ) ਹਾਲਤ। ਪਹਿ = ਪਾਸ।
ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥
The Lord, the Lord of the Universe, is not pleased by mere recitation of words; if it is pleasing to His Will, He preserves our honor.
ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ। ਕਥਨਿ = ਕਥਨ ਕਰਨ ਨਾਲ, ਜ਼ਬਾਨੀ ਕਹਿ ਦੇਣ ਨਾਲ। ਭੀਜੈ = ਖ਼ੁਸ਼ ਹੁੰਦਾ। ਭਾਵੈ = ਚੰਗਾ ਲੱਗਦਾ ਹੈ। ਪੈਜ = ਇੱਜ਼ਤ।
ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥
I have seen all other shelters, but Yours alone remains for me. ||3||
ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ॥੩॥ ਓਟ = ਆਸਰਾ। ਰਹਾਈਐ = ਰੱਖੀ ਹੋਈ ਹੈ ॥੩॥
ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥
Becoming kind and compassionate, God the Lord and Master Himself listens to my prayer.
ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ, ਹੋਇ = ਹੋ ਕੇ। ਆਪੇ = ਆਪ ਹੀ। ਮੇਲਿ = ਮੇਲੇ, ਮੇਲਦਾ ਹੈ।
ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥
He unites me in Union with the Perfect True Guru, and all the cares and anxieties of my mind are dispelled.
ਉਸ ਨੂੰ ਪੂਰਾ ਗੁਰੂ ਮੇਲ ਦੇਂਦਾ ਹੈ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ। ਚੂਕੇ = ਮੁੱਕ ਜਾਂਦੀ ਹੈ। ਚਿੰਤੀ = ਚਿੰਤਾ।
ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥
The Lord, Har, Har, has placed the medicine of the Naam into my mouth; servant Nanak abides in peace. ||4||12||62||
ਹੇ ਦਾਸ ਨਾਨਕ! (ਆਖ-ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ ॥੪॥੧੨॥੬੨॥ ਅਵਖਦੁ = ਦਵਾਈ। ਮੁਖਿ = ਮੂੰਹ ਵਿਚ। ਸੁਖਿ = ਆਤਮਕ ਆਨੰਦ ਵਿਚ। ਵਸੰਤੀ = ਵੱਸਦਾ ਹੈ ॥੪॥੧੨॥੬੨॥