ਗਉੜੀ ਕਬੀਰ ਜੀ

Gauree, Kabeer Jee:

ਗਉੜੀ ਕਬੀਰ ਜੀ।

ਗਰਭ ਵਾਸ ਮਹਿ ਕੁਲੁ ਨਹੀ ਜਾਤੀ

In the dwelling of the womb, there is no ancestry or social status.

ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ। ਗਰਭ ਵਾਸ = ਮਾਂ ਦੇ ਪੇਟ ਦਾ ਵਸੇਬਾ। ਜਾਤੀ = ਜਾਣੀ (ਕਿਸੇ ਨੇ ਭੀ)।

ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥

All have originated from the Seed of God. ||1||

ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ) ॥੧॥ ਬ੍ਰਹਮ ਬਿੰਦੁ = ਪਰਮਾਤਮਾ ਦੀ ਅੰਸ਼। ਬਿੰਦੁ ਤੇ = ਬਿੰਦ ਤੋਂ {ਨੋਟ: ਲਫ਼ਜ਼ 'ਬਿੰਦੁ' ਸਦਾ (ੁ) ਅੰਤ ਰਹਿੰਦਾ ਹੈ, 'ਸੰਬੰਧਕ' (Preposition) ਦੇ ਨਾਲ ਭੀ ਇਹ (ੁ) ਕਾਇਮ ਰਹਿੰਦਾ ਹੈ}। ਉਤਪਾਤੀ = ਉਤਪੱਤੀ, ਹੋਂਦ, ਜਨਮ ॥੧॥

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ

Tell me, O Pandit, O religious scholar: since when have you been a Brahmin?

ਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਕਹੁ = ਦੱਸ। ਰੇ = ਹੇ! ਕਬ ਕੇ ਹੋਏ = ਕਦੋਂ ਦੇ ਬਣ ਗਏ ਹਨ (ਭਾਵ, ਮਾਂ ਦੇ ਪੇਟ ਵਿਚ ਤਾਂ ਸਭ ਜੀਵ ਇੱਕੋ ਜਿਹੇ ਹੁੰਦੇ ਹਨ, ਬਾਹਰ ਆ ਕੇ ਤੁਸੀ ਕਦੋਂ ਦੇ ਬ੍ਰਾਹਮਣ ਬਣ ਗਏ ਹੋ?)।

ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ

Don't waste your life by continually claiming to be a Brahmin. ||1||Pause||

ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ॥੧॥ ਰਹਾਉ ॥ ਕਹਿ ਕਹਿ = ਆਖ ਆਖ ਕੇ (ਭਾਵ, ਬ੍ਰਾਹਮਣ-ਪੁਣੇ ਦਾ ਮਾਣ ਕਰ ਕੇ, ਅਹੰਕਾਰ ਨਾਲ ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ)। ਮਤ ਖੋਏ = ਨਾਹ ਗਵਾਓ ॥੧॥ ਰਹਾਉ ॥

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ

If you are indeed a Brahmin, born of a Brahmin mother,

ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਜੌ = ਜੇਕਰ। ਬ੍ਰਹਮਣੀ ਜਾਇਆ = ਬ੍ਰਾਹਮਣੀ ਤੋਂ ਜੰਮਿਆ ਹੋਇਆ।

ਤਉ ਆਨ ਬਾਟ ਕਾਹੇ ਨਹੀ ਆਇਆ ॥੨॥

then why didn't you come by some other way? ||2||

ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ॥੨॥ ਤਉ = ਤਾਂ। ਆਨ ਬਾਟ = (ਕਿਸੇ) ਹੋਰ ਰਾਹੇ। ਕਾਹੇ = ਕਿਉਂ? ਆਇਆ = ਜੰਮ ਪਿਆ ॥੨॥

ਤੁਮ ਕਤ ਬ੍ਰਾਹਮਣ ਹਮ ਕਤ ਸੂਦ

How is it that you are a Brahmin, and I am of a low social status?

(ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀਂ ਕਿਵੇਂ ਸ਼ੂਦਰ (ਰਹਿ ਗਏ)? ਕਤ = ਕਿਵੇਂ? ਹਮ = ਅਸੀ। ਸੂਦ = ਸ਼ੂਦਰ, ਨੀਵੀਂ ਜਾਤ ਦੇ।

ਹਮ ਕਤ ਲੋਹੂ ਤੁਮ ਕਤ ਦੂਧ ॥੩॥

How is it that I am formed of blood, and you are made of milk? ||3||

ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ॥੩॥ ਹਮ = ਅਸਾਡੇ (ਸਰੀਰ ਵਿਚ) ॥੩॥

ਕਹੁ ਕਬੀਰ ਜੋ ਬ੍ਰਹਮੁ ਬੀਚਾਰੈ

Says Kabeer, one who contemplates God,

ਕਬੀਰ ਆਖਦਾ ਹੈ- ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ, ਜੋ = ਜੋ ਮਨੁੱਖ। ਬ੍ਰਹਮੁ = ਪਰਮਾਤਮਾ ਨੂੰ। ਬਿਚਾਰੈ = ਵਿਚਾਰਦਾ ਹੈ, ਸਿਮਰਦਾ ਹੈ, ਚੇਤੇ ਕਰਦਾ ਹੈ।

ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥

is said to be a Brahmin among us. ||4||7||

ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ॥੪॥੭॥ ਸੋ = ਉਹ ਮਨੁੱਖ। ਕਹੀਅਤੁ ਹੈ = ਆਖੀਦਾ ਹੈ। ਹਮਾਰੈ = ਅਸਾਡੇ ਮਤ ਵਿਚ ॥੪॥੭॥