ਆਸਾ ਮਹਲਾ ੧ ॥
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
Having attacked Khuraasaan, Baabar terrified Hindustan.
ਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ। ਖੁਰਾਸਾਨ = ਈਰਾਨ ਦੇ ਪੂਰਬ ਅਤੇ ਅਫ਼ਗ਼ਾਨਿਸਤਾਨ ਦੇ ਪੱਛਮ ਵਲ ਦਾ ਦੇਸ ਜਿਸ ਵਿਚ ਹਰਾਤ ਤੇ ਮਸ਼ਹਦ ਪ੍ਰਸਿੱਧ ਨਗਰ ਹਨ। ਹਿੰਦੁਸਤਾਨ ਦੇ ਲੋਕ ਸਿੰਧ ਦਰੀਆ ਦੇ ਪੱਛਮ ਵਲ ਦੇ ਦੇਸ਼ਾਂ ਨੂੰ ਖੁਰਾਸਾਨ ਹੀ ਆਖ ਦੇਂਦੇ ਹਨ। ਖਸਮ = ਮਾਲਕ। ਖਸਮਾਨਾ = ਸਪੁਰਦਗੀ।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
The Creator Himself does not take the blame, but has sent the Mugal as the messenger of death.
(ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਵਿਚ ਪੈ ਜਾਂਦੇ ਹਨ ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ) ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। (ਸੋ, ਫ਼ਰਜ਼ ਭੁਲਾ ਕੇ ਵਿਕਾਰਾਂ ਵਿਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ। ਆਪੈ = ਆਪਣੇ ਆਪ ਨੂੰ। ਕਰਤਾ = ਕਰਤਾਰ। ਮੁਗਲੁ = ਬਾਬਰ।
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥
There was so much slaughter that the people screamed. Didn't You feel compassion, Lord? ||1||
(ਪਰ, ਹੇ ਕਰਤਾਰ! ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ। ਕੀ (ਇਹ ਸਭ ਕੁਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ? ॥੧॥ ਏਤੀ = ਇਤਨੀ। ਕਰਲਾਣੈ = ਪੁਕਾਰ ਉਠੇ। ਦਰਦੁ = ਦੁੱਖ, ਤਰਸ ॥੧॥
ਕਰਤਾ ਤੂੰ ਸਭਨਾ ਕਾ ਸੋਈ ॥
O Creator Lord, You are the Master of all.
ਹੇ ਕਰਤਾਰ! ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ। ਕਰਤਾ = ਹੇ ਕਰਤਾਰ! ਸੋਈ = ਸਾਰ ਲੈਣ ਵਾਲਾ, ਰਾਖੀ ਕਰਨ ਵਾਲਾ।
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥
If some powerful man strikes out against another man, then no one feels any grief in their mind. ||1||Pause||
ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਵੇਖਣ ਵਾਲਿਆਂ ਦੇ) ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੇ ਹਨ) ॥੧॥ ਰਹਾਉ ॥ ਸਕਤਾ = ਤਕੜਾ। ਮਨਿ = ਮਨ ਵਿਚ। ਰੋਸੁ = ਰੋਸਾ, ਗਿਲਾ, ਗ਼ੁੱਸਾ ॥੧॥ ਰਹਾਉ ॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥
But if a powerful tiger attacks a flock of sheep and kills them, then its master must answer for it.
ਪਰ ਜੇ ਕੋਈ ਸ਼ੇਰ (ਵਰਗਾ) ਜ਼ੋਰਾਵਰ ਗਾਈਆਂ ਦੇ ਵੱਗ (ਵਰਗੇ ਕਮਜ਼ੋਰ ਨਿਹੱਥਿਆਂ) ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ (ਵੱਗ ਦੇ) ਖਸਮ ਨੂੰ ਹੀ ਹੁੰਦੀ ਹੈ (ਤਾਹੀਏਂ, ਹੇ ਕਰਤਾਰ! ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ)। ਸੀਹੁ = ਸ਼ੇਰ। ਪੈ = ਹੱਲਾ ਕਰ ਕੇ। ਵਗੈ = ਗਾਈਆਂ ਦੇ ਵੱਗ ਨੂੰ, ਨਿਹੱਥਿਆਂ ਨੂੰ, ਗਰੀਬਾਂ ਨੂੰ। ਪੁਰਸਾਈ = ਪੁਰਸਿਸ਼, ਪੁੱਛ।
ਰਤਨ ਵਿਗਾੜਿ ਵਿਗੋਏ ਕੁਤੀਂ︀ ਮੁਇਆ ਸਾਰ ਨ ਕਾਈ ॥
This priceless country has been laid waste and defiled by dogs, and no one pays any attention to the dead.
(ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਪਾੜ ਖਾਂਦੇ ਹਨ। ਇਸੇ ਤਰ੍ਹਾਂ ਮਨੁੱਖ ਨੂੰ ਪਾੜ ਖਾਣ ਵਾਲੇ ਇਹਨਾਂ ਮਨੁੱਖ-ਰੂਪ ਮੁਗ਼ਲ) ਕੁੱਤਿਆਂ ਨੇ (ਤੇਰੇ ਬਣਾਏ) ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕੋਈ ਸਾਰ ਹੀ ਨਹੀਂ ਲੈਂਦਾ। ਰਤਨ = ਰਤਨਾਂ ਵਰਗੇ ਇਸਤ੍ਰੀਆਂ ਮਰਦ। ਵਿਗਾੜਿ = ਵਿਗਾੜ ਕੇ। ਵਿਗੋਏ = ਖ਼ੁਆਰ ਕੀਤੇ, ਨਾਸ ਕਰ ਦਿੱਤੇ। ਕੁਤੀ = ਕੁੱਤਿਆਂ ਨੇ, ਮੁਗ਼ਲਾਂ ਨੇ। ਸਾਰ = ਖ਼ਬਰ।
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥
You Yourself unite, and You Yourself separate; I gaze upon Your Glorious Greatness. ||2||
(ਹੇ ਕਰਤਾਰ! ਤੇਰੀ ਰਜ਼ਾ ਤੂੰ ਹੀ ਜਾਣੇਂ) ਤੂੰ ਆਪ ਹੀ (ਸੰਬੰਧ) ਜੋੜ ਕੇ ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪੋ ਵਿਚੋਂ) ਵਿਛੋੜ ਦਿੱਤਾ ਹੈ। ਵੇਖ! ਹੇ ਕਰਤਾਰ! ਇਹ ਤੇਰੀ ਤਾਕਤ ਦਾ ਕਰਿਸ਼ਮਾ ਹੈ ॥੨॥ ਜੋੜਿ = ਜੋੜ ਕੇ। ਵੇਖੁ = ਹੇ ਪ੍ਰਭੂ! ਵੇਖ ॥੨॥
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
One may give himself a great name, and revel in the pleasures of the mind,
(ਧਨ ਪਦਾਰਥ ਹਕੂਮਤ ਆਦਿਕ ਦੇ ਨਸ਼ੇ ਵਿਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ ਆਕੜ ਵਿਖਾ ਵਿਖਾ ਕੇ ਹੋਰਨਾਂ ਨੂੰ ਦੁੱਖ ਦੇਂਦਾ ਹੈ, ਪਰ ਇਹ ਨਹੀਂ ਸਮਝਦਾ ਕਿ) ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ, ਸਾਦ = ਰੰਗ ਰਲੀਆਂ। ਮਨਿ = ਮਨ ਵਿਚ। ਭਾਣੇ = ਭਾਉਂਦੇ। ਮਨਿ ਭਾਣੇ = ਜੋ ਭੀ ਮਨ ਵਿਚ ਚੰਗੇ ਲੱਗਣ।
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥
but in the Eyes of the Lord and Master, he is just a worm, for all the corn that he eats.
ਤਾਂ ਭੀ ਉਹ ਖਸਮ-ਪ੍ਰਭੂ ਦੀਆਂ ਨਜ਼ਰਾਂ ਵਿਚ ਇਕ ਕੀੜਾ ਹੀ ਦਿੱਸਦਾ ਹੈ ਜੋ (ਧਰਤੀ ਤੋਂ) ਦਾਣੇ ਚੁਗ ਚੁਗ ਕੇ ਨਿਰਬਾਹ ਕਰਦਾ ਹੈ (ਹਉਮੈ ਦੀ ਬਦ-ਮਸਤੀ ਵਿਚ ਉਹ ਮਨੁੱਖ ਜ਼ਿੰਦਗੀ ਅਜਾਈਂ ਹੀ ਗਵਾ ਜਾਂਦਾ ਹੈ)। ਖਸਮੈ ਨਦਰੀ = ਖਸਮ-ਪ੍ਰਭੂ ਦੀਆਂ ਨਿਗਾਹਾਂ ਵਿਚ। ਜੇਤੇ = ਜਿਤਨੇ ਭੀ।
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥
Only one who dies to his ego while yet alive, obtains the blessings, O Nanak, by chanting the Lord's Name. ||3||5||39||
ਹੇ ਨਾਨਕ! ਜੇਹੜਾ ਮਨੁੱਖ ਵਿਕਾਰਾਂ ਵਲੋਂ ਆਪਾ ਮਾਰ ਕੇ (ਆਤਮਕ ਜੀਵਨ) ਜੀਊਂਦਾ ਹੈ, ਤੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਇਥੋਂ ਕੁਝ ਖੱਟਦਾ ਹੈ ॥੩॥੫॥੩੯॥ ਮਰਿ ਮਰਿ = ਮਰ ਕੇ ਮਰ ਕੇ, ਆਪਣੇ ਆਪ ਨੂੰ ਵਿਕਾਰਾਂ ਵਲੋਂ ਹਟਾ ਕੇ ॥੩॥੫॥੩੯॥