ਰਾਗੁ ਬਿਹਾਗੜਾ ਮਹਲਾ ੫ ॥
Raag Bihaagraa, Fifth Mehl:
ਰਾਗ ਬਿਹਾਗੜਾ ਪੰਜਵੀਂ ਪਾਤਸ਼ਾਹੀ।
ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥
He is dear to me; He fascinates my mind; He is the ornament of my heart, the support of the breath of life.
ਪਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ, ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ, ਸਭ ਸਰੀਰਾਂ ਵਿਚ ਸੋਭ ਰਿਹਾ ਹੈ, ਸਭ ਦੇ ਜੀਵਨ ਦਾ ਸਹਾਰਾ ਹੈ। ਅਤਿ ਪ੍ਰੀਤਮ = ਬਹੁਤ ਪਿਆਰਾ ਲੱਗਣ ਵਾਲਾ। ਮੋਹਨਾ = ਮੋਹ ਲੈਣ ਵਾਲਾ। ਘਟ ਸੋਹਨਾ = ਹਰੇਕ ਘਟ ਵਿਚ ਸੋਭ ਰਿਹਾ। ਪ੍ਰਾਨ ਅਧਾਰਾ = ਜਿੰਦ ਦਾ ਆਸਰਾ।
ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥
The Glory of the Beloved, Merciful Lord of the Universe is beautiful; He is infinite and without limit.
ਉਸ ਦਇਆ ਦੇ ਘਰ ਗੋਪਾਲ ਪਿਆਰੇ ਦੀ ਸੋਹਣੀ ਸੋਭਾ (ਪਸਰ ਰਹੀ) ਹੈ, ਬੜੀ ਬੇਅੰਤ ਸੋਭਾ ਹੈ। ਅਪਰ ਅਪਾਰਾ = ਪਰੇ ਤੋਂ ਪਰੇ, ਬੇਅੰਤ।
ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥
O Compassionate Sustainer of the World, Beloved Lord of the Universe, please, join with Your humble soul-bride.
ਹੇ ਦਿਆਲ ਗੋਬਿੰਦ, ਹੇ ਗੋਪਾਲ, ਹੇ ਪਿਆਰੇ ਕੰਤ! ਮੈਨੂੰ ਨਿਮਾਣੀ ਨੂੰ ਮਿਲ। ਲਾਲਨ = ਹੇ ਲਾਲ! ਕੰਤ = ਹੇ ਕੰਤ!
ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥
My eyes long for the Blessed Vision of Your Darshan; the night passes, but I cannot sleep.
ਮੇਰੀਆਂ ਅੱਖਾਂ ਤੇਰੇ ਦਰਸਨ ਦੀ ਛੂਹ ਹਾਸਲ ਕਰਨ ਲਈ ਤਰਸਦੀਆਂ ਰਹਿੰਦੀਆਂ ਹਨ। ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ, (ਪਰ ਮੈਨੂੰ ਤੇਰੇ ਮਿਲਾਪ ਤੋਂ ਪੈਦਾ ਹੋਣ ਵਾਲੀ) ਸ਼ਾਂਤੀ ਨਹੀਂ ਮਿਲ ਰਹੀ। ਨੈਨ = ਅੱਖਾਂ। ਦਰਸ ਪਰਸਨ = ਦਰਸਨ ਦੀ ਛੂਹ ਪ੍ਰਾਪਤ ਕਰਨ ਲਈ। ਰੈਣਿ = ਰਾਤ। ਵਿਹਾਣੀਆ = ਗੁਜ਼ਰ ਜਾਂਦੀ ਹੈ।
ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥
I have applied the healing ointment of spiritual wisdom to my eyes; the Naam, the Name of the Lord, is my food. These are all my decorations.
ਜਿਸ ਨੂੰ ਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮਿਲ ਗਿਆ, ਜਿਸ ਨੂੰ (ਆਤਮਕ ਜੀਵਨ ਦਾ) ਭੋਜਨ ਹਰਿ-ਨਾਮ ਮਿਲ ਗਿਆ, ਉਸ ਦੇ ਸਾਰੇ (ਆਤਮਕ) ਸਿੰਗਾਰ ਸਫਲ ਹੋ ਗਏ। ਅੰਜਨ = ਸੁਰਮਾ। ਬਿੰਜਨ = ਭੋਜਨ। ਸੀਗਾਰਾ = ਸਿੰਗਾਰ।
ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥
Prays Nanak, let's meditate on the Saint, that he may unite us with our Husband Lord. ||1||
ਨਾਨਕ ਸੰਤ ਜਨਾਂ ਦੀ ਚਰਨੀਂ ਪੈਂਦਾ ਹੈ, ਸੰਤਾਂ ਜਨਾਂ ਅੱਗੇ ਅਰਜ਼ੋਈ ਕਰਦਾ ਹੈ, ਕਿ ਮੈਨੂੰ ਮੇਰਾ ਪ੍ਰਭੂ-ਪਤੀ ਮਿਲਾਵੋ ॥੧॥ ਪਇਅੰਪੈ = ਚਰਨੀਂ ਪੈਂਦਾ ਹੈ। ਜੰਪੈ = ਬੇਨਤੀ ਕਰਦਾ ਹੈ। ਕੰਤੁ = ਖਸਮ {ਲਫ਼ਜ਼ 'ਕੰਤ' ਅਤੇ 'ਕੰਤੁ' ਵਿਚ ਫ਼ਰਕ ਵੇਖੋ} ॥੧॥
ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ ॥
I endure thousands of reprimands, and still, my Lord has not met with me.
ਜਦ ਤਕ ਪਰਮਾਤਮਾ ਨਹੀਂ ਮਿਲਦਾ, ਜਦ ਤਕ (ਮੇਰੀਆਂ ਭੁੱਲਾਂ ਦੇ) ਮੈਨੂੰ ਲੱਖਾਂ ਉਲਾਂਭੇ ਮਿਲਦੇ ਰਹਿੰਦੇ ਹਨ। ਉਲਾਹਨੇ = ਉਲਾਂਭੇ, ਗਿਲੇ।
ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ ॥
I make the effort to meet with my Lord, but none of my efforts work.
ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਅਨੇਕਾਂ ਹੀਲੇ ਕਰਦੀ ਹਾਂ, ਪਰ ਮੇਰੀ ਕੋਈ ਪੇਸ਼ ਨਹੀਂ ਜਾਂਦੀ। ਕਰਉ = ਕਰਉਂ, ਮੈਂ ਕਰਦੀ ਹਾਂ। ਉਪਾਵ = ਕਈ ਹੀਲੇ {ਲਫ਼ਜ਼ 'ਉਪਾਉ' उपाय ਤੋਂ ਬਹੁ-ਵਚਨ}।
ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਨ ਧੀਜੀਐ ॥
Unsteady is my consciousness, and unstable is my wealth; without my Lord, I cannot be consoled.
ਪਿਆਰੇ ਪ੍ਰਭੂ ਦੇ ਮਿਲਾਪ ਤੋਂ ਬਿਨਾ ਕਿਸੇ ਤਰ੍ਹਾਂ ਭੀ ਮਨ ਨੂੰ ਧੀਰਜ ਨਹੀਂ ਆਉਂਦੀ, ਚਿੱਤ (ਧਨ ਦੀ ਖ਼ਾਤਰ) ਹਰ ਵੇਲੇ ਨੱਠਾ ਫਿਰਦਾ ਹੈ; ਤੇ, ਧਨ ਭੀ ਸਦਾ ਨਾਲ ਨਹੀਂ ਨਿਭਦਾ। ਚਲ = ਚੰਚਲ। ਬਿਤ = ਧਨ। ਅਨਿਤ = ਨਿੱਤ ਨਾਹ ਰਹਿਣ ਵਾਲਾ। ਕਵਨ ਬਿਧਿ = ਕਿਸੇ ਤਰ੍ਹਾਂ ਭੀ। ਧੀਜੀਐ = ਧੀਰਜ ਆਉਂਦੀ।
ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ ॥
Food, drink and decorations are useless; without my Husband Lord, how can I survive?
ਸਾਰੇ ਖਾਣ ਪੀਣ ਸਿੰਗਾਰ ਪ੍ਰਭੂ-ਪਤੀ ਤੋਂ ਬਿਨਾ ਵਿਅਰਥ ਹਨ, ਪ੍ਰਭੂ-ਪਤੀ ਤੋਂ ਬਿਨਾ ਜੀਵਨ ਦਾ ਕੋਈ ਕਜ ਨਹੀਂ। ਜੀਜੀਐ = ਜੀਵਿਆ ਜਾਏ।
ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ ॥
I yearn for Him, and desire Him night and day. I cannot live without Him, even for an instant.
ਪ੍ਰਭੂ-ਪਤੀ ਤੋਂ ਬਿਨਾ (ਦੁਨੀਆ ਵਾਲੀਆਂ) ਆਸਾਂ (ਵਿਆਕੁਲ ਕਰੀ ਰੱਖਦੀਆਂ ਹਨ) ਮਾਇਆ ਦੀ ਤ੍ਰਿਸ਼ਨਾ ਦਿਨ ਰਾਤ ਲੱਗੀ ਰਹਿੰਦੀ ਹੈ। ਰਤਾ ਜਿਤਨੇ ਸਮੇ ਲਈ ਭੀ ਜਿੰਦ ਟਿਕਾਣੇ ਨਹੀਂ ਆਉਂਦੀ। ਰੈਨਿ = ਰਾਤ। ਦਿਨੀਅਰੁ {दिनकर = ਸੂਰਜ} ਸੂਰਜ, ਦਿਨ। ਇਕੁ ਤਿਲੈ = ਥੋੜਾ ਜਿਤਨਾ ਸਮਾ ਭੀ।
ਨਾਨਕੁ ਪਇਅੰਪੈ ਸੰਤ ਦਾਸੀ ਤਉ ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥
Prays Nanak, O Saint, I am Your slave; by Your Grace, I meet my Husband Lord. ||2||
ਨਾਨਕ ਬੇਨਤੀ ਕਰਦਾ ਹੈ ਕਿ ਹੇ ਗੁਰੂ! ਮੈਂ (ਜੀਵ-ਇਸਤ੍ਰੀ) ਤੇਰੀ ਦਾਸੀ ਆ ਬਣੀ ਹਾਂ, ਤੇਰੀ ਕਿਰਪਾ ਨਾਲ (ਹੀ) ਮੇਰਾ ਪ੍ਰਭੂ ਪਤੀ (ਮੈਨੂੰ) ਮਿਲ ਸਕਦਾ ਹੈ ॥੨॥ ਸੰਤ = ਹੇ ਸੰਤ! ਹੇ ਗੁਰੂ! ਤਉ ਪ੍ਰਸਾਦਿ = ਤੇਰੀ ਕਿਰਪਾ ਨਾਲ ॥੨॥
ਸੇਜ ਏਕ ਪ੍ਰਿਉ ਸੰਗਿ ਦਰਸੁ ਨ ਪਾਈਐ ਰਾਮ ॥
I share a bed with my Beloved, but I do not behold the Blessed Vision of His Darshan.
(ਮੇਰੀ ਇਸ) ਇਕੋ ਹਿਰਦਾ-ਸੇਜ ਉਤੇ ਪ੍ਰਭੂ-ਪਤੀ (ਮੇਰੇ) ਨਾਲ (ਵੱਸਦਾ) ਹੈ, ਪਰ ਮੈਨੂੰ ਦਰਸਨ ਪ੍ਰਾਪਤ ਨਹੀਂ ਹੁੰਦਾ! ਪ੍ਰਿਉ = ਪ੍ਰਭੂ-ਪਤੀ। ਸੰਗਿ = ਨਾਲ। ਦਰਸੁ = ਦਰਸਨ।
ਅਵਗਨ ਮੋਹਿ ਅਨੇਕ ਕਤ ਮਹਲਿ ਬੁਲਾਈਐ ਰਾਮ ॥
I have endless demerits - how can my Lord call me to the Mansion of His Presence?
ਮੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਸੱਦਿਆ ਭੀ ਕਿਵੇਂ ਜਾਏ? ਮੇਰੇ ਵਿਚ (ਤਾਂ) ਅਨੇਕਾਂ ਅਉਗਣ ਹਨ। ਮੋਹਿ = ਮੇਰੇ, ਮੇਰੇ ਵਿਚ। ਕਤ = ਕਿਵੇਂ? ਮਹਲਿ = ਮਹਲ ਵਿਚ, ਪ੍ਰਭੂ ਦੀ ਹਜ਼ੂਰੀ ਵਿਚ।
ਨਿਰਗੁਨਿ ਨਿਮਾਣੀ ਅਨਾਥਿ ਬਿਨਵੈ ਮਿਲਹੁ ਪ੍ਰਭ ਕਿਰਪਾ ਨਿਧੇ ॥
The worthless, dishonored and orphaned soul-bride prays, "Meet with me, O God, treasure of mercy."
ਗੁਣ-ਹੀਨ, ਨਿਮਾਣੀ, ਨਿਆਸਰੀ (ਜੀਵ-ਇਸਤ੍ਰੀ) ਬੇਨਤੀ ਕਰਦੀ ਹੈ ਕਿ ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਨੂੰ ਮਿਲ। ਨਿਰਗੁਨਿ = ਗੁਣ ਹੀਨ {ਇਸਤ੍ਰੀ ਲਿੰਗ}। ਅਨਾਥਿ = ਨਿਆਸਰੀ {ਇਸਤ੍ਰੀ ਲਿੰਗ}। ਬਿਨਵੈ = ਬੇਨਤੀ ਕਰਦੀ ਹੈ। ਪ੍ਰਭ = ਹੇ ਪ੍ਰਭੂ! ਕਿਰਪਾ ਨਿਧੇ = ਹੇ ਕਿਰਪਾ ਦੇ ਖ਼ਜ਼ਾਨੇ!
ਭ੍ਰਮ ਭੀਤਿ ਖੋਈਐ ਸਹਜਿ ਸੋਈਐ ਪ੍ਰਭ ਪਲਕ ਪੇਖਤ ਨਵ ਨਿਧੇ ॥
The wall of doubt has been shattered, and now I sleep in peace, beholding God, the Lord of the nine treasures, even for an instant.
ਹੇ ਨੌ ਖ਼ਜ਼ਾਨਿਆਂ ਦੇ ਮਾਲਕ ਪ੍ਰਭੂ! ਇਕ ਪਲਕ ਮਾਤ੍ਰ ਤੇਰਾ ਦਰਸਨ ਕੀਤਿਆਂ (ਤੈਥੋਂ ਵਿਛੋੜਨ ਵਾਲੀ) ਭਟਕਣਾ ਦੀ ਕੰਧ ਦੂਰ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਲੀਨਤਾ ਹੋ ਜਾਂਦੀ ਹੈ। ਭੀਤਿ = ਕੰਧ। ਖੋਈਐ = ਦੂਰ ਹੋ ਜਾਂਦੀ ਹੈ। ਸਹਜਿ = ਆਤਮਕ ਅਡੋਲਤਾ ਵਿਚ। ਨਵ ਨਿਧੇ = ਹੇ ਨੌ ਖ਼ਜ਼ਾਨਿਆਂ ਦੇ ਮਾਲਕ!
ਗ੍ਰਿਹਿ ਲਾਲੁ ਆਵੈ ਮਹਲੁ ਪਾਵੈ ਮਿਲਿ ਸੰਗਿ ਮੰਗਲੁ ਗਾਈਐ ॥
If only I could come into the Mansion of my Beloved Lord's Presence! Joining with Him, I sing the songs of joy.
ਜਦੋਂ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪਿਆਰਾ ਪ੍ਰਭੂ-ਪਤੀ ਆ ਵੱਸਦਾ ਹੈ ਜਦੋਂ ਜੀਵ-ਇਸਤ੍ਰੀ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲੈਂਦੀ ਹੈ, ਤਦੋਂ ਪ੍ਰਭੂ ਦੇ ਨਾਲ ਮਿਲ ਕੇ ਖ਼ੁਸ਼ੀ ਦਾ ਗੀਤ ਗਾਇਆ ਜਾ ਸਕਦਾ ਹੈ। ਗ੍ਰਿਹਿ = ਹਿਰਦੇ-ਘਰ ਵਿਚ। ਲਾਲੁ = ਪਿਆਰਾ ਸੁੰਦਰ ਪ੍ਰਭੂ। ਮਹਲੁ = ਪ੍ਰਭੂ ਦੀ ਹਜ਼ੂਰੀ। ਮਿਲਿ = ਮਿਲ ਕੇ। ਸੰਗਿ = ਨਾਲ। ਮੰਗਲੁ = ਖ਼ੁਸ਼ੀ ਦਾ ਗੀਤ।
ਨਾਨਕੁ ਪਇਅੰਪੈ ਸੰਤ ਸਰਣੀ ਮੋਹਿ ਦਰਸੁ ਦਿਖਾਈਐ ॥੩॥
Prays Nanak, I seek the Sanctuary of the Saints; please, reveal to me the Blessed Vision of Your Darshan. ||3||
ਹੇ ਗੁਰੂ! ਨਾਨਕ ਤੇਰੇ ਚਰਨਾਂ ਵਿਚ ਆ ਪਿਆ ਹੈ, ਤੇਰੀ ਸਰਨ ਆ ਗਿਆ ਹੈ (ਮੈਨੂੰ ਨਾਨਕ ਨੂੰ) ਪਰਮਾਤਮਾ-ਪਤੀ ਦਾ ਦਰਸਨ ਕਰਾ ਦੇ ॥੩॥ ਮੋਹਿ = ਮੈਨੂੰ ॥੩॥
ਸੰਤਨ ਕੈ ਪਰਸਾਦਿ ਹਰਿ ਹਰਿ ਪਾਇਆ ਰਾਮ ॥
By the Grace of the Saints, I have obtained the Lord, Har, Har.
ਸਤਿਗੁਰੂ ਜੀ ਦੀ ਕਿਰਪਾ ਨਾਲ ਮੈਂ ਪਰਮਾਤਮਾ ਲੱਭ ਲਿਆ ਹੈ, ਕੈ ਪਰਸਾਦਿ = ਦੀ ਕਿਰਪਾ ਨਾਲ।
ਇਛ ਪੁੰਨੀ ਮਨਿ ਸਾਂਤਿ ਤਪਤਿ ਬੁਝਾਇਆ ਰਾਮ ॥
My desires are fulfilled, and my mind is at peace; the fire within has been quenched.
ਮੇਰੀ (ਚਿਰਾਂ ਦੀ) ਤਾਂਘ ਪੂਰੀ ਹੋ ਗਈ ਹੈ, ਮੇਰੇ ਮਨ ਵਿਚ ਠੰਢ ਪੈ ਗਈ ਹੈ, (ਮੇਰੇ ਅੰਦਰੋਂ ਤ੍ਰਿਸ਼ਨਾ ਦੀ) ਤਪਸ਼ ਬੁੱਝ ਗਈ ਹੈ। ਪੁੰਨੀ = ਪੂਰੀ ਹੋ ਗਈ ਹੈ। ਮਨਿ = ਮਨ ਵਿਚ। ਤਪਤਿ = ਤਪਸ਼, ਸੜਨ।
ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ ਰਸੁ ਘਨਾ ॥
Fruitful is that day, and beauteous is that night, and countless are the joys, celebrations and pleasures.
ਉਹ ਦਿਨ (ਮੇਰੇ ਵਾਸਤੇ) ਭਾਗਾਂ ਵਾਲਾ ਹੈ ਉਹ ਰਾਤ ਸੋਹਣੀ ਹੈ (ਜਦੋਂ ਮੈਨੂੰ ਪਰਮਾਤਮਾ ਮਿਲਿਆ, ਜਿਸ ਨਾਲ) ਬਹੁਤ ਆਨੰਦ ਖ਼ੁਸ਼ੀਆਂ ਸਵਾਦ ਬਣੇ ਪਏ ਹਨ, ਸਫਲਾ = ਮੁਬਾਰਿਕ। ਸੁ = ਉਹ। ਰੈਣੇ = ਰਾਤ। ਸੁਹਾਵੀ = ਸੁਖਾਵੀਂ। ਘਨਾ = ਬਹੁਤ।
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ॥
The Lord of the Universe, the Beloved Sustainer of the World, has been revealed. With what tongue can I speak of His Glory?
(ਮੇਰੇ ਹਿਰਦੇ ਵਿਚ) ਪਿਆਰੇ ਗੋਪਾਲ ਗੋਬਿੰਦ ਜੀ ਪਰਗਟ ਹੋ ਗਏ ਹਨ, ਮੈਂ ਆਪਣੀ ਜੀਭ ਨਾਲ (ਉਸ ਮਿਲਾਪ ਦੇ) ਕੇਹੜੇ ਕੇਹੜੇ ਗੁਣ (ਲਾਭ) ਦੱਸਾਂ? ਰਸਨਾ = ਜੀਭ। ਕਵਨ ਗੁਣ = ਕੇਹੜੇ ਕੇਹੜੇ ਗੁਣ! ਭਨਾ = ਭਨਾਂ, ਮੈਂ ਦੱਸਾਂ।
ਭ੍ਰਮ ਲੋਭ ਮੋਹ ਬਿਕਾਰ ਥਾਕੇ ਮਿਲਿ ਸਖੀ ਮੰਗਲੁ ਗਾਇਆ ॥
Doubt, greed, emotional attachment and corruption are taken away; joining with my companions, I sing the songs of joy.
(ਮੇਰੇ ਅੰਦਰੋਂ) ਭਟਕਣਾ, ਲੋਭ, ਮੋਹ, ਆਦਿਕ ਸਾਰੇ ਵਿਕਾਰ ਦੂਰ ਹੋ ਗਏ ਹਨ, ਮੇਰੇ ਗਿਆਨ-ਇੰਦ੍ਰੇ ਮਿਲ ਕੇ ਸਿਫ਼ਤ-ਸਾਲਾਹ ਦਾ ਗੀਤ ਗਾ ਰਹੇ ਹਨ। ਥਾਕੇ = ਮੁੱਕ ਗਏ ਹਨ। ਮਿਲਿ = ਮਿਲ ਕੇ। ਸਖੀ = ਸਖੀਆਂ, ਗਿਆਨ-ਇੰਦਰੇ।
ਨਾਨਕੁ ਪਇਅੰਪੈ ਸੰਤ ਜੰਪੈ ਜਿਨਿ ਹਰਿ ਹਰਿ ਸੰਜੋਗਿ ਮਿਲਾਇਆ ॥੪॥੨॥
Prays Nanak, I meditate on the Saint, who has led me to merge with the Lord, Har, Har. ||4||2||
ਹੁਣ ਨਾਨਕ ਗੁਰੂ ਦੇ ਚਰਨਾਂ ਵਿਚ ਢਹਿ ਪਿਆ ਹੈ, ਗੁਰੂ ਅੱਗੇ ਹੀ ਅਰਜ਼ੋਈ ਕਰਦਾ ਰਹਿੰਦਾ ਹੈ, ਕਿਉਂਕਿ ਉਸ ਗੁਰੂ ਨੇ ਮਿਲਾਪ ਦੇ ਲੇਖ ਦੀ ਰਾਹੀਂ (ਮਿਲਾਪ ਦੇ ਲੇਖ ਨੂੰ ਉਜਾਗਰ ਕਰ ਕੇ) ਮੈਨੂੰ ਪਰਮਾਤਮਾ ਮਿਲਾ ਦਿੱਤਾ ਹੈ ॥੪॥੨॥ ਪਇਅੰਪੈ = ਚਰਨੀਂ ਪੈਂਦਾ ਹੈ। ਸੰਤ ਜੰਪੈ = ਗੁਰੂ ਅੱਗੇ ਅਰਜ਼ੋਈ ਕਰਦਾ ਹੈ। ਸੰਜੋਗਿ = ਸੰਜੋਗ ਦੀ ਰਾਹੀਂ, ਮਿਲਾਪ ਦੇ ਲੇਖ ਦੀ ਰਾਹੀਂ ॥੪॥੨॥