ਮੈਣ ਕੇ ਦੰਤ ਕਿਉ ਖਾਈਐ ਸਾਰੁ ॥
"With teeth of wax, how can one chew iron?
(ਪ੍ਰਸ਼ਨ:) ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾਏ? ਮੈਣ = ਮੋਮ (ਨੋਟ: ਲਫ਼ਜ਼ 'ਮੈਣ' ਸੰਸਕ੍ਰਿਤ ਦੇ ਲਫ਼ਜ਼ 'ਮਦਨ' ਦਾ ਪ੍ਰਾਕ੍ਰਿਤ-ਰੂਪ ਹੈ; 'ਮਦਨ' ਦਾ ਅਰਥ ਹੈ 'ਮੋਮ'। 'ਮਦਨ' ਮਅਣ, ਮੈਣ}। ਸਾਰੁ = ਲੋਹਾ।
ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥
What is that food, which takes away pride?
ਉਹ ਕੇਹੜਾ ਖਾਣਾ ਹੈ ਜਿਸ ਨਾਲ (ਮਨ ਦਾ) ਅਹੰਕਾਰ ਦੂਰ ਹੋ ਜਾਏ? ਜਿਤੁ = ਜਿਸ ਦੀ ਰਾਹੀਂ। ਗਰਬੁ = ਅਹੰਕਾਰ। ਅਹਾਰੁ = ਖਾਣਾ।
ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ ॥
How can one live in the palace, the home of snow, wearing robes of fire?
ਜੇ ਬਰਫ਼ ਦਾ ਮੰਦਰ ਹੋਵੇ, ਉਸ ਉਤੇ ਅੱਗ ਦਾ ਚੋਲਾ ਹੋਵੇ, ਹਿਵ = ਬਰਫ਼। ਪਿਰਾਹਨੁ = ਪੈਰਾਹਨ, ਚੋਲਾ।
ਕਵਨ ਗੁਫਾ ਜਿਤੁ ਰਹੈ ਅਵਾਹਨੁ ॥
Where is that cave, within which one may remain unshaken?
ਤਾਂ ਉਸ ਨੂੰ ਕਿਸ ਗੁਫ਼ਾ ਵਿਚ ਰੱਖੀਏ ਕਿ ਟਿਕਿਆ ਰਹੇ? ਜਿਤੁ ਗੁਫਾ = ਜਿਸ ਗੁਫਾ ਵਿਚ। ਅਵਾਹਨੁ = ਅਡੋਲ, ਅਹਿੱਲ।
ਇਤ ਉਤ ਕਿਸ ਕਉ ਜਾਣਿ ਸਮਾਵੈ ॥
Who should we know to be pervading here and there?
ਇਥੇ ਉਥੇ (ਹਰ ਥਾਂ) ਕਿਸ ਨੂੰ ਪਛਾਣ ਕੇ (ਉਸ ਵਿਚ ਇਹ ਮਨ) ਲੀਨ ਰਹੇ? ਇਤ ਉਤ = ਇਥੇ ਓਥੇ, ਲੋਕ ਪਰਲੋਕ ਵਿਚ, ਹਰ ਥਾਂ।
ਕਵਨ ਧਿਆਨੁ ਮਨੁ ਮਨਹਿ ਸਮਾਵੈ ॥੪੫॥
What is that meditation, which leads the mind to be absorbed in itself?" ||45||
ਉਹ ਕੇਹੜਾ ਟਿਕਵਾਂ ਬੱਝਵਾਂ ਖ਼ਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ (ਤੇ ਬਾਹਰ ਨਾਹ ਭਟਕੇ)? ॥੪੫॥ ਮਨਹਿ = ਮਨ ਵਿਚ ਹੀ। ਧਿਆਨੁ = ਸੁਰਤ ਦਾ ਨਿਸ਼ਾਨਾ, ਮਨ ਨੂੰ ਇਕ ਟਿਕਾਣੇ ਰੱਖਣ ਲਈ ਟਿਕਵਾਂ ਬੱਝਵਾਂ ਖ਼ਿਆਲ ॥੪੫॥
ਹਉ ਹਉ ਮੈ ਮੈ ਵਿਚਹੁ ਖੋਵੈ ॥
Eradicating egotism and individualism from within,
(ਉੱਤਰ:) (ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ) ਮਨ ਵਿਚੋਂ ਖ਼ੁਦ-ਗ਼ਰਜ਼ੀ ਦੂਰ ਕਰਦਾ ਹੈ,
ਦੂਜਾ ਮੇਟੈ ਏਕੋ ਹੋਵੈ ॥
and erasing duality, the mortal becomes one with God.
ਵਿਤਕਰਾ ਮਿਟਾ ਦੇਂਦਾ ਹੈ, (ਸਭ ਨਾਲ) ਸਾਂਝ ਬਣਾਂਦਾ ਹੈ। ਦੂਜਾ = ਦੂਜਾਇਗੀ ਦਾ ਖ਼ਿਆਲ, ਮੇਰ-ਤੇਰ, ਵਿਤਕਰਾ।
ਜਗੁ ਕਰੜਾ ਮਨਮੁਖੁ ਗਾਵਾਰੁ ॥
The world is difficult for the foolish, self-willed manmukh;
(ਪਰ) ਜੋ ਮੂਰਖ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹਦੇ ਲਈ ਜਗਤ ਕਰੜਾ ਹੈ (ਭਾਵ, ਜੀਵਨ ਦੁੱਖਾਂ ਦੀ ਖਾਣ ਹੈ)।
ਸਬਦੁ ਕਮਾਈਐ ਖਾਈਐ ਸਾਰੁ ॥
practicing the Shabad, one chews iron.
ਇਹ (ਜਗਤ ਦਾ ਦੁਖਦਾਈ-ਪਣ ਰੂਪ) ਲੋਹਾ ਤਦੋਂ ਹੀ ਖਾਧਾ ਜਾ ਸਕਦਾ ਹੈ ਜੇ ਸਤਿਗੁਰੂ ਦਾ ਸ਼ਬਦ ਕਮਾਈਏ (ਭਾਵ, ਗੁਰੂ ਦੇ ਹੁਕਮ ਵਿਚ ਤੁਰੀਏ)। (ਬੱਸ! ਇਹ ਹੈ ਮੋਮ ਦੇ ਦੰਦਾਂ ਨਾਲ ਲੋਹੇ ਨੂੰ ਚੱਬਣਾ)। ਸਾਰੁ = ਲੋਹਾ।
ਅੰਤਰਿ ਬਾਹਰਿ ਏਕੋ ਜਾਣੈ ॥
Know the One Lord, inside and out.
ਜੋ ਮਨੁੱਖ (ਆਪਣੇ) ਅੰਦਰ ਤੇ ਬਾਹਰ (ਸਾਰੇ ਜਗਤ ਵਿਚ) ਇਕ ਪ੍ਰਭੂ ਨੂੰ (ਮੌਜੂਦ) ਸਮਝਦਾ ਹੈ,
ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ ॥੪੬॥
O Nanak, the fire is quenched, through the Pleasure of the True Guru's Will. ||46||
ਹੇ ਨਾਨਕ! ਉਸ ਦੀ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਦੀ ਰਜ਼ਾ ਵਿਚ ਤੁਰਿਆਂ ਮਿਟ ਜਾਂਦੀ ਹੈ ॥੪੬॥ ਅਗਨਿ = ਤ੍ਰਿਸ਼ਨਾ-ਅੱਗ। ਹਉ ਹਉ, ਮੈ ਮੈ = ਹਰ ਵੇਲੇ 'ਮੈਂ' ਦਾ ਖ਼ਿਆਲ; ਮੈਂ ਵੱਡਾ ਹੋ ਜਾਵਾਂ, 'ਮੈਂ ਅਮੀਰ ਹੋ ਜਾਵਾਂ' ਹਰ ਵੇਲੇ ਇਹ ਖ਼ਿਆਲ; ਖ਼ੁਦ-ਗ਼ਰਜ਼ੀ ॥੪੬॥