ਗਉੜੀ

Gauree:

ਗਉੜੀ।

ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ

Slander me, slander me - go ahead, people, and slander me.

ਜਗਤ ਬੇਸ਼ੱਕ ਮੇਰੀ ਨਿੰਦਾ ਕਰੇ, ਬੇਸ਼ੱਕ ਮੇਰੇ ਔਗੁਣ ਭੰਡੇ; ਨਿੰਦਉ = {ਹੁਕਮੀ ਭਵਿੱਖਤ, Imperative mood, ਅੱਨ ਪੁਰਖ, ਇਕ-ਵਚਨ}। ਲੋਗੁ ਨਿੰਦਉ = ਬੇਸ਼ੱਕ ਜਗਤ ਨਿੰਦਿਆ ਕਰੇ। ਮੋ ਕਉ = ਮੈਨੂੰ।

ਨਿੰਦਾ ਜਨ ਕਉ ਖਰੀ ਪਿਆਰੀ

Slander is pleasing to the Lord's humble servant.

ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ, ਜਨ ਕਉ = ਪ੍ਰਭੂ ਦੇ ਸੇਵਕ ਨੂੰ। ਖਰੀ = ਬਹੁਤ।

ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ

Slander is my father, slander is my mother. ||1||Pause||

ਕਿਉਂਕਿ ਨਿੰਦਿਆ ਸੇਵਕ ਦਾ ਮਾਂ ਪਿਉ ਹੈ (ਭਾਵ, ਜਿਵੇਂ ਮਾਪੇ ਆਪਣੇ ਬਾਲ ਵਿਚ ਸ਼ੁਭ ਗੁਣ ਵਧਦੇ ਵੇਖਣਾ ਲੋੜਦੇ ਹਨ, ਤਿਵੇਂ ਨਿੰਦਿਆ ਭੀ ਔਗੁਣ ਨਸ਼ਰ ਕਰ ਕੇ ਭਲੇ ਗੁਣਾਂ ਲਈ ਸਹਾਇਤਾ ਕਰਦੀ ਹੈ) ॥੧॥ ਰਹਾਉ ॥ ਮਹਤਾਰੀ = ਮਾਂ ॥੧॥ ਰਹਾਉ ॥

ਨਿੰਦਾ ਹੋਇ ਬੈਕੁੰਠਿ ਜਾਈਐ

If I am slandered, I go to heaven;

ਜੇ ਲੋਕ ਔਗੁਣ ਨਸ਼ਰ ਕਰਨ ਤਾਂ ਹੀ ਬੈਕੁੰਠ ਵਿਚ ਜਾ ਸਕੀਦਾ ਹੈ, ਬੈਕੁੰਠਿ = ਬੈਕੁੰਠ ਵਿਚ।

ਨਾਮੁ ਪਦਾਰਥੁ ਮਨਹਿ ਬਸਾਈਐ

the wealth of the Naam, the Name of the Lord, abides within my mind.

(ਕਿਉਂਕਿ ਇਸ ਤਰ੍ਹਾਂ ਆਪਣੇ ਔਗੁਣ ਛੱਡ ਕੇ) ਪ੍ਰਭੂ ਦਾ ਨਾਮ-ਰੂਪ ਧਨ ਮਨ ਵਿਚ ਵਸਾ ਸਕੀਦਾ ਹੈ। ਮਨਹਿ = ਮਨ ਵਿਚ। ਬਸਾਈਐ = ਵਸਾਇਆ ਜਾ ਸਕਦਾ ਹੈ।

ਰਿਦੈ ਸੁਧ ਜਉ ਨਿੰਦਾ ਹੋਇ

If my heart is pure, and I am slandered,

ਜੇ ਹਿਰਦਾ ਸੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ (ਭਾਵ, ਜੇ ਸੁੱਧ ਭਾਵਨਾ ਨਾਲ ਅਸੀਂ ਆਪਣੇ ਔਗੁਣ ਨਸ਼ਰ ਹੁੰਦੇ ਸੁਣੀਏ), ਰਿਦੈ ਸੁਧ = ਪਵਿੱਤਰ ਹਿਰਦਾ ਹੁੰਦਿਆਂ। ਜਉ = ਜੇ।

ਹਮਰੇ ਕਪਰੇ ਨਿੰਦਕੁ ਧੋਇ ॥੧॥

then the slanderer washes my clothes. ||1||

ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿਚ ਸਹਾਇਤਾ ਕਰਦਾ ਹੈ ॥੧॥ ਕਪਰੇ ਧੋਇ = ਕੱਪੜੇ ਧੋਂਦਾ ਹੈ, ਮਨ ਦੀ ਵਿਕਾਰਾਂ ਦੀ ਮੈਲ ਦੂਰ ਕਰਦਾ ਹੈ ॥੧॥

ਨਿੰਦਾ ਕਰੈ ਸੁ ਹਮਰਾ ਮੀਤੁ

One who slanders me is my friend;

(ਤਾਂ ਤੇ) ਜੋ ਮਨੁੱਖ ਸਾਨੂੰ ਭੰਡਦਾ ਹੈ, ਉਹ ਸਾਡਾ ਮਿੱਤਰ ਹੈ,

ਨਿੰਦਕ ਮਾਹਿ ਹਮਾਰਾ ਚੀਤੁ

the slanderer is in my thoughts.

ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿਚ ਰਹਿੰਦੀ ਹੈ (ਭਾਵ, ਅਸੀਂ ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ)। ਮਾਹਿ = ਵਿਚ।

ਨਿੰਦਕੁ ਸੋ ਜੋ ਨਿੰਦਾ ਹੋਰੈ

The slanderer is the one who prevents me from being slandered.

(ਅਸਲ ਵਿਚ) ਸਾਡਾ ਮੰਦਾ ਚਿਤਵਣ ਵਾਲਾ ਮਨੁੱਖ ਉਹ ਹੈ, ਜੋ ਸਾਡੇ ਐਬ ਨਸ਼ਰ ਹੋਣੋਂ ਰੋਕਦਾ ਹੈ। ਹੋਰੈ = ਰੋਕਦਾ ਹੈ।

ਹਮਰਾ ਜੀਵਨੁ ਨਿੰਦਕੁ ਲੋਰੈ ॥੨॥

The slanderer wishes me long life. ||2||

ਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ ॥੨॥ ਲੋਰੈ = ਚਾਹੁੰਦਾ ਹੈ। ਨਿੰਦਕੁ = ਮੰਦਾ ਚਿਤਵਣ ਵਾਲਾ ॥੨॥

ਨਿੰਦਾ ਹਮਰੀ ਪ੍ਰੇਮ ਪਿਆਰੁ

I have love and affection for the slanderer.

ਜਿਉਂ ਜਿਉਂ ਸਾਡੀ ਨਿੰਦਿਆ ਹੁੰਦੀ ਹੈ, ਤਿਉਂ ਤਿਉਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ,

ਨਿੰਦਾ ਹਮਰਾ ਕਰੈ ਉਧਾਰੁ

Slander is my salvation.

ਕਿਉਂਕਿ ਸਾਡੀ ਨਿੰਦਿਆ ਸਾਨੂੰ ਔਗੁਣਾਂ ਵਲੋਂ ਬਚਾਉਂਦੀ ਹੈ। ਉਧਾਰੁ = ਬਚਾਅ।

ਜਨ ਕਬੀਰ ਕਉ ਨਿੰਦਾ ਸਾਰੁ

Slander is the best thing for servant Kabeer.

ਸੋ, ਦਾਸ ਕਬੀਰ ਲਈ ਤਾਂ ਉਸ ਦੇ ਔਗੁਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ। ਸਾਰੁ = ਸ੍ਰੇਸ਼ਟ ਧਨ।

ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥

The slanderer is drowned, while I am carried across. ||3||20||71||

ਪਰ (ਵਿਚਾਰਾ) ਨਿੰਦਕ (ਸਦਾ ਦੂਜਿਆਂ ਦੇ ਔਗੁਣਾਂ ਦੀਆਂ ਗੱਲਾਂ ਕਰ ਕਰ ਕੇ ਆਪ ਉਹਨਾਂ ਔਗੁਣਾਂ ਵਿਚ) ਡੁੱਬ ਜਾਂਦਾ ਹੈ, ਤੇ ਅਸੀਂ (ਆਪਣੇ ਔਗੁਣਾਂ ਦੀ ਚੇਤਾਵਨੀ ਨਾਲ ਉਹਨਾਂ ਤੋਂ) ਬਚ ਨਿਕਲਦੇ ਹਾਂ ॥੩॥੨੦॥੭੧॥