ਮਹਲਾ ੨ ॥
Second Mehl:
ਦੂਜੀ ਪਾਤਿਸ਼ਾਹੀ।
ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥
Why praise the created being? Praise the One who created all.
ਪੈਦਾ ਕੀਤੇ ਹੋਏ ਜੀਵ ਦੀ ਵਡਿਆਈ ਕਰਨ ਦਾ ਕੀਹ ਲਾਭ? ਉਸ (ਪ੍ਰਭੂ) ਦੀ ਸਿਫ਼ਤ-ਸਾਲਾਹ ਕਰੋ ਜੋ (ਸਭ ਨੂੰ ਪੈਦਾ) ਕਰਦਾ ਹੈ; ਕੀਤਾ = ਪੈਦਾ ਕੀਤਾ ਹੋਇਆ ਜੀਵ। ਕਰੇ = ਜੋ ਪੈਦਾ ਕਰਦਾ ਹੈ। ਸੋਇ = ਉਸੇ ਨੂੰ।
ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥
O Nanak, there is no other Giver, except the One Lord.
(ਕਿਉਂਕਿ) ਹੇ ਨਾਨਕ! ਉਸ ਇਕ ਪ੍ਰਭੂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ। ਏਕੀ ਬਾਹਰਾ = ਇਕ ਪ੍ਰਭੂ ਤੋਂ ਬਿਨਾ।
ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥
Praise the Creator Lord, who created the creation.
ਜਿਸ ਕਰਤਾਰ ਨੇ ਇਹ ਸਾਰਾ ਜਗਤ ਬਣਾਇਆ ਹੈ ਉਸ ਦੀ ਵਡਿਆਈ ਕਰੋ, ਜਿਨਿ = ਜਿਸ (ਕਰਤਾਰ) ਨੇ। ਆਕਾਰੁ = ਇਹ ਦਿੱਸਦਾ ਜਗਤ।
ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥
Praise the Great Giver, who gives sustenence to all.
ਉਸ ਇਕ ਦਾਤਾਰ ਦੇ ਗੁਣ ਗਾਓ ਜੋ ਹਰੇਕ ਜੀਵ ਨੂੰ ਆਸਰਾ ਦੇਂਦਾ ਹੈ। ਜਿ = ਜਿਹੜਾ। ਸਭਸੈ = ਸਭਨਾਂ ਨੂੰ। ਆਧਾਰੁ = ਆਸਰਾ।
ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥
O Nanak, the treasure of the Eternal Lord is over-flowing.
ਹੇ ਨਾਨਕ! ਉਹ ਪ੍ਰਭੂ ਆਪ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸਦਾ ਖ਼ਜ਼ਾਨਾ ਭੀ ਸਦਾ ਭਰਿਆ ਰਹਿੰਦਾ ਹੈ। ਸਦੀਵ = ਸਦਾ ਹੀ (ਕਾਇਮ ਰਹਿਣ ਵਾਲਾ)। ਜਿਸੁ ਭੰਡਾਰੁ = ਜਿਸ ਦਾ ਖ਼ਜ਼ਾਨਾ।
ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ ॥੨॥
Praise and honor the One, who has no end or limitation. ||2||
ਉਸ ਨੂੰ ਵੱਡਾ ਆਖੋ, ਉਸ ਦੀ ਵਡਿਆਈ ਕਰੋ, ਉਸ (ਦੀ ਵਡਿਆਈ) ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥ ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ (ਪਾਰ-ਅਵਾਰ) ॥੨॥