ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਸਾ ਮਹਲਾ ੩ ਛੰਤ ਘਰੁ ੧ ॥
Aasaa, Third Mehl, Chhant, First House:
ਰਾਗ ਆਸਾ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।
ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥
Within my home, the true wedding songs of rejoicing are sung; my home is adorned with the True Word of the Shabad.
(ਹੇ ਸਖੀ!) ਮੇਰੇ (ਹਿਰਦੇ-) ਘਰ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਹੋ ਰਿਹਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਨੇ (ਮੇਰੇ ਹਿਰਦੇ-ਘਰ ਨੂੰ) ਸੋਹਣਾ ਬਣਾ ਦਿੱਤਾ ਹੈ। ਹਮ ਘਰੇ = ਮੇਰੇ (ਹਿਰਦੇ-) ਘਰ ਵਿਚ। ਸਾਚਾ ਸੋਹਿਲਾ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ। ਸਾਚੈ ਸਬਦਿ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ (ਦੀ ਬਰਕਤਿ) ਨਾਲ। ਸੁਹਾਇਆ = (ਹਿਰਦਾ-ਘਰ) ਸੋਹਣਾ ਬਣ ਗਿਆ ਹੈ।
ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ ॥
The soul-bride has met her Husband Lord; God Himself has consummated this union.
(ਹੇ ਸਖੀ! ਉਸ) ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੁੰਦਾ ਹੈ ਜਿਸ ਨੂੰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ। ਧਨ = ਜੀਵ-ਇਸਤ੍ਰੀ। ਪਿਰ = ਪ੍ਰਭੂ-ਪਤੀ। ਪ੍ਰਭਿ = ਪ੍ਰਭੂ ਨੇ।
ਪ੍ਰਭਿ ਆਪਿ ਮਿਲਾਇਆ ਸਚੁ ਮੰਨਿ ਵਸਾਇਆ ਕਾਮਣਿ ਸਹਜੇ ਮਾਤੀ ॥
God Himself has consummated this union; the soul-bride enshrines Truth within her mind, intoxicated with peaceful poise.
ਪ੍ਰਭੂ ਨੇ ਜਿਸ ਜੀਵ-ਇਸਤ੍ਰੀ ਨੂੰ ਆਪ (ਆਪਣੇ ਚਰਨਾਂ ਵਿਚ) ਜੋੜਿਆ, ਆਪਣਾ ਸਦਾ-ਥਿਰ ਨਾਮ ਉਸ ਦੇ ਮਨ ਵਿਚ ਵਸਾ ਦਿੱਤਾ, ਉਹ ਜੀਵ-ਇਸਤ੍ਰੀ (ਫਿਰ) ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ। ਪ੍ਰਭਿ = ਪ੍ਰਭੂ ਨੇ। ਸਚੁ = ਸਦਾ-ਥਿਰ ਹਰਿ-ਨਾਮ। ਮੰਨਿ = ਮਨਿ, ਮਨ ਵਿਚ। ਕਾਮਣਿ = ਜੀਵ-ਇਸਤ੍ਰੀ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਮਾਤੀ = ਮਸਤ।
ਗੁਰ ਸਬਦਿ ਸੀਗਾਰੀ ਸਚਿ ਸਵਾਰੀ ਸਦਾ ਰਾਵੇ ਰੰਗਿ ਰਾਤੀ ॥
Embellished with the Word of the Guru's Shabad, and beautified with Truth, she enjoys her Beloved forever, imbued with His Love.
ਗੁਰੂ ਦੇ ਸ਼ਬਦ ਨੇ (ਉਸ ਜੀਵ-ਇਸਤ੍ਰੀ ਦੇ ਜੀਵਨ ਨੂੰ) ਸਿੰਗਾਰ ਦਿੱਤਾ, ਸਦਾ-ਥਿਰ ਹਰਿ-ਨਾਮ ਨੇ (ਉਸ ਦੇ ਜੀਵਨ ਨੂੰ) ਸੋਹਣਾ ਬਣਾ ਦਿੱਤਾ, ਉਹ (ਫਿਰ) ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਸਦਾ ਹੀ (ਪ੍ਰਭੂ-ਮਿਲਾਪ ਦਾ ਆਨੰਦ) ਮਾਣਦੀ ਹੈ। ਸਬਦਿ = ਸ਼ਬਦ ਨੇ। ਸਚਿ = ਸਦਾ-ਥਿਰ ਹਰਿ-ਨਾਮ ਨੇ। ਰਾਵੇ = ਮਾਣਦੀ ਹੈ। ਰੰਗਿ = ਪ੍ਰੇਮ-ਰੰਗ ਵਿਚ। ਰਾਤੀ = ਰੰਗੀ ਹੋਈ।
ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ ॥
Eradicating her ego, she obtains her Husband Lord, and then, the sublime essence of the Lord dwells within her mind.
(ਜਦੋਂ ਜੀਵ-ਇਸਤ੍ਰੀ ਆਪਣੇ ਅੰਦਰੋਂ) ਹਉਮੈ ਦੂਰ ਕਰਦੀ ਹੈ (ਤੇ ਆਪਣੇ ਅੰਦਰ) ਪ੍ਰਭੂ-ਪਤੀ ਨੂੰ ਲੱਭ ਲੈਂਦੀ ਹੈ ਤਦੋਂ ਉਹ ਪ੍ਰਭੂ ਦੇ ਨਾਮ ਦਾ ਸੁਆਦ ਆਪਣੇ ਮਨ ਵਿਚ (ਸਦਾ ਲਈ) ਵਸਾ ਲੈਂਦੀ ਹੈ। ਆਪੁ = ਆਪਾ-ਭਾਵ। ਵਰੁ = ਖਸਮ।
ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ ॥੧॥
Says Nanak, fruitful and prosperous is her entire life; she is embellished with the Word of the Guru's Shabad. ||1||
ਨਾਨਕ ਆਖਦਾ ਹੈ- ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ਉਸ ਦੀ ਸਾਰੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ॥੧॥ ਸਬਾਇਆ = ਸਾਰਾ ॥੧॥
ਦੂਜੜੈ ਕਾਮਣਿ ਭਰਮਿ ਭੁਲੀ ਹਰਿ ਵਰੁ ਨ ਪਾਏ ਰਾਮ ॥
The soul-bride who has been led astray by duality and doubt, does not attain her Husband Lord.
(ਹੇ ਸਖੀ!) ਜੇਹੜੀ ਜੀਵ-ਇਸਤ੍ਰੀ (ਪ੍ਰਭੂ ਤੋਂ ਬਿਨਾ ਮਾਇਆ ਆਦਿਕ ਦੀ) ਹੋਰ ਹੋਰ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦੀ ਹੈ ਉਸ ਨੂੰ ਪ੍ਰਭੂ-ਪਤੀ ਦਾ ਮਿਲਾਪ ਨਹੀਂ ਹੁੰਦਾ। ਦੂਜੜੈ = (ਪ੍ਰਭੂ ਤੋਂ ਬਿਨਾ) ਕਿਸੇ ਹੋਰ (ਕੋਝੇ ਪਿਆਰ) ਵਿਚ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲੀ = ਕੁਰਾਹੇ ਪੈ ਜਾਂਦੀ ਹੈ।
ਕਾਮਣਿ ਗੁਣੁ ਨਾਹੀ ਬਿਰਥਾ ਜਨਮੁ ਗਵਾਏ ਰਾਮ ॥
That soul-bride has no virtue, and she wastes her life in vain.
ਉਹ ਜੀਵ-ਇਸਤ੍ਰੀ (ਆਪਣੇ ਅੰਦਰ ਕੋਈ ਆਤਮਕ) ਗੁਣ ਪੈਦਾ ਨਹੀਂ ਕਰਦੀ, ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਜਾਂਦੀ ਹੈ।
ਬਿਰਥਾ ਜਨਮੁ ਗਵਾਏ ਮਨਮੁਖਿ ਇਆਣੀ ਅਉਗਣਵੰਤੀ ਝੂਰੇ ॥
The self-willed, ignorant and disgraceful manmukh wastes her life in vain, and in the end, she comes to grief.
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੂਰਖ ਜੀਵ-ਇਸਤ੍ਰੀ ਜੀਵਨ ਅਜਾਈਂ ਗਵਾ ਜਾਂਦੀ ਹੈ ਔਗੁਣਾਂ ਨਾਲ ਭਰੀ ਹੋਣ ਕਰਕੇ ਉਹ ਆਪਣੇ ਅੰਦਰ ਹੀ ਅੰਦਰ ਦੁੱਖੀ ਹੁੰਦੀ ਰਹਿੰਦੀ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ। ਝੂਰੇ = ਅੰਦਰੇ ਅੰਦਰ ਦੁੱਖੀ ਹੁੰਦੀ ਹੈ।
ਆਪਣਾ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਤਾ ਪਿਰੁ ਮਿਲਿਆ ਹਦੂਰੇ ॥
But when she serves her True Guru, she obtains peace, and then she meets her Husband Lord, face to face.
ਪਰ ਜਦੋਂ ਉਸ ਨੇ ਆਪਣੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਲੱਭਾ ਤਦੋਂ ਉਸ ਨੂੰ ਪ੍ਰਭੂ-ਪਤੀ ਅੰਗ ਸੰਗ ਵੱਸਦਾ ਹੀ ਮਿਲ ਪਿਆ। ਸੇਵਿ = ਸੇਵਾ ਕਰ ਕੇ। ਹਦੂਰੇ = ਅੰਗ-ਸੰਗ ਵੱਸਣ ਵਾਲਾ।
ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ ॥
Beholding her Husband Lord, she blossoms forth; her heart is delighted, and she is beautified by the True Word of the Shabad.
(ਆਪਣੇ ਅੰਦਰ) ਪ੍ਰਭੂ-ਪਤੀ ਨੂੰ ਵੇਖ ਕੇ ਉਹ ਖਿੜ ਪਈ, ਉਹ ਅੰਤਰ-ਆਤਮੇ ਆਨੰਦ-ਮਗਨ ਹੋ ਗਈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਪ੍ਰਭੂ-ਪ੍ਰੇਮ ਵਿਚ ਲੀਨ ਹੋ ਗਈ। ਦੇਖਿ = ਵੇਖ ਕੇ। ਵਿਗਸੀ = ਖਿੜ ਪਈ। ਸਰਸੀ = ਰਸ ਸਹਿਤ ਹੋ ਗਈ, ਆਨੰਦਿਤ ਹੋ ਗਈ। ਸਬਦਿ = ਸ਼ਬਦ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ (ਮਗਨ ਹੋ ਗਈ)।
ਨਾਨਕ ਵਿਣੁ ਨਾਵੈ ਕਾਮਣਿ ਭਰਮਿ ਭੁਲਾਣੀ ਮਿਲਿ ਪ੍ਰੀਤਮ ਸੁਖੁ ਪਾਏ ॥੨॥
O Nanak, without the Name, the soul-bride wanders around, deluded by doubt. Meeting her Beloved, she obtains peace. ||2||
ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਖੁੰਝ ਕੇ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ ॥੨॥ ਮਿਲਿ = ਮਿਲ ਕੇ ॥੨॥
ਪਿਰੁ ਸੰਗਿ ਕਾਮਣਿ ਜਾਣਿਆ ਗੁਰਿ ਮੇਲਿ ਮਿਲਾਈ ਰਾਮ ॥
The soul-bride knows that her Husband Lord is with her; the Guru unites her in this union.
(ਹੇ ਸਖੀ!) ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਪ੍ਰਭੂ ਚਰਨਾਂ ਵਿਚ ਜੋੜ ਦਿੱਤਾ ਉਸ ਨੇ ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਵੱਸਦਾ ਪਛਾਣ ਲਿਆ, ਸੰਗਿ = ਨਾਲ। ਗੁਰਿ = ਗੁਰੂ ਨੇ। ਮੇਲਿ = ਪ੍ਰਭੂ-ਮਿਲਾਪ ਵਿਚ।
ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ ॥
Within her heart, she is merged with the Shabad, and the fire of her desire is easily extinguished.
ਉਹ ਅੰਤਰ-ਆਤਮੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨਾਲ ਇਕ-ਮਿਕ ਹੋ ਗਈ, ਆਤਮਕ ਅਡੋਲਤਾ ਵਿਚ ਟਿਕ ਕੇ ਉਸ ਨੇ (ਆਪਣੇ ਅੰਦਰੋਂ ਵਿਕਾਰਾਂ ਵਾਲੀ) ਤਪਸ਼ ਬੁਝਾ ਲਈ। ਅੰਤਰਿ = ਹਿਰਦੇ ਵਿਚ। ਸਬਦਿ = ਸ਼ਬਦ ਦੀ ਰਾਹੀਂ। ਸਹਜੇ = ਆਤਮਕ ਅਡੋਲਤਾ ਵਿਚ।
ਸਬਦਿ ਤਪਤਿ ਬੁਝਾਈ ਅੰਤਰਿ ਸਾਂਤਿ ਆਈ ਸਹਜੇ ਹਰਿ ਰਸੁ ਚਾਖਿਆ ॥
The Shabad has quenched the fire of desire, and within her heart, peace and tranquility have come; she tastes the Lord's essence with intuitive ease.
(ਹੇ ਸਖੀ! ਜਿਸ ਜੀਵ-ਇਸਤ੍ਰੀ ਨੇ) ਗੁਰ-ਸ਼ਬਦ ਦੀ ਸਹਾਇਤਾ ਨਾਲ ਆਪਣੇ ਅੰਦਰੋਂ ਵਿਕਾਰਾਂ ਵਾਲੀ ਤਪਸ਼ ਬੁਝਾ ਲਈ, ਉਸ ਦੇ ਅੰਦਰ ਠੰਡ ਪੈ ਗਈ, ਆਤਮਕ ਅਡੋਲਤਾ ਵਿਚ ਟਿਕ ਕੇ ਉਸ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ। ਤਪਤਿ = ਤਪਸ਼, ਸੜਨ।
ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ ॥
Meeting her Beloved, she enjoys His Love continually, and her speech rings with the True Shabad.
ਆਪਣੇ ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਪ੍ਰੇਮ-ਰੰਗ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਜੁੜ ਕੇ ਉਸ ਦੀ ਬੋਲੀ ਮਿੱਠੀ ਹੋ ਜਾਂਦੀ ਹੈ। ਸੁਭਾਖਿਆ = ਮਿੱਠੀ ਬੋਲੀ।
ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ ॥
Reading and studying continually, the Pandits, the religious scholars, and the silent sages have grown weary; wearing religious robes, liberation is not obtained.
(ਹੇ ਸਖੀ!) ਪੰਡਿਤ (ਧਾਰਮਿਕ ਪੁਸਤਕ) ਪੜ੍ਹ ਪੜ੍ਹ ਕੇ, ਮੋਨ-ਧਾਰੀ (ਸਮਾਧੀਆਂ ਲਾ ਲਾ ਕੇ) (ਜੋਗੀ ਜੰਗਮ ਆਦਿਕ ਸਾਧੂ) ਭੇਖ ਧਾਰ ਧਾਰ ਕੇ ਥੱਕ ਗਏ (ਇਹਨਾਂ ਤਰੀਕਿਆਂ ਨਾਲ ਕਿਸੇ ਨੇ ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਨਾਹ ਕੀਤੀ। ਪੜਿ = ਪੜ੍ਹ ਕੇ। ਮੋਨੀ = ਸਦਾ ਚੁੱਪ ਰਹਿਣ ਵਾਲੇ ਸਾਧੂ। ਭੇਖੀ = ਵਖ ਵਖ ਭੇਖਾਂ ਵਾਲੇ ਸਾਧੂ (ਜੋਗੀ ਜੰਗਮ ਆਦਿਕ)। ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ।
ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ ॥੩॥
O Nanak, without devotional worship, the world has gone insane; through the True Word of the Shabad, one meets the Lord. ||3||
ਹੇ ਨਾਨਕ! ਪਰਮਾਤਮਾ ਦੀ ਭਗਤੀ ਤੋਂ ਬਿਨਾ ਜਗਤ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਫਿਰਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਮਿਲਾਪ ਹਾਸਲ ਕਰ ਲੈਂਦਾ ਹੈ ॥੩॥ ਬਉਰਾਨਾ = ਝੱਲਾ ॥੩॥
ਸਾ ਧਨ ਮਨਿ ਅਨਦੁ ਭਇਆ ਹਰਿ ਜੀਉ ਮੇਲਿ ਪਿਆਰੇ ਰਾਮ ॥
Bliss permeates the mind of the soul-bride, who meets her Beloved Lord.
(ਹੇ ਸਖੀ!) ਜਿਸ ਜੀਵ-ਇਸਤ੍ਰੀ ਨੂੰ ਪਿਆਰੇ ਹਰਿ-ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਲਿਆ ਉਸ ਦੇ ਮਨ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ, ਸਾ ਧਨ ਮਨਿ = ਜੀਵ-ਇਸਤ੍ਰੀ ਦੇ ਮਨ ਵਿਚ। ਮੇਲਿ = ਮਿਲਾਪ ਵਿਚ।
ਸਾ ਧਨ ਹਰਿ ਕੈ ਰਸਿ ਰਸੀ ਗੁਰ ਕੈ ਸਬਦਿ ਅਪਾਰੇ ਰਾਮ ॥
The soul-bride is enraptured with the sublime essence of the Lord, through the incomparable Word of the Guru's Shabad.
ਉਹ ਜੀਵ-ਇਸਤ੍ਰੀ ਅਪਾਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜੀ ਰਹਿੰਦੀ ਹੈ। ਹਰਿ ਕੈ ਰਸਿ = ਪ੍ਰਭੂ ਦੇ ਪ੍ਰੇਮ-ਰਸ ਵਿਚ। ਰਸੀ = ਭਿੱਜ ਗਈ। ਸਬਦਿ = ਸ਼ਬਦ ਦੀ ਰਾਹੀਂ।
ਸਬਦਿ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨਿ ਵਸੇ ॥
Through the incomparable Word of the Guru's Shabad, she meets her Beloved; she continually contemplates and enshrines His Glorious Virtues in her mind.
ਅਪਾਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਦੀ ਬਰਕਤਿ ਨਾਲ ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਮਿਲ ਪੈਂਦੀ ਹੈ, ਸਦਾ ਉਸ ਦੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਦੀ ਹੈ, ਸਾਰੇ = ਸੰਭਾਲਦੀ ਹੈ (ਹਿਰਦੇ ਵਿਚ)। ਮਨਿ = ਮਨ ਵਿਚ।
ਸੇਜ ਸੁਹਾਵੀ ਜਾ ਪਿਰਿ ਰਾਵੀ ਮਿਲਿ ਪ੍ਰੀਤਮ ਅਵਗਣ ਨਸੇ ॥
Her bed was adorned when she enjoyed her Husband Lord; meeting with her Beloved, her demerits were erased.
ਪ੍ਰਭੂ ਦੇ ਗੁਣ ਉਸ ਦੇ ਮਨ ਵਿਚ ਟਿਕੇ ਰਹਿੰਦੇ ਹਨ, ਜਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਉਸ (ਦੇ ਹਿਰਦੇ) ਦੀ ਸੇਜ ਸੋਹਣੀ ਬਣ ਗਈ। ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰੋਂ ਸਾਰੇ ਔਗੁਣ ਦੂਰ ਹੋ ਗਏ। ਸੇਜ = ਹਿਰਦਾ-ਸੇਜ। ਸੁਹਾਵੀ = ਸੋਹਣੀ। ਪਿਰਿ = ਪਿਰ ਨੇ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ।
ਜਿਤੁ ਘਰਿ ਨਾਮੁ ਹਰਿ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ ॥
That house, within which the Lord's Name is continually meditated upon, resounds with the wedding songs of rejoicing, throughout the four ages.
(ਹੇ ਸਖੀ!) ਜਿਸ (ਹਿਰਦੇ-) ਘਰ ਵਿਚ ਪਰਮਾਤਮਾ ਦਾ ਨਾਮ ਸਦਾ ਸਿਮਰਿਆ ਜਾਂਦਾ ਹੈ ਉਥੇ ਸਦਾ ਹੀ (ਮਾਨੋ) ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ। ਜਿਤੁ ਘਰਿ = ਜਿਸ (ਹਿਰਦੇ-) ਘਰ ਵਿਚ। ਸੋਹਿਲੜਾ = ਖ਼ੁਸ਼ੀ ਦਾ ਗੀਤ। ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ।
ਨਾਨਕ ਨਾਮਿ ਰਤੇ ਸਦਾ ਅਨਦੁ ਹੈ ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥
O Nanak, imbued with the Naam, we are in bliss forever; meeting the Lord, our affairs are resolved. ||4||1||6||
ਹੇ ਨਾਨਕ! ਜੇਹੜੇ ਜੀਵ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪ੍ਰਭੂ-ਚਰਨਾਂ ਵਿਚ ਮਿਲ ਕੇ ਉਹ ਆਪਣੇ ਸਾਰੇ ਕੰਮ ਸੰਵਾਰ ਲੈਂਦੇ ਹਨ ॥੪॥੧॥੬॥ ਨਾਮਿ = ਨਾਮ ਵਿਚ। ਕਾਰਜ ਸਾਰੇ = ਕੰਮ ਸਫਲ ਹੁੰਦੇ ਹਨ ॥੪॥੧॥੬॥