ਪ੍ਰਭਾਤੀ ਮਹਲਾ ੩ ॥
Prabhaatee, Third Mehl:
ਪਰਭਾਤੀ ਤੀਸਰੀ ਪਾਤਿਸ਼ਾਹੀ।
ਗੁਰਮੁਖਿ ਹਰਿ ਜੀਉ ਸਦਾ ਧਿਆਵਹੁ ਜਬ ਲਗੁ ਜੀਅ ਪਰਾਨ ॥
As Gurmukh, meditate on the Dear Lord forever, as long as there is the breath of life.
ਜਦੋਂ ਤਕ ਜਿੰਦ ਕਾਇਮ ਹੈ ਤੇ ਸੁਆਸ ਆ ਰਹੇ ਹਨ ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਬ ਲਗੁ = ਜਦੋਂ ਤਕ। ਜੀਅ ਪਰਾਨ = ਜਿੰਦ ਹੈ ਤੇ ਸਾਹ ਆ ਰਹੇ ਹਨ।
ਗੁਰਸਬਦੀ ਮਨੁ ਨਿਰਮਲੁ ਹੋਆ ਚੂਕਾ ਮਨਿ ਅਭਿਮਾਨੁ ॥
Through the Word of the Guru's Shabad, the mind becomes immaculate, and egotistical pride is expelled from the mind.
(ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਉਸ ਦਾ) ਮਨ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਵਿੱਤਰ ਹੋ ਜਾਂਦਾ ਹੈ, ਉਸ ਦਾ ਮਨ ਵਿਚ (ਵੱਸਦਾ) ਅਹੰਕਾਰ ਮੁੱਕ ਜਾਂਦਾ ਹੈ। ਸਬਦੀ = ਸ਼ਬਦ ਦੀ ਰਾਹੀਂ। ਨਿਰਮਲੁ = ਪਵਿੱਤਰ। ਚੂਕਾ = ਮੁੱਕ ਜਾਂਦਾ ਹੈ। ਮਨਿ = ਮਨ ਵਿਚ।
ਸਫਲੁ ਜਨਮੁ ਤਿਸੁ ਪ੍ਰਾਨੀ ਕੇਰਾ ਹਰਿ ਕੈ ਨਾਮਿ ਸਮਾਨ ॥੧॥
Fruitful and prosperous is the life of that mortal being, who is absorbed in the Name of the Lord. ||1||
ਉਸ ਮਨੁੱਖ ਦਾ ਸਾਰਾ ਜੀਵਨ ਕਾਮਯਾਬ ਹੋ ਜਾਂਦਾ ਹੈ, ਉਹ ਮਨੁੱਖ (ਸਦਾ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਕੇਰਾ = ਦਾ। ਕੈ ਨਾਮਿ = ਦੇ ਨਾਮ ਵਿਚ। ਸਮਾਨ = ਸਮਾਇਆ ਰਹਿੰਦਾ ਹੈ ॥੧॥
ਮੇਰੇ ਮਨ ਗੁਰ ਕੀ ਸਿਖ ਸੁਣੀਜੈ ॥
O my mind, listen to the Teachings of the Guru.
ਹੇ ਮੇਰੇ ਮਨ! ਗੁਰੂ ਦਾ (ਇਹ) ਉਪਦੇਸ਼ (ਸਦਾ) ਸੁਣਦੇ ਰਹਿਣਾ ਚਾਹੀਦਾ ਹੈ, ਮਨ = ਹੇ ਮਨ! ਸਿਖ = ਸਿੱਖਿਆ। ਸੁਣੀਜੈ = ਸੁਣਨੀ ਚਾਹੀਦੀ ਹੈ।
ਹਰਿ ਕਾ ਨਾਮੁ ਸਦਾ ਸੁਖਦਾਤਾ ਸਹਜੇ ਹਰਿ ਰਸੁ ਪੀਜੈ ॥੧॥ ਰਹਾਉ ॥
The Name of the Lord is the Giver of peace forever. With intuitive ease, drink in the Sublime Essence of the Lord. ||1||Pause||
(ਕਿ) ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ (ਇਸ ਵਾਸਤੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ ॥੧॥ ਰਹਾਉ ॥ ਸਹਜੇ = ਆਤਮਕ ਅਡੋਲਤਾ ਵਿਚ। ਪੀਜੈ = ਪੀਣਾ ਚਾਹੀਦਾ ਹੈ ॥੧॥ ਰਹਾਉ ॥
ਮੂਲੁ ਪਛਾਣਨਿ ਤਿਨ ਨਿਜ ਘਰਿ ਵਾਸਾ ਸਹਜੇ ਹੀ ਸੁਖੁ ਹੋਈ ॥
Those who understand their own origin dwell within the home of their inner being, in intuitive peace and poise.
ਜਿਹੜੇ ਮਨੁੱਖ ਜਗਤ ਦੇ ਰਚਨਹਾਰ ਨਾਲ ਸਾਂਝ ਪਾਂਦੇ ਹਨ, ਉਹਨਾਂ ਦਾ ਨਿਵਾਸ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ ਸਦਾ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਦੇ ਕਾਰਨ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ। ਮੂਲੁ = ਜਗਤ ਦਾ ਰਚਨਹਾਰ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ।
ਗੁਰ ਕੈ ਸਬਦਿ ਕਮਲੁ ਪਰਗਾਸਿਆ ਹਉਮੈ ਦੁਰਮਤਿ ਖੋਈ ॥
Through the Word of the Guru's Shabad, the heart-lotus blossoms forth, and egotism and evil-mindedness are eradicated.
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਹਿਰਦਾ ਖਿੜਿਆ ਰਹਿੰਦਾ ਹੈ। (ਉਹਨਾਂ ਦੇ ਅੰਦਰੋਂ) ਹਉਮੈ ਵਾਲੀ ਖੋਟੀ ਮੱਤ ਨਾਸ ਹੋ ਜਾਂਦੀ ਹੈ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਕਮਲੁ = ਹਿਰਦਾ, ਕੌਲ-ਫੁੱਲ। ਪਰਗਾਸਿਆ = ਖਿੜ ਪੈਂਦਾ ਹੈ। ਦੁਰਮਤਿ = ਖੋਟੀ।
ਸਭਨਾ ਮਹਿ ਏਕੋ ਸਚੁ ਵਰਤੈ ਵਿਰਲਾ ਬੂਝੈ ਕੋਈ ॥੨॥
The One True Lord is pervading amongst all; those who realize this are very rare. ||2||
(ਉਂਞ ਤਾਂ) ਸਭ ਜੀਵਾਂ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਮੌਜੂਦ ਹੈ, ਪਰ ਕੋਈ ਵਿਰਲਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ ਇਹ ਗੱਲ) ਸਮਝਦਾ ਹੈ ॥੨॥ ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਵਰਤੈ = ਕੰਮ ਕਰ ਰਿਹਾ ਹੈ, ਮੌਜੂਦ ਹੈ (वृत् = to exist) ॥੨॥
ਗੁਰਮਤੀ ਮਨੁ ਨਿਰਮਲੁ ਹੋਆ ਅੰਮ੍ਰਿਤੁ ਤਤੁ ਵਖਾਨੈ ॥
Through the Guru's Teachings, the mind becomes immaculate, speaking the Ambrosial Essence.
ਗੁਰੂ ਦੀ ਮੱਤ ਉਤੇ ਤੁਰ ਕੇ (ਜਿਸ ਮਨੁੱਖ ਦਾ) ਮਨ ਪਵਿੱਤਰ ਹੋ ਜਾਂਦਾ ਹੈ, ਉਹ ਮਨੁੱਖ ਜਗਤ ਦੇ ਅਸਲੇ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਪਦਾ ਰਹਿੰਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਵਖਾਨੈ = ਉਚਾਰਦਾ ਹੈ (ਇਕ-ਵਚਨ)।
ਹਰਿ ਕਾ ਨਾਮੁ ਸਦਾ ਮਨਿ ਵਸਿਆ ਵਿਚਿ ਮਨ ਹੀ ਮਨੁ ਮਾਨੈ ॥
The Name of the Lord dwells in the mind forever; within the mind, the mind is pleased and appeased.
ਪਰਮਾਤਮਾ ਦਾ ਨਾਮ ਸਦਾ ਉਸ ਦੇ ਮਨ ਵਿਚ ਟਿਕਿਆ ਰਹਿੰਦਾ ਹੈ, ਉਸ ਦਾ ਮਨ ਆਪਣੇ ਅੰਦਰੋਂ ਹੀ ਪਤੀਜਿਆ ਰਹਿੰਦਾ ਹੈ। ਮਨਿ = ਮਨ ਵਿਚ। ਵਿਚਿ ਮਨ ਹੀ = ਮਨ ਵਿਚਿ ਹੀ, ਮਨ ਦੇ ਅੰਦਰ ਹੀ। ਮਾਨੈ = ਪਤੀਜਿਆ ਰਹਿੰਦਾ ਹੈ।
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿਤੁ ਆਤਮ ਰਾਮੁ ਪਛਾਨੈ ॥੩॥
I am forever a sacrifice to my Guru, through whom I have realized the Lord, the Supreme Soul. ||3||
ਉਹ ਮਨੁੱਖ ਸਦਾ ਆਪਣੇ ਗੁਰੂ ਤੋਂ ਸਦਕੇ ਜਾਂਦਾ ਹੈ ਜਿਸ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ ॥੩॥ ਸਦ = ਸਦਾ। ਵਿਟਹੁ = ਤੋਂ। ਜਿਤੁ = ਜਿਸ (ਗੁਰੁ) ਦੀ ਰਾਹੀਂ। ਆਤਮ ਰਾਮੁ = ਪਰਮਾਤਮਾ ॥੩॥
ਮਾਨਸ ਜਨਮਿ ਸਤਿਗੁਰੂ ਨ ਸੇਵਿਆ ਬਿਰਥਾ ਜਨਮੁ ਗਵਾਇਆ ॥
Those human beings who do not serve the True Guru - their lives are uselessly wasted.
ਜਿਸ ਮਨੁੱਖ ਨੇ ਇਸ ਮਨੁੱਖਾ ਜੀਵਨ ਵਿਚ ਗੁਰੂ ਦੀ ਸਰਨ ਨਹੀਂ ਲਈ, ਉਸ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ। ਜਨਮਿ = ਜਨਮ ਵਿਚ, ਜੀਵਨ ਵਿਚ। ਬਿਰਥਾ = ਵਿਅਰਥ (वृथा)।
ਨਦਰਿ ਕਰੇ ਤਾਂ ਸਤਿਗੁਰੁ ਮੇਲੇ ਸਹਜੇ ਸਹਜਿ ਸਮਾਇਆ ॥
When God bestows His Glance of Grace, then we meet the True Guru, merging in intuitive peace and poise.
(ਪਰ ਜੀਵ ਦੇ ਭੀ ਕੀਹ ਵੱਸ?) ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ ਫਿਰ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ। ਨਦਰਿ = ਮਿਹਰ ਦੀ ਨਿਗਾਹ। ਮੇਲੇ = ਮਿਲਾਂਦਾ ਹੈ। ਸਹਜੇ ਸਹਜਿ = ਹਰ ਵੇਲੇ ਆਤਮਕ ਅਡੋਲਤਾ ਵਿਚ।
ਨਾਨਕ ਨਾਮੁ ਮਿਲੈ ਵਡਿਆਈ ਪੂਰੈ ਭਾਗਿ ਧਿਆਇਆ ॥੪॥੫॥
O Nanak, by great good fortune, the Naam is bestowed; by perfect destiny, meditate. ||4||5||
ਹੇ ਨਾਨਕ! ਜਿਸ ਮਨੁੱਖ ਨੂੰ ਨਾਮ (ਜਪਣ ਦੀ) ਵਡਿਆਈ ਮਿਲ ਜਾਂਦੀ ਹੈ, ਉਹ ਵੱਡੀ ਕਿਸਮਤ ਨਾਲ ਨਾਮ ਸਿਮਰਦਾ ਰਹਿੰਦਾ ਹੈ ॥੪॥੫॥ ਪੂਰੈ ਭਾਗਿ = ਵੱਡੀ ਕਿਸਮਤ ਨਾਲ ॥੪॥੫॥