ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਆਤਮ ਰਾਮੁ ਸਰਬ ਮਹਿ ਪੇਖੁ ॥
See the Lord, the Universal Soul, in all.
(ਹੇ ਭਾਈ!) ਸਰਬ-ਵਿਆਪਕ ਪਰਮਾਤਮਾ ਨੂੰ ਸਭ ਜੀਵਾਂ ਵਿਚ (ਵੱਸਦਾ) ਵੇਖ। ਆਤਮਰਾਮੁ = ਸਰਬ-ਵਿਆਪਕ ਆਤਮਾ। ਰਾਮੁ = ਸਭ ਵਿਚ ਰਮਿਆ ਹੋਇਆ। ਸਰਬ ਮਹਿ = ਸਭਨਾਂ ਵਿਚ। ਪੇਖੁ = ਵੇਖ।
ਪੂਰਨ ਪੂਰਿ ਰਹਿਆ ਪ੍ਰਭ ਏਕੁ ॥
The One God is perfect, and all-pervading.
ਇਕ ਪਰਮਾਤਮਾ ਹੀ ਪੂਰਨ ਤੌਰ ਤੇ ਸਭ ਵਿਚ ਮੌਜੂਦ ਹੈ। ਪੂਰਨ = ਪੂਰੇ ਤੌਰ ਤੇ। ਪੂਰਿ ਰਹਿਆ = ਵਿਆਪਕ ਹੈ।
ਰਤਨੁ ਅਮੋਲੁ ਰਿਦੇ ਮਹਿ ਜਾਨੁ ॥
Know that the priceless jewel is within your own heart.
ਹੇ ਭਾਈ! ਹਰਿ-ਨਾਮ ਇਕ ਐਸਾ ਰਤਨ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹ ਰਤਨ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨਾਲ ਸਾਂਝ ਪਾ। ਅਮੋਲੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ।
ਅਪਨੀ ਵਸਤੁ ਤੂ ਆਪਿ ਪਛਾਨੁ ॥੧॥
Realize that your essence is within your own self. ||1||
(ਦੁਨੀਆ ਦੇ ਸਾਰੇ ਪਦਾਰਥ ਬਿਗਾਨੇ ਹੋ ਜਾਂਦੇ ਹਨ, ਇਹ ਹਰਿ-ਨਾਮ ਹੀ) ਤੇਰੀ ਆਪਣੀ ਚੀਜ਼ ਹੈ, ਤੂੰ ਆਪ ਇਸ ਚੀਜ਼ ਨੂੰ ਪਛਾਣ ॥੧॥
ਪੀ ਅੰਮ੍ਰਿਤੁ ਸੰਤਨ ਪਰਸਾਦਿ ॥
Drink in the Ambrosial Nectar, by the Grace of the Saints.
(ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹੁ, ਤੇ) ਸੰਤ-ਜਨਾਂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਆ ਕਰ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪਰਸਾਦਿ = ਕਿਰਪਾ ਨਾਲ।
ਵਡੇ ਭਾਗ ਹੋਵਹਿ ਤਉ ਪਾਈਐ ਬਿਨੁ ਜਿਹਵਾ ਕਿਆ ਜਾਣੈ ਸੁਆਦੁ ॥੧॥ ਰਹਾਉ ॥
One who is blessed with high destiny, obtains it. Without a tongue, how can one know the taste? ||1||Pause||
ਪਰ ਇਹ ਅੰਮ੍ਰਿਤ ਤਦੋਂ ਹੀ ਮਿਲਦਾ ਹੈ ਜੇ (ਮਨੁੱਖ ਦੇ) ਵੱਡੇ ਭਾਗ ਹੋਣ। ਇਸ ਨਾਮ ਨੂੰ ਜੀਭ ਨਾਲ ਜਪਣ ਤੋਂ ਬਿਨਾ ਕੋਈ (ਇਸ ਨਾਮ-ਅੰਮ੍ਰਿਤ ਦਾ) ਕੀਹ ਸੁਆਦ ਜਾਣ ਸਕਦਾ ਹੈ? ॥੧॥ ਰਹਾਉ ॥ ਹੋਵਹਿ = (ਜੇ) ਹੋਣ। ਤਉ = ਤਾਂ, ਤਦੋਂ। ਪਾਈਐ = ਪ੍ਰਾਪਤ ਕਰੀਦਾ ਹੈ। ਬਿਨੁ ਜਿਹਵਾ = ਜੀਭ (ਨਾਮ ਜਪਣ) ਤੋਂ ਬਿਨਾ। ਕਿਆ = ਕੀਹ? ॥੧॥ ਰਹਾਉ ॥
ਅਠ ਦਸ ਬੇਦ ਸੁਨੇ ਕਹ ਡੋਰਾ ॥
How can a deaf person listen to the eighteen Puraanas and the Vedas?
(ਪਰ ਹੇ ਭਾਈ!) ਬੋਲਾ ਮਨੁੱਖ ਅਠਾਰਾਂ ਪੁਰਾਣ ਤੇ ਚਾਰ ਵੇਦ ਕਿਵੇਂ ਸੁਣ ਸਕਦਾ ਹੈ? ਅਠ ਦਸ = ਅੱਠ ਤੇ ਦਸ, ਅਠਾਰਾਂ (ਪੁਰਾਣ)। ਬੇਦ = ਚਾਰ ਵੇਦ। ਸੁਨੇ ਕਹ = ਕਿੱਥੇ ਸੁਣ ਸਕਦਾ ਹੈ?
ਕੋਟਿ ਪ੍ਰਗਾਸ ਨ ਦਿਸੈ ਅੰਧੇਰਾ ॥
The blind man cannot see even a million lights.
ਅੰਨ੍ਹੇ ਮਨੁੱਖ ਨੂੰ ਕ੍ਰੋੜਾਂ ਸੂਰਜਾਂ ਦਾ ਭੀ ਚਾਨਣ ਨਹੀਂ ਦਿੱਸਦਾ। ਕੋਟਿ = ਕ੍ਰੋੜਾਂ (ਸੂਰਜ)। ਅੰਧੇਰਾ = (ਜਿਸ ਦੀਆਂ ਅੱਖਾਂ ਅੱਗੇ) ਹਨੇਰਾ ਹੈ, ਅੰਨ੍ਹਾ।
ਪਸੂ ਪਰੀਤਿ ਘਾਸ ਸੰਗਿ ਰਚੈ ॥
The beast loves grass, and remains attached to it.
ਪਸ਼ੂ ਦਾ ਪਿਆਰ ਘਾਹ ਨਾਲ ਹੀ ਹੁੰਦਾ ਹੈ, ਪਸ਼ੂ ਘਾਹ ਨਾਲ ਹੀ ਖ਼ੁਸ਼ ਰਹਿੰਦਾ ਹੈ। ਸੰਗਿ = ਨਾਲ। ਰਚੈ = ਮਸਤ ਰਹਿੰਦਾ ਹੈ।
ਜਿਸੁ ਨਹੀ ਬੁਝਾਵੈ ਸੋ ਕਿਤੁ ਬਿਧਿ ਬੁਝੈ ॥੨॥
One who has not been taught - how can he understand? ||2||
(ਜੀਵ ਮਾਇਆ ਦੇ ਮੋਹ ਵਿਚ ਪੈ ਕੇ ਬੋਲਾ ਅੰਨ੍ਹਾ ਹੋਇਆ ਰਹਿੰਦਾ ਹੈ, ਪਸ਼ੂ ਸਮਾਨ ਹੋ ਜਾਂਦਾ ਹੈ, ਇਸ ਨੂੰ ਆਪਣੇ ਆਪ ਹਰਿ-ਨਾਮ ਅੰਮ੍ਰਿਤ ਦੀ ਸੂਝ ਨਹੀਂ ਪੈ ਸਕਦੀ, ਤੇ) ਜਿਸ ਮਨੁੱਖ ਨੂੰ ਪਰਮਾਤਮਾ ਆਪ ਸਮਝ ਨਾਹ ਬਖ਼ਸ਼ੇ, ਉਹ ਕਿਸੇ ਤਰ੍ਹਾਂ ਭੀ ਸਮਝ ਨਹੀਂ ਸਕਦਾ ॥੨॥ ਬੁਝਾਵੈ = ਸਮਝ ਦੇਂਦਾ। ਕਿਤੁ ਬਿਧਿ = ਕਿਸ ਤਰੀਕੇ ਨਾਲ? ਬੁਝੈ = ਸਮਝ ਸਕੇ ॥੨॥
ਜਾਨਣਹਾਰੁ ਰਹਿਆ ਪ੍ਰਭੁ ਜਾਨਿ ॥
God, the Knower, knows all.
ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਸਦਾ ਹਰੇਕ ਦੇ ਦਿਲ ਦੀ ਜਾਣਦਾ ਹੈ। ਜਾਨਣਹਾਰੁ = ਜਾਣ ਸਕਣ ਵਾਲਾ। ਜਾਨਿ ਰਹਿਆ = ਹਰ ਵੇਲੇ ਜਾਣਦਾ ਹੈ।
ਓਤਿ ਪੋਤਿ ਭਗਤਨ ਸੰਗਾਨਿ ॥
He is with His devotees, through and through.
ਉਹ ਆਪਣੇ ਭਗਤਾਂ ਨਾਲ ਇਉਂ ਮਿਲਿਆ ਰਹਿੰਦਾ ਹੈ ਜਿਵੇਂ ਤਾਣਾ ਪੇਟਾ। ਓਤ = ਉਣਿਆ ਹੋਇਆ। ਪ੍ਰੋਤ = ਪ੍ਰੋਤਾ ਹੋਇਆ। ਓਤਿ ਪੋਤਿ = ਜਿਵੇਂ ਉਣਿਆ ਹੋਇਆ ਪ੍ਰੋਤਾ ਹੋਇਆ ਹੋਵੇ, ਤਾਣੇ ਪੇਟੇ ਵਾਂਗ। ਸੰਗਾਨਿ = ਸੰਗਿ, ਨਾਲ।
ਬਿਗਸਿ ਬਿਗਸਿ ਅਪੁਨਾ ਪ੍ਰਭੁ ਗਾਵਹਿ ॥
Those who sing God's Praises with joy and delight,
ਜਿਹੜੇ ਮਨੁੱਖ ਖ਼ੁਸ਼ ਹੋ ਹੋ ਕੇ ਆਪਣੇ ਪ੍ਰਭੂ (ਦੇ ਗੁਣਾਂ) ਨੂੰ ਗਾਂਦੇ ਰਹਿੰਦੇ ਹਨ, ਬਿਗਸਿ = ਖਿੜ ਕੇ, ਖ਼ੁਸ਼ ਹੋ ਕੇ। ਗਾਵਹਿ = ਜੋ ਬੰਦੇ ਗਾਂਦੇ ਹਨ।
ਨਾਨਕ ਤਿਨ ਜਮ ਨੇੜਿ ਨ ਆਵਹਿ ॥੩॥੧੯॥੩੦॥
O Nanak - the Messenger of Death does not even approach them. ||3||19||30||
ਹੇ ਨਾਨਕ! ਜਮ-ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ ॥੩॥੧੯॥੩੦॥ ਤਿਨ ਨੇੜਿ = ਉਹਨਾਂ ਦੇ ਨੇੜੇ। ਜਮ = ਧਰਮਰਾਜ ਦੇ ਦੂਤ {ਬਹੁ-ਵਚਨ} ॥੩॥੧੯॥੩੦॥