ਸਿਰੀਰਾਗੁ ਮਹਲਾ ੫ ॥
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥
Gather in the Wealth of the Lord, worship the True Guru, and give up all your corrupt ways.
(ਹੇ ਭਾਈ!) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਆਪਣੇ ਗੁਰੂ ਦਾ ਆਦਰ-ਸਤਕਾਰ ਹਿਰਦੇ ਵਿਚ ਵਸਾ (ਤੇ ਇਸ ਤਰ੍ਹਾਂ) ਸਾਰੇ ਵਿਕਾਰ ਛੱਡ। ਸੰਚਿ = ਇਕੱਠਾ ਕਰ। ਪੂਜਿ = ਆਦਰ-ਸਤਕਾਰ ਨਾਲ ਹਿਰਦੇ ਵਿਚ ਵਸਾ।
ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥੧॥
Meditate in remembrance on the Lord who created and adorned you, and you shall be saved. ||1||
ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰ ਕੇ ਸੋਹਣਾ ਬਣਾਇਆ ਹੈ, ਉਸ ਦਾ ਸਿਮਰਨ ਕਰ, (ਵਿਕਾਰਾਂ ਤੋਂ ਤੇਰਾ) ਬਚਾਉ ਹੋ ਜਾਇਗਾ ॥੧॥ ਜਿਨਿ = ਜਿਸ (ਪਰਮਾਤਮਾ) ਨੇ। ਤੂੰ = ਤੈਨੂੰ। ਸਾਜਿ = ਪੈਦਾ ਕਰ ਕੇ। ਸਵਾਰਿਆ = ਸੋਹਣਾ ਬਣਾਇਆ ਹੈ। ਉਧਾਰੁ = (ਵਿਕਾਰਾਂ ਤੋਂ) ਬਚਾਉ॥੧॥
ਜਪਿ ਮਨ ਨਾਮੁ ਏਕੁ ਅਪਾਰੁ ॥
O mind, chant the Name of the One, the Unique and Infinite Lord.
ਹੇ ਮਨ! ਉਸ ਪਰਮਾਤਮਾ ਦਾ ਨਾਮ ਜਪ, ਜੋ ਇਕ ਆਪ ਹੀ ਆਪ ਹੈ ਤੇ ਜੋ ਬੇਅੰਤ ਹੈ। ਅਪਾਰੁ = ਬੇਅੰਤ।
ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥੧॥ ਰਹਾਉ ॥
He gave you the praanaa, the breath of life, and your mind and body. He is the Support of the heart. ||1||Pause||
ਜਿਸ ਨੇ ਇਹ ਜਿੰਦ ਦਿੱਤੀ ਹੈ ਮਨ ਦਿੱਤਾ ਹੈ ਤੇ ਸਰੀਰ ਦਿੱਤਾ ਹੈ, ਜੋ ਸਭ ਜੀਵਾਂ ਦੇ ਹਿਰਦੇ ਦਾ ਆਸਰਾ ਹੈ ॥੧॥ ਰਹਾਉ ॥ ਜਿਨਹਿ = ਜਿਸ ਨੇ। ਰਿਦੇ ਕਾ = ਹਿਰਦੇ ਦਾ। ਆਧਾਰੁ = ਆਸਰਾ॥੧॥ਰਹਾਉ॥
ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ ॥
The world is drunk, engrossed in sexual desire, anger and egotism.
ਜਿਨ੍ਹਾਂ ਬੰਦਿਆਂ ਉਤੇ ਜਗਤ ਦਾ ਮੋਹ ਦਬਾਉ ਪਾਈ ਰੱਖਦਾ ਹੈ, ਉਹ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਮਸਤ ਰਹਿੰਦੇ ਹਨ। ਕਾਮਿ = ਕਾਮ ਵਿਚ। ਮਾਤੇ = ਮਸਤ। ਵਿਆਪਿਆ = ਜ਼ੋਰ ਪਾਈ ਰੱਖਦਾ ਹੈ। ਸੰਸਾਰੁ = ਜਗਤ (ਦਾ ਮੋਹ)।
ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥੨॥
Seek the Sanctuary of the Saints, and fall at their feet; your suffering and darkness shall be removed. ||2||
(ਇਹਨਾਂ ਵਿਕਾਰਾਂ ਤੋਂ ਬਚਣ ਲਈ, ਹੇ ਭਾਈ!) ਗੁਰੂ ਦੀ ਸਰਨ ਪਉ, ਗੁਰੂ ਦੀ ਚਰਨੀਂ ਲੱਗ (ਗੁਰੂ ਦਾ ਆਸਰਾ ਲਿਆਂ ਅਗਿਆਨਤਾ ਦਾ) ਘੁੱਪ ਹਨੇਰਾ-ਰੂਪ ਦੁੱਖ ਮਿਟ ਜਾਂਦਾ ਹੈ ॥੨॥ ਅੰਧਾਰੁ = ਘੁੱਪ ਹਨੇਰਾ॥੨॥
ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥
Practice truth, contentment and kindness; this is the most excellent way of life.
(ਜਿਹੜਾ ਭਾਗਾਂ ਵਾਲਾ ਮਨੁੱਖ) ਸੇਵਾ ਸੰਤੋਖ ਦੇ ਦਇਆ (ਦੀ ਕਮਾਈ) ਕਮਾਂਦਾ ਹੈ, ਇਹੋ ਹੀ ਸ੍ਰੇਸ਼ਟ ਕਰਣੀ ਹੈ। ਸਤੁ = ਦਾਨ, ਸੇਵਾ। ਸਾਰ = ਸ੍ਰੇਸ਼ਟ।
ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥
One who is so blessed by the Formless Lord God renounces selfishness, and becomes the dust of all. ||3||
ਜਿਸ (ਭਾਗਾਂ ਵਾਲੇ ਮਨੁੱਖ) ਨੂੰ ਨਿਰੰਕਾਰ ਪ੍ਰਭੂ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹ ਆਪਾ-ਭਾਵ ਛੱਡ ਕੇ ਸਭ ਦੀ ਚਰਨ-ਧੂੜ ਬਣਦਾ ਹੈ ॥੩॥ ਆਪੁ = ਆਪਾ-ਭਾਵ। ਰੇਣਾ = ਚਰਨ-ਧੂੜ। ਦੇਇ = ਦੇਂਦਾ ਹੈ॥੩॥
ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ ॥
All that is seen is You, Lord, the expansion of the expanse.
ਉਸ ਨੂੰ ਇਹੀ ਸੋਚ ਫੁਰਦੀ ਹੈ ਕਿ ਹਰ ਥਾਂ ਤੂੰ ਹੀ ਤੂੰ ਹੈਂ।ਤੇਰਾ ਹੀ ਖਿਲਾਰਿਆ ਹੋਇਆ ਖਿਲਾਰਾ ਦਿੱਸਦਾ ਹੈ। ਪਸਰਿਆ = ਖਿਲਾਰਿਆ ਹੋਇਆ।
ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥
Says Nanak, the Guru has removed my doubts; I recognize God in all. ||4||25||95||
ਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਭਟਕਣਾ ਦੂਰ ਕਰ ਦਿੱਤੀ ਹੈ ਉਸ ਨੂੰ, ਹੇ ਪ੍ਰਭੂ! ਜੇਹੜਾ ਇਹ ਜਗਤ ਦਿੱਸਦਾ ਹੈ ਸਾਰਾ ਤੇਰਾ ਹੀ ਰੂਪ ਦਿੱਸਦਾ ਹੈ ॥੪॥੨੫॥੯੫॥ ਗੁਰਿ = ਗੁਰੂ ਨੇ। ਬੀਚਾਰੁ = ਸੋਚ॥੪॥