ਆਸਾ ਮਹਲਾ ੫ ॥
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
ਜੈਸੇ ਕਿਰਸਾਣੁ ਬੋਵੈ ਕਿਰਸਾਨੀ ॥
Just like the farmer, He plants His crop,
ਹੇ ਪ੍ਰਾਣੀ! (ਜਿਵੇਂ) ਕੋਈ ਕਿਸਾਨ ਖੇਤੀ ਬੀਜਦਾ ਹੈ, ਕਿਰਸਾਣੁ = ਕਿਸਾਨ। ਕਿਰਸਾਨੀ = ਖੇਤੀ, ਪੈਲੀ।
ਕਾਚੀ ਪਾਕੀ ਬਾਢਿ ਪਰਾਨੀ ॥੧॥
and, whether it is ripe or unripe, He cuts it down. ||1||
(ਤੇ ਜਦੋਂ ਜੀ ਚਾਹੇ) ਉਸ ਨੂੰ ਵੱਢ ਲੈਂਦਾ ਹੈ (ਚਾਹੇ ਉਹ) ਕੱਚੀ (ਹੋਵੇ ਚਾਹੇ) ਪੱਕੀ (ਇਸੇ ਤਰ੍ਹਾਂ ਮਨੁੱਖ ਉਤੇ ਮੌਤ ਕਿਸੇ ਭੀ ਉਮਰੇ ਆ ਸਕਦੀ ਹੈ) ॥੧॥ ਕਾਚੀ = ਕੱਚੀ। ਪਾਕੀ = ਪੱਕੀ। ਬਾਢਿ = ਬਾਢੈ, ਵੱਢ ਲੈਂਦਾ ਹੈ। ਪਰਾਨੀ = ਹੇ ਪ੍ਰਾਣੀ! ॥੧॥
ਜੋ ਜਨਮੈ ਸੋ ਜਾਨਹੁ ਮੂਆ ॥
Just so, you must know this well, that whoever is born, shall die.
(ਹੇ ਭਾਈ!) ਯਕੀਨ ਜਾਣੋ ਕਿ ਜਿਹੜਾ ਜੀਵ ਪੈਦਾ ਹੁੰਦਾ ਹੈ ਉਹ ਮਰਦਾ ਭੀ (ਜ਼ਰੂਰ) ਹੈ। ਜਾਨਹੁ = ਯਕੀਨ ਜਾਣੋ।
ਗੋਵਿੰਦ ਭਗਤੁ ਅਸਥਿਰੁ ਹੈ ਥੀਆ ॥੧॥ ਰਹਾਉ ॥
Only the devotee of the Lord of the Universe becomes stable and permanent. ||1||Pause||
ਪਰਮਾਤਮਾ ਦਾ ਭਗਤ (ਇਸ ਅਟੱਲ ਨਿਯਮ ਨੂੰ ਜਾਣਦਾ ਹੋਇਆ ਮੌਤ ਦੇ ਸਹਮ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ ॥੧॥ ਰਹਾਉ ॥ ਅਸਥਿਰੁ = (ਮੌਤ ਦੇ ਸਹਮ ਵਲੋਂ) ਅਡੋਲ-ਚਿੱਤ। ਥੀਆ = ਹੋ ਗਿਆ ਹੈ ॥੧॥ ਰਹਾਉ ॥
ਦਿਨ ਤੇ ਸਰਪਰ ਪਉਸੀ ਰਾਤਿ ॥
The day shall certainly be followed by the night.
(ਹੇ ਭਾਈ!) ਦਿਨ ਤੋਂ ਜ਼ਰੂਰ ਰਾਤ ਪੈ ਜਾਇਗੀ, ਤੇ = ਤੋਂ। ਸਰਪਰ = ਜ਼ਰੂਰ। ਪਉਸੀ = ਪਏਗੀ। ਰੈਣਿ = ਰਾਤ।
ਰੈਣਿ ਗਈ ਫਿਰਿ ਹੋਇ ਪਰਭਾਤਿ ॥੨॥
And when the night passes, the morning shall again dawn. ||2||
ਰਾਤ (ਭੀ) ਮੁੱਕ ਜਾਂਦੀ ਹੈ ਫਿਰ ਮੁੜ ਸਵੇਰ ਹੋ ਜਾਂਦੀ ਹੈ (ਇਸੇ ਤਰ੍ਹਾਂ ਜਗਤ ਵਿਚ ਜਨਮ ਤੇ ਮਰਨ ਦਾ ਸਿਲਸਲਾ ਤੁਰਿਆ ਰਹਿੰਦਾ ਹੈ) ॥੨॥ ਪਰਭਾਤਿ = ਸਵੇਰ ॥੨॥
ਮਾਇਆ ਮੋਹਿ ਸੋਇ ਰਹੇ ਅਭਾਗੇ ॥
In the love of Maya, the unfortunate ones remain in sleep.
(ਇਹ ਜਾਣਦਿਆਂ ਭੀ ਕਿ ਮੌਤ ਜ਼ਰੂਰ ਆਉਣੀ ਹੈ) ਬਦ-ਨਸੀਬ ਬੰਦੇ ਮਾਇਆ ਦੇ ਮੋਹ ਵਿਚ (ਫਸ ਕੇ ਜੀਵਨ-ਮਨੋਰਥ ਵਲੋਂ) ਗਾਫ਼ਿਲ ਹੋਏ ਰਹਿੰਦੇ ਹਨ। ਮੋਹਿ = ਮੋਹ ਵਿਚ। ਅਭਾਗੇ = ਬਦ-ਨਸੀਬ ਬੰਦੇ।
ਗੁਰ ਪ੍ਰਸਾਦਿ ਕੋ ਵਿਰਲਾ ਜਾਗੇ ॥੩॥
By Guru's Grace, a rare few remain awake and aware. ||3||
ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਮੋਹ ਦੀ ਨੀਂਦ ਤੋਂ) ਜਾਗਦਾ ਹੈ ॥੩॥ ਕੋ = ਕੋਈ ॥੩॥
ਕਹੁ ਨਾਨਕ ਗੁਣ ਗਾਈਅਹਿ ਨੀਤ ॥
Says Nanak, sing continually the Glorious Praises of the Lord.
ਨਾਨਕ ਆਖਦਾ ਹੈ- (ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਏ ਜਾਣੇ ਚਾਹੀਦੇ ਹਨ, ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਨੀਤ = ਸਦਾ।
ਮੁਖ ਊਜਲ ਹੋਇ ਨਿਰਮਲ ਚੀਤ ॥੪॥੧੯॥
Your face shall be radiant, and your consciousness shall be immaculately pure. ||4||19||
(ਇਸ ਉੱਦਮ ਦੀ ਬਰਕਤਿ ਨਾਲ, ਇਕ ਤਾਂ, ਲੋਕ ਪਰਲੋਕ ਵਿਚ) ਮੁਖ ਉਜਲਾ ਹੋ ਜਾਂਦਾ ਹੈ, (ਦੂਜੇ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ ॥੪॥੧੯॥ ਚੀਤ = ਚਿੱਤ, ਮਨ। ਨਿਰਮਲ = ਪਵਿਤ੍ਰ ॥੪॥੧੯॥