ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ

Kabeer, the physician is dead, and the patient is dead; the whole world is dead.

ਹੇ ਕਬੀਰ! (ਮਾਇਕ ਭੋਗਾਂ ਦੀ ਖ਼ਾਤਰ ਖਪ ਖਪ ਕੇ) ਸਾਰਾ ਜਗਤ (ਸੰਸਾਰ-ਸਮੁੰਦਰ ਵਿਚ ਡੁੱਬ ਕੇ, ਮਾਇਕ ਮੋਹ ਵਿਚ ਡੁੱਬ ਕੇ, ਆਤਮਕ ਮੌਤੇ) ਮਰ ਰਿਹਾ ਹੈ, ਚਾਹੇ ਕੋਈ ਰੋਗੀ ਹੈ ਤੇ ਚਾਹੇ ਕੋਈ ਹਕੀਮ ਹੈ (ਭਾਵ, ਇਕ ਤਾਂ ਉਹ ਬੰਦੇ ਹਨ ਜੋ ਅੰਞਾਣ ਤੇ ਮੂੜ੍ਹ ਹੋਣ ਕਰ ਕੇ ਜੀਵਨ ਦਾ ਰਾਹ ਜਾਣਦੇ ਹੀ ਨਹੀਂ, ਤੇ ਵਿਕਾਰਾਂ ਵਿਚ ਫਸੇ ਪਏ ਹਨ, ਦੂਜੇ ਉਹ ਹਨ ਜੋ ਵਿਦਵਾਨ ਪੰਡਿਤ ਹਨ ਤੇ ਮੂਰਖ ਲੋਕਾਂ ਨੂੰ ਉਪਦੇਸ਼ ਕਰਦੇ ਹਨ। ਪਰ ਹਾਲਤ ਦੋਹਾਂ ਦੀ ਇਹ ਹੈ ਕਿ ਇਹਨਾਂ ਦੀ ਸਾਰੀ ਦੌੜ-ਭੱਜ ਮਾਇਕ ਭੋਗਾਂ ਵਾਸਤੇ ਹੀ ਹੈ, ਇਨ੍ਹਾਂ ਦੇ ਗਿਆਨ-ਇੰਦ੍ਰੇ ਆਪੋ ਆਪਣੇ ਵਿਸ਼ੇ-ਭੋਗਾਂ ਵਲ ਖਪ ਰਹੇ ਹਨ, ਭੋਗਾਂ ਨੂੰ ਰੋ ਰਹੇ ਹਨ। ਇੱਕ ਭਗਤੀ ਤੋਂ ਵਾਂਜੇ ਰਹਿਣ ਕਰਕੇ ਇਹ ਸਭ ਆਤਮਕ ਮੌਤੇ ਮਰੇ ਪਏ ਹਨ)। ਬੈਦੁ = ਰੋਗੀਆਂ ਦਾ ਇਲਾਜ ਕਰਨ ਵਾਲਾ, ਵਿਕਾਰੀਆਂ ਨੂੰ ਉਪਦੇਸ਼ ਕਰ ਕੇ ਆਤਮਕ ਮੌਤ ਤੋਂ ਬਚਾਣ ਦਾ ਜਤਨ ਕਰਨ ਵਾਲਾ। ਮੂਆ = (ਰੋ ਰੋ ਕੇ) ਮਰ ਗਿਆ, (ਮਾਇਕ ਭੋਗਾਂ ਨੂੰ ਰੋ ਰੋ ਕੇ) ਮਰ ਗਿਆ, (ਮਾਇਕ ਭੋਗਾਂ ਦੀ ਖ਼ਾਤਰ ਖਪ ਖਪ ਕੇ ਆਤਮਕ ਮੌਤੇ) ਮਰ ਗਿਆ।

ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ ॥੬੯॥

Only Kabeer is not dead; there is no one to mourn for him. ||69||

ਹੇ ਕਬੀਰ! ਸਿਰਫ਼ ਉਹ ਮਨੁੱਖ (ਆਤਮਕ ਮੌਤੇ) ਨਹੀਂ ਮਰਦਾ ਜਿਸ ਦਾ ਕੋਈ (ਸੰਗੀ ਸਾਥੀ, ਗਿਆਨ-ਇੰਦ੍ਰਾ) (ਮਾਇਕ ਭੋਗਾਂ ਦੀ ਖ਼ਾਤਰ) ਰੋ ਨਹੀਂ ਰਿਹਾ (ਖਪ ਨਹੀਂ ਰਿਹਾ ਤੇ, ਅਜੇਹਾ ਮਨੁੱਖ ਸਿਰਫ਼ ਉਹੀ ਹੋ ਸਕਦਾ ਹੈ ਜੋ ਪ੍ਰਭੂ-ਦਰ ਨਹੀਂ ਛੱਡਦਾ, ਕਿਉਂਕਿ ਪ੍ਰਭੂ-ਦਰ ਤੇ ਰਿਹਾਂ 'ਹਟਕੈ ਨਾਹੀ ਕੋਇ') ॥੬੯॥ ਏਕੁ = ਸਿਰਫ਼ ਉਹ ਮਨੁੱਖ। ਜਿਹ = ਜਿਸ ਦਾ। ਰੋਵਨਹਾਰੁ = ਰੋਣ ਵਾਲਾ, ਰੋ ਰੋ ਕੇ ਖਪਣ ਵਾਲਾ, ਮਾਇਕ ਭੋਗਾਂ ਦੀ ਖ਼ਾਤਰ ਖਪਣ ਵਾਲਾ। ਨਾਹੀ = ਕੋਈ ਨਹੀਂ ॥੬੯॥