ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਹਲਾ ੪ ਰਾਗੁ ਆਸਾ ਘਰੁ ੬ ਕੇ ੩ ॥
Fourth Mehl, Raag Aasaa, 3 Of Sixth House :
ਰਾਗ ਆਸਾ, ਘਰ ੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਘਰੁ ੬ ਕੇ ੩ = ਘਰ ਛੇਵੇਂ ਦੇ ਤਿੰਨ ਸ਼ਬਦ (ਨੰ: ੯, ੧੦ ਅਤੇ ੧੧)।
ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ ॥
You may pluck the strings with your hand, O Yogi, but your playing of the harp is in vain.
ਜੋਗੀ (ਕਿੰਗੁਰੀ) ਹੱਥ ਵਿਚ ਫੜ ਕੇ ਤਾਰ ਵਜਾਂਦਾ ਹੈ, ਪਰ ਉਸ ਦੀ ਕਿੰਗੁਰੀ ਬੇਅਸਰ ਹੀ ਵੱਜਦੀ ਹੈ (ਕਿਉਂਕਿ ਮਨ ਹਰਿ-ਨਾਮ ਤੋਂ ਸੁੰਞਾ ਟਿਕਿਆ ਰਹਿੰਦਾ ਹੈ)। ਹਥਿ = ਹੱਥ ਵਿਚ। ਕਰਿ = ਕਰ ਕੇ, (ਕਿੰਗੁਰੀ) ਫੜ ਕੇ। ਤੰਤੁ = ਤਾਰ। ਥੋਥਰ = ਖ਼ਾਲੀ, ਵਿਅਰਥ, ਬੇ-ਅਸਰ। ਬੇਨ = ਬੀਣਾ, ਕਿੰਗੁਰੀ।
ਗੁਰਮਤਿ ਹਰਿ ਗੁਣ ਬੋਲਹੁ ਜੋਗੀ ਇਹੁ ਮਨੂਆ ਹਰਿ ਰੰਗਿ ਭੇਨ ॥੧॥
Under Guru's Instruction, chant the Glorious Praises of the Lord, O Yogi, and this mind of yours shall be imbued with the Lord's Love. ||1||
ਹੇ ਜੋਗੀ! ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਰਿਹਾ ਕਰ (ਇਸ ਤਰ੍ਹਾਂ) ਇਹ (ਅਮੋੜ) ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜਿਆ ਰਹਿੰਦਾ ਹੈ ॥੧॥ ਜੋਗੀ = ਹੇ ਜੋਗੀ! ਰੰਗਿ = ਰੰਗ ਵਿਚ। ਭੇਨ = ਭਿੱਜ ਜਾਏ ॥੧॥
ਜੋਗੀ ਹਰਿ ਦੇਹੁ ਮਤੀ ਉਪਦੇਸੁ ॥
O Yogi, give your intellect the Teachings of the Lord.
ਹੇ ਜੋਗੀ! ਤੁਸੀ (ਆਪਣੇ ਮਨ ਨੂੰ) ਹਰਿ-ਨਾਮ ਸਿਮਰਨ ਦੀ ਅਕਲ ਸਿੱਖਿਆ ਦਿਆ ਕਰੋ। ਮਤੀ = ਮਤਿ, ਅਕਲ।
ਜੁਗੁ ਜੁਗੁ ਹਰਿ ਹਰਿ ਏਕੋ ਵਰਤੈ ਤਿਸੁ ਆਗੈ ਹਮ ਆਦੇਸੁ ॥੧॥ ਰਹਾਉ ॥
The Lord, the One Lord, is pervading throughout all the ages; I humbly bow down to Him. ||1||Pause||
ਉਹ ਪਰਮਾਤਮਾ ਹਰੇਕ ਜੁਗ ਵਿਚ ਆਪ ਹੀ ਆਪ ਸਭ ਕੁਝ ਕਰਦਾ ਰਹਿੰਦਾ ਹੈ। ਮੈਂ ਤਾਂ ਉਸ ਪਰਮਾਤਮਾ ਅੱਗੇ ਹੀ ਸਦਾ ਸਿਰ ਨਿਵਾਂਦਾ ਹਾਂ ॥੧॥ ਰਹਾਉ ॥ ਏਕੋ = ਇੱਕ ਹੀ, ਆਪ ਹੀ। ਵਰਤੈ = ਮੌਜੂਦ ਰਹਿੰਦਾ ਹੈ। ਹਮ = ਸਾਡੀ। ਆਦੇਸੁ = ਨਮਸਕਾਰ ॥੧॥ ਰਹਾਉ ॥
ਗਾਵਹਿ ਰਾਗ ਭਾਤਿ ਬਹੁ ਬੋਲਹਿ ਇਹੁ ਮਨੂਆ ਖੇਲੈ ਖੇਲ ॥
You sing in so many Ragas and harmonies, and you talk so much, but this mind of yours is only playing a game.
ਜੋਗੀ ਲੋਕ ਰਾਗ ਗਾਂਦੇ ਹਨ, ਹੋਰ ਭੀ ਕਈ ਕਿਸਮ ਦੇ ਬੋਲ ਬੋਲਦੇ ਹਨ, ਪਰ ਉਹਨਾਂ ਦਾ ਇਹ ਅਮੋੜ ਮਨ ਹੋਰ ਖੇਡਾਂ ਹੀ ਖੇਡਦਾ ਰਹਿੰਦਾ ਹੈ। ਗਾਵਹਿ = ਗਾਂਦੇ ਹਨ। ਭਾਤਿ ਬਹੁ = ਕਈ ਤਰੀਕਿਆਂ ਨਾਲ। ਖੇਲ = ਖੇਡਾਂ।
ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ ॥੨॥
You work the well and irrigate the fields, but the oxen have already left to graze in the jungle. ||2||
(ਕਿੰਗੁਰੀ ਆਦਿਕ ਦਾ ਮਨ ਤੇ ਅਸਰ ਨਹੀਂ ਪੈਂਦਾ, ਉਹਨਾਂ ਦੀ ਹਾਲਤ ਇਉਂ ਹੀ ਹੁੰਦੀ ਹੈ, ਜਿਵੇਂ ਕਿਸਾਨ) ਪੈਲੀ ਸਿੰਜਣ ਵਾਸਤੇ ਖੂਹ ਜੋਂਦੇ ਹਨ, ਪਰ ਉਹਨਾਂ ਦੇ (ਆਪਣੇ) ਬੈਲ (ਹੀ) ਉੱਠ ਕੇ ਵੇਲਾਂ ਆਦਿਕ ਖਾ ਜਾਂਦੇ ਹਨ ॥੨॥ ਜੋਵਹਿ = ਜੋਂਦੇ ਹਨ। ਕੂਪ = ਖੂਹ। ਸਿੰਚਨ ਕਉ = ਸਿੰਜਣ ਵਾਸਤੇ। ਬਸੁਧਾ = ਧਰਤੀ। ਉਠਿ = ਉੱਠ ਕੇ ॥੨॥
ਕਾਇਆ ਨਗਰ ਮਹਿ ਕਰਮ ਹਰਿ ਬੋਵਹੁ ਹਰਿ ਜਾਮੈ ਹਰਿਆ ਖੇਤੁ ॥
In the field of the body, plant the Lord's Name, and the Lord will sprout there, like a lush green field.
(ਹੇ ਜੋਗੀ!) ਇਸ ਸਰੀਰ-ਨਗਰ ਵਿਚ ਹਰਿ-ਨਾਮ ਸਿਮਰਨ ਦੇ ਕਰਮ ਬੀਜੋ; (ਜੇਹੜਾ ਮਨੁੱਖ ਆਪਣੇ ਹਿਰਦੇ-ਖੇਤ ਵਿਚ ਹਰਿ-ਨਾਮ ਬੀਜ ਬੀਜਦਾ ਹੈ, ਉਸ ਦੇ ਅੰਦਰ) ਹਰਿ-ਨਾਮ ਦਾ ਸੋਹਣਾ ਹਰਾ ਖੇਤ ਉੱਗ ਪੈਂਦਾ ਹੈ। ਕਾਇਆ = ਸਰੀਰ। ਕਰਮ ਹਰਿ = ਹਰਿ-ਨਾਮ-ਸਿਮਰਨ ਦੇ ਕੰਮ। ਬੋਵਹੁ = ਬੀਜੋ। ਜਾਮੈ = ਜੰਮਦਾ ਹੈ, ਉੱਗਦਾ ਹੈ।
ਮਨੂਆ ਅਸਥਿਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ ॥੩॥
O mortal, hook up your unstable mind like an ox, and irrigate your fields with the Lord's Name, through the Guru's Teachings. ||3||
(ਹੇ ਜੋਗੀ! ਸਿਮਰਨ ਦੀ ਬਰਕਤਿ ਨਾਲ) ਇਸ ਮਨ ਨੂੰ ਡੋਲਣ ਤੋਂ ਰੋਕੋ, ਇਸ ਟਿਕੇ ਹੋਏ ਮਨ-ਬੈਲ ਨੂੰ ਜੋਵੋ, ਜਿਸ ਨਾਲ ਗੁਰੂ ਦੀ ਮਤਿ ਦੀ ਰਾਹੀਂ (ਆਪਣੇ ਅੰਦਰ) ਹਰਿ-ਨਾਮ ਜਲ ਸਿੰਜੋ ॥੩॥ ਅਸਥਿਰੁ = ਅਡੋਲ, ਟਿਕਿਆ ਹੋਇਆ। ਜੇਤੁ = ਜਿਤੁ, ਜਿਸ ਮਨ-ਬੈਲ ਦੀ ਰਾਹੀਂ ॥੩॥
ਜੋਗੀ ਜੰਗਮ ਸ੍ਰਿਸਟਿ ਸਭ ਤੁਮਰੀ ਜੋ ਦੇਹੁ ਮਤੀ ਤਿਤੁ ਚੇਲ ॥
The Yogis, the wandering Jangams, and all the world is Yours, O Lord. According to the wisdom which You give them, so do they follow their ways.
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋਗੀ, ਜੰਗਮ ਆਦਿਕ ਇਹ ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਆਪ ਜੇਹੜੀ ਮਤਿ ਇਸ ਸ੍ਰਿਸ਼ਟੀ ਨੂੰ ਦੇਂਦਾ ਹੈਂ ਉਧਰ ਹੀ ਇਹ ਤੁਰਦੀ ਹੈ। ਜੰਗਮ = ਜੋਗੀਆਂ ਦਾ ਇਕ ਫ਼ਿਰਕਾ। ਇਹ ਕੰਨਾਂ ਵਿਚ ਪਿੱਤਲ ਦੇ ਫੁੱਲ ਪਾਂਦੇ ਹਨ। ਸਿਰ ਉਤੇ ਮੋਰ ਦੇ ਖੰਭ ਟੁੰਗਦੇ ਹਨ ਤੇ ਸੱਪ ਦੀ ਸ਼ਕਲ ਦੀ ਕਾਲੀ ਰੱਸੀ ਲਪੇਟ ਰੱਖਦੇ ਹਨ। ਤਿਤੁ = ਉਸ ਪਾਸੇ। ਚੇਲ = ਚੱਲਦੀ ਹੈ।
ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰਿ ਲਾਵਹੁ ਮਨੂਆ ਪੇਲ ॥੪॥੯॥੬੧॥
O Lord God of servant Nanak, O Inner-knower, Searcher of hearts, please link my mind to You. ||4||9||61||
ਦਾਸ ਨਾਨਕ ਦੇ ਹੇ ਅੰਤਰਜਾਮੀ ਪ੍ਰਭੂ! ਸਾਡੇ ਮਨ ਨੂੰ ਪ੍ਰੇਰ ਕੇ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ॥੪॥੯॥੬੧॥ ਪੇਲ = ਪੇਲਿ, ਪ੍ਰੇਰ ਕੇ ॥੪॥੯॥੬੧॥