ਗਉੜੀ ਗੁਆਰੇਰੀ ਮਹਲਾ ੫ ॥

Gauree Gwaarayree, Fifth Mehl:

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਕਰਮ ਭੂਮਿ ਮਹਿ ਬੋਅਹੁ ਨਾਮੁ ॥

In the field of karma, plant the seed of the Naam.

(ਹੇ ਭਾਈ!) ਕਰਮ ਬੀਜਣ ਵਾਲੀ ਧਰਤੀ ਵਿਚ (ਮਨੁੱਖਾ ਸਰੀਰ ਵਿਚ) ਪਰਮਾਤਮਾ ਦਾ ਨਾਮ ਬੀਜ, ਭੂਮਿ = ਧਰਤੀ। ਕਰਮ ਭੂਮਿ = ਉਹ ਧਰਤੀ ਜਿਸ ਵਿਚ ਕਰਮ ਬੀਜੇ ਜਾ ਸਕਦੇ ਹਨ, ਮਨੁੱਖਾ ਸਰੀਰ। ਬੋਅਹੁ = ਬੀਜੋ।

ਪੂਰਨ ਹੋਇ ਤੁਮਾਰਾ ਕਾਮੁ ॥

Your works shall be brought to fruition.

ਇਸ ਤਰ੍ਹਾਂ ਤੇਰਾ (ਮਨੁੱਖਾ ਜੀਵਨ ਦਾ) ਮਨੋਰਥ ਸਿਰੇ ਚੜ੍ਹ ਜਾਇਗਾ। ਕਾਮੁ = ਕੰਮ, ਜੀਵਨ-ਮਨੋਰਥ।

ਫਲ ਪਾਵਹਿ ਮਿਟੈ ਜਮ ਤ੍ਰਾਸ ॥

You shall obtain these fruits, and the fear of death shall be dispelled.

(ਹੇ ਭਾਈ!) ਤਾਂ ਇਸ ਦਾ ਇਹ ਫਲ ਹਾਸਲ ਕਰੇਂਗਾ ਕਿ ਤੇਰਾ ਆਤਮਕ ਮੌਤ ਦਾ ਖ਼ਤਰਾ ਮਿਟੇਗਾ, ਤ੍ਰਾਸ = ਡਰ। ਜਮ ਤ੍ਰਾਸ = ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ।

ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥੧॥

Sing continually the Glorious Praises of the Lord, Har, Har. ||1||

ਜੇ ਤੂੰ ਨਿੱਤ ਪਰਮਾਤਮਾ ਦੇ ਗੁਣ ਗਾਵੇਂ, ਜੇ ਨਿੱਤ ਪਰਮਾਤਮਾ ਦਾ ਜਸ ਗਾਵੇਂ ॥੧॥ ਜਾਸ = ਜਸ ॥੧॥

ਹਰਿ ਹਰਿ ਨਾਮੁ ਅੰਤਰਿ ਉਰਿ ਧਾਰਿ ॥

Keep the Name of the Lord, Har, Har, enshrined in your heart,

(ਹੇ ਭਾਈ!) ਆਪਣੇ ਅੰਦਰ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸੰਭਾਲ ਕੇ ਰੱਖ, ਅੰਤਰਿ = ਅੰਦਰੇ। ਉਰਿ = ਹਿਰਦੇ ਵਿਚ। ਧਾਰਿ = ਰੱਖ।

ਸੀਘਰ ਕਾਰਜੁ ਲੇਹੁ ਸਵਾਰਿ ॥੧॥ ਰਹਾਉ ॥

and your affairs shall be quickly resolved. ||1||Pause||

ਤੇ (ਇਸ ਤਰ੍ਹਾਂ) ਆਪਣਾ ਮਨੁੱਖਾ ਜੀਵਨ ਦਾ ਮਨੋਰਥ ਸਵਾਰ ਲੈ ॥੧॥ ਰਹਾਉ ॥ ਸੀਘਰ = ਛੇਤੀ। ਕਾਰਜੁ = ਜੀਵਨ-ਮਨੋਰਥ ॥੧॥ ਰਹਾਉ ॥

ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥

Be always attentive to your God;

(ਹੇ ਭਾਈ!) ਆਪਣੇ ਪਰਮਾਤਮਾ ਨਾਲ (ਪਰਮਾਤਮਾ ਦੀ ਯਾਦ ਵਿਚ) ਸੁਚੇਤ ਰਹੁ। ਸਿਉ = ਨਾਲ। ਸਾਵਧਾਨੁ = (स-अवधान) ਸੁਚੇਤ। ਸ = ਸਹਿਤ, ਸਮੇਤ। ਅਵਧਾਨ = ਧਿਆਨ (attention)।

ਤਾ ਤੂੰ ਦਰਗਹ ਪਾਵਹਿ ਮਾਨੁ ॥

thus you shall be honored in His Court.

(ਜਦੋਂ ਤੂੰ ਇਹ ਉੱਦਮ ਕਰੇਂਗਾ) ਤਦੋਂ ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੇਂਗਾ। ਮਾਨੁ = ਆਦਰ।

ਉਕਤਿ ਸਿਆਣਪ ਸਗਲੀ ਤਿਆਗੁ ॥

Give up all your clever tricks and devices,

ਆਪਣੀਆਂ ਦਲੀਲਾਂ ਆਪਣੀਆਂ ਸਿਆਣਪਾਂ ਸਾਰੀਆਂ ਛੱਡ ਦੇਹ, ਉਕਤਿ = ਬਿਆਨ ਕਰਨ ਦੀ ਸ਼ਕਤੀ, ਦਲੀਲ। ਸਗਲੀ = ਸਾਰੀ।

ਸੰਤ ਜਨਾ ਕੀ ਚਰਣੀ ਲਾਗੁ ॥੨॥

and hold tight to the Feet of the Saints. ||2||

ਅਤੇ ਗੁਰਮੁਖਾਂ ਦੀ ਸਰਨ ਪਉ ॥੨॥

ਸਰਬ ਜੀਅ ਹਹਿ ਜਾ ਕੈ ਹਾਥਿ ॥

The One, who holds all creatures in His Hands,

(ਹੇ ਭਾਈ!) ਸਾਰੇ ਜੀਵ ਜੰਤ ਜਿਸ ਪਰਮਾਤਮਾ ਦੇ ਵੱਸ ਵਿਚ (ਹੱਥ ਵਿਚ) ਹਨ, ਜੀਅ = ਜੀਵ। ਹਾਥਿ = ਹੱਥ ਵਿਚ। ਜਾ ਕੈ ਹਾਥਿ = ਜਿਸ ਦੇ ਹੱਥ ਵਿਚ।

ਕਦੇ ਨ ਵਿਛੁੜੈ ਸਭ ਕੈ ਸਾਥਿ ॥

is never separated from them; He is with them all.

ਜੇਹੜਾ ਪ੍ਰਭੂ ਕਦੇ ਭੀ (ਜੀਵਾਂ ਤੋਂ) ਵੱਖ ਨਹੀਂ ਹੁੰਦਾ, (ਸਦਾ) ਸਭ ਜੀਵਾਂ ਦੇ ਨਾਲ ਰਹਿੰਦਾ ਹੈ, ਸਾਥਿ = ਨਾਲ।

ਉਪਾਵ ਛੋਡਿ ਗਹੁ ਤਿਸ ਕੀ ਓਟ ॥

Abandon your clever devices, and grasp hold of His Support.

ਆਪਣੇ ਹੀਲੇ-ਜਤਨ ਛੱਡ ਕੇ ਉਸ ਪਰਮਾਤਮਾ ਦਾ ਆਸਰਾ-ਪਰਨਾ ਫੜ, ਉਪਾਵ = (ਲਫ਼ਜ਼ 'ਉਪਾਉ' ਤੋਂ ਬਹੁ-ਵਚਨ। ਸੰਸਕ੍ਰਿਤ ਲਫ਼ਜ਼ ਹੈ उपाय) ਢੰਗ, ਜਤਨ। ਗਹੁ = ਫੜ। ਓਟ = ਆਸਰਾ।

ਨਿਮਖ ਮਾਹਿ ਹੋਵੈ ਤੇਰੀ ਛੋਟਿ ॥੩॥

In an instant, you shall be saved. ||3||

ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਤੇਰੀ ਖ਼ਲਾਸੀ ਹੋ ਜਾਇਗੀ ॥੩॥ ਨਿਮਖ = ਅੱਖ ਝਮਕਣ ਜਿਤਨਾ ਸਮਾ। ਛੋਟਿ = ਖ਼ਲਾਸੀ ॥੩॥

ਸਦਾ ਨਿਕਟਿ ਕਰਿ ਤਿਸ ਨੋ ਜਾਣੁ ॥

Know that He is always near at hand.

ਉਸ ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਸਮਝ। ਨਿਕਟਿ = ਨੇੜੇ। ਤਿਸ ਨੋ = (ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ') ਉਸ (ਪ੍ਰਭੂ) ਨੂੰ। ਜਾਣੁ = ਸਮਝ।

ਪ੍ਰਭ ਕੀ ਆਗਿਆ ਸਤਿ ਕਰਿ ਮਾਨੁ ॥

Accept the Order of God as True.

ਇਹ ਨਿਸ਼ਚਾ ਕਰ ਕੇ ਮੰਨ ਕਿ ਪਰਮਾਤਮਾ ਦੀ ਰਜ਼ਾ ਅਟੱਲ ਹੈ। ਸਤਿ = (सत्य) ਅਟੱਲ, ਸੱਚ।

ਗੁਰ ਕੈ ਬਚਨਿ ਮਿਟਾਵਹੁ ਆਪੁ ॥

Through the Guru's Teachings, eradicate selfishness and conceit.

ਗੁਰੂ ਦੇ ਬਚਨ ਵਿਚ (ਜੁੜ ਕੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ। ਬਚਨਿ = ਬਚਨ ਦੀ ਰਾਹੀਂ। ਆਪੁ = ਆਪਾ-ਭਾਵ।

ਹਰਿ ਹਰਿ ਨਾਮੁ ਨਾਨਕ ਜਪਿ ਜਾਪੁ ॥੪॥੪॥੭੩॥

O Nanak, chant and meditate on the Naam, the Name of the Lord, Har, Har. ||4||4||73||

ਹੇ ਨਾਨਕ! ਸਦਾ ਪਰਮਾਤਮਾ ਦਾ ਨਾਮ ਜਪ, ਸਦਾ ਪ੍ਰਭੂ (ਦੇ ਗੁਣਾਂ) ਦਾ ਜਾਪ ਜਪ ॥੪॥੪॥੭੩॥ ਜਪਿ ਜਾਪੁ = ਜਾਪ ਜਪ ॥੪॥