ਸੋਰਠਿ ਮਹਲਾ ੩ ॥
Sorat'h, Third Mehl:
ਸੋਰਠਿ ਤੀਜੀ ਪਾਤਿਸ਼ਾਹੀ।
ਸਤਿਗੁਰ ਸੇਵੇ ਤਾ ਸਹਜ ਧੁਨਿ ਉਪਜੈ ਗਤਿ ਮਤਿ ਤਦ ਹੀ ਪਾਏ ॥
Serving the True Guru, the divine melody wells up within, and one is blessed with wisdom and salvation.
ਹੇ ਭਾਈ! ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ (ਇਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ। ਤਦੋਂ ਹੀ (ਗੁਰੂ ਦੀ ਸਰਨ ਪੈ ਕੇ ਹੀ) ਮਨੁੱਖ ਉੱਚੀ ਆਤਮਕ ਅਵਸਥਾ ਤੇ ਉੱਚੀ ਮਤਿ ਹਾਸਲ ਕਰਦਾ ਹੈ। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਉਪਜੈ = ਪੈਦਾ ਹੋ ਜਾਂਦੀ ਹੈ। ਗਤਿ = ਉੱਚੀ ਆਤਮਕ ਅਵਸਥਾ। ਤਦ ਹੀ = ਤਦੋਂ ਹੀ।
ਹਰਿ ਕਾ ਨਾਮੁ ਸਚਾ ਮਨਿ ਵਸਿਆ ਨਾਮੇ ਨਾਮਿ ਸਮਾਏ ॥੧॥
The True Name of the Lord comes to abide in the mind, and through the Name, one merges in the Name. ||1||
ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਤੇ, ਮਨੁੱਖ ਸਦਾ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧॥ ਮਨਿ = ਮਨ ਵਿਚ। ਨਾਮੇ ਨਾਮਿ = ਨਾਮ ਵਿਚ ਹੀ ਨਾਮ ਵਿਚ, ਸਦਾ ਨਾਮ ਵਿਚ ਹੀ ॥੧॥
ਬਿਨੁ ਸਤਿਗੁਰ ਸਭੁ ਜਗੁ ਬਉਰਾਨਾ ॥
Without the True Guru, the whole world is insane.
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਫਿਰਦਾ ਹੈ। ਬਉਰਾਨਾ = ਕਮਲਾ, ਝੱਲਾ।
ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ ॥ ਰਹਾਉ ॥
The blind, self-willed manmukhs do not realize the Word of the Shabad; they are deluded by false doubts. ||Pause||
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਕੇ ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਨਹੀਂ ਪਾਂਦਾ। ਝੂਠੀ ਦੁਨੀਆ ਦੇ ਕਾਰਨ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ਰਹਾਉ॥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਭਰਮਿ = ਭਟਕਣਾ ਵਿਚ ॥ਰਹਾਉ॥
ਤ੍ਰੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਮਾਏ ॥
The three-faced Maya had led them astray in doubt, and they are snared by the noose of egotism.
ਹੇ ਭਾਈ! ਮਨੁੱਖ ਤ੍ਰਿਗੁਣੀ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਤੇ, ਹਉਮੈ ਦੇ ਕਾਰਨ ਮੋਹ ਦੇ ਬੰਧਨ ਵਧਾਣ ਵਾਲੇ ਕੰਮ ਹੀ ਕਰਦਾ ਹੈ। ਭੁਲਾਇਆ = ਕੁਰਾਹੇ ਪਿਆ ਰਹਿੰਦਾ ਹੈ।
ਜੰਮਣੁ ਮਰਣੁ ਸਿਰ ਊਪਰਿ ਊਭਉ ਗਰਭ ਜੋਨਿ ਦੁਖੁ ਪਾਏ ॥੨॥
Birth and death hang over their heads, and being reborn from the womb, they suffer in pain. ||2||
ਉਸ ਦੇ ਸਿਰ ਉਤੇ ਜਨਮ ਮਰਨ ਦਾ ਗੇੜ ਹਰ ਵੇਲੇ ਟਿਕਿਆ ਰਹਿੰਦਾ ਹੈ, ਤੇ, ਜਨਮ ਮਰਨ ਵਿਚ ਪੈ ਕੇ ਦੁੱਖ ਸਹਿੰਦਾ ਰਹਿੰਦਾ ਹੈ ॥੨॥ ਊਭਉ = ਖਲੋਤਾ ਹੋਇਆ ॥੨॥
ਤ੍ਰੈ ਗੁਣ ਵਰਤਹਿ ਸਗਲ ਸੰਸਾਰਾ ਹਉਮੈ ਵਿਚਿ ਪਤਿ ਖੋਈ ॥
The three qualities permeate the whole world; acting in ego, it loses its honor.
ਹੇ ਭਾਈ! ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉੱਤੇ ਆਪਣਾ ਪਰਭਾਵ ਪਾਈ ਰੱਖਦੇ ਹਨ, (ਇਹਨਾਂ ਦੇ ਅਸਰ ਹੇਠ ਮਨੁੱਖ) ਹਉਮੈ ਵਿਚ ਫਸ ਕੇ ਇੱਜ਼ਤ ਗਵਾ ਲੈਂਦਾ ਹੈ। ਵਰਤਹਿ = ਪ੍ਰਭਾਵ ਪਾਈ ਰੱਖਦੇ ਹਨ। ਪਤਿ = ਇੱਜ਼ਤ।
ਗੁਰਮੁਖਿ ਹੋਵੈ ਚਉਥਾ ਪਦੁ ਚੀਨੈ ਰਾਮ ਨਾਮਿ ਸੁਖੁ ਹੋਈ ॥੩॥
But one who becomes Gurmukh comes to realize the fourth state of celestial bliss; he finds peace through the Name of the Lord. ||3||
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਆਤਮਕ ਅਵਸਥਾ ਨੂੰ ਪਛਾਣ ਲੈਂਦਾ ਹੈ ਜਿਥੇ ਮਾਇਆ ਦੇ ਤਿੰਨ ਗੁਣ ਅਸਰ ਨਹੀਂ ਪਾ ਸਕਦੇ, ਪਰਮਾਤਮਾ ਦੇ ਨਾਮ ਵਿਚ ਟਿਕ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੩॥ ਚਉਥਾ ਪਦੁ = ਉਹ ਆਤਮਕ ਦਰਜਾ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ। ਨਾਮਿ = ਨਾਮ ਦੀ ਰਾਹੀਂ ॥੩॥
ਤ੍ਰੈ ਗੁਣ ਸਭਿ ਤੇਰੇ ਤੂ ਆਪੇ ਕਰਤਾ ਜੋ ਤੂ ਕਰਹਿ ਸੁ ਹੋਈ ॥
The three qualities are all Yours, O Lord; You Yourself created them. Whatever You do, comes to pass.
ਹੇ ਪ੍ਰਭੂ! ਮਾਇਆ ਦੇ ਇਹ ਤਿੰਨੇ ਗੁਣ ਤੇਰੇ ਹੀ ਬਣਾਏ ਹੋਏ ਹਨ, ਤੂੰ ਆਪ ਹੀ (ਸਭ ਦਾ) ਪੈਦਾ ਕਰਨ ਵਾਲਾ ਹੈਂ। (ਜਗਤ ਵਿਚ) ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈਂ। ਸਭਿ = ਸਾਰੇ। ਆਪੇ = ਆਪ ਹੀ।
ਨਾਨਕ ਰਾਮ ਨਾਮਿ ਨਿਸਤਾਰਾ ਸਬਦੇ ਹਉਮੈ ਖੋਈ ॥੪॥੧੨॥
O Nanak, through the Lord's Name, one is emancipated; through the Shabad, he is rid of egotism. ||4||12||
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਮਾਇਆ ਦੇ ਤਿੰਨ ਗੁਣਾਂ ਤੋਂ) ਪੂਰੀ ਖ਼ਲਾਸੀ ਹੁੰਦੀ ਹੈ। ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਸਕਦਾ ਹੈ ॥੪॥੧੨॥ ਨਿਸਤਾਰਾ = ਪਾਰ-ਉਤਾਰਾ, ਪੂਰਨ ਖ਼ਲਾਸੀ ॥੪॥੧੨॥