ਸਾਰਗ ਮਹਲਾ ੩ ॥
Saarang, Third Mehl:
ਸਾਰੰਗ ਤੀਜੀ ਪਾਤਿਸ਼ਾਹੀ।
ਮਨ ਮੇਰੇ ਹਰਿ ਕਾ ਨਾਮੁ ਅਤਿ ਮੀਠਾ ॥
O my mind, the Name of the Lord is supremely sweet.
ਹੇ ਮੇਰੇ ਮਨ! (ਜਿਸ ਮਨੁੱਖ ਨੂੰ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ, ਮਨ = ਹੇ ਮਨ! ਅਤਿ = ਬਹੁਤ।
ਜਨਮ ਜਨਮ ਕੇ ਕਿਲਵਿਖ ਭਉ ਭੰਜਨ ਗੁਰਮੁਖਿ ਏਕੋ ਡੀਠਾ ॥੧॥ ਰਹਾਉ ॥
It is the Destroyer of the sins, the guilt and fears of countless incarnations; the Gurmukh sees the One Lord. ||1||Pause||
ਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਅਤੇ ਡਰ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ (ਹਰ ਥਾਂ) ਵੇਖਦਾ ਹੈ ॥੧॥ ਰਹਾਉ ॥ ਕਿਲਵਿਖ = ਪਾਪ। ਭਉ = ਡਰ। ਕਿਲਵਿਖ ਭੰਜਨ = ਪਾਪਾਂ ਦਾ ਨਾਸ ਕਰਨ ਵਾਲਾ। ਭਉ ਭੰਜਨ = ਡਰ ਦੂਰ ਕਰਨ ਵਾਲਾ ਪ੍ਰਭੂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ ਰਹਾਉ ॥
ਕੋਟਿ ਕੋਟੰਤਰ ਕੇ ਪਾਪ ਬਿਨਾਸਨ ਹਰਿ ਸਾਚਾ ਮਨਿ ਭਾਇਆ ॥
Millions upon millions of sins are erased, when the mind comes to love the True Lord.
ਉਸ ਨੂੰ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਕਰਨ ਵਾਲਾ ਸਦਾ-ਥਿਰ ਪ੍ਰਭੂ ਹੀ (ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ। ਕੋਟਿ = ਕਿਲ੍ਹੇ। ਕੋਟਿ = ਕ੍ਰੋੜਾਂ। ਕੋਟਿ ਕੋਟੰਤਰੁ ਕੇ = ਕ੍ਰੋੜਾਂ ਸਰੀਰ-ਕਿਲ੍ਹਿਆਂ ਦੇ, ਕ੍ਰੋੜਾਂ ਜਨਮਾਂ ਦੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਨਿ = ਮਨ ਵਿਚ।
ਹਰਿ ਬਿਨੁ ਅਵਰੁ ਨ ਸੂਝੈ ਦੂਜਾ ਸਤਿਗੁਰਿ ਏਕੁ ਬੁਝਾਇਆ ॥੧॥
I do not know any other, except the Lord; the True Guru has revealed the One Lord to me. ||1||
(ਜਿਸ ਮਨੁੱਖ ਨੂੰ) ਸਤਿਗੁਰੂ ਨੇ ਇਕ ਪਰਮਾਤਮਾ ਦੀ ਸਮਝ ਬਖ਼ਸ਼ ਦਿੱਤੀ, ਉਸ ਨੂੰ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ (ਕਿਤੇ ਵੱਸਦਾ) ਨਹੀਂ ਸੁੱਝਦਾ ॥੧॥ ਸਤਿਗੁਰਿ = ਗੁਰੂ ਨੇ। ਬੁਝਾਇਆ = ਸਮਝ ਬਖ਼ਸ਼ੀ ॥੧॥
ਪ੍ਰੇਮ ਪਦਾਰਥੁ ਜਿਨ ਘਟਿ ਵਸਿਆ ਸਹਜੇ ਰਹੇ ਸਮਾਈ ॥
Those whose hearts are filled with the wealth of the Lord's Love, remain intuitively absorbed in Him.
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ (ਪ੍ਰਭੂ ਦਾ) ਅਮੋਲਕ ਪ੍ਰੇਮ ਆ ਵੱਸਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿੱਕੇ ਰਹਿੰਦੇ ਹਨ। ਜਿਨ ਘਟਿ = ਜਿਨ੍ਹਾਂ ਦੇ ਹਿਰਦੇ ਵਿਚ। ਸਹਜੇ = ਆਤਮਕ ਅਡੋਲਤਾ ਵਿਚ ਹੀ।
ਸਬਦਿ ਰਤੇ ਸੇ ਰੰਗਿ ਚਲੂਲੇ ਰਾਤੇ ਸਹਜਿ ਸੁਭਾਈ ॥੨॥
Imbued with the Shabad, they are dyed in the deep crimson color of His Love. They are imbued with the Lord's celestial peace and poise. ||2||
ਗੁਰੂ ਦੇ ਸ਼ਬਦ-ਰੰਗ ਵਿਚ ਗੂੜ੍ਹੇ ਰੰਗੇ ਹੋਏ ਉਹ ਮਨੁੱਖ ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ ॥੨॥ ਸਬਦਿ = ਸ਼ਬਦ ਵਿਚ। ਸੇ = ਉਹ (ਬਹੁ-ਵਚਨ)। ਰੰਗਿ ਚਲੂਲੇ = ਰੰਗ ਵਿਚ ਗੂੜ੍ਹੇ ਰੰਗੇ ਹੋਏ। ਸੁਭਾਈ = ਸੁਭਾਇ, ਪ੍ਰੇਮ ਵਿਚ ॥੨॥
ਰਸਨਾ ਸਬਦੁ ਵੀਚਾਰਿ ਰਸਿ ਰਾਤੀ ਲਾਲ ਭਈ ਰੰਗੁ ਲਾਈ ॥
Contemplating the Shabad, the tongue is imbued with joy; embracing His Love, it is dyed a deep crimson.
ਗੁਰੂ ਦਾ ਸ਼ਬਦ ਮਨ ਵਿਚ ਵਸਾ ਕੇ ਜਿਸ ਮਨੁੱਖ ਦੀ ਜੀਭ ਨਾਮ ਦੇ ਸੁਆਦ ਵਿਚ ਗਿੱਝ ਜਾਂਦੀ ਹੈ, ਨਾਮ-ਰੰਗ ਲਾ ਕੇ ਗੂੜ੍ਹੀ ਰੰਗੀ ਜਾਂਦੀ ਹੈ, ਰਸਨਾ = ਜੀਭ। ਸਬਦੁ ਵੀਚਾਰਿ = ਸ਼ਬਦ ਨੂੰ ਮਨ ਵਿਚ ਵਸਾ ਕੇ। ਰਸਿ = ਰਸ ਵਿਚ। ਰੰਗੁ = ਪ੍ਰੇਮ।
ਰਾਮ ਨਾਮੁ ਨਿਹਕੇਵਲੁ ਜਾਣਿਆ ਮਨੁ ਤ੍ਰਿਪਤਿਆ ਸਾਂਤਿ ਆਈ ॥੩॥
I have come to know the Name of the Pure Detached Lord; my mind is satisfied and comforted. ||3||
ਉਹ ਮਨੁੱਖ ਸੁੱਧ-ਸਰੂਪ ਹਰੀ ਦੇ ਨਾਮ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਉਸ ਦਾ ਮਨ (ਮਾਇਆ ਵੱਲੋਂ) ਰੱਜ ਜਾਂਦਾ ਹੈ, ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ॥੩॥ ਨਿਹਕੇਵਲੁ = ਸੁੱਧ-ਸਰੂਪ ਪ੍ਰਭੂ। ਜਾਣਿਆ = ਸਾਂਝ ਪਾ ਲਈ। ਤ੍ਰਿਪਤਿਆ = ਰੱਜ ਗਿਆ ॥੩॥
ਪੰਡਿਤ ਪੜੑਿ ਪੜੑਿ ਮੋਨੀ ਸਭਿ ਥਾਕੇ ਭ੍ਰਮਿ ਭੇਖ ਥਕੇ ਭੇਖਧਾਰੀ ॥
The Pandits, the religious scholars, read and study, and all the silent sages have grown weary; they have grown weary of wearing their religious robes and wandering all around.
ਪਰ, ਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਜਾਂਦੇ ਹਨ, ਸਮਾਧੀਆਂ ਲਾਣ ਵਾਲੇ (ਸਮਾਧੀਆਂ ਲਾ ਲਾ ਕੇ) ਥੱਕ ਜਾਂਦੇ ਹਨ, ਭੇਖਧਾਰੀ ਮਨੁੱਖ ਧਾਰਮਿਕ ਭੇਖਾਂ ਵਿਚ ਹੀ ਭਟਕ ਭਟਕ ਕੇ ਥੱਕ ਜਾਂਦੇ ਹਨ (ਉਹਨਾਂ ਨੂੰ ਹਰਿ-ਨਾਮ ਦੀ ਦਾਤ ਪ੍ਰਾਪਤੀ ਨਹੀਂ ਹੁੰਦੀ)। ਪੜ੍ਹ੍ਹਿ = ਪੜ੍ਹ ਕੇ। ਸਭਿ = ਸਾਰੇ। ਭ੍ਰਮਿ = ਭਟਕਣਾ ਵਿਚ ਪੈ ਕੇ।
ਗੁਰ ਪਰਸਾਦਿ ਨਿਰੰਜਨੁ ਪਾਇਆ ਸਾਚੈ ਸਬਦਿ ਵੀਚਾਰੀ ॥੪॥
By Guru's Grace, I have found the Immaculate Lord; I contemplate the True Word of the Shabad. ||4||
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਦੇ ਸ਼ਬਦ ਵਿਚ ਸੁਰਤ ਜੋੜਦਾ ਹੈ ਉਹ ਮਨੁੱਖ ਨਿਰਲੇਪ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥ ਪਰਸਾਦਿ = ਕਿਰਪਾ ਨਾਲ। ਨਿਰੰਜਨੁ = ਨਿਰਲੇਪ ਪ੍ਰਭੂ। ਸਾਚੈ ਸਬਦਿ = ਸੱਚੇ ਸ਼ਬਦ ਵਿਚ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ। ਵੀਚਾਰੀ = ਵਿਚਾਰਦਾ ਹੈ, ਮਨ ਵਿਚ ਵਸਾਂਦਾ ਹੈ ॥੪॥
ਆਵਾ ਗਉਣੁ ਨਿਵਾਰਿ ਸਚਿ ਰਾਤੇ ਸਾਚ ਸਬਦੁ ਮਨਿ ਭਾਇਆ ॥
My coming and going in reincarnation is ended, and I am imbued with Truth; the True Word of the Shabad is pleasing to my mind.
ਜਿਨ੍ਹਾਂ ਮਨੁੱਖਾਂ ਨੂੰ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਮਨ ਵਿਚ ਪਿਆਰਾ ਲਗਦਾ ਹੈ, ਉਹ (ਗੁਰ-ਸ਼ਬਦ ਦੀ ਬਰਕਤਿ ਨਾਲ) ਜਨਮ ਮਰਨ ਦਾ ਗੇੜ ਮਿਟਾ ਕੇ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ। ਆਵਾਗਉਣੁ = ਜੰਮਣ ਮਰਨ ਦਾ ਗੇੜ (ਆਵਾ = ਆਉਣਾ, ਜੰਮਣਾ। ਗਉਣੁ = ਜਾਣਾ, ਮਰਨਾ)। ਨਿਵਾਰਿ = ਦੂਰ ਕਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਾਚ ਸਬਦੁ = ਸਦਾ-ਥਿਰ ਪ੍ਰਭੂ ਦਾ ਸ਼ਬਦ, ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ। ਮਨਿ = ਮਨ ਵਿਚ। ਭਇਆ = ਪਿਆਰਾ ਲੱਗਾ।
ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਜਿਨਿ ਵਿਚਹੁ ਆਪੁ ਗਵਾਇਆ ॥੫॥
Serving the True Guru, eternal peace is found, and self-conceit is eliminated from within. ||5||
ਜਿਸ (ਗੁਰੂ) ਨੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕੀਤਾ ਹੋਇਆ ਹੈ, ਉਸ ਗੁਰੂ ਦੀ ਸਰਨ ਪੈ ਕੇ (ਹੀ) ਸਦਾ ਆਤਮਕ ਆਨੰਦ ਮਾਣੀਦਾ ਹੈ ॥੫॥ ਪਾਈਐ = ਪ੍ਰਾਪਤ ਕਰੀਦਾ ਹੈ। ਜਿਨਿ = ਜਿਸ (ਗੁਰੂ) ਨੇ। ਆਪੁ = ਆਪਾ-ਭਾਵ ॥੫॥
ਸਾਚੈ ਸਬਦਿ ਸਹਜ ਧੁਨਿ ਉਪਜੈ ਮਨਿ ਸਾਚੈ ਲਿਵ ਲਾਈ ॥
Through the True Word of the Shabad, the celestial melody wells up, and the mind is lovingly focused on the True Lord.
ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ) ਆਪਣੇ ਮਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰਖਦਾ ਹੈ, (ਉਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੇ ਸ਼ਬਦ ਦੀ ਰਾਹੀਂ। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਮਨਿ = ਮਨ ਵਿਚ। ਸਾਚੈ = ਸਦਾ ਕਾਇਮ ਰਹਿਣ ਵਾਲੇ ਹਰੀ ਵਿਚ। ਲਿਵ = ਲਗਨ।
ਅਗਮ ਅਗੋਚਰੁ ਨਾਮੁ ਨਿਰੰਜਨੁ ਗੁਰਮੁਖਿ ਮੰਨਿ ਵਸਾਈ ॥੬॥
The Immaculate Naam, the Name of the Inaccessible and Unfathomable Lord, abides in the mind of the Gurmukh. ||6||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਅਪਹੁੰਚ ਅਗੋਚਰ ਅਤੇ ਨਿਰਲੇਪ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ ॥੬॥ ਅਗਮ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਨਿਰੰਜਨੁ = (ਨਿਰ-ਅੰਜਨ) ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ, ਨਿਰਲੇਪ। ਗੁਰਮੁਖਿ = ਗੁਰੂ ਦੀ ਰਾਹੀਂ। ਮੰਨਿ = ਮਨਿ, ਮਨ ਵਿਚ ॥੬॥
ਏਕਸ ਮਹਿ ਸਭੁ ਜਗਤੋ ਵਰਤੈ ਵਿਰਲਾ ਏਕੁ ਪਛਾਣੈ ॥
The whole world is contained in the One Lord. How rare are those who understand the One Lord.
(ਗੁਰੂ ਦੇ ਸਨਮੁਖ ਰਹਿਣ ਵਾਲਾ ਹੀ) ਕੋਈ ਵਿਰਲਾ ਮਨੁੱਖ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ (ਤੇ, ਇਹ ਸਮਝਦਾ ਹੈ ਕਿ) ਸਾਰਾ ਸੰਸਾਰ ਇਕ ਪਰਮਾਤਮਾ (ਦੇ ਹੁਕਮ) ਵਿਚ ਹੀ ਕਾਰ ਚਲਾ ਰਿਹਾ ਹੈ। ਏਕਸ ਮਹਿ = ਇਕ (ਪ੍ਰਭੂ) ਵਿਚ ਹੀ। ਪਛਾਣੇ = ਸਾਂਝ ਪਾਂਦਾ ਹੈ।
ਸਬਦਿ ਮਰੈ ਤਾ ਸਭੁ ਕਿਛੁ ਸੂਝੈ ਅਨਦਿਨੁ ਏਕੋ ਜਾਣੈ ॥੭॥
One who dies in the Shabad comes to know everything; night and day, he realizes the One Lord. ||7||
ਜਦੋਂ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਤਦੋਂ ਉਸ ਨੂੰ (ਇਹ) ਸਾਰੀ ਸੂਝ ਆ ਜਾਂਦੀ ਹੈ, ਤਦੋਂ ਉਹ ਹਰ ਵੇਲੇ ਸਿਰਫ਼ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ॥੭॥ ਸਬਦਿ = ਸ਼ਬਦ ਦੀ ਰਾਹੀਂ। ਮਰੈ = ਆਪਾ-ਭਾਵ ਦੂਰ ਕਰੇ। ਅਨਦਿਨੁ = ਹਰ ਰੋਜ਼, ਹਰ ਵੇਲੇ ॥੭॥
ਜਿਸ ਨੋ ਨਦਰਿ ਕਰੇ ਸੋਈ ਜਨੁ ਬੂਝੈ ਹੋਰੁ ਕਹਣਾ ਕਥਨੁ ਨ ਜਾਈ ॥
That humble being, upon whom the Lord casts His Glance of Grace, understands. Nothing else can be said.
ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹੀ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ (ਪ੍ਰਭੂ ਦੀ ਮਿਹਰ ਤੋਂ ਬਿਨਾ ਕੋਈ) ਹੋਰ (ਰਸਤਾ) ਦੱਸਿਆ ਨਹੀਂ ਜਾ ਸਕਦਾ। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਸੋਈ = ਉਹੀ। ਹੋਰੁ = ਕੋਈ ਹੋਰ ਤਰੀਕਾ (ਸਮਝਣ ਦਾ)।
ਨਾਨਕ ਨਾਮਿ ਰਤੇ ਸਦਾ ਬੈਰਾਗੀ ਏਕ ਸਬਦਿ ਲਿਵ ਲਾਈ ॥੮॥੨॥
O Nanak, those who are imbued with the Naam are forever detached from the world; they are lovingly attuned to the One Word of the Shabad. ||8||2||
ਹੇ ਨਾਨਕ! (ਹਰੀ ਦੀ ਕਿਰਪਾ ਨਾਲ ਹੀ) ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਸੁਰਤ ਜੋੜ ਕੇ ਹਰਿ-ਨਾਮ ਵਿਚ ਮਗਨ ਰਹਿਣ ਵਾਲੇ ਮਨੁੱਖ (ਦੁਨੀਆ ਦੇ ਮੋਹ ਵਲੋਂ) ਸਦਾ ਨਿਰਲੇਪ ਰਹਿੰਦੇ ਹਨ ॥੮॥੨॥ ਨਾਮਿ = ਨਾਮ ਵਿਚ। ਬੈਰਾਗੀ = ਵੈਰਾਗਵਾਨ। ਸਬਦਿ = ਸ਼ਬਦ ਵਿਚ। ਲਿਵ = ਲਗਨ। ਲਾਈ = ਲਾ ਕੇ ॥੮॥੨॥