ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ ॥
Aasaa, The Word Of The Reverend Naam Dayv Jee:
ਰਾਗ ਆਸਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥
In the one and in the many, He is pervading and permeating; wherever I look, there He is.
ਇੱਕ ਪਰਮਾਤਮਾ ਅਨੇਕ ਰੂਪ ਧਾਰ ਕੇ ਹਰ ਥਾਂ ਮੌਜੂਦ ਹੈ ਤੇ ਭਰਪੂਰ ਹੈ; ਮੈਂ ਜਿੱਧਰ ਤੱਕਦਾ ਹਾਂ, ਉਹ ਪਰਮਾਤਮਾ ਹੀ ਮੌਜੂਦ ਹੈ। ਪੂਰਕ = ਭਰਪੂਰ। ਜਤ = ਜਿੱਧਰ। ਦੇਖਉ = ਮੈਂ ਵੇਖਦਾ ਹਾਂ। ਤਤ = ਉੱਧਰ। ਸੋਈ = ਉਹ ਪ੍ਰਭੂ ਹੀ।
ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧॥
The marvellous image of Maya is so fascinating; how few understand this. ||1||
ਪਰ (ਇਸ ਭੇਤ ਨੂੰ) ਕੋਈ ਵਿਰਲਾ ਬੰਦਾ ਸਮਝਦਾ ਹੈ, ਕਿਉਂਕਿ ਜੀਵ ਆਮ ਤੌਰ ਤੇ ਮਾਇਆ ਦੇ ਰੰਗਾ-ਰੰਗ ਦੇ ਰੂਪਾਂ ਵਿਚ ਚੰਗੀ ਤਰ੍ਹਾਂ ਮੋਹੇ ਪਏ ਹਨ ॥੧॥ ਚਿਤ੍ਰ = ਮੂਰਤਾਂ, ਤਸਵੀਰਾਂ। ਬਚਿਤ੍ਰ = ਰੰਗਾ ਰੰਗ ਦੀਆਂ। ਬਿਮੋਹਿਤ = ਚੰਗੀ ਤਰ੍ਹਾਂ ਮੋਹੇ ਜਾਂਦੇ ਹਨ ॥੧॥
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
God is everything, God is everything. Without God, there is nothing at all.
ਹਰ ਥਾਂ ਪਰਮਾਤਮਾ ਹੈ, ਹਰ ਥਾਂ ਪਰਮਾਤਮਾ ਹੈ, ਪਰਮਾਤਮਾ ਤੋਂ ਸੱਖਣੀ ਕੋਈ ਥਾਂ ਨਹੀਂ; ਸਭੁ = ਹਰ ਥਾਂ।
ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥
As one thread holds hundreds and thousands of beads, He is woven into His creation. ||1||Pause||
ਜਿਵੇਂ ਇੱਕ ਧਾਗਾ ਹੋਵੇ ਤੇ (ਉਸ ਵਿਚ) ਸੈਂਕੜੇ ਹਜ਼ਾਰਾਂ ਮਣਕੇ (ਪ੍ਰੋਤੇ ਹੋਏ ਹੋਣ) (ਇਸੇ ਤਰ੍ਹਾਂ ਸਭ ਜੀਵਾਂ ਵਿਚ ਪਰਮਾਤਮਾ ਦੀ ਹੀ ਜੀਵਨ-ਸੱਤਾ ਮਿਲੀ ਹੋਈ ਹੈ, ਜਿਵੇਂ) ਤਾਣੇ-ਪੇਟੇ ਵਿਚ (ਧਾਗੇ ਮਿਲੇ ਹੋਏ ਹਨ, ਤਿਵੇਂ) ਉਹੀ ਪਰਮਾਤਮਾ (ਸਭ ਵਿਚ ਮਿਲਿਆ ਹੋਇਆ) ਹੈ ॥੧॥ ਰਹਾਉ ॥ ਸੂਤੁ = ਧਾਗਾ। ਮਣਿ = ਮਣਕੇ। ਸਤ = ਸ਼ਤ, ਸੈਂਕੜੇ। ਸਹੰਸ = ਹਜ਼ਾਰਾਂ। ਓਤਿ ਪੋਤਿ = {Skt. ओत प्रोत = ਉਣਿਆ ਹੋਇਆ, ਪ੍ਰੋਤਾ ਹੋਇਆ} ਉਣੇ ਹੋਏ ਵਿਚ, ਪ੍ਰੋਤੇ ਹੋਏ ਵਿਚ, ਤਾਣੇ ਪੇਟੇ ਵਿਚ ॥੧॥ ਰਹਾਉ ॥
ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥
The waves of the water, the foam and bubbles, are not distinct from the water.
ਪਾਣੀ ਦੀਆਂ ਠਿੱਲ੍ਹਾਂ, ਝੱਗ ਅਤੇ ਬੁਲਬੁਲੇ-ਇਹ ਸਾਰੇ ਪਾਣੀ ਤੋਂ ਵੱਖਰੇ ਨਹੀਂ ਹੁੰਦੇ, ਤਰੰਗ = ਲਹਿਰਾਂ, ਠਿੱਲ੍ਹਾਂ। ਫੇਨ = ਝੱਗ। ਬੁਦਬੁਦਾ = ਬੁਲਬੁਲਾ। ਭਿੰਨ = ਵੱਖਰਾ।
ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥੨॥
This manifested world is the playful game of the Supreme Lord God; reflecting upon it, we find that it is not different from Him. ||2||
ਤਿਵੇਂ ਹੀ ਇਹ ਦਿੱਸਦਾ ਤਮਾਸ਼ਾ-ਰੂਪ ਜਗਤ ਪਰਮਾਤਮਾ ਦੀ ਰਚੀ ਹੋਈ ਖੇਡ ਹੈ, ਗਹੁ ਨਾਲ ਸੋਚਿਆਂ (ਇਹ ਸਮਝ ਆ ਜਾਂਦੀ ਹੈ ਕਿ ਇਹ ਉਸ ਤੋਂ) ਵੱਖਰਾ ਨਹੀਂ ਹੈ ॥੨॥ ਪਰਪੰਚੁ = {Skt. प्रपंच} ਇਹ ਦਿੱਸਦਾ ਤਮਾਸ਼ਾ-ਰੂਪ ਸੰਸਾਰ। ਲੀਲਾ = ਖੇਡ। ਬਿਚਰਤ = ਵਿਚਾਰਿਆਂ। ਆਨ = ਵੱਖਰਾ, ਓਪਰਾ ॥੨॥
ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥
False doubts and dream objects - man believes them to be true.
(ਇਹ ਪਰਪੰਚ ਵੇਖ ਕੇ ਜੀਵਾਂ ਨੂੰ) ਗ਼ਲਤ ਖ਼ਿਆਲ ਬਣ ਗਿਆ ਹੈ (ਕਿ ਇਸ ਦਾ ਅਸਾਡਾ ਸਾਥ ਪੱਕਾ ਨਿਭਣ ਵਾਲਾ ਹੈ); ਇਹ ਪਦਾਰਥ ਇਉਂ ਹੀ ਹਨ ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ; ਪਰ ਜੀਵਾਂ ਨੇ ਇਹਨਾਂ ਨੂੰ ਸਦਾ (ਆਪਣੇ ਨਾਲ) ਟਿਕੇ ਰਹਿਣ ਵਾਲੇ ਸਮਝ ਲਿਆ ਹੈ। ਮਿਥਿਆ = ਝੂਠਾ। ਭਰਮੁ = ਵਹਿਮ, ਗ਼ਲਤ ਖ਼ਿਆਲ। ਮਨੋਰਥ = ਉਹ ਚੀਜ਼ਾਂ ਜਿਨ੍ਹਾਂ ਦੀ ਖ਼ਾਤਰ ਮਨ ਦੌੜਦਾ ਫਿਰਦਾ ਹੈ। ਸਤਿ = ਸਦਾ ਕਾਇਮ ਰਹਿਣ ਵਾਲੇ।
ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥੩॥
The Guru has instructed me to try to do good deeds, and my awakened mind has accepted this. ||3||
ਜਿਸ ਮਨੁੱਖ ਨੂੰ ਸਤਿਗੁਰੂ ਭਲੀ ਸਮਝ ਬਖ਼ਸ਼ਦਾ ਹੈ ਉਹ ਇਸ ਵਹਿਮ ਵਿਚੋਂ ਜਾਗ ਪੈਂਦਾ ਹੈ ਤੇ ਉਸ ਦੇ ਮਨ ਨੂੰ ਤਸੱਲੀ ਆ ਜਾਂਦੀ ਹੈ (ਕਿ ਆਸਾਡਾ ਤੇ ਇਹਨਾਂ ਪਦਾਰਥਾਂ ਦਾ ਸਾਥ ਸਦਾ ਲਈ ਨਹੀਂ ਹੈ) ॥੩॥ ਸੁਕ੍ਰਿਤ = ਨੇਕੀ। ਮਨਸਾ = ਸਮਝ। ਮਾਨਿਆ = ਪਤੀਜ ਗਿਆ, ਤਸੱਲੀ ਹੋ ਗਈ ॥੩॥
ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥
Says Naam Dayv, see the Creation of the Lord, and reflect upon it in your heart.
ਨਾਮਦੇਵ ਆਖਦਾ ਹੈ: ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ ਕਿ ਇਹ ਪਰਮਾਤਮਾ ਦੀ ਰਚੀ ਹੋਈ ਖੇਡ ਹੈ। ਰਚਨਾ = ਸ੍ਰਿਸ਼ਟੀ। ਬੀਚਾਰੀ = ਵਿਚਾਰ ਕੇ।
ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥੪॥੧॥
In each and every heart, and deep within the very nucleus of all, is the One Lord. ||4||1||
ਇਸ ਵਿਚ ਹਰੇਕ ਘਟ ਅੰਦਰ ਹਰ ਥਾਂ ਸਿਰਫ਼ ਇੱਕ ਪਰਮਾਤਮਾ ਹੀ ਵੱਸਦਾ ਹੈ ॥੪॥੧॥ ਅੰਤਰਿ = ਅੰਦਰ। ਨਿਰੰਤਰਿ = ਇਕ-ਰਸ ਸਭ ਵਿਚ ॥੪॥੧॥